-11.8 C
Toronto
Wednesday, January 21, 2026
spot_img
Homeਭਾਰਤਅੰਤਰਾਸ਼ਟਰੀ ਪੱਧਰ 'ਤੇ ਮਨਾਇਆ ਗਿਆ ਯੋਗ ਦਿਵਸ

ਅੰਤਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ ਯੋਗ ਦਿਵਸ

ਲੱਦਾਖ ਦੀ ਟੀਸੀ ਤੋਂ ਲੈ ਕੇ ਕੇਰਲਾ ‘ਚ ਸਮੁੰਦਰ ਦੀ ਡੂੰਘਾਈ ਤੱਕ ਲੋਕਾਂ ਨੇ ਯੋਗ ਅਭਿਆਸ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਵਿਦੇਸ਼ਾਂ ‘ਚ ਕਰੋੜਾਂ ਲੋਕਾਂ ਨੇ ਵੱਖ ਵੱਖ ਆਸਣ ਕਰਕੇ ਕੌਮਾਂਤਰੀ ਯੋਗ ਦਿਵਸ ਮਨਾਇਆ। ਭਾਰਤ ‘ਚ ਲੱਦਾਖ ਦੀ ਟੀਸੀ ਤੋਂ ਲੈ ਕੇ ਕੇਰਲਾ ‘ਚ ਸਮੁੰਦਰ ਦੀ ਡੂੰਘਾਈ ਤੱਕ ਅਤੇ ਆਈਐੱਨਐੱਸ ਵਿਕਰਾਂਤ ਤੋਂ ਲੈ ਕੇ ਵੰਦੇਭਾਰਤ ਐਕਸਪ੍ਰੈੱਸ ਤੱਕ ‘ਚ ਯੋਗ ਦਿਵਸ ਦਾ ਪ੍ਰਬੰਧ ਕੀਤਾ ਗਿਆ। ਦਿੱਲੀ ‘ਚ ਸੰਸਦ ਭਵਨ ਕੰਪਲੈਕਸ ਅਤੇ ਪੁਰਾਣਾ ਕਿਲੇ ‘ਚ ਵੀ ਲੋਕਾਂ ਨੇ ਯੋਗ ਅਭਿਆਸ ਕੀਤਾ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਯੋਗ ਨੂੰ ਪੂਰੀ ਦੁਨੀਆ ਲਈ ਭਾਰਤ ਇਕ ਮਹਾਨ ਸੌਗਾਤ ਕਰਾਰ ਦਿੰਦਿਆਂ ਯੋਗ ਅਭਿਆਸ ਕਰਦਿਆਂ ਆਪਣੀਆਂ ਤਸਵੀਰਾਂ ਟਵਿੱਟਰ ‘ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ, ”ਯੋਗ ਸ਼ਰੀਰ ਅਤੇ ਮਨ ਵਿਚਕਾਰ ਤਵਾਜ਼ਨ ਸਥਾਪਿਤ ਕਰਦਾ ਹੈ। ਯੋਗ ਵਧ ਰਹੀਆਂ ਚੁਣੌਤੀਆਂ ਦੇ ਟਾਕਰੇ ‘ਚ ਸਹਾਈ ਹੁੰਦਾ ਹੈ।”
ਨੌਵੇਂ ਕੌਮਾਂਤਰੀ ਯੋਗ ਦਿਵਸ ਦੇ ਕੌਮੀ ਪੱਧਰ ਦੇ ਪ੍ਰੋਗਰਾਮ ਦੀ ਅਗਵਾਈ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤੀ ਅਤੇ ਉਨ੍ਹਾਂ ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ‘ਚ ਯੋਗ ਅਭਿਆਸ ਪ੍ਰੋਗਰਾਮ ‘ਚ ਹਿੱਸਾ ਲਿਆ। ਉਨ੍ਹਾਂ ਯੋਗ ਨੂੰ ਆਲਮੀ ਏਕਤਾ ਦਾ ਪ੍ਰਤੀਕ ਕਰਾਰ ਦਿੰਦਿਆਂ ਦੇਸ਼ ਵਾਸੀਆਂ ਅਤੇ ਦੁਨੀਆ ਦੇ ਲੋਕਾਂ ਨੂੰ ਸਿਹਤ ਅਨੁਸ਼ਾਸਨ ਵਜੋਂ ਇਸ ਨੂੰ ਅਪਣਾਉਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਸਾਲ ਯੋਗ ਦਿਵਸ ਦਾ ਵਿਸ਼ਾ ‘ਵਸੂਧੈਵ ਕੁਟੁੰਬਕਮ ਲਈ ਯੋਗ’ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਵਦੇਸ਼ੀ ਆਈਐੱਨਐੱਸ ਵਿਕਰਾਂਤ ‘ਤੇ ਜਲ ਸੈਨਾ ਦੇ ਜਵਾਨਾਂ ਨਾਲ ਯੋਗ ਕੀਤਾ।
ਕੋਚੀ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਭਰ ‘ਚ ਯੋਗ ਦਿਵਸ ਮਨਾਏ ਜਾਣ ਨਾਲ ਦੇਸ਼ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੀ ਆਲਮੀ ਪੱਧਰ ‘ਤੇ ਮਾਨਤਾ ਦਾ ਪਤਾ ਚਲਦਾ ਹੈ। ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ, ਮੰਤਰੀਆਂ ਅਤੇ ਰਾਜਪਾਲਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਯੋਗ ਆਸਣ ਕੀਤੇ। ਦਿੱਲੀ ‘ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਮਨਸੁਖ ਮਾਂਡਵੀਆ ਅਤੇ ਪਿਯੂਸ਼ ਗੋਇਲ ਅਤੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਵੱਖ ਵੱਖ ਥਾਵਾਂ ‘ਤੇ ਯੋਗ ਸਮਾਗਮਾਂ ‘ਚ ਸ਼ਿਰਕਤ ਕੀਤੀ। ਗੋਆ ‘ਚ ਜੀ-20 ਸੈਰ-ਸਪਾਟਾ ਮੰਤਰੀ ਪੱਧਰ ਦੀ ਮੀਟਿੰਗ ਲਈ ਜੁੜੇ ਨੁਮਾਇੰਦਿਆਂ ਨੇ ਵੀ ਰਾਜਭਵਨ ‘ਚ ਵੱਖ ਵੱਖ ਆਸਣ ਕੀਤੇ।
ਜਰਮਨੀ ਦੇ ਵਫ਼ਦ ਦੇ ਮੁਖੀ ਡਿਏਟਰ ਜੇਨਸੇਕ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ‘ਚ ਵੀ ਯੋਗ ਮਸ਼ਹੂਰ ਹੈ ਅਤੇ ਇਹ ਦੋਵੇਂ ਮੁਲਕਾਂ ਵਿਚਕਾਰ ਹੋਰ ਸਹਿਯੋਗ ਵਧਾ ਸਕਦਾ ਹੈ। ਇਸ ਦੌਰਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਹੋਰ ਜੱਜਾਂ ਨੇ ਸਿਖਰਲੀ ਅਦਾਲਤ ਦੇ ਕੰਪਲੈਕਸ ‘ਚ ਯੋਗ ਆਸਣ ਕੀਤੇ।
ਵਖਰੇਵੇਂ ਖਤਮ ਕਰਨ ਲਈ ਯੋਗ ਜ਼ਰੂਰੀ : ਨਰਿੰਦਰ ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰਜ਼ ਵਿਚ 9ਵੇਂ ਕੌਮਾਂਤਰੀ ਯੋਗ ਦਿਹਾੜੇ ਮੌਕੇ ਇਤਿਹਾਸਕ ਸਮਾਗਮ ਦੀ ਅਗਵਾਈ ਕਰਦਿਆਂ ਯੋਗ ਨੂੰ ‘ਸੱਚਮੁਚ ਸਰਬਵਿਆਪਕ’ ਤੇ ‘ਕਾਪੀਰਾਈਟਸ ਤੇ ਪੇਟੈਂਟ ਤੋਂ ਮੁਕਤ’ ਕਰਾਰ ਦਿੱਤਾ। ਯੂਐੱਨ ਹੈੱਡਕੁਆਰਟਰਜ਼ ਵਿੱਚ ਮੋਦੀ ਦੀ ਅਗਵਾਈ ਹੇਠ ਮਨਾਏ ਗਏ ਕੌਮਾਂਤਰੀ ਯੋਗ ਦਿਹਾੜੇ ਨੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਨਵਾਂ ਗਿੰਨੀਜ਼ ਵਿਸ਼ਵ ਰਿਕਾਰਡ ਸਿਰਜਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਤੋਂ ਭਾਰਤ ਵਾਸੀਆਂ ਦੇ ਨਾਮ ਵੀਡੀਓ ਸੁਨੇਹੇ ‘ਚ ਕਿਹਾ ਕਿ ਮੁਲਕ ਨੇ ਹਮੇਸ਼ਾ ਜੋੜਨ, ਅਪਣਾਉਣ ਅਤੇ ਉਸ ਨੂੰ ਜਜ਼ਬ ਕਰਨ ਵਾਲੀਆਂ ਰਵਾਇਤਾਂ ਦਾ ਪਾਲਣ ਕੀਤਾ ਹੈ। ਮੋਦੀ ਨੇ ਕਿਹਾ, ”ਅਸੀਂ ਯੋਗ ਰਾਹੀਂ ਮੱਤਭੇਦਾਂ, ਅੜਿੱਕਿਆਂ ਅਤੇ ਟਾਕਰੇ ਨੂੰ ਖ਼ਤਮ ਕਰਨਾ ਹੈ। ਅਸੀਂ ਦੁਨੀਆ ਅੱਗੇ ‘ਇਕ ਭਾਰਤ, ਸਰਵਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਿਸਾਲ ਵਜੋਂ ਪੇਸ਼ ਕਰਨਾ ਹੈ।”
ਉਨ੍ਹਾਂ ਕਿਹਾ ਕਿ ਇਸ ਵਾਰ ਦਾ ਯੋਗ ਦਿਵਸ ਕੁਝ ਖਾਸ ਹੈ ਕਿਉਂਕਿ ਆਰਕਟਿਕ ਅਤੇ ਅੰਟਾਰਟਿਕ ਸਥਿਤ ਭਾਰਤ ਦੇ ਖੋਜ ਕੇਂਦਰਾਂ ‘ਤੇ ਵੀ ਰਿਸਰਚਰਾਂ ਨੇ ਪ੍ਰੋਗਰਾਮ ‘ਚ ਹਿੱਸਾ ਲਿਆ।
ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੇ ਸੱਦੇ ‘ਤੇ ਆਪਣੇ ਪਲੇਠੇ ਸਰਕਾਰੀ ਦੌਰੇ ‘ਤੇ ਅਮਰੀਕਾ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਯੂਐੱਨ ਹੈੱਡਕੁਆਰਟਰਜ਼ ਦੇ ਉੱਤਰੀ ਲਾਅਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਮੱਥਾ ਟੇਕ ਕੇ ਸਮਾਗਮ ਦਾ ਆਗਾਜ਼ ਕੀਤਾ। ਮੋਦੀ, ਜਿਨ੍ਹਾਂ ਸਫ਼ੇਦ ਰੰਗ ਦੀ ਯੋਗਾ ਟੀ-ਸ਼ਰਟ ਤੇ ਪਜਾਮਾ ਪਾਇਆ ਹੋਇਆ ਸੀ, ਨੇ ‘ਨਮਸਤੇ’ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਤੇ ਕੌਮਾਂਤਰੀ ਯੋਗ ਦਿਹਾੜਾ ਮਨਾਉਣ ਲਈ ਦੂਰ-ਦੁਰੇਡਿਓਂ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।
ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਯੋਗ ਦਿਹਾੜੇ ਮੌਕੇ ਆਪਣੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਯੋਗ ਸਰੀਰ ਤੇ ਦਿਮਾਗ, ਮਨੁੱਖਤਾ ਤੇ ਕੁਦਰਤ ਅਤੇ ਕੁੱਲ ਆਲਮ ਦੇ ਲੋਕਾਂ ਨੂੰ ਜੋੜਦਾ ਹੈ, ਜਿਨ੍ਹਾਂ ਲਈ ਯੋਗ ਤਾਕਤ, ਸਦਭਾਵਨਾ ਤੇ ਸ਼ਾਂਤੀ ਦਾ ਸਰੋਤ ਹੈ।

 

 

RELATED ARTICLES
POPULAR POSTS