ਵਿਸ਼ਵ ਕੁਸ਼ਤੀ ਸੰਘ ਨੇ ਭਾਰਤੀ ਕੁਸ਼ਤੀ ਸੰਘ ਦੀ ਮੈਂਬਰਸ਼ਿਪ ਕੀਤੀ ਰੱਦ
ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਨਾ ਹੋਣ ਕਰਕੇ ਵਿਸ਼ਵ ਕੁਸ਼ਤੀ ਸੰਘ ਨੇ ਲਿਆ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਸ਼ਵ ਕੁਸ਼ਤੀ ਸੰਘ ਨੇ ਭਾਰਤੀ ਕੁਸ਼ਤੀ ਸੰਘ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਹੈ। ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਨਾ ਹੋਣ ਕਾਰਨ ਵਿਸ਼ਵ ਕੁਸ਼ਤੀ ਸੰਘ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਨ ਸਿੰਘ ਦਾ ਕਾਰਜਕਾਲ ਕਾਫ਼ੀ ਸਮਾਂ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ। ਜਿਸ ਤੋਂ ਬਾਅਦ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੇ ਫੈਡਰੇਸ਼ਨ ਨੂੰ ਭੰਗ ਕਰਦੇ ਹੋਏ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ ਅਤੇ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਐਡਹਾਕ ਕਮੇਟੀ ਨੇ 12 ਅਗਸਤ ਨੂੰ ਚੋਣ ਦੀ ਤਰੀਕ ਤੈਅ ਕੀਤੀ ਸੀ ਪ੍ਰੰਤੂ ਚੋਣ ਤੋਂ ਇਕ ਦਿਨ ਪਹਿਲਾਂ ਹਰਿਆਣਾ ਕੁਸ਼ਤੀ ਸੰਘ ਵੱਲੋਂ ਪੰਜਾਬ-ਹਰਿਆਣਾ ਹਾਈ ਕੋਰਟ ’ਚ ਚੋਣ ਨਾ ਕਰਵਾਏ ਜਾਣ ਨੂੰ ਲੈ ਕੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਹਾਈ ਕੋਰਟ ਨੇ ਚੋਣ ਟਾਲਣ ਦੇ ਹੁਕਮ ਦਿੱਤੇ ਸਨ। ਜਿਸ ਦੇ ਚਲਦਿਆਂ ਹੁਣ ਤੱਕ ਭਾਰਤੀ ਕੁਸ਼ਤੀ ਸੰਘ ਦੀ ਚੋਣ ਨਹੀਂ ਹੋ ਸਕੀ ਅਤੇ ਵਿਸ਼ਵ ਕੁਸ਼ਤੀ ਸੰਘ ਨੇ ਭਾਰਤੀ ਕੁਸ਼ਤੀ ਸੰਘ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ। ਅਜਿਹੇ ’ਚ 16 ਸਤੰਬਰ ਤੋਂ 22 ਸਤੰਬਰ ਤੱਕ ਸਰਬੀਆ ’ਚ ਹੋਣ ਵਾਲੇ ਪੁਰਸ਼ਾਂ ਦੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿਚ ਭਾਰਤੀ ਪਹਿਲਵਾਨ ਭਾਰਤੀ ਝੰਡੇ ਹੇਠ ਨਹੀਂ ਖੇਡ ਸਕਣਗੇ ਜੋ ਕਿ ਭਾਰਤੀ ਕੁਸ਼ਤੀ ਸੰਘ ਲਈ ਇਕ ਬਹੁਤ ਵੱਡਾ ਝਟਕਾ ਹੈ।