ਮੀਟਿੰਗ ’ਚ 26 ਪਾਰਟੀਆਂ ਦੇ ਆਗੂਆਂ ਨੇ ਲਿਆ ਹਿੱਸਾ, ਅਗਲੀ ਮੀਟਿੰਗ ਜਲਦੀ ਹੀ ਮੁੰਬਈ ’ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਦੀ ਅੱਜ ਬੰਗਲੁਰੂ ਵਿਖੇ ਮੀਟਿੰਗ ਹੋਈ ਅਤੇ ਇਸ ਮੀਟਿੰਗ ਵਿਚ ਤੈਅ ਹੋਇਆ ਕਿ ਸਮੂਹ ਪਾਰਟੀਆਂ ਦੇ ਗੱਠਜੋੜ ਨੂੰ ‘ਇੰਡੀਆ’ ਦੇ ਨਾਮ ਨਾਲ ਜਾਣਿਆ ਜਾਵੇਗਾ। ਜਦਕਿ ਕਾਂਗਰਸ ਪਾਰਟੀ ਅਗਵਾਈ ਵਾਲਾ ਇਹ ਗੱਠਜੋੜ ਪਹਿਲਾਂ ਯੂਪੀਏ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਹੁਣ ਇਹ ਸਾਰੇ ਭਾਜਪਾ ਵਿਰੋਧੀ ਦਲ ‘ਇੰਡੀਆ’ ਗੱਠਜੋੜ ਦਾ ਹਿੱਸਾ ਹੋਣਗੇ ਅਤੇ ‘ਇੰਡੀਆ’ ਦੀ ਫੁੱਲਫਾਰਮ ‘ਇੰਡੀਅਨ ਨੈਸ਼ਨਲ ਡੈਮੋਕਰੇਟਿਕ ਇਨਕਲੂਸਿਵ ਅਲਾਂਇੰਸ’ ਹੋਵੇਗੀ। ਧਿਆਨ ਰਹੇ ਕਿ 26 ਦਲਾਂ ਦੀ ਬੰਗਲੁਰੂ ’ਚ ਲੰਘੇ ਕੱਲ੍ਹ 17 ਜੁਲਾਈ ਨੂੰ ਸ਼ੁਰੂ ਹੋਈ ਇਸ ਮੀਟਿੰਗ ਦਾ ਪਹਿਲਾ ਦਿਨ ਸੀ ਅਤੇ ਪਹਿਲੇ ਦਿਨ ਦੀ ਚਰਚਾ ਤੋਂ ਬਾਅਦ ਸਮੂਹ ਪਾਰਟੀਆਂ ਦੇ ਆਗੂਆਂ ਨੂੰ ਗੱਠਜੋੜ ਦੇ ਨਾਮ ਸਬੰਧੀ ਆਪਣੇ-ਆਪਣੇ ਵਿਚਾਰ ਦੱਸਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਕਾਂਗਰਸੀ ਆਗੂ ਸੋਨੀਆ ਗਾਂਧੀ ਵੱਲੋਂ ਡਿਨਰ ਦਾ ਆਯੋਜਨ ਕੀਤਾ ਗਿਆ ਸੀ। ਅੱਜ ਦੀ ਮੀਟਿੰਗ ਦੌਰਾਨ ਗੱਠਜੋੜ ਦੇ ਨਾਮ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ‘ਇੰਡੀਆ’ ਨਾਮ ’ਤੇ ਸਮੂਹ ਪਾਰਟੀਆਂ ਦੇ ਆਗੂਆਂ ਦੀ ਸਹਿਮਤੀ ਬਣ ਗਈ। ਇਸ ਦਾ ਐਲਾਨ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਗੱਠਜੋੜ ਲਈ 11 ਮੈਂਬਰੀ ਕਮੇਟੀ ਅਤੇ ਇਕ ਦਫ਼ਤਰ ਜਲਦੀ ਹੀ ਬਣਾਇਆ ਜਾਵੇਗਾ। ਇਸ ਸਬੰਧੀ ਐਲਾਨ ਮੁੰਬਈ ’ਚ ਹੋਣ ਵਾਲੀ ਅਗਲੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਖੜਗੇ ਨੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਦੀਆਂ ਸਾਰੀਆਂ ਏਜੰਸੀਆਂ ਈਡੀ, ਸੀਬੀਆਈ ਆਦਿ ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਰਮਿਆਨ ਰਾਜਨੀਤਿਕ ਮਤਭੇਦ ਹੋ ਸਕਦੇ ਹਨ ਪ੍ਰੰਤੂ ਅਸੀਂ ਦੇਸ਼ ਨੂੰ ਬਚਾਉਣ ਲਈ ਇਕਜੁੱਟ ਹੋਏ ਹਾਂ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੀ ਅਗਵਾਈ ’ਚ ਪਟਨਾ ਵਿਖੇ ਮੀਟਿੰਗ ਹੋਈ ਸੀ, ਜਿਸ ’ਚ 16 ਪਾਰਟੀਆਂ ਦੇ ਆਗੂ ਮੌਜੂਦ ਸਨ ਪ੍ਰੰਤੂ ਅੱਜ ਦੀ ਮੀਟਿੰਗ 26 ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ।