ਨਵੀਂ ਦਿੱਲੀ/ਬਿਊਰੋ ਨਿਊਜ਼
ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਲੋਕ ਸਭਾ ਵਿੱਚ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲੈਣ ਤੇ ਸੰਸਦ ਵੱਲ ਮਾਰਚ ਕਰ ਰਹੇ ਜੇਐੱਨਯੂ ਵਿਦਿਆਰਥੀਆਂ ਖਿਲਾਫ ਪੁਲਿਸ ਕਾਰਵਾਈ ਜਿਹੇ ਮੁੱਦਿਆਂ ਦੀ ਗੂੰਜ ਰਹੀ। ਸਪੀਕਰ ਓਮ ਬਿਰਲਾ ਨੇ ਕਾਂਗਰਸ ਵੱਲੋਂ ਐੱਸਪੀਜੀ ਮੁੱਦੇ ‘ਤੇ ਚਰਚਾ ਲਈ ਦਿੱਤੇ ਕੰਮ ਰੋਕੂ ਮਤੇ ਨੂੰ ਰੱਦ ਕਰ ਦਿੱਤਾ। ਕਾਂਗਰਸ, ਨੈਸ਼ਨਲ ਕਾਨਫਰੰਸ ਤੇ ਡੀਐੱਮਕੇ ਮੈਂਬਰਾਂ ਨੇ ਪ੍ਰਸ਼ਨ ਕਾਲ ਦੌਰਾਨ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ ਤੇ ਮਗਰੋਂ ਵਾਕਆਊਟ ਕਰ ਗਏ।
ਸਿਫ਼ਰ ਕਾਲ ਦੌਰਾਨ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲੈਣ ਦੇ ਮੁੱਦੇ ਨੂੰ ਉਭਾਰਿਆ।
ਕਾਂਗਰਸ ਨੇ ਸਦਨ ਵਿੱਚ ਕੰਮ ਰੋਕੂ ਮਤੇ ਦਾ ਨੋਟਿਸ ਵੀ ਦਿੱਤਾ, ਜਿਸ ਨੂੰ ਸਪੀਕਰ ਓਮ ਬਿਰਲਾ ਨੇ ਰੱਦ ਕਰ ਦਿੱਤਾ। ਚੌਧਰੀ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਪਿਛਲੀ ਐੱਨਡੀਏ ਸਰਕਾਰ ਨੇ ਵੀ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਨਹੀਂ ਲਈ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਹੁੰਦੀ ਹੈ ਕਿ ਸਰਕਾਰ ਦੀ ਇਸ ਪੇਸ਼ਕਦਮੀ ਪਿੱਛੇ ਕੋਈ ਸਾਜਿਸ਼ ਤਾਂ ਨਹੀਂ। ਕਾਂਗਰਸ ਨੇ ਸਪੀਕਰ ਨੂੰ ਦਿੱਤੇ ਨੋਟਿਸ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ‘ਆਪਹੁਦਰੀ’ ਕਾਰਵਾਈ ਕਰਾਰ ਦਿੱਤਾ। ਕਾਂਗਰਸ ਨੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਦਰਪੇਸ਼ ਖ਼ਤਰਿਆਂ ਨੂੰ ਅਣਗੌਲਿਆਂ ਕਰਕੇ ਸੁਰੱਖਿਆ ਛਤਰੀ ਵਾਪਸ ਲਈ ਗਈ ਹੈ।
ਉਧਰ ਡੀਐੱਮਕੇ ਆਗੂ ਟੀ.ਆਰ.ਬਾਲੂ ਨੇ ਚੌਧਰੀ ਦੀ ਹਮਾਇਤ ਵਿੱਚ ਬੋਲਦਿਆਂ ਕਿਹਾ ਕਿ ਐੱਸਪੀਜੀ ਸੁਰੱਖਿਆ ਵਾਪਸ ਲੈਣ ਨਾਲ ਗਾਂਧੀ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ। ਕਾਂਗਰਸ, ਨੈਸ਼ਨਲ ਕਾਨਫਰੰਸ ਤੇ ਡੀਐੱਮਕੇ ਮੈਂਬਰਾਂ ਨੇ ਸਦਨ ਦੇ ਵਿਚਾਲੇ ਆ ਕੇ ‘ਬਦਲਾਖੋਰੀ ਦੀ ਸਿਆਸਤ ਬੰਦ ਕਰਨ’ ਤੇ ‘ਤਾਨਾਸ਼ਾਹੀ ਦਾ ਅੰਤ ਕਰਨ’ ਜਿਹੇ ਨਾਅਰੇ ਲਾਏ। ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਲਿੱਟੇ ਦਹਿਸ਼ਤਗਰਦਾਂ ਵੱਲੋਂ ਕੀਤੀ ਹੱਤਿਆ ਮਗਰੋਂ ਗਾਂਧੀ ਪਰਿਵਾਰ ਨੂੰ ਮਿਲੀ ਜ਼ੈੱਡ-ਪਲੱਸ ਸੁਰੱਖਿਆ ਨੂੰ ਐੱਸਪੀਜੀ ਸੁਰੱਖਿਆ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਦੌਰਾਨ ਵਿਰੋਧੀ ਧਿਰਾਂ ਨੇ ਜੇਐੱਨਯੂ ਵਿਦਿਆਰਥੀਆਂ ਖਿਲਾਫ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਪੁਲਿਸ ਵੱਲੋਂ ਵਿਦਿਆਰਥੀਆਂ ‘ਤੇ ਲਾਠੀਆਂ ਵਰ੍ਹਾਉਣ ਨੂੰ ‘ਆਵਾਜ਼ ਦਬਾਉਣ’ ਦੇ ਤੁਲ ਦੱਸਿਆ।
ਟੀਐੱਮਸੀ ਦੇ ਸੌਗਾਤਾ ਰੌਇ, ਕਾਂਗਰਸ ਦੇ ਟੀ.ਐੱਨ.ਪ੍ਰਥਾਪਨ ਤੇ ਬਸਪਾ ਦੇ ਦਾਨਿਸ਼ ਅਲੀ ਨੇ ਦੋਸ਼ ਲਾਇਆ ਕਿ ਸਰਕਾਰ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਬਲ ਦੀ ਵਰਤੋਂ ਕਰ ਰਹੀ ਹੈ। ਰੌਇ ਨੇ ਵਿਦਿਆਰਥੀਆਂ ਖਿਲਾਫ ਕਾਰਵਾਈ ਨੂੰ ‘ਮੰਦਭਾਗੀ’ ਕਰਾਰ ਦਿੱਤਾ। ਇਸ ਦੌਰਾਨ ‘ਹਵਾ ਪ੍ਰਦੂਸ਼ਣ ਤੇ ਵਾਤਾਵਰਨ ਤਬਦੀਲੀ’ ਵਿਸ਼ੇ ‘ਤੇ ਹੋਈ ਬਹਿਸ ਦੌਰਾਨ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਦੋਸ਼ ਲਾਇਆ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਕੁਝ ਨਹੀਂ ਕੀਤਾ। ਵਰਮਾ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਲਈ ਗੁਆਂਢੀ ਰਾਜਾਂ ਦੇ ਕਿਸਾਨਾਂ ਸਿਰ ਦੋਸ਼ ਮੜ੍ਹਨ ਲਈ ਵੀ ਕੇਜਰੀਵਾਲ ਸਰਕਾਰ ਨੂੰ ਭੰਡਿਆ।
ਇਸ ਦੌਰਾਨ ਸਪੀਕਰ ਓਮ ਬਿਰਲਾ ਨੇ ਸਦਨ ਦੇ ਐਨ ਵਿਚਾਲੇ (ਵੈੱਲ) ਆ ਕੇ ਨਾਅਰੇਬਾਜ਼ੀ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਕਿ ਅੱਜ ਤੋਂ ਬਾਅਦ ਜੇਕਰ ਸਦਨ ਦੇ ਕਿਸੇ ਮੈਂਬਰ ਨੇ ਵੈੱਲ ਵਿੱਚ ਆ ਕੇ ਰੋਸ ਮੁਜ਼ਾਹਰਾ ਕੀਤਾ ਤਾਂ ਉਹ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਮਜਬੂਰ ਹੋਣਗੇ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …