Breaking News
Home / ਮੁੱਖ ਲੇਖ / ”ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ੁਆਬ ਸੇ”

”ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ੁਆਬ ਸੇ”

ਸਿੱਖ ਇਨਕਲਾਬ ਦੇ ਮੋਢੀ ਗੁਰੂ ਨਾਨਕ ਸਾਹਿਬ
ਡਾ. ਗੁਰਵਿੰਦਰ ਸਿੰਘ
ਗੁਰੂ ਨਾਨਕ ਸਾਹਿਬ ਦੇ ਰਾਜ ਸੰਕਲਪ ਸੰਬੰਧੀ, ਗੁਰੂ ਗ੍ਰੰਥ ਸਾਹਿਬ ਅੰਦਰ ਭੱਟ ਬਲਵੰਡ ਵਲੋਂ ਰਾਮਕਲੀ ਦੀ ਵਾਰ ਵਿਚ ਅੰਕਿਤ ”ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥” (ਰਾਮਕਲੀ ਦੀ ਵਾਰ, ਗੁਰੂ ਗ੍ਰੰਥ ਸਾਹਿਬ : 966) ਸਿੱਖੀ ਸਿਧਾਂਤ ਬਿਆਨ ਕਰਦਾ ਹੈ। ਇਸ ਸ਼ਬਦ ਦੇ ਭਾਵ ਹਨ ਕਿ ਗੁਰੂ ਨਾਨਕ ਸਾਹਿਬ ਨੇ, ਅਕਾਲ ਪੁਰਖ ਭਾਵ ਸੱਚੇ ਪਾਤਸ਼ਾਹ ਦੀ ਪਾਤਸ਼ਾਹੀ ਕਾਇਮ ਕੀਤੀ ਤੇ ਸੱਚ ਦੇ ਕਿਲ੍ਹੇ ਦੀ ਮਜ਼ਬੂਤ ਨੀਂਹ ਰੱਖੀ। ਗੁਰੂ ਜੀ ਵਲੋਂ ਕਾਇਮ ਕੀਤਾ ਰਾਜ ਕਿਹੋ ਜਿਹਾ ਹੈ ਤੇ ਅਜੋਕੇ ਸੰਸਾਰ ਵਿਚ ਗੁਰੂ ਨਾਨਕ-ਰਾਜ ਸੰਕਲਪ ਦੀ ਕੀ ਪ੍ਰਸੰਗਿਕਤਾ ਹੈ, ਇਹ ਡੂੰਘੇ ਵਿਚਾਰ ਦਾ ਵਿਸ਼ਾ ਹੈ। ਅੱਜ ਇਕ ਪਾਸੇ ਗੁਰੂ ਨਾਨਕ ਸਾਹਿਬ ਦਾ ਰਾਜ ਸੰਬੰਧੀ ਫਲਸਫਾ ਹੈ, ਦੂਜੇ ਪਾਸੇ ਦੁਨੀਆਂ ਭਰ ਵਿਚ ਰਾਸ਼ਟਰਵਾਦ ਦੇ ਨਾਂ ਹੇਠ ਵੱਖੋ-ਵੱਖਰੇ ਮੁਲਕਾਂ ਅੰਦਰ ਬਹੁਗਿਣਤੀਆਂ ਵਲੋਂ ਘੱਟ ਗਿਣਤੀਆਂ ਨੂੰ ਅਤੇ ਵੱਡੇ ਤਾਕਤਵਰ ਦੇਸਾਂ ਵਲੋਂ ਛੋਟੇ ਮੁਲਕਾਂ ਨੂੰ ਗੁਲਾਮ ਬਣਾਉਣ ਦੀਆਂ ਅਣਮਨੁੱਖੀ ਨੀਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੀਆਂ ਹਾਲਤਾਂ ਵਿਚ ਗੁਰੂ ਨਾਨਕ ਚਿੰਤਨ ਨੂੰ ਅਪਨਾਉਂਦਿਆਂ ਨਾ ਸਿਰਫ ਮਨੁੱਖੀ ਕਲਿਆਣ ਹੀ ਹੋ ਸਕਦਾ ਹੈ, ਸਗੋਂ ‘ਹਲੇਮੀ ਰਾਜ’ ਦੀ ਕਾਇਮੀ ਵੀ ਹੋ ਸਕਦੀ ਹੈ।
21ਵੀਂ ਸਦੀ ਦੇ ਸੰਸਾਰ ਦਾ ਮੁੱਖ ਮੁੱਦਾ ਨਸਲਵਾਦ ਹੈ। ਇਸ ਦੇ ਭਿਆਨਕ ਰੂਪ ਵੱਖ-ਵੱਖ ਦੇਸਾਂ ਵਿਚ ਅੰਦਰੂਨੀ ਅਤੇ ਬਾਹਰੀ ਪੱਧਰ ‘ਤੇ ਨਜ਼ਰ ਆ ਰਹੇ ਹਨ। ਚਾਹੇ ਆਧੁਨਿਕ ਯੁੱਗ ਵਿਚ ਇੱਕ ਪਾਸੇ ਵਿਦਿਆ ਤੇ ਤਰੱਕੀ ਦੇ ਵੱਡੇ-ਵੱਡੇ ਦਾਅਵੇ ਹੋ ਰਹੇ ਹਨ, ਪਰ ਦੂਜੇ ਪਾਸੇ ਨਸਲਵਾਦੀ ਹਮਲੇ ਲਗਾਤਾਰ ਵਧ ਰਹੇ ਹਨ। ਦੁਨੀਆਂ ਦੇ ਤਾਕਤਵਾਰ ਮੰਨੇ ਜਾਂਦੇ ਦੇਸਾਂ ਵਿਚ ਸੱਤਾ ਦਾ ਧਰੁਵੀਕਰਨ ਹੋ ਰਿਹਾ ਹੈ। ਕੱਟੜਵਾਦੀ ਤਾਕਤਾਂ ਘੱਟ ਗਿਣਤੀਆਂ ਨੂੰ ਕੁਚਲ ਕੇ ਲੋਕ ਰਾਜ ਦੀਆਂ ਧੱਜੀਆਂ ਉਡਾ ਰਹੀਆਂ ਹਨ। ਦੁਨੀਆਂ ਦੇ ਵੱਡੇ ਲੋਕਤੰਤਰ ਅਖਵਾਉਣ ਵਾਲੇ ਦੇਸ਼ਾਂ ਵਿਚ ਚੋਣਾਂ ਫਿਰਕੇ, ਰੰਗ, ਨਸਲ ਅਤੇ ਜਾਤੀਵਾਦ ਦੇ ਨਾਂ ‘ਤੇ ਲੜੀਆਂ ਤੇ ਜਿੱਤੀਆਂ ਜਾ ਰਹੀਆਂ ਹਨ। ਅਖੌਤੀ ਆਧੁਨਿਕਤਾ ਦਾ ਢੰਡੋਰਾ ਪਿੱਟਣ ਵਾਲਾ ਇਕੀਵੀਂ ਸਦੀ ਦਾ ਮਨੁੱਖ ਕੁਦਰਤ ਨੂੰ ਤਬਾਹ ਕਰਨ ‘ਤੇ ਤੁਲਿਆ ਹੋਇਆ ਹੈ। ਕੁਦਰਤੀ ਸੋਮਿਆਂ ‘ਤੇ ਜਬਰੀ ਕਾਬਜ਼ ਹੋ ਕੇ, ਮੂਲ ਨਿਵਾਸੀ ਲੋਕਾਂ ਨੂੰ ਉਹਨਾਂ ਦੇ ਸਰੋਤਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਵਾਤਾਵਰਨ ਨੂੰ ਬਰਬਾਦ ਕਰ ਰਹੀਆਂ ਗੈਸਾਂ, ਪ੍ਰਮਾਣੂ ਹਥਿਆਰਾਂ, ਰਸਾਇਣਕ ਪਦਾਰਥਾਂ ਅਤੇ ਐਟਮੀ ਪ੍ਰੀਖਣਾਂ ਨਾਲ ਦੁਨੀਆਂ ਮੌਤ ਦੇ ਮੂੰਹ ‘ਤੇ ਖੜੀ ਕਰ ਦਿੱਤੀ ਗਈ ਹੈ। ਆਮ ਮਨੁੱਖ ਲਈ ਅਜਿਹੀਆਂ ਭਿਆਨਕ ਹਾਲਤਾਂ ਵਿਚ ਜਿਊਣਾ ਦੁੱਭਰ ਹੋ ਗਿਆ ਹੈ। ਸਾਮਾਜਿਕ, ਰਾਜਨੀਤਕ, ਸਭਿਆਚਾਰਕ, ਧਾਰਮਿਕ, ਆਰਥਿਕ, ਸਦਾਚਾਰ ਅਤੇ ਰੂਹਾਨੀ ਪੱਧਰ ‘ਤੇ ਅੱਜ ਦੇ ਸੰਸਾਰ ਨੂੰ ਸੇਧ ਦੇਣ ਅਤੇ ਤਬਾਹ ਹੋਣ ਤੋਂ ਬਚਾਉਣ ਲਈ ਗੁਰੂ ਨਾਨਕ ਸਿਧਾਂਤ ਚਾਨਣ ਮੁਨਾਰਾ ਹੈ।
ਗੁਰੂ ਨਾਨਕ ਸਾਹਿਬ ਦਾ ਰਾਜ ਸੰਬੰਧੀ ਫਲਸਫਾ ਮਨੁੱਖੀ ਜੀਵਨ ਦੇ ਹਰ ਪਹਿਲੂ ਦੀ ਅਗਵਾਈ ਕਰਦਾ ਹੈ। ਇਹ ਜੀਵਨ ਦਰਸ਼ਨ ਅਜਿਹੀ ਵਿਸ਼ਵ ਵਿਆਪੀ ਦ੍ਰਿਸ਼ਟੀ ਹੈ, ਜਿਸ ਵਿਚ ਕਿਸੇ ਨਸਲ, ਰੰਗ, ਜਾਤ, ਫਿਰਕੇ, ਕੌਮ ਅਤੇ ਦੇਸ਼ ਦਾ ਅੰਤਰ ਨਹੀਂ। ਗੁਰੂ ਨਾਨਕ ਸਾਹਿਬ ਦੀਆਂ ਸੰਸਾਰ ਪੱਧਰ ਦੀਆਂ ਚਾਰ ਉਦਾਸੀਆਂ ਅਤੇ ਵੱਖ-ਵੱਖ ਦੇਸਾਂ ਵਿਚ ਵਸਦੇ ਵੱਖੋ-ਵੱਖਰੇ ਨਸਲਾਂ ਤੇ ਫਿਰਕਿਆਂ ਦੇ ਲੋਕਾਂ ਨੂੰ ਦਿੱਤਾ ਉਪਦੇਸ਼ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਹ ਵੀ ਅੱਜ ਤੋਂ 559 ਸਾਲ ਪਹਿਲਾਂ ਦਾ ਸਮਾਂ, ਜਦੋਂ ਵਰਤਮਾਨ ਵਾਂਗ ਨਾ ਤਾਂ ਸਾਧਨਾਂ ਦੀ ਬਹੁਤਾਤ ਸੀ ਅਤੇ ਨਾ ਹੀ ਵਿਦਿਅਕ ਪਸਾਰ। ਅਜਿਹੇ ਮੌਕੇ ਹਜ਼ਾਰਾਂ ਮੀਲ ਪੈਂਡਾ ਤੈਅ ਕਰਕੇ ਗੁਰੂ ਨਾਨਕ ਸਾਹਿਬ ਨੇ ਦੇਸਾਂ-ਮੁਲਕਾਂ ਦੀਆਂ ਹੱਦਾਂ-ਸਰਹੱਦਾਂ ਦੀਆਂ ਵਲਗਣਾਂ ਨੂੰ ਤੋੜਦਿਆਂ, ਨਸਲਵਾਦੀ ਕੋਹੜ ਨੂੰ ਖਤਮ ਕੀਤਾ। ਉਹਨਾਂ ਬਸਤੀਵਾਦੀ ਗੁਲਾਮੀ ਦੇ ਖਾਤਮੇ ਲਈ ਸਰਬੱਤ ਦੇ ਭਲੇ ਦੀ ਮੁਹਿੰਮ ਚਲਾਈ। ਗੁਰੂ ਨਾਨਕ ਜੀ ਨੇ 1499 ਈਸਵੀ ਤੋਂ ਲੈ ਕੇ 1521 ਤਕ ਤਕਰੀਬਨ 22 ਵਰ੍ਹੇ ਨੌਂ ਖੰਡ ਪ੍ਰਿਥਵੀ ਦਾ 24 ਹਜ਼ਾਰ ਮੀਲ ਤੋਂ ਵਧੇਰੇ ਪੈਂਡਾ ਪੈਦਲ ਤੈਅ ਕੀਤਾ, ਜਿਸ ਦੇ ਬਰਾਬਰ ਸੰਸਾਰ ਵਿੱਚ ਪੈਦਲ ਯਾਤਰਾਵਾਂ ਦੀ ਕੋਈ ਮਿਸਾਲ ਨਹੀਂ ਮਿਲਦੀ। ਸੈਦਪੁਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਮੁਲਤਾਨ ਕੁਰਕਸ਼ੇਤਰ, ਦਿੱਲੀ, ਹਰਿਦੁਆਰ, ਗੋਰਖਮਤਾ, ਬਨਾਰਸ, ਗਯਾ, ਧੁਬਰੀ, ਕਾਮਰੂਪ, ਜਗਨਨਾਥ ਪੁਰੀ, ਲੰਕਾ, ਪਾਕ ਪਟਨ, ਕੈਲਾਸ਼ ਪਰਬਤ, ਲੱਦਾਖ, ਕਸ਼ਮੀਰ, ਕਾਂਗੜਾ, ਕੁੱਲੂ, ਬੈਜਨਾ, ਜਵਾਲਾਮੁਖੀ, ਸਿਆਲਕੋਟ, ਮੱਕਾ, ਮਦੀਨਾ, ਬਗਦਾਦ, ਕਾਬਲ, ਕੰਧਾਰ, ਪਿਸ਼ਾਵਰ ਹੁੰਦਾ ਹੋਇਆ 1521 ਈ. ਨੂੰ ਸੈਦਪੁਰ ਹੀ ਖਤਮ ਹੋਇਆ। ਭਾਈ ਗੁਰਦਾਸ ਜੀ (1551-1629 ਈ.) ਦਾ ਕਥਨ ਆਪ ਦਾ, ਮੁਰਸ਼ਦ-ਏ-ਆਲਮ ਦੇ ਰੂਪ ਵਿੱਚ ਸਿਫ਼ਤ ਲਈ ਸਾਰਥਕ ਜਾਪਦਾ ਹੈ:
”ਗੁਰੂ ਨਾਨਕ ਸਭ ਕੇ ਸਿਰਤਾਜਾ॥
ਜਿਸ ਕੋ ਸਿਮਰ ਸਰੇ ਸਭ ਕਾਜਾ॥”
(ਭਾਈ ਗੁਰਦਾਸ ਵਾਰਾਂ)
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ‘ਤੇ ਉਸਰਿਆ ਹਲੇਮੀ ਰਾਜ ਦਾ ਸੰਕਲਪ ਅਖੌਤੀ ਰਾਸ਼ਟਰਵਾਦ ਦੇ ਫਾਸ਼ੀਵਾਦ ਨੂੰ ਰੱਦ ਕਰਦਾ ਹੈ, ਜਿਥੇ ਇਕ ਨਸਲ ਦੇ ਸ਼ਾਸ਼ਕ ਦੂਜਿਆਂ ਨੂੰ ਨੀਵਾਂ ਤੇ ਗੁਲਾਮ ਕਰਾਰ ਦੇ ਕੇ ਮਾਰ ਮੁਕਾਉਣ। ਭਾਰਤ ਅੰਦਰ ਇਹ ਕਿਹੋ ਜਿਹੀ ਵਿਡੰਬਨਾ ਹੈ ਕਿ ਨਸਲਵਾਦ ਤੇ ਰਾਸ਼ਟਰਵਾਦ ਦਾ ਪੱਤਾ ਖੇਡ ਕੇ ਸੱਤਾ ਵਿਚ ਆਏ ਭਗਵੇਂਵਾਦੀ ਸਿਆਸਤਦਾਨ ਵੀ ਖੁਦ ਨੂੰ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਦੱਸਦੇ ਭਾਰਤੀ ਸਮਾਜ ਨੂੰ ਗੁੰਮਰਾਹ ਕਰ ਰਹੇ ਹਨ। ਇਹ ਸੱਤਾਧਾਰੀ ਦੇਸ਼-ਵਿਦੇਸ਼ ਅੰਦਰ ਗੁਰੂ ਨਾਨਕ ਸ਼ਤਾਬਦੀ ਮਨਾ ਕੇ ਆਪਣੇ ਅਜਿਹੇ ਨਸਲਵਾਦੀ ਅਤੇ ਫਿਰਕੂ ਏਜੰਡੇ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ, ਜਿਨ੍ਹਾਂ ਖਿਲਾਫ਼ ਗੁਰੂ ਸਾਹਿਬ ਦਾ ਸਮੁੱਚਾ ਸੰਦੇਸ਼ ਨਜ਼ਰ ਆਉਂਦਾ ਹੈ।
ਗੁਰੂ ਸਾਹਿਬ ਦਾ ਸਮਕਾਲੀ ਸਮਾਜ ਅਧਿਆਤਮਿਕ, ਸਮਾਜਿਕ, ਰਾਜਨੀਤਿਕ ਤੇ ਸਭਿਆਚਾਰਕ, ਚਾਰੇ ਪਹਿਲੂਆਂ ਤੋਂ ਘੋਰ ਗਿਰਾਵਟ ਦਾ ਸ਼ਿਕਾਰ ਹੋ ਚੁੱਕਿਆ ਸੀ। ਚਾਰ-ਚੁਫੇਰੇ ਕਰਮਾਂ-ਕਾਂਡਾਂ ਤੇ ਵਹਿਮਾਂ-ਭਰਮਾਂ ਦਾ ਰਾਮ-ਰੌਲਾ ਵਾਯੂ-ਮੰਡਲ ਦੂਸ਼ਿਤ ਕਰ ਰਿਹਾ ਸੀ। ਧਰਮ ਦਾ ਠੇਕੇਦਾਰ ਧਾਰਮਿਕ -ਪੁਸ਼ਾਕ ਪਹਿਨ ਕੇ ਧਰਮ ਦੀ ਛਾਤੀ ਤੇ ਬੈਠਾ ਹੋਇਆ ਧਰਮ ਦਾ ਹੀ ਲਹੂ ਪੀ ਰਿਹਾ ਸੀ, ਜਿਸ ਕਾਰਨ ਉਸ ਦਾ ‘ਬੇਇਲਮਾ ਅਮਲ’ ਤੇ ‘ਬੇਅਮਲਾ ਇਲਮ’ ਬੇ-ਅਰਥ ਹੋ ਚੁੱਕਿਆ ਸੀ। ਮੰਨੂ-ਸਮ੍ਰਿਤੀ ਦੀ ਵਰਗ -ਵੰਡ ਕਾਰਨ ਜਾਤਾਂ-ਪਾਤਾਂ ਵਿੱਚ ਵੰਡੇ ਭਾਰਤਵਾਸੀ ਲੀਰੋ-ਲੀਰ ਹੋ ਚੁੱਕੇ ਸਨ। ਅੰਦਰੂਨੀ ਤੌਰ ‘ਤੇ ਨਿਕੰਮੇ, ਲਾਚਾਰ ਤੇ ਕਮਜ਼ੋਰ ਭਾਰਤ ਦਾ ਜਿਸਮ ਡਾਕੂ ਲੁਟੇਰੇ ਤੇ ਮੁਰੈਲ੍ਹ ਖੂਨੀ ਨਹੁੰਦਰਾਂ ਨਾਲ ਨੋਚਦੇ ਰਹੇ ਸਨ। ਇਹ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਅਖਤਿਆਰ ਕਰਕੇ ਮਨੁੱਖਤਾ ਦਾ ਲਹੂ ਪੀ ਰਹੇ ਸਨ ;
”ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹ ਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥”
(ਗੁਰੂ ਗਰੰਥ ਸਾਹਿਬ, 1288)
ਮਧਕਾਲੀਨ ਇਤਿਹਾਸ ਵਿੱਚ ਜ਼ਾਲਮ ਹਕੂਮਤ ਦੇ ਬਰਖ਼ਿਲਾਫ਼ ਤੇ ਮਾਨਵ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪਹਿਲੇ ਇਨਕਲਾਬੀ ਆਗੂ ਮਰਦਿ-ਕਾਮਿਲ ਗੁਰੂ ਨਾਨਕ ਸਾਹਿਬ ਹਨ। ਸਿਆਸੀ ਤਾਕਤ ਅਤੇ ਹਮਲਿਆਂ ਨਾਲ ਭਾਰਤ ਨੂੰ ਲੁੱਟਣ ਅਤੇ ਕੁੱਟਣ ਆਏ ਜ਼ਹੀਰ-ਉੱਦ ਦੀਨ ਮੁਹੰਮਦ ਬਾਬਰ ਨੂੰ ਗੁਰੂ ਨਾਨਕ ਬਾਣੀ ਵਿਚ ਜਾਬਰ, ਪਾਪ ਦੀ ਜੰਞ ਦਾ ਜਮ, ਰੱਤ ਪੀਣਾ, ਮਨੁੱਖਤਾ ਦਾ ਕਾਤਲ ਅਤੇ ਜ਼ਾਲਮ ਕਰਾਰ ਦਿੱਤਾ ਗਿਆ। ਮੁਗਲ ਤੇ ਪਠਾਣਾਂ ਦੀ ਇਸ ਲੜਾਈ ਵਿਚ ਬੇਗੁਨਾਹਾਂ ਦਾ ਲਹੂ ਡੁੱਲਿਆ, ਤਾਂ ‘ਸੱਚ ਦੀ ਬਾਣੀ’ ਵਿਚ ਖੂਨ ਕੇ ਸੋਹਿਲੇ ਗਾਉਣ ਵਾਲਿਆਂ ਦੀ ਤਲਖ ਹਕੀਕਤ ਬਿਆਨ ਕੀਤੀ ਗਈ। ਬਾਬਰ ਨੂੰ ਬੁੱਚੜ ਕਹਿ ਕੇ ਉਸ ਦੇ ਖਿਲਾਫ਼ ਆਵਾਜ਼ ਉਠਾਉਣ ਅਤੇ ਨੰਗੇ ਧੜ ਡਟਣ ‘ਤੇ ਗੁਰੂ ਸਾਹਿਬ ਨੂੰ ਜੇਲ੍ਹ ਜਾਣਾ ਪਿਆ ਤੇ ਚੱਕੀਆਂ ਪੀਹਣੀਆਂ ਪਈਆਂ। ਨਤੀਜਾ ਇਹ ਹੋਇਆ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਪਿਛਲੇ ਸਾਢੇ ਪੰਜ ਸੌ ਸਾਲਾ ਤੋਂ ਸਮੇਂ-ਸਮੇਂ ਦੇ ਜਾਬਰਾਂ ਤੇ ਬੁੱਚੜਾਂ ਖਿਲਾਫ਼ ਨੰਗੇ ਧੜ ਲੜਦੀ ਆ ਰਹੀ ਹੈ। ਕਿਧਰੇ ਜੇਲ੍ਹਾਂ ਵਿਚ, ਕਿਤੇ ਚਰਖੜੀਆਂ ‘ਤੇ, ਕਿਤੇ ਆਰਿਆਂ ‘ਤੇ, ਕਿਤੇ ਨੇਜਿਆਂ, ਤਲਵਾਰਾਂ, ਬੰਦੂਕਾਂ, ਤੋਪਾਂ ਅਤੇ ਫਾਂਸੀਆਂ ‘ਤੇ ਹੱਸ-ਹੱਸ ਕੇ ਸ਼ਹੀਦੀਆਂ ਪਾ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜ਼ਾਲਮਾਨਾ ਰਾਜ ਪ੍ਰਬੰਧ ਵਿਰੁੱਧ ਪੰਜ ਸੌ ਸਾਲ ਪਹਿਲਾਂ ਵਾਂਗ ਕਾਇਮ ਹੈ ਅਤੇ ਸਦਾ ਰਹੇਗਾ। ਇਹ ਸਿਧਾਂਤ ਅੱਜ ਦੇ ਉਹਨਾਂ ਸਾਰੇ ਮਨੁੱਖਤਾ ਵਿਰੋਧੀ ਭ੍ਰਿਸ਼ਟ-ਸ਼ਾਸਕਾਂ ਖਿਲਾਫ਼ ਕਾਇਮ ਹੈ, ਜਿਹੜੇ ਰਾਸ਼ਟਰਵਾਦ ਦੇ ਨਾਂ ਹੇਠ ਹੋਰਨਾਂ ਕੌਮਾਂ ਨੂੰ ਦਬਾਅ ਰਹੇ ਹਨ ਤੇ ਗੁਲਾਮ ਬਣਾ ਰਹੇ ਹਨ।
ਗੁਰੂ ਨਾਨਕ ਸਾਹਿਬ ਵਲੋਂ ਕਾਇਮ ਕੀਤੀ ਅਕਾਲ ਪੁਰਖ ਦੀ ਸੱਚੀ ਪਾਤਸ਼ਾਹੀ ਤੇ ਹਲੇਮੀ ਰਾਜ ਵਿਚ ਕਿਸੇ ਫ਼ਿਰਕੇ ਦਾ ਵਿਰੋਧ ਨਾ ਹੋ ਕੇ, ਜ਼ੁਲਮ ਅਤੇ ਅਤਿਆਚਾਰ ਦਾ ਵਿਰੋਧ ਹੈ। ਇਹ ਧਾਰਨਾ ਵੀ ਮੂਲੋਂ ਗਲਤ ਹੈ ਕਿ ਸਿੱਖੀ ਦਾ ਵਿਰੋਧ ਮੁਸਲਮਾਨਾਂ ਨਾਲ ਰਿਹਾ ਹੈ, ਜਦ ਕਿ ਹਕੀਕਤ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਰਬਾਬੀ ਤੇ ਸੰਗੀ-ਸਾਥੀ ਭਾਈ ਮਰਦਾਨਾ ਜੀ ਮੁਸਲਿਮ ਭਾਈਚਾਰੇ ਵਿਚੋਂ ਸਨ, ਬੇਸ਼ੱਕ ਮਗਰੋਂ ਸਿੱਖ ਸਜ ਗਏ ਸਨ। ਰਾਏ ਬੁਲਾਰ ਤੋਂ ਲੈ ਕੇ ਰਾਏ ਕੱਲਾ ਤੱਕ ਦੇ ਪਿਆਰ ਤੇ ਸਾਂਝ ਦਾ ਸਫਰ, ਇਸ ਗੱਲ ਦਾ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬਾਨਾਂ ਦੀ ਖਿਦਮਤ ਵਿਚ ਮੁਸਲਿਮ ਲੋਕਾਂ ਦੀ ਸੇਵਾ-ਭਾਵਨਾ ਸਦਾ ਬਣੀ ਰਹੀ। ਅੱਜ ਵੀ 559ਵੇਂ ਪ੍ਰਕਾਸ਼ ਵਰ੍ਹੇ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਇਸ ਦੀ ਅਹਿਮ ਮਿਸਾਲ ਹੈ, ਜਦੋਂ ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਇਤਿਹਾਸਕ ਗੁਰੂ-ਅਸਥਾਨ ਦੇ ਦਰਸ਼ਨ ਦੀਦਾਰਿਆਂ ਨੂੰ ਲੈ ਕੇ ਸਿੱਖ ਕੌਮ ਦਾ ਦਿਲ ਜਿੱਤਿਆ। ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਦੇ ਨਾਂ ਯੂਨੀਵਰਸਿਟੀ ਸਥਾਪਿਤ ਕਰਨ ਦਾ ਫੈਸਲਾ ਲੈ ਕੇ, ਫਰਾਖ਼ਦਿਲੀ ਦਾ ਸਬੂਤ ਦਿੱਤਾ। ਦਰਅਸਲ ਗੁਰੂ ਗੋਬਿੰਦ ਸਿੰਘ ਜੀ ਜਿਸ ਹੱਦ ਤੱਕ ਮੁਗਲਾਂ ਦੇ ਜ਼ੁਲਮ ਖਿਲਾਫ਼ ਸਨ, ਓਨੇ ਹੀ ਉਸ ਸਮੇਂ ਦੇ ਪਹਾੜੀ ਹਿੰਦੂ ਰਾਜਿਆਂ ਦੇ ਵਿਰੋਧੀ ਸਨ। ਇਹ ਵੀ ਸੱਚ ਹੈ ਕਿ ਜਦੋਂ ਸੱਤਾ ਮੁਗਲਾਂ ਕੋਲ ਸੀ, ਉਦੋਂ ਕੱਟੜਵਾਦੀ ਮਨੂਵਾਦੀ ਗੁਰੂ ਸਾਹਿਬਾਨਾਂ ਖਿਲਾਫ਼ ਸਮੇਂ ਦੇ ਮੁਗਲ ਹਾਕਮਾਂ ਕੋਲ ਜਾ ਕੇ ਸ਼ਿਕਾਇਤਾਂ ਕਰਦੇ ਰਹੇ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗਾਂ-ਯੁੱਧਾਂ ਵਿਚ ਮੁਗਲਾਂ ਨਾਲ ਮਿਲ ਕੇ, ਪਹਾੜੀ ਹਿੰਦੂ ਰਾਜਿਆਂ ਦੀ ਗੁਰੂ ਘਰ ਬਰਖਿਲਾਫ਼ ਸ਼ਾਮ, ਦਾਮ, ਦੰਡ ਤੇ ਭੇਦ ਨੀਤੀ ਕਿਸੇ ਤੋਂ ਲੁਕੀ ਨਹੀਂ।
ਗੁਰੂ ਨਾਨਕ ਸਾਹਿਬ ਦੀ ਖੰਡਨ ਨੀਤੀ ਜਿੱਥੇ ਮੁਗਲ ਜਗੀਰੂ ਢਾਂਚੇ ਤੇ ਸਟੇਟ ਨਾਲ ਸੀ, ਉਥੇ ਕੱਟੜ ਹਿੰਦੂਤਵੀ ਤੇ ਮਨੂਵਾਦੀ ਸਿਸਟਮ ਨਾਲ ਵੀ ਸੀ। ਦੋਹਾਂ ਤੋਂ ਵੱਖਰੇ ਤੇ ਨਿਆਰੇ ਨਿਰਮਲ ਪੰਥ ਦੀ ਨੀਂਹ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਸਥਾਪਨਾ ਕੀਤੀ। ਯੁੱਗ-ਪੁਰਸ਼ ਗੁਰੂ ਨਾਨਕ ਸਾਹਿਬ ਦੇ ਪ੍ਰੇਮ, ਇਤਫ਼ਾਕ ਤੇ ਸਦਭਾਵਨਾ ਦੇ ਸੰਦੇਸ਼ ਸਦਕਾ ਹਿੰਦੂ ਤੇ ਮੁਸਲਮਾਨ, ਗ੍ਰਹਿਸਤੀ ਤੇ ਤਿਆਗੀ, ਇਸਤਰੀ ਤੇ ਮਰਦ, ਨਾਥ ਤੇ ਯੋਗੀ, ਵਲੀ ਕੰਧਾਰੀ ਤੇ ਹਮਜ਼ਾ ਗੌਂਸ, ਕੌਡੇ ਰਾਖਸ਼ ਤੇ ਸੱਜਣ ਠੱਗ ਆਦਿ ਸਭਨਾ ਦੀ ਤਰਜ਼ੇ-ਜਿੰਦਗੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਉਣਾ ਤੇ ਗੁਰੂ ਸਾਹਿਬ ਦੇ ਮੁਰੀਦ ਤੇ ਸ਼ਰਧਾਲੂ ਬਣ ਜਾਣਾ, ਵਿਸ਼ਵ ਇਤਿਹਾਸ ਵਿੱਚ ਅਲੌਕਿਕ ਵਰਤਾਰਾ ਹੈ। ਦਰਅਸਲ ਉਨ੍ਹਾਂ ਦਾ ਪ੍ਰੇਮ ਪੈਗ਼ਾਮ ਸੰਪੂਰਨ ਇਨਸਾਨੀਅਤ ਲਈ ਹੈ ਅਤੇ ਖੱਤਰੀ ਬ੍ਰਾਹਮਣ ਸੂਦਰ ਵੇੈਸ਼ ਉਪਦੇਸ਼ ਚਹੁੰ ਵਰਨਾ ਲਈ ਸਾਂਝਾ ਹੈ। ਜ਼ਾਹਰ-ਪੀਰ ਤੇ ਜਗਤ-ਤਾਰਕ ਬਾਬਾ ਨਾਨਕ ਸਾਹਿਬ ਨੇ ਆਪਣੀ ਨਿਵੇਕਲੀ ਵਿਚਾਰਧਾਰਾ ਤੇ ਮਹਾਨ ਫ਼ਲਸਫ਼ੇ ਨਾਲ ਨੌਂ ਖੰਡ ਪ੍ਰਿਥਵੀ ਦਾ ਹਨੇਰਾ ਖਤਮ ਕਰ ਦਿੱਤਾ। ਪੂਰਬੀ ਦੁਨੀਆ ਵਿੱਚ ਉਦੈ ਹੋਇਆ ਇਹ ਸੂਰਜ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣਿਆ। ਆਪ ਦੇ ਪਾਕਿ-ਪਵਿੱਤਰ ਕਲਾਮ ਨੂੰ ਸਲਾਮ ਕਰਦਾ ਡਾ. ਮੁਹੰਮਦ ਇਕਬਾਲ ਜਿੱਥੇ ਆਪ ਨੂੰ ‘ਮਰਦੇ-ਕਾਮਿਲ’ ਆਖਦਾ ਹੈ, ਉੱਥੇ ‘ਐਨ ਇਨਸਾਈਕਲੋਪੀਡੀਆ ਆਫ ਇਸਲਾਮ’ ਦੀ ਚੌਥੀ ਜਿਲਦ ਵਿੱਚ ਆਪ ਦਾ ਸਾਰੀ ਸਿੱਖਿਆ ਦਾ ਉਪਦੇਸ਼ ਸਮਾਜਿਕ ਸਾਵਾਂਪਣ, ਵਿਸ਼ਵ ਭਾਈਚਾਰੇ ਦੀ ਸਿਰਜਣਾ ਅਤੇ ਫਿਰਕਾਪ੍ਰਸਤੀ ਤੇ ਵਹਿਮ-ਭਰਮ ਦਾ ਖਾਤਮਾ ਦੱਸਿਆ ਗਿਆ ਹੈ ;
”ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ੁਆਬ ਸੇ।
ਇਕੀਵੀਂ ਸਦੀ ਦੀਆਂ ਫਾਸ਼ੀਵਾਦੀ ਤਾਕਤਾਂ ਖਿਲਾਫ਼ ਡਟਣ ਲਈ ਗੁਰੂ ਨਾਨਕ ਸਾਹਿਬ ਦੇ ਚਿੰਤਨ ਤੋਂ ਸੇਧ ਲੈਣ ਦੀ ਲੋੜ ਹੈ। ਦੱਬੇ ਕੁਚਲੇ ਨਿਮਾਣੇ, ਨਿਤਾਣੇ, ਨਿਓਟੇ ਤੇ ਨਿਆਸਰੇ ਲੋਕਾਂ ਦੀ ਬਾਂਹ ਫੜਦਿਆਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ‘ਸੰਗ-ਸਾਥ’ ਦਾ ਹੋਕਾ ਦਿੱਤਾ ਅਤੇ ਅਖੌਤੀ ਉੱਚ-ਜਾਤੀਆਂ ਤੇ ਜਗੀਰੂ ਤਾਕਤਾਂ ਨੂੰ ਰੱਦ ਕੀਤਾ। ਅੱਜ ਦੀ ਫਾਸ਼ੀਵਾਦੀ ਇੰਡੀਅਨ ਸਟੇਟ ਵਲੋਂ ਘੱਟ ਗਿਣਤੀਆਂ, ਦਲਿਤਾਂ, ਮੂਲ ਨਿਵਾਸੀਆਂ ਤੇ ਆਦਿਵਾਸੀਆਂ ਨੂੰ ਕੁਚਲਿਆ ਜਾ ਰਿਹਾ ਹੈ, ਉਹਨਾਂ ਦੀ ਭਾਸ਼ਾ, ਪਹਿਰਾਵੇ, ਇਲਾਕੇ, ਰੰਗ, ਕੌਮ ਅਤੇ ਸਭਿਆਚਾਰ ਦੇ ਨਾਂ ‘ਤੇ। ਸਟੇਟ ਦੀ ਅਗਵਾਈ ਵਿਚ ਫਾਸ਼ੀਵਾਦ ਦਾ ਵਿਰੋਧ ਕਰਨ ਵਾਲਿਆਂ ਦੇ ਝੂਠੇ ਮੁਕਾਬਲੇ ਬਣਾ ਕੇ ਜਾਂ ਨਸਲਕੁਸ਼ੀਆਂ ਰਾਹੀਂ ਤਬਾਹੀ ਮਚਾਈ ਜਾ ਰਹੀ ਹੈ। ਅਜਿਹੇ ਸਮੇਂ ਗੁਰੂ ਨਾਨਕ ਚਿੰਤਨ ਦੀ ਰੌਸ਼ਨੀ ਵਿਚ ਇਕਮੁੱਠ ਹੋ ਕੇ ਫਾਸ਼ੀਵਾਦੀ ਤਾਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਦੁਖਦਾਈ ਪੱਖ ਇਹ ਵੀ ਹੈ ਕਿ ਫਾਸ਼ੀਵਾਦੀ ਸਰਕਾਰਾਂ ਵਿਚ ਭਾਈਵਾਲੀ ਉਹਨਾਂ ਲੋਕਾਂ ਦੀ ਵੀ ਰਹੀ ਹੈ, ਜਿਹੜੇ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਹੋਣ ਦਾ ਭਰਮ ਪਾਲੀ ਬੈਠੇ ਹਨ ਤੇ ਗੁਰੂ ਨਾਨਕ ਸਾਹਿਬ ਦੇ ਮਾਰਗ ਵਿਚ ਰੁਕਾਵਟ ਬਣੇ ਹੋਏ ਹਨ। ਅਜਿਹੇ ਹਾਲਾਤ ਵਿਚ ਸਿੱਖ ਜਗਤ ਨੂੰ ਜਾਗਰੂਕ ਹੋ ਕੇ ਪਹਿਰਾ ਦੇਣ ਦੀ ਲੋੜ ਹੈ, ਨਹੀਂ ਤਾਂ ਫਾਸ਼ੀਵਾਦੀ ਸਿਸਟਮ ਵਿਚ ਮਨੁੱਖੀ ਕਤਲੇਆਮ ਲਈ ਕੁਹਾੜਿਆਂ ਦਾ ਦਸਤਾ ਬਣ ਰਹੇ ਮੌਕਾਪ੍ਰਸਤਾਂ ਵਲੋਂ, ਸਿੱਖ ਸੰਸਥਾਵਾਂ ਦੀ ਹੋਂਦ ਹੀ ਬਰਬਾਦ ਕਰ ਦਿੱਤੀ ਜਾਵੇਗੀ।
‘ਨਾਨਕਿ ਰਾਜੁ ਚਲਾਇਆ’, ਬੇਗਮਪੁਰੇ ਦਾ ਸੱਚਾ-ਸੁੱਚਾ ਸਮਾਜੀ ਸਿਧਾਂਤ ਅਤੇ ਹਲੇਮੀ ਰਾਜ ਵਰਗਾ ਅਨੰਦਮਈ ਰਾਜ ਪ੍ਰਬੰਧ ਅਜੋਕੀ ਸਦੀ ਵਿਚ ਸਭ ਤੋਂ ਵਧ ਮਹੱਤਵਪੂਰਨ ਸੰਕਲਪ ਹੈ। ਤ੍ਰਾਸਦੀ ਇਹ ਹੈ ਕਿ ਜਿੰਨਾਂ ਮੂਲ ਨਿਵਾਸੀ ਲੋਕਾਂ ਨੂੰ ਦੈਂਤ, ਅਸੁਰ, ਸ਼ੂਦਰ ਤੇ ਅਛੂਤ ਕਹਿ ਕੇ ਛੁਟਿਆਇਆ ਜਾਂਦਾ ਹੈ, ਦਰਅਸਲ ਉਹਨਾਂ ਲੋਕਾਂ ਦੀ ਬਾਂਹ ਫੜਕੇ ਹੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਨੀਂਹ ਰੱਖੀ ਸੀ। ਮਨੂਵਾਦੀ ਪ੍ਰਣਾਲੀ ਨੂੰ ਰੱਦ ਕਰਕੇ ਗੁਰੂ ਸਾਹਿਬ ਨੇ ਸਭਨਾਂ ਨੂੰ ਇਕ ਪੰਗਤ ਵਿਚ ਲੰਗਰ ਛਕਾਇਆ, ਜਿਸ ਕਾਰਨ ਬਿਪਰਵਾਦੀ ਤਾਕਤਾਂ ਦੀ ਸਿੱਖ ਪੰਥ ਨਾਲ ਟੱਕਰ ਹੋਈ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਜਾਤ ਨਾਸ਼, ਕੁਲ ਨਾਸ਼, ਰੰਗ-ਨਸਲ ਦਾ ਭਿੰਨ ਭੇਦ ਨਾਸ਼ ਕਰਾਰ ਦਿੰਦਿਆਂ ਸਭ ਨੂੰ ਇਕੋ ਬਾਟੇ ਵਿਚ ਅੰਮ੍ਰਿਤ ਛਕਣ ਦਾ ਰਾਹ ਦਿਖਾਇਆ, ਜਿਸ ਕਾਰਨ ਬਿਪਰ ਦੀ ਸੋਚ ਦਾ ਹਮੇਸ਼ਾ ਲਈ ਅੰਤ ਹੋ ਗਿਆ। ਜੋ ਖਾਲਸਾ ਰੂਪੀ ਵਿਸ਼ਾਲ ਰੁੱਖ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਫੁੱਲਿਤ ਹੋਇਆ ਸੀ, ਉਸ ਦੇ ਬੀਜ ਗੁਰੂ ਨਾਨਕ ਸਾਹਿਬ ਜੀ ਬੀਜ ਗਏ ਸਨ ਅਤੇ ਮਗਰਲੇ ਗੁਰੂ ਸਾਹਿਬਾਨ ਉਸ ਦੀ ਸਿੰਚਾਈ ਕਰਕੇ ਪਾਲਣ ਕਰਦੇ ਰਹੇ ਸਨ। ਜ਼ੁਲਮ ਦੇ ਖਾਤਮੇ ਲਈ ਅਤੇ ਮਜ਼ਲੂਮਾਂ ਦੀ ਰਾਖੀ ਲਈ ਜੋ ਕਿਰਪਾਨ ਖਾਲਸੇ ਨੂੰ ਫੜਾਈ ਗਈ ਸੀ, ਬੇਸ਼ਕ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ, ਪਰ ਉਸ ਦਾ ਫੌਲਾਦ ਗੁਰੂ ਨਾਨਕ ਜੀ ਨੇ ਤਿਆਰ ਕੀਤਾ ਸੀ।
‘ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰਾ ਤੱਕ ਦੀ ਯਾਤਰਾ’ ਹੈ, ਜਿੱਥੇ ਭਾਈ ਮਰਦਾਨਾ ਜੀ ਦੀ ਰਬਾਬ ਤੋਂ ਲੈ ਕੇ ਆਨੰਦਪੁਰ ਸਾਹਿਬ ਦੇ ਰਣਜੀਤ ਨਗਾਰੇ ਤੱਕ ਦੀ ਗੂੰਜ, ਗਿਆਨ ਅਤੇ ਕਿਰਪਾਨ ਨਾਲ ਹਲੂਣਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਵੱਖੋ-ਵੱਖਰੇ ਨਹੀਂ, ਬਲਕਿ ਇੱਕ ਹੀ ਜੋਤ ਹਨ ਤੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਜੁੱਗੋ ਜੁੱਗ ਅਟੱਲ ਸਿਧਾਂਤ ਰੂਪ ਵਿੱਚ ਸਦਾ ਹੀ ਕਾਇਮ ਹੈ ਅਤੇ ਰਹੇਗੀ। ਬ੍ਰਾਹਮਣੀ ਤੇ ਮਨੂਵਾਦੀ ਢਾਂਚਾ ਪਿਛਲੀਆਂ ਪੰਜ ਸਦੀਆਂ ਤੋਂ ਗੁਰੂ ਨਾਨਕ ਦੇ ਘਰ ਦਾ ਵੈਰੀ ਬਣਿਆ ਹੈ ਕਿਉਂਕਿ ਹਕੀਕਤ ਇਹ ਹੈ ਕਿ ਮਨੂਵਾਦ, ਕਰਮ ਕਾਂਡ ਅਤੇ ਵਰਗ ਵੰਡ ਛੱਡ ਕੇ, ਕਠਿਨ ਤਪੱਸਿਆ ਅਤੇ ਘਰ-ਬਾਰ ਦੇ ਤਿਆਗ ਦੀ ਥਾਂ, ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾਂਵਦਿਆਂ ਵਿੱਚੈ ਹੋਵੈੇ ਮੁਕਤਿ ਦਾ ਮਹਾਨ ਸਿਧਾਂਤ ਪੇਸ਼ ਕੀਤਾ ਗਿਆ ਹੈ । ਅੱਜ ਜਦੋਂ ਸਿੱਖ ਪੰਥ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ, ਅਜਿਹੇ ਸਮੇਂ ਸਰਬੱਤ ਦੇ ਭਲੇ ਅਤੇ ਮੁਕਤੀ ਦੇ ਮਾਰਗ ਅਨੁਸਾਰ ਪੱਛੜੇ, ਦੱਬੇ-ਕੁਚਲੇ ਤੇ ਬਿਪਰਵਾਦ ਵਲੋਂ ਨਕਾਰੇ ਲੋਕਾਂ ਨੂੰ ਗਲਕਵੜੀ ਵਿਚ ਲੈਣ ਲਈ, ਪਹਿਲਕਦਮੀ ਸਮੇਂ ਦੀ ਮੰਗ ਹੈ। ਗੁਰੂ ਨਾਨਕ ਦੇਵ ਜੀ ਨੇ 206 ਸ਼ਬਦ 121 ਅਸ਼ਟਪਦੀਆਂ, 25 ਛੰਦ, 3 ਵਾਰਾਂ ਅਤੇ 256 ਸਲੋਕਾਂ ਦੀ ਸਿਰਜਨਾ ਕੀਤੀ । ਆਪ ਜੀ ਦੇ ਵਿਸ਼ਾਲ ਰਚਨਾ ਖੇਤਰ ਵਿੱਚ ਜਪਜੀ, ਸਿੱਧ ਗੋਸ਼ਟਿ, ਆਸਾ ਦੀ ਵਾਰ, ਬਾਰਾਂਮਾਹ, ਅਲਾਹੁਣੀਆਂ ਅਤੇ ਪੱਟੀ ਸਮੇਤ, ਸਾਰੀਆਂ ਹੀ ਮਹਾਨ ਬਾਣੀਆਂ ਹਨ। ਆਪ ਦੀ ਬਾਣੀ ਰਾਗਾਂ ਵਿੱਚ ਰੱਖੀ ਹੋਈ ਹੈ, ਜਿਨ੍ਹਾਂ ਦੀ ਸੰਗੀਤਕਤਾ ਲੋਕ ਮਨ ਵਿੱਚ ਇਕਸੁਰਤਾ ਅਤੇ ਇਕਾਗਰਤਾ ਪੈਦਾ ਕਰਦੀ ਹੈ, ਪਰ ਇੱਥੇ ਰਾਗਾਂ ਦਾ ਉਪਦੇਸ਼ ਸੰਗੀਤ ਸ਼ਾਸਤਰੀਅਤਾ ਜਾਂ ਵਸ਼ਿਸ਼ਟਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਸਹਿਜ ਅਤੇ ਸੁਭਾਵਿਕ ਕੀਰਤਨ ਰਾਹੀਂ, ਰੱਬੀ ਅਨੁਭਵ ਦਾ ਪ੍ਰਗਟਾਵਾ ਕਰਦੇ ਹੋਏ, ਰਬੀ ਨਾਮ- ਭਰਪੂਰ ਸ਼ਖ਼ਸੀਅਤ ਦੀ ਸਥਾਪਨਾ ਕਰਨਾ ਹੈ । ਅਕਾਲ ਰੂਪ ਬਾਬੇ ਨਾਨਕ ਨਾਲ ਰਬਾਬੀ ਮਰਦਾਨੇ ਦੀ ਸੰਗਤ, ਸਾਧਨਾ ਅਤੇ ਸੰਗੀਤ ਦਾ ਖ਼ੂਬਸੂਰਤ ਸੰਗਮ ਹੈ। ਗੁਰੂ ਨਾਨਕ ਸਾਹਿਬ ਦੇ ਸ਼ਬਦ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਰਾਗ, ਮਾਝ, ਗਾਉੜੀ, ਆਸਾ, ਗੁਜਰੀ, ਵਡਹੰਸ, ਸੋਰਠ,ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ ਸਮੇਤ 19 ਰਾਗਾਂ ਵਿੱਚ ਮਿਲਦੇ ਹਨ । ਰਾਗ ਬਿਹਾਗੜਾ ਵਿੱਚ ਆਪ ਨੇ ਸਲੋਕ ਰਚੇ ਹਨ। ਗੁਰੂ ਨਾਨਕ ਰਚਨਾ ਦੀ ਵਿਲੱਖਣ ਨੁਹਾਰ ਦਾ ਕਾਰਨ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਭਾਸ਼ਾ ਦਾ ਸੁਮੇਲ ਹੈ। ਇਸ ਵਿੱਚਲੀ ਭਾਸ਼ਾ ਸਦੀਵੀ ਸਮਝੀ ਜਾਣ ਵਾਲੀ ਤੇ ਲੋਕ ਮੁਹਾਵਰੇ ਵਾਲੀ ਸਾਧਾਰਨ ਲੋਕਾਂ ਦੀ ਬੋਲੀ ਹੈ । ਗੁਰੂ ਨਾਨਕ ਬਾਣੀ ਪੰਜਾਬੀ, ਸੰਸਕ੍ਰਿਤ, ਪ੍ਰਾਕ੍ਰਿਤਕ ਅਤੇ ਫ਼ਾਰਸੀ ਭਾਸ਼ਾ ਵਿੱਚ ਮਿਲਦੀ ਹੈ। ਗੁਰੂ ਨਾਨਕ ਸੰਦੇਸ਼ ਕਿਰਤ ਤੇ ਕਰਮ ਦਾ, ਨੇਮ ਤੇ ਪ੍ਰੇਮ ਦਾ, ਗ੍ਰਹਿਸਤ ਤੇ ਉਦਾਸੀ ਦਾ, ਹੁਕਮ ਤੇ ਭਾਣੇ ਦਾ, ਨਾਮ ਤੇ ਭਗਤੀ ਦਾ, ਆਦਰਸ਼ ਤੇ ਯਥਾਰਥ ਦਾ, ਇਨਸਾਨ ਤੇ ਪ੍ਰਾਕਿਰਤੀ ਦਾ, ਧਰਮ ਤੇ ਕਰਮ ਦਾ ਅਤੇ ਭਗਤੀ ਤੇ ਸ਼ਕਤੀ ਦਾ ਅਤਿਅੰਤ ਸੁੰਦਰ ਤੇ ਸੰਤੁਲਿਤ ਸੁਮੇਲ ਹੈ, ਜਿਸ ਦੀ ਰੌਸ਼ਨੀ ਤੇ ਨਿੱਘ ਰਹਿੰਦੀ ਦੁਨੀਆਂ ਤੱਕ ਮਨੁੱਖੀ ਸਭਿਅਤਾ ਲਈ ‘ਚਾਨਣ ਦੇ ਵਣਜਾਰੇ’ ਬਣੇ ਰਹਿਣਗੇ ਅਤੇ ‘ਨਾਨਕ’ ਸ਼ਬਦ ਹਰ ਰਸਨਾ ਉਪਰ ਲੋਕ-ਮੁਹਾਵਰਾ ਬਣ ਕੇ ਗੂੰਜਦਾ ਰਹੇਗਾ :
”ਸਿੱਧ ਬੋਲਨਿ ਸ਼ੁਭ ਬਚਨ,
ਧੰਨ ਨਾਨਕ ਤੇਰੀ ਵਡੀ ਕਮਾਈ॥”
(ਵਾਰਾਂ ਭਾਈ ਗੁਰਦਾਸ)
ਗੁਰੂ ਨਾਨਕ ਸਾਹਿਬ ਦਾ ਬ੍ਰਹਿਮੰਡੀ ਉਪਦੇਸ਼ ਗਗਨ ਰੂਪੀ ਥਾਲ ਵਿਚ, ਸੂਰਜ ਚੰਦ ਰੂਪੀ ਦੀਵਿਆਂ ਰਾਹੀਂ ਕੁਦਰਤ ਦੇ ਗੁਣ ਗਾਉਣ ਅਤੇ ਇਲਾਹੀ ਜੋਤ ਜਗਾਉਣ ਦੇ ਰੂਪ ਵਿਚ ਉਜਾਗਰ ਹੈ। ਆਪ ਕੁਦਰਤੀ ਦਾਤਾਂ ਦੇ ਰੂਪ ਵਿਚ ਧਰਤੀ ਨੂੰ ਮਾਂ, ਪਾਣੀ ਨੂੰ ਪਿਤਾ ਤੇ ਪਉਣ ਨੂੰ ਗੁਰੂ ਦਰਸਾ ਕੇ ਮਨੁੱਖਤਾ ਨੂੰ ਇਸ ਦੀ ਮਹਾਨਤਾ ਤੋਂ ਜਾਣੂ ਕਰਵਾਉਂਦੇ ਹਨ। ਇਸ ਦੀ ਪ੍ਰਸੰਗਿਕਤਾ ਅੱਜ ਕੌਮਾਂਤਰੀ ਪੱਧਰ ‘ਤੇ ਹੋਰ ਵੀ ਵਧ ਜਾਂਦੀ ਹੈ, ਜਦੋਂ ਵਾਯੂਮੰਡਲ ਵਿਚ ਹਵਾਵਾਂ ਦੂਸ਼ਿਤ ਹੋ ਰਹੀਆਂ ਹਨ, ਧਰਤੀ ਹੇਠੋਂ ਪਾਣੀ ਮੁਕਦਾ ਜਾ ਰਿਹਾ ਹੈ, ਦਰਿਆਵਾਂ-ਨਦੀਆਂ ਵਿਚ ਕੈਮੀਕਲ ਮਿਲ ਰਹੇ ਹਨ, ਅਨੇਕਾਂ ਜੀਵ-ਜੰਤੂਆਂ ਦਾ ਜੀਵਨ ਖਤਮ ਹੋ ਰਿਹਾ ਹੈ। ਦੁਨੀਆਂ ਦੇ ਤਾਕਤਵਰ ਦੇਸਾਂ ਵਲੋਂ ਪੁਲਾੜਾਂ ਵਿਚ ਵੀ ਤਬਾਹੀ ਮਚਾਈ ਜਾ ਰਹੀ ਹੈ ਅਤੇ ਪ੍ਰਮਾਣੂ ਹਥਿਆਰਾਂ ਦੀ ਅੰਨੀ ਦੌੜ ਮਨੁੱਖਤਾ ਨੂੰ ਬਾਰੂਦ ਦੇ ਢੇਰ ‘ਤੇ ਬਿਠਾ ਚੁੱਕੀ ਹੈ। ਅਜਿਹੇ ਭਿਆਨਕ ਦੌਰ ਵਿਚ ਗੁਰੂ ਨਾਨਕ ਚਿੰਤਨ ਹੀ ਸੰਸਾਰ ਦੀ ਅਗਵਾਈ ਦਾ ਲਿਖਾਇਕ ਹੈ। ਇਸ ਲਈ ਮੁਢਲੇ ਰੂਪ ਵਿਚ ਕਦਮ ਚੁਕਦਿਆਂ ਪਵਿੱਤਰ ਵੇਈਂ ਦੇ ਪਾਣੀ ਦੀ ਸ਼ੁੱਧਤਾ ਤੋਂ ਲੈ ਕੇ ਪੰਜਾਬ ਦੇ ਨਾਲਿਆਂ ਤੇ ਨਦੀਆਂ ਨੂੰ ਬਚਾਉਣ ਲਈ ਅੱਗੇ ਆਉਣਾ ਹੋਵੇਗਾ। ਹਰ ਰੋਜ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਪੜ੍ਹ ਲੈਣ ਮਗਰੋਂ ਉਸ ‘ਤੇ ਅਮਲ ਕਰਨਾ ਵੀ ਲਾਜ਼ਮੀ ਹੈ, ਜਿਸ ਨੂੰ ਦੇਸ਼ ਦੀਆਂ ਹੱਦਾਂ ਤੋਂ ਅੱਗੇ, ਕੌਮਾਂਤਰੀ ਪੱਧਰ ‘ਤੇ ਲਿਜਾਣ ਦੀ ਲੋੜ ਹੈ। ਰਹੀ ਗੱਲ ਬੰਬਾਂ, ਮਿਜ਼ਾਈਲਾਂ ਤੇ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਤਿਆਰ ਕਰ ਰਹੇ ਦੇਸਾਂ ਦੀ, ਅੱਜ ਐਟਮਾਂ ਦੇ ਘਾੜਿਆਂ ਤੇ ਬਾਰੂਦ ਦੇ ਵਣਜਾਰਿਆਂ ਨੂੰ ਵਾਸਤੇ ਪਾ ਕੇ ਦੁਨੀਆਂ ਨੂੰ ਤਬਾਹ ਹੋਣ ਤੋਂ ਬਚਾਉਣਾ ਹੋਵੇਗਾ। ਇਜ਼ਰਾਇਲ ਵੱਲੋਂ ਫਲਸਤੀਨ ਵਿੱਚ ਹਜ਼ਾਰਾਂ ਬੱਚਿਆਂ ਦੀ ਕਤਲੋਗਾਰਤ ਅਜਿਹੇ ਦੁਖਦਾਈ ਮੰਜ਼ਰ ਬਿਆਨ ਕਰ ਰਹੀ ਹੈ। ਜਿਉਂਦੇ ਜਾਗਦੇ ਮਨੁੱਖਾਂ, ਕੁਦਰਤੀ ਰੁੱਤਾਂ, ਮੌਸਮਾਂ ਤੇ ਸਰੋਤਾਂ ਨੂੰ ਤਬਾਹ ਕਰਕੇ ਕਾਇਮ ਕੀਤੀ ਸੱਤਾ ਸ਼ਮਸ਼ਾਨਭੂਮੀ ਦੀ ਬਾਦਸ਼ਾਹਤ ਤੋਂ ਵੱਧ ਕੁਝ ਨਹੀਂ।
ਅਜੋਕੇ ਯੁੱਗ ਵਿਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਸਮੂਹ ਮੁੱਦਿਆਂ ਨੂੰ ਵੀ ਵਿਚਾਰਨ ਦੀ ਲੋੜ ਹੈ, ਉਹ ਚਾਹੇ ਸਮਾਜੀ ਢਾਂਚੇ ਨਾਲ ਸੰਬੰਧਿਤ ਹੋਣ ਜਾਂ ਸਭਿਆਚਾਰਕ ਵਰਤਾਰੇ ਨਾਲ। ਗੁਰੂ ਨਾਨਕ ਦਰਸ਼ਨ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਸਿਧਾਂਤ ‘ਤੇ ਆਧਾਰਤ ਹੈ। ਵਿਸ਼ਵ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਸੱਚੀ-ਸੁੱਚੀ ਕਿਰਤ ਕਰਦਿਆਂ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ। ਕਿਰਤੀ ਵਜੋਂ ਹੀ ਇਕ ਵਿਸ਼ੇਸ਼ ਰੂਪ ਕਿਸਾਨ ਅਤੇ ਕਿਸਾਨੀ ਨੂੰ ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਖ਼ਾਸ ਮਹੱਤਵ ਦਿੱਤਾ। ‘ਹਲ-ਵਾਹਕ’ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ, ਦਸਾਂ ਨਹੁੰਆਂ ਦੀ ਕਿਰਤ ਦੀ ਮਹਾਨਤਾ ਉਜਾਗਰ ਕਰਨ ਲਈ, ਜੀਵਨ ਕਾਲ ਦੇ ਅੰਤਿਮ 18 ਵਰ੍ਹੇ ਰਾਵੀ ਕਿਨਾਰੇ ਵਸਾਏ ਨਗਰ ਕਰਤਾਰਪੁਰ ਸਾਹਿਬ ਵਿਖੇ ਕਿਸਾਨੀ ਕਰਦੇ ਹੋਏ, ਕਿਰਤੀ ਤੇ ਮਿਹਨਤਕਸ਼ਾਂ ਦੀ ਢਾਣੀ ਦੇ ਮੋਢੀ ਬਣੇ। ਕਿਸਾਨੀ ਹੱਕਾਂ ਲਈ ਜੂਝਣ ਵਾਲੇ ਬਹਾਦਰ ਲੋਕ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਪਾਂਧੀ ਹਨ, ਜਦਕਿ ਕਿਸਾਨ ਵਿਰੋਧੀ ਕਾਨੂੰਨਾਂ ਦੇ ਘਾੜੇ ਗੁਰੂ ਨਾਨਕ ਸਿਧਾਂਤ ਦੇ ਵਿਰੋਧੀ ਹਨ। ਗੁਰੂ ਨਾਨਕ ਸਾਹਿਬ ਵਲੋਂ ਇਸਤਰੀ ਜਾਤੀ ਨੂੰ ਇਖ਼ਲਾਕੀ ਪੱਧਰ ‘ਤੇ ਉੱਚਾ ਰੁਤਬਾ ਦਿੱਤਾ ਗਿਆ ਅਤੇ ਸਤੀ ਪ੍ਰਥਾ ਤੇ ਬਾਲ ਵਿਆਹ ਆਦਿ ਦਾ ਖੰਡਨ ਕੀਤਾ ਗਿਆ। ਸਮੂਹਿਕ ਪੱਧਰ ‘ਤੇ ਵਿਚਾਰਨਾ ਹੋਵੇਗਾ ਕਿ ਇਹਨਾਂ ਸਿੱਖਿਆਵਾਂ ਦੀ ਅੱਜ ਦੇ ਸਮੇਂ, ਸਾਢੇ ਪੰਜ ਸੌ ਸਾਲ ਪਹਿਲਾਂ ਨਾਲੋਂ ਵੱਧ ਲੋੜ ਹੈ। ਕਾਰਨ ਇਹ ਹੈ ਕਿ ਕਿਧਰੇ ਜਬਰ-ਜਿਨਾਹ, ਤਸ਼ੱਦਦ ਅਤੇ ਵਿਤਕਰੇ ਰਾਹੀਂ ਔਰਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਕਿਧਰੇ ਦਾਜ-ਦਹੇਜ, ਲਾਲਚ ਅਤੇ ਲੁੱਟ-ਖਸੁੱਟ ਰਾਹੀਂ ਤਬਾਹ ਕੀਤਾ ਜਾ ਰਿਹਾ ਹੈ। ਨਿੱਤ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਹਨਾਂ ਨੂੰ ਸੁਣਦਿਆਂ ਤੇ ਤਕਦਿਆਂ ਕਾਲਜਾ ਮੂੰਹ ਨੂੰ ਆਉਂਦਾ ਹੈ। ਇਥੋਂ ਤੱਕ ਕਿ ਸਿੱਖ ਸਮਾਜ ਵੀ ਇਹਨਾਂ ਤੋਂ ਨਹੀਂ ਬਚਿਆ ਹੋਇਆ। ਸਿੱਖ ਸੰਸਥਾਵਾਂ ਦੇ ਆਗੂਆਂ ਉੱਪਰ ਵੀ ਦਾਜ ਦਹੇਜ ਦੇ ਦੋਸ਼, ਭਰੂਣ ਹੱਤਿਆ ਦੇ ਜ਼ੁਰਮ ਸਿੱਧ ਹੋਣੇ ਸ਼ਰਮਨਾਕ ਵਰਤਾਰਾ ਹਨ। ਗੁਰੂ ਨਾਨਕ ਸਿਧਾਂਤ ਤਾਂ ਕੁੜੀਮਾਰ ਤੇ ਨੜੀਮਾਰ ਨਾਲ ਸਾਮਾਜਿਕ ਸਾਂਝ ਦੀ ਆਗਿਆ ਵੀ ਨਹੀਂ ਦਿੰਦਾ, ਤਦ ਅਜਿਹੇ ਲੋਕਾਂ ਦੀ ਸਿੱਖ ਜਗਤ ਵਿਚ ਸੱਤਾ ‘ਤੇ ਕਾਬਜ਼ ਹੋਣ ਦੀ ਸੌੜੀ ਸਿਆਸਤ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਗੁਰੂ ਨਾਨਕ ਸਾਹਿਬ ਦੇ ਜੀਵਨ ਦਰਸ਼ਨ ਤੋਂ ਰੂਹਾਨੀ ਸੇਧ ਲੈ ਕੇ ਇਕੋ-ਇਕ ਰੱਬੀ ਸਿਧਾਂਤ ਨਾਲ ਜੁੜਿਆ ਜਾ ਸਕਦਾ ਹੈ। ਗੁਰੂ ਨਾਨਕ ਵਿਚਾਰਧਾਰਾ ਅੱਜ ਦੀਆਂ ਗੰਭੀਰ ਸਮੱਸਿਆਵਾਂ ਦਾ ਸਹੀ ਹੱਲ ਹੈ। ਅਧਿਆਤਮਕ ਚਿੰਤਨ ਅਤੇ ਧਾਰਮਿਕ ਵਿਚਾਰਧਾਰਾ ਪੱਖੋਂ ਵੀ ਅਜੋਕਾ ਸਮੇਂ ਠੋਸ ਫੈਸਲੇ ਲੈਣ ਦੀ ਲੋੜ ਹੈ। ਮਨੁੱਖੀ ਅਧਿਕਾਰਾਂ ਦੀ ਅਜ਼ਾਦੀ ਦੀ ਪ੍ਰਾਪਤੀ ਲਈ ਦ੍ਰਿੜ ਇਰਾਦੇ ਅਤੇ ਮਜ਼ਬੂਤ ਕਦਮ ਚੁੱਕਣੇ ਹੋਣਗੇ। ਅਜਿਹੇ ਮਨੁੱਖ ਦਾ ਖਾਧਾ ਪੀਤਾ ਸਭ ਹਰਾਮ ਹੈ, ਜਿਸ ਦੀ ਪੱਤ ਲੱਥੀ ਹੋਵੇ ਤੇ ਬੇ-ਗੈਰਤ ਹੋ ਕੇ ਜਿਉ ਰਿਹਾ ਹੋਵੇ ਤੇ ਉਸ ਨੂੰ ਹੱਕਾਂ ਨੂੰ ਵਾਂਝਿਆਂ ਰੱਖਿਆ ਗਿਆ ਹੋਵੇ। ਇਥੇ ਸਿੱਖ ਸਿਧਾਂਤ ਦਾ ਅਹਿਮ ਪਹਿਲੂ ਵਿਚਾਰਨਯੋਗ ਹੈ ਕਿ ਸਰਬੱਤ ਦੀ ਅਜ਼ਾਦੀ, ਸਰਬੱਤ ਦੇ ਭਲੇ ਦੇ ਹੱਕਾਂ ਲਈ ਖੜੇ ਹੋਣਾ ਹੀ ਗੁਰੂ ਨਾਨਕ ਫਲਸਫੇ ਨੂੰ ਅਮਲ ਵਿਚ ਲਿਆਉਣਾ ਹੈ। ਇਸ ਦੀ ਮਿਸਾਲ ਹੈ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜਨੇਊ ਪਾਉਣ ਤੋਂ ਇਨਕਾਰ ਕਰਕੇ, ਧੱਕੇ ਨਾਲ ਕੀਤੀ ਜਾਂਦੀ ਬਿਪਰਵਾਦੀ ਰੀਤੀ ਦਾ ਵਿਰੋਧ ਕਰਦੇ ਹਨ, ਜਦ ਕਿ ਨੌਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਤੇ ਮਨੁੱਖੀ ਆਜ਼ਾਦੀ ਦੇ ਹੱਕ ਵਿੱਚ ਅਤੇ ਮੁਗਲ ਸਲਤਨਤ ਖਿਲਾਫ਼ ਆਵਾਜ਼ ਉਠਾਉਂਦੇ ਹੋਏ, ਸ਼ਹੀਦੀ ਪਾਉਂਦੇ ਹਨ। ਗੁਰੂ ਨਾਨਕ ਫ਼ਲਸਫੇ ਦੀ ਪ੍ਰਸੰਗਿਕਤਾ ਉਦੋਂ ਹੋਰ ਵੀ ਵਧੇਰੇ ਵਧ ਜਾਂਦੀ ਹੈ, ਜਦੋਂ ਸਟੇਟ ਦੀ ਅਗਵਾਈ ਵਿਚ ਜਬਰੀ ਖਾਣ-ਪਹਿਨਣ ਦੇ ਨਾਂ ‘ਤੇ ਧੱਕੇਸ਼ਾਹੀ ਹੋ ਰਹੀ ਹੈ, ਕਿਧਰੇ ਮਨੂਵਾਦੀਆਂ ਵਲੋਂ ਦਲਿਤਾਂ ਤੇ ਮੁਸਲਮਾਨਾਂ ਨੂੰ ਗਾਂ ਦੇ ਵਪਾਰ ਅਤੇ ਮੁਰਦਾ ਪਸ਼ੂ ਢੋਹਣ ਕਾਰਨ ਕਤਲ ਕੀਤਾ ਜਾ ਰਿਹਾ ਹੈ, ਕਿਧਰੇ ਮੁਸਲਿਮ ਲੋਕਾਂ ਨੂੰ ਭਾਰਤ ਮਾਂ ਦੀ ਜੈ ਜਾਂ ਜੈ ਸ੍ਰੀ ਰਾਮ ਨਾ ਬੋਲਣ ‘ਤੇ ਮਾਰਿਆ ਜਾ ਰਿਹਾ ਹੈ। ਕਿਧਰੇ ਉੜੀਸਾ ਵਿਚ ਈਸਾਈ ਪਾਦਰੀ ਨੂੰ ਬਜਰੰਗ ਦਲ ਵਲੋਂ ਬੱਚਿਆਂ ਤੇ ਪਰਿਵਾਰ ਸਮੇਤ ਜਿਉਂਦੇ ਸਾੜਿਆ ਜਾਣਾ, ਕਿਧਰੇ ਨਵੰਬਰ 1984 ਵਿਚ ਦਿੱਲੀ ਤੋਂ ਲੈ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ, ਸਿੱਖਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਚੁਣ-ਚੁਣ ਕੇ ਜਿਉਂਦੇ ਸਾੜਨਾ, ਗੈਂਗ-ਰੇਪ ਕਰਨਾ ਅਤੇ ਘਰ-ਬਾਰ ਉਜਾੜ ਦੇਣੇ। ਜੇਕਰ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦਾ ਵਿਰੋਧ ਕਰਦੇ ਹਨ ਤੇ ਸ਼ਹੀਦੀ ਦਿੰਦੇ ਹਨ, ਕੀ ਦਿੱਲੀ ਵਿਚ ਬਿਪਰਵਾਦੀਆਂ ਤਾਕਤਾਂ ਦੁਆਰਾ ਸਰਕਾਰ ਦੀ ਸ਼ਹਿ ‘ਤੇ ਕੀਤੀ ਨਸਲਕੁਸ਼ੀ ਵਿਰੁੱਧ ਆਵਾਜ਼ ਬੁਲੰਦ ਕਰਨਾ, ਸਭਨਾਂ ਦਾ ਫਰਜ਼ ਨਹੀਂ ਬਣਦਾ ਤਾਂ ਕਿ ਉਹ ਮਨੁੱਖੀ ਹੱਕਾਂ ਦੀ ਰਾਖੀ ਲਈ ਅੱਗੇ ਆਉਣ। ਗੁਰੂ ਨਾਨਕ ਰਾਜ ਚਲਾਇਆ ਦਾ ਸਿਧਾਂਤ ਮਨੁੱਖੀ ਹੱਕਾਂ ਦੀ ਆਜ਼ਾਦੀ ਨੂੰ ਲਾਗੂ ਕਰਨ ਲਈ ਸਾਮਾਜਿਕ ਬਰਾਬਰੀ ਨੂੰ ਆਧਾਰ ਬਣਾਉਂਦਾ ਹੈ। ਜੇਕਰ ਸਮਾਜ ਵਿਚ ਬਰਾਬਰੀ ਨਹੀਂ, ਤਾਂ ਅਜ਼ਾਦੀ ਦੀ ਪਰਿਭਾਸ਼ਾ ਵੀ ਇਕਸਾਰ ਨਹੀਂ ਹੋ ਸਕਦੀ। ਗੁਰੂ ਨਾਨਕ ਸਿਧਾਂਤ ਤਾਂ ਚਹੁੰ ਵਰਨਾਂ, ਸਭ ਨਸਲਾਂ-ਰੰਗਾਂ ਤੇ ਜਾਤਾਂ-ਲਿੰਗਾਂ ਨੂੰ ਬਰਾਬਰ ਲਿਆ ਕੇ, ਫਿਰ ਉਹਨਾਂ ਨੂੰ ਅਜ਼ਾਦੀ ਦੇ ਰਾਹ ਚੱਲਣ ਲਈ ਪ੍ਰੇਰਿਤ ਕਰਦਾ ਹੈ। ਜਿਸ ਸਮਾਜ ਵਿਚ ਬਰਾਬਰੀ ਨਹੀਂ, ਉੱਥੇ ਸਥਾਪਿਤ ਰਾਜਾਂ ਵਿਚ ਅਜ਼ਾਦੀ ਦਾ ਹੱਕ ਵੀ ਇਕ ਸਮਾਨ ਨਹੀਂ ਹੋ ਸਕਦਾ। ਮੂਲ ਰੂਪ ਵਿਚ ਗੁਰੂ ਨਾਨਕ ਸਾਹਿਬ ਵਲੋਂ ਜਿਸ ਸੱਚੇ ਪਾਤਸ਼ਾਹ ਦਾ ਹਲੇਮੀ, ਨਿਰਮਲ, ਖਾਲਸ ਤੇ ਬੇਗਮਪੁਰਾ, ਜਿੱਥੇ ‘ਦੁੱਖ, ਮੁਸੀਬਤਾਂ ਨਹੀਂ ਤੇ ਸਭ ਨਾਲ ਇਨਸਾਫ਼ ਹੈ’ ਰਾਜ ਦਾ ਸਿਧਾਂਤ ਦਿੱਤਾ, ਉਹ ਵਰਗਾਂ-ਵੰਡਾਂ, ਕੌਮਾਂ-ਦੇਸਾਂ ਤੇ ਰਾਸ਼ਟਰਾਂ ਦੀਆਂ ਵਲਗਣਾਂ ਤੋਂ ਮੁਕਤ ਹੈ। ਅਜਿਹਾ ਰਾਜ ਸਭਨਾਂ ਲਈ ਮੁਕਤੀ ਦਾ ਮਾਰਗ ਵੀ ਹੈ ਤੇ ਬੇਗਮਪੁਰੇ ਦਾ ਪ੍ਰਤੀਕ ਵੀ। ਇਸ ਧਾਰਨਾ ਨੂੰ ਅਜੋਕੇ ਵਿਸ਼ਵ ਲਈ ਰਾਹ-ਦਸੇਰਾ ਮੰਨਦੇ ਹੋਏ ਇਹ ਪਾਵਨ ਸ਼ਬਦ ਮਾਰਗ ਦਰਸ਼ਨ ਕਹੇ ਜਾ ਸਕਦੇ ਹਨ :
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥
(ਗੁਰੂ ਗ੍ਰੰਥ ਸਾਹਿਬ : 74)

Check Also

ਨਿਰਭਉ-ਨਿਰਵੈਰ ਹੋ ਕੇ ਜਿਊਣ ਦੀ ਜੁਗਤ ਹੈ ‘ਮੀਰੀ’ ਤੇ ‘ਪੀਰੀ’ ਦਾ ਸਿਧਾਂਤ

ਤਲਵਿੰਦਰ ਸਿੰਘ ਬੁੱਟਰ ਮੀਰੀ ਅਤੇ ਪੀਰੀ, ਦੋਵੇਂ ਸ਼ਬਦ ਅਰਬੀ-ਫਾਰਸੀ ਪਿਛੋਕੜ ਵਾਲੇ ਹਨ। ‘ਮੀਰੀ’ ਦਾ ਸਬੰਧ …