ਅਜੇ ਮਸਾਂ ਸੀ ਹੋਸ਼ ਸੰਭਾਲ਼ੀ,
ਛੋਟੀ ਜਿਹੀ ਇੱਕ ਕੱਟੀ ਪਾਲ਼ੀ।
ਰੋਜ਼, ਰੋਜ਼ ਹਰਾ ਘਾਹ ਪਾਉਣਾ,
ਛਾਵੇਂ ਬੰਨ੍ਹ ਪਾਣੀ ਪਿਆਉਣਾ।
ਚਾਵਾਂ ਨਾਲ ਰੋਜ਼ ਨਹਾਉਣਾ,
ਸਿੰਗਾਂ ਨੂੰ ਅਸੀਂ ਤੇਲ ਵੀ ਲੌਣਾ।
ਤੂੜੀ ਘੱਟ ਤੇ ਜ਼ਿਆਦਾ ਪੱਠੇ,
ਅੱਗੇ ਪਿੱਛੇ ਫਿਰੀਏ ਨੱਠੇ।
ਰੱਜ ਕੇ ਸੋਹਣੀ ਪੰਜ ਕਲਿਆਣੀ,
ਪਿੰਡੇ ਉੱਤੋਂ ਤਿਲਕੇ ਪਾਣੀ।
ਖਾ, ਖਾ ਪੱਠੇ ਹੋ ਗਈ ਮੋਟੀ,
ਕੱਟੀਉਂ ਯਾਰੋ ਬਣ ਗਈ ਝੋਟੀ।
ਲੱਗੇ ਠੰਢ ਤਾਂ ਦੇਈਏ ਝੁੱਲ,
ਦੇ ਕੇ ਦੁੱਧ ਮੋੜ ਦਊ ਮੁੱਲ।
ਆਸਾਂ ਨੂੰ ਵੀ ਪੈ ਗਿਆ ਬੂਰ,
ਪੀਣ ਨੂੰ ਮਿਲੂ ਦੁੱਧ ਜ਼ਰੂਰ।
ਭਾਗਾਂ ਵਾਲਾ ਦਿਨ ਵੀ ਆਇਆ,
ਪਹਿਲਾਂ ਕੱਟੇ ਨੂੰ ਚੁੰਘਾਇਆ।
ਖੁਸ਼ੀਆਂ ਭਰੇ ਦਿਨ ਸੀ ਆਏ,
ਲੱਸੀ, ਦੁੱਧ ਨੇ ਫ਼ਿਕਰ ਮੁਕਾਏ।
ਜਦੋਂ ਬੀਤੇ ਨੌਂ, ਹੋ ਗਈ ਤੋਕੜ,
ਆ ਪਈ ਸਿਰ ਮੁੜ ਕੇ ਔਕੜ।
ਮਗਰੋਂ ਪੰਜ ਛੇ ਸੂਏ ਦਿੱਤੇ,
ਘਰ ਦੇ ਕਿੰਨੇ ਸਾਰੇ ਬੁੱਤੇ।
ਹੁਣ ਤਾਂ ਬਸ ਚਾਰਾ ਹੀ ਖਾਵੇ,
ਤੋਕੜ ਤੋਂ ਫੰਡਰ ਅਖਵਾਵੇ।
ਸੋਚਾਂ ਕਿਵੇਂ ਛੁਟਕਾਰਾ ਪਾਈਏ,
ਕਿੱਧਰੇ ਖੁੱਲ੍ਹੀ ਥਾਂ ਛੱਡ ਆਈਏ।
ਮਨੁੱਖਾਂ ਨਾਲ ਵੀ ਏਹੀ ਹੁੰਦਾ,
ਲੋੜ ਬਿਨਾਂ ਕਿਸ ਕੰਮ ਦਾ ਬੰਦਾ।
ਬੁੱਢਿਆਂ ਦਾ ਕੌਣ ਬਣੇ ਸਹਾਰਾ,
ਧੀਅ, ਪੁੱਤਰ ਨਾ ਕੋਈ ਪਿਆਰਾ।
ਆਖਰ ਝੱਲਣੀ ਪੈਂਦੀ ਮਾਰ,
ਘਰ ਵਿੱਚੋਂ ਕੱਢ ਦਿੰਦੇ ਬਾਹਰ।
ਹੁੰਦੀਆਂ ਨਾ ਕਦੇ ਪੰਜ ਬਰਾਬਰ,
ਸੇਵਾ ਕਰਦੇ ਕਈ ਬਹਾਦਰ।
– ਸੁਲੱਖਣ ਮਹਿਮੀ
+647-786-6329