Breaking News
Home / ਰੈਗੂਲਰ ਕਾਲਮ / ਉਡ ਉਡ ਜਾਵੇ ਡੋਰੀਆ

ਉਡ ਉਡ ਜਾਵੇ ਡੋਰੀਆ

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ
(ਕਿਸ਼ਤ-6)
ਬਰੀਕ, ਪਾਰਦਰਸ਼ੀ, ਮੁਲਾਇਮ, ਸਿੱਧੀਆਂ ਲਸਰਾਂ ਵਾਲੇ ਕੱਪੜੇ ਨੂੰ ਡੋਰੀਆ ਕਿਹਾ ਜਾਂਦਾ ਹੈ। ਕਿਸੇ ਸਮੇਂ ਪੰਜਾਬੀ ਮੁਟਿਆਰਾਂ ਵਿਚ ਡੋਰੀਏ ਦੀਆਂ ਚੁੰਨੀਆਂ ਲੈਣ ਦਾ ਬਹੁਤ ਰਿਵਾਜ਼ ਸੀ। ਇਨ੍ਹਾਂ ਚੁੰਨੀਆਂ ਵਿਚ ਡੋਰਾਦਾਰ ਧਾਰੀਆਂ ਹੁੰਦੀਆਂ ਸਨ ਤੇ ਦੂਰੋਂ ਦੇਖਿਆਂ ਇਉਂ ਜਾਪਦਾ ਸੀ ਜਿਵੇਂ ਇਹ ਡੋਰਾਂ ਦੀਆਂ ਬਣੀਆਂ ਹੋਣ। ਪੰਜਾਬੀ ਜਵਾਨ ਔਰਤਾਂ ਬੜੇ ਸ਼ੌਕ ਨਾਲ ਡੋਰੀਏ ਦੀਆਂ ਚੁੰਨੀਆਂ ਲੈਂਦੀਆਂ ਸਨ।
ਪੁਰਾਣੇ ਸਮਿਆਂ ਵਿਚ ਢਾਕੇ ਦੀ ਮਲਮਲ ਦੇ ਡੋਰੀਏ ਬਹੁਤ ਹੀ ਹਰਮਨ ਪਿਆਰੇ ਤੇ ਪ੍ਰਸਿੱਧ ਸਨ। ਮੁਗਲ ਰਾਜ ਸਮੇਂ ਮਲਮਲ ਦਾ ਕੱਪੜਾ ਬੁਣਨ ਵਾਲੇ ਬੁਣਕਰਾਂ ਨੂੰ ਸ਼ਾਹੀ ਘਰਾਣਿਆਂ ਵਲੋਂ ਬਹੁਤ ਉਤਸ਼ਾਹ ਮਿਲਦਾ ਸੀ। ਇਹ ਹੁਨਰਮੰਦ ਬੁਣਕਰ ਮੁਗਲ ਸ਼ਹਿਨਸ਼ਾਹਾਂ, ਹਰਮ ਦੀਆਂ ਔਰਤਾਂ, ਵਜ਼ੀਰਾਂ, ਨਵਾਬਾਂ ਤੇ ਅਹਿਲਕਾਰਾਂ ਲਈ ਵਧੀਆ ਕਿਸਮ ਦੀ ਮਲਮਲ ਤਿਆਰ ਕਰਦੇ ਸਨ ਜੋ ਬਹੁਤ ਹੀ ਮਹਿੰਗੀ ਹੁੰਦੀ ਸੀ। ਸਮਾਂ ਪਾ ਕੇ ਆਮ ਜਨਤਾ ਵਾਸਤੇ ਵੀ ਘੱਟ ਕੀਮਤੀ ਮਲਮਲ ਤਿਆਰ ਹੋਣ ਲੱਗੀ ਜਿਵੇਂ : ਚਾਰਖਾਨਾ, ਪੱਗਾਂ ਲਈ ਸੀਰਬੰਧ, ਕੁੜਤਿਆਂ ਲਈ ਕੁਮੀਸ ਤੇ ਚੁੰਨੀਆਂ ਲਈ ਝੋਨਾ (ਝੂਨਾ) ਤੇ ਧਾਰੀਆਂ ਵਾਲੀ ਮਲਮਲ, ਜਿਸ ਨੂੰ ਡੋਰੀਆ ਕਿਹਾ ਜਾਂਦਾ ਸੀ।
ਅਠਾਰ੍ਹਵੀਂ ਸਦੀ ਵਿਚ ਡੋਰੀਏ ਦੀਆਂ ਚੁੰਨੀਆਂ ਪੰਜਾਬੀ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਈਆਂ। ਮਾਪੇ ਆਪਣੀਆਂ ਧੀਆਂ ਨੂੰ ਦਾਜ ਵਿਚ ਕਈ-ਕਈ ਡੋਰੀਏ ਦੀਆਂ ਚੁੰਨੀਆਂ ਦੇਣ ਲੱਗੇ। ਵਾਰਿਸ ਸ਼ਾਹ ਆਪਣੇ ਪ੍ਰਸਿੱਧ ਕਿੱਸੇ ‘ਹੀਰ ਵਿਚ ਹੀਰ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ :
ਲਾਲ ਲੁੰਗੀਆਂ ਅਤੇ ਮਲਾਹੀ ਲਾਚੇ,
ਖੇਸ ਰੇਸ਼ਮੀ ਨਾਲ ਸਲਾਰੀਆਂ ਨੇ।
ਮਾਣਕ ਚੌਕ ਪਟਾਗਲਾ ਡੋਰੀਏ ਸਨ,
ਬੂੰਦਾਂ ਉੜਦ ਛੀਂਟਾਂ ਪੰਜ ਤਾਰੀਆਂ ਨੇ।
ਜਾਂ
ਲਾਲ ਘੱਗਰੇ ਕਢਵੇਂ ਨਾਲ ਮਸ਼ਰੂ,
ਮਸ਼ੂਕੀ ਪੱਗਾਂ ਦੇ ਨਾਲ ਤਸੀਲੜੇ ਨੇ।
ਚਾਰਖਾਨੀਏ, ਡੋਰੀਏ ਮਲਮਲਾਂ ਸਨ,
ਚੋਲ ਛਾਇਲਾਂ ਨਾਲ ਸਖੀਲੜੇ ਨੇ।
ਪੁਰਾਤਨ ਕਾਲ ਤੋਂ ਭਾਰਤੀ ਸੰਸਕ੍ਰਿਤੀ ਵਿਚ ਔਰਤਾਂ ਵਲੋਂ ਆਪਣੇ ਸਿਰ ਨੂੰ ਕੱਪੜੇ ਨਾਲ ਢੱਕ ਕੇ ਰੱਖਣਾ ਸਭਿਅਕ ਸਮਝਿਆ ਜਾਂਦਾ ਹੈ। ਪੰਜਾਬੀ ਸਭਿਆਚਾਰ ਵਿਚ ਵੀ ਔਰਤਾਂ ਦਾ ਢੱਕਿਆ ਹੋਇਆ ਸਿਰ ਇੱਜ਼ਤ ਤੇ ਆਬਰੂ ਦੀ ਨਿਸ਼ਾਨੀ ਹੈ। ਪਹਿਲੇ ਸਮਿਆਂ ਵਿਚ ਔਰਤਾਂ ਆਪਣੇ ਸਿਰ ਢੱਕਣ ਲਈ ਫੁਲਕਾਰੀ, ਬਾਗ, ਸਲਾਰੀ, ਸ਼ਾਲੂ, ਸੁੱਭਰ, ਸ਼ਾਲ, ਚਾਦਰ, ਦੋਸੜਾ ਤੇ ਡੱਬੀਦਾਰ ਖੇਸੀ ਦੀ ਵਰਤੋਂ ਕਰਦੀਆਂ ਸਨ। ਉਪਰੋਕਤ ਸਾਰੇ ਕੱਪੜੇ ਮੋਟੇ ਤੇ ਭਾਰੇ ਸਨ, ਜਿਸ ਕਾਰਨ ਔਰਤਾਂ ਦੇ ਪਹਿਨੇ ਹੋਏ ਗਹਿਣੇ ਇਨ੍ਹਾਂ ਕੱਪੜਿਆਂ ਵਿਚੋਂ ਦੀ ਦਿਖਾਈ ਨਹੀਂ ਸਨ ਦਿੰਦੇ। ਹਾਰ ਸ਼ਿੰਗਾਰ ਦੀਆਂ ਸ਼ੁਕੀਨ ਮੁਟਿਆਰਾਂ ਸਿਰ ਉਤੇ ਲਏ ਹੋਏ ਕੱਪੜੇ ਦੀ ਬੁੱਕਲ ਇਸ ਤਰ੍ਹਾਂ ਮਾਰਦੀਆਂ ਸਨ ਕਿ ਸ਼ਿੰਗਾਰ ਹਿੱਤ ਪਹਿਨੇ ਹੋਏ ਗਹਿਣੇ ਜੋ ਛਾਤੀ ਉਪਰ ਲਟਕਦੇ ਰਹਿੰਦੇ ਸਨ, ਪੂਰੀ ਤਰ੍ਹਾਂ ਲੁਕ ਨਾ ਜਾਣ। ਸਿਰ ਦੇ ਵਾਲਾਂ ਵਿਚ ਲਾਏ ਸੁਹਣੇ ਕਲਿੱਪ ਨੂੰ ਦਿਖਾਉਣ ਲਈ ਕਈ ਮੁਟਿਆਰਾਂ ਬੜੀ ਜੁਗਤ ਨਾਲ ਘੁੰਡ ਕੱਢਦੀਆਂ :
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ,
ਸਹੁਰੇ ਕੋਲੋਂ ਘੁੰਡ ਕੱਢਦੀ …
ਜਦੋਂ ਪਾਰਦਰਸ਼ੀ ਡੋਰੀਏ ਦਾ ਰਿਵਾਜ਼ ਚੱਲਿਆ ਤਾਂ ਸ਼ੁਕੀਨ, ਸੋਹਣੀਆਂ, ਸੁਨੱਖੀਆਂ ਮੁਟਿਆਰਾਂ ਲਈ ਆਪਣੇ ਹਾਰ-ਸ਼ਿੰਗਾਰ ਤੇ ਹੁਸਨ ਦੇ ਜਲਵੇ ਦਾ ਪ੍ਰਦਰਸ਼ਨ ਕਰਨਾ ਸੌਖਾ ਹੋ ਗਿਆ। ਉਨ੍ਹਾਂ ਨੇ ਸਿਰ ਢਕਣ ਲਈ ਵਰਤੇ ਜਾਂਦੇ ਰਵਾਇਤੀ ਭਾਰੇ ਤੇ ਮੋਟੇ ਬਸਤਰਾਂ ਨੂੰ ਤਿਲਾਂਜਲੀ ਦੇ ਕੇ ਡੋਰੀਏ ਨੂੰ ਅਪਣਾ ਲਿਆ। ਡੋਰੀਏ ਦੀ ਪਾਰਦਰਸ਼ੀ ਚੁੰਨੀ ਵਿਚੋਂ ਦੀ ਸਿਰ, ਕੰਨਾਂ ਤੇ ਗਲੇ ਵਿਚ ਪਹਿਨੇ ਜਾਣ ਵਾਲੇ ਸਾਰੇ ਗਹਿਣਿਆਂ ਦੇ ਨਾਲ-ਨਾਲ ਮੁਟਿਆਰਾਂ ਦਾ ਦੰਦਾਸਾ ਵੀ ਸਪੱਸ਼ਟ ਦਿਖਾਈ ਦਿੰਦਾ :
ਡੋਰੀਆਂ ਮਲਮਲ ਦਾ,
ਘੁੰਡ ‘ਚੋਂ ਦੰਦਾਸਾ ਦਿਸਦਾ
ਕਈ ਡੋਰੀਏ ਤਾਂ ਬਹੁਤ ਹੀ ਬਰੀਕ ਹੁੰਦੇ ਸਨ, ਜਿਨ੍ਹਾਂ ‘ਚੋਂ ਆਰ-ਪਾਰ ਸੌਖ ਨਾਲ ਦਿਖਾਈ ਦਿੰਦਾ ਸੀ :
ਰੋਟੀ ਲੈ ਕੇ ਖੇਤ ਨੂੰ ਚੱਲੀ,
ਲੈ ਕੇ ਡੋਰੀਆ ਗੰਢੇ ਦੀ ਛਿੱਲ ਵਰਗਾ…
ਡੋਰੀਏ ਦੀ ਚੁੰਨੀ ਵਾਲੀ ਕਿਸੇ ਸੋਹਣੀ ਮੁਟਿਆਰ ਨੂੰ ਦੇਖ ਕੇ ਕੋਈ ਗੱਭਰੂ ਉਸ ਦੀ ਸੁੰਦਰਤਾ ਤੇ ਗਹਿਣਿਆਂ ਦੀ ਸਿਫ਼ਤ ਕਰਦਾ ਹੋਇਆ ਕਹਿੰਦਾ :
ਦੰਦ ਕੌਡੀਆਂ, ਬੁੱਲ੍ਹ ਪਤਾਸ਼ੇ, ਗੱਲਾਂ ਸ਼ਕਰਪਾਰੇ,
ਮੱਥਾ ਤੇਰਾ ਬਾਲੇ ਚੰਦ ਦਾ, ਨੈਣ ਟਹਿਕਦੇ ਤਾਰੇ,
ਸਿਰ ਤੇਰੇ ‘ਤੇ ਹਰਾ ਡੋਰੀਆ, ਝੁਮਕੇ ਲੈਣ ਹੁਲਾਰੇ,
ਕੰਠ ਤੇਰੀ ਲਾਟ ਅੱਗ ਦੀ, ਬੁੰਦੇ ਜਿਉਂ ਅੰਗਿਆਰੇ,
ਪਾਣੀ ਭਰ ਪਤਲੋ ਝਾਕਾਂ ਲੈਣ ਕੁਆਰੇ …
ਡੋਰੀਏ ਦਾ ਮਹੀਨ ਕੱਪੜਾ ਬਹੁਤ ਨਾਜ਼ੁਕ ਹੁੰਦਾ ਸੀ :
ਕਾਲਾ ਡੋਰੀਆ, ਗੰਢੇ ਦੀ ਛਿੱਲ ਵਰਗਾ ਲੱਡੂਆਂ ਨੇ ਪਾੜ ਦਿੱਤਾ…
ਆਪਣੇ ਰੰਗ ਰੂਪ ਨੂੰ ਨਿਖਾਰਨ ਲਈ ਮੁਟਿਆਰਾਂ ਸੋਹਣੇ-ਸੋਹਣੇ ਕੱਪੜੇ ਪਾ ਕੇ ਰੀਝ ਨਾਲ ਹਾਰ ਸ਼ਿੰਗਾਰ ਕਰਦੀਆਂ :
ਵੰਗਾਂ ਨਾਲ ਭਰਾ ਲਈਆਂ ਬਾਹਵਾਂ, ਮਹਿੰਦੀ ਰੰਗਲੀ ਲਾ ਕੇ,
ਸਿਰ ‘ਤੇ ਲੈ ਲਿਆ ਹਰਾ ਡੋਰੀਆ, ਸੂਟ ਵਰੀ ਦਾ ਪਾ ਕੇ, ਉਡਦੇ ਪੰਛੀ ਦੇਖ ਕੇ ਤੈਨੂੰ ਡਿੱਗ ਪੈਣ ਗਸ਼ ਖਾ ਕੇ,
ਛਮ ਛਮ ਕਰਕੇ ਲੰਘ ਗਈ ਕੋਲ ਦੀ, ਝਾਂਜਰ ਨੂੰ ਛਣਕਾ ਕੇ,
ਮਿੱਤਰਾਂ ਪਛਾਣ ਲਈ ਤੁਰਦੀ, ਹੁਲਾਰਾ ਖਾ ਕੇ…
ਸਿਰ ਉਤੇ ਲਿਆ ਹੋਇਆ ਸੋਹਣਾ ਡੋਰੀਆ ਮੁਟਿਆਰ ਦੇ ਰੰਗ ਰੂਪ ਨੂੰ ਚਾਰ ਚੰਨ ਲਾ ਕੇ ਦੂਣ ਸਵਾਇਆ ਕਰ ਦਿੰਦਾ। ਆਪਣੇ ਰੂਪ ਨੂੰ ਸਾਣ ‘ਤੇ ਲਾ ਕੇ ਜਦੋਂ ਉਹ ਪੈਲਾਂ ਪਾ-ਪਾ ਕੇ ਤੁਰਦੀ ਤਾਂ ਗੱਭਰੂਆਂ ਦੇ ਦਿਲਾਂ ‘ਤੇ ਬਿਜਲੀਆਂ ਡਿੱਗਣ ਲੱਗਣੀਆਂ :
ਥਾਲੀ … ਥਾਲੀ…ਥਾਲੀ
ਰੂਪ ਕੁਆਰੀ ਦਾ ਦਿਨ ਚੜ੍ਹਦੇ ਦੀ ਲਾਲੀ,
ਪੈਰੀਂ ਜੁੱਤੀ ਮਖਮਲ ਦੀ, ਗਲ ਪਾਈ ਵਾਸਕਟ ਵਾਲੀ,
ਪੱਟਗੀ ਮਿੱਤਰਾਂ ਨੂੰ, ਹਰੇ ਡੋਰੀਏ ਵਾਲੀ…
ਆਪਣੀ ਮਨਪਸੰਦ ਦੇ ਡੋਰੀਏ ਸਿਰਾਂ ‘ਤੇ ਲੈ ਕੇ ਮੁਟਿਆਰਾਂ ਘਰੇਲੂ ਕੰਮਾਂ ਕਾਰਾਂ ਵਿਚ ਰੁੱਝੀਆਂ ਰਹਿੰਦੀਆਂ। ਖੇਤ ਰੋਟੀ ਲੈ ਕੇ ਜਾਣ ਸਮੇਂ ਵੀ ਸਿਰ ‘ਤੇ ਡੋਰੀਆਂ ਹੀ ਲਿਆ ਜਾਂਦਾ :
ਰੋਟੀ ਲੈ ਕੇ ਖੇਤ ਨੂੰ ਚੱਲੀ, ਉਤੇ ਲੈ ਕੇ ਡੋਰੀਆ ਕਾਲਾ …
ਕਈ ਸ਼ੁਕੀਨ ਮੁਟਿਆਰਾਂ ਪੂਰਾ ਹਾਰ-ਸ਼ਿੰਗਾਰ ਲਾ ਕੇ ਖੇਤ ਨੂੰ ਜਾਂਦੀਆਂ :
ਚੜ੍ਹਦੀ ਭਾਦੋਂ, ਖਿੜੀ ਕਪਾਹ ਸਾਰੀ,
ਜਾਂਦੀ ਚੁਗਣ ਨੂੰ ਭਾਈ,
ਸਿਰ ‘ਤੇ ਲੈ ਕੇ ਹਰਾ ਡੋਰੀਆ,
ਸੁਰਖੀ ਬੁੱਲ੍ਹਾਂ ਨੂੰ ਲਾਈ,
ਨੇਤਰ ਤੇਰੇ ਨੀ ਕਰਦੇ ਰੋਜ਼ ਲੜਾਈ …
ਡੋਰੀਏ ਵਾਲੀ ਸੋਹਣੀ ਕੁੜੀ ਦਾ ਝਾਕਾ ਲੈਣ ਲਈ ਕਿਸੇ ਆਸ਼ਕ ਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ:
ਕੋਠੇ ਚੜ੍ਹ ਕੇ ਦੇਖਣ ਲੱਗਾ, ਦੇ ਕੇ ਚੋਰ ਝਕਾਨੀ,
ਵਿਹੜੇ ਦੇ ਵਿਚ ਫਿਰੇ ਪਟੋਲਾ, ਦਿਲ ਮੇਰੇ ਦਾ ਜਾਨੀ,
ਪੈਰੀਂ ਉਹਦੇ ਸਲੀਪਰ ਕਾਲੇ, ਤੋਰ ਤੁਰੇ ਮਸਤਾਨੀ,
ਸਿਰ ਦੇ ਉਤੇ ਹਰਾ ਡੋਰੀਆ, ਗਲ ਵਿਚ ਕਾਲੀ ਗਾਨੀ,
ਕੱਢ ਕੇ ਕਾਲਜਾ ਲੈ ਗਈ ਕੁੜੀਏ, ਅੱਖ ਤੇਰੀ ਮਸਤਾਨੀ,
ਝਾਕਾ ਦੇ ਪਤਲੋ ਯਾਰ ਖੜੇ ਦਰਬਾਨੀ …
ਕੋਈ ਰੂਪਮਤੀ ਮੇਲਣ ਵਿਆਹੁਲੇ ਗਿੱਧੇ ਵਿਚ ਡੋਰੀਏ ਨਾਲ ਮੂੰਹ ਢੱਕ ਕੇ ਆਪਣੀ ਨਾਚ ਕਲਾ ਦੇ ਜੌਹਰ ਦਿਖਾਉਂਦੀ ਤਾਂ ਦੇਖਣ ਵਾਲੇ ਮੂੰਹ ਵਿਚ ਉਂਗਲਾਂ ਪਾ ਲੈਂਦੇ :
ਮੇਲਣ ਤਾਂ ਮੁੰਡਿਓ ਉਡਣ ਖਟੋਲਾ,
ਵਿਚ ਗਿੱਧੇ ਦੇ ਨੱਚਦੀ,
ਪੈਰਾਂ ਦੇ ਵਿਚ ਪਾਈਆਂ ਝਾਂਜਰਾਂ,
ਮੂੰਹ ਡੋਰੀਏ ਨਾਲ ਢੱਕਦੀ,
ਜੋੜ ਜੋੜ ਕੇ ਪਾਉਂਦੀ ਬੋਲੀਆਂ,
ਤੋੜਾ ਟੁੱਟੇ ਤੋਂ ਨੱਚਦੀ,
ਆਸ਼ਕਾਂ ਦੀ ਨਜ਼ਰ ਬੁਰੀ, ਤੂੰ ਨੀ ਖਸਮ ਦੇ ਵਸਦੀ …
ਕੋਈ ਦਰਸ਼ਕ ਸੋਹਣੀ ਮੇਲਣ ਨੂੰ ਰੰਗ ਰੂਪ ਨੂੰ ਸਾਣ ‘ਤੇ ਲਾ ਕੇ ਹੋਰ ਸੁੰਦਰ ਬਨਾਉਣ ਦਾ ਗੁਰ ਦੱਸਦਾ ਹੋਇਆ ਕਹਿੰਦਾ :
ਸੁਣ ਨੀ ਮੇਲਣੇ ਨੱਚਣ ਵਾਲੀਏ,
ਰੂਪ ਤੇਰਾ ਹੈ ਬਾਹਲਾ,
ਮੱਥੇ ਤੇਰੇ ਬਿੰਦੀ ਸੋਂਹਦੀ,
ਜਿਉਂ ਅਹਿਰਨ ਵਿਚ ਫਾਲਾ,
ਚਿੱਟੀ ਟੂਲ ਦੀ ਕੁੜਤੀ ਸਮਾ ਲੈ,
ਉਤੇ ਲੈ ਲੈ ਡੋਰੀਆ ਕਾਲਾ
ਹੱਸਦੀ ਦੇ ਫੁੱਲ ਕਿਰਦੇ, ਚੁਗਦਾ ਫਿਰੇ ਕੁਆਰਾ …
ਤੀਆਂ ਦੇ ਦਿਨਾਂ ਵਿਚ ਮੁਟਿਆਰਾਂ ਇਕੱਠੀਆਂ ਹੋ ਕੇ ਲਲਾਰੀ ਤੋਂ ਡੋਰੀਏ ਰੰਗਾਉਣ ਜਾਂਦੀਆਂ, ਵਾਰੀ-ਵਾਰੀ ਆਪੋ ਆਪਣੀ ਪਸੰਦ ਦੇ ਰੰਗ ਦੁਆਏ ਜਾਂਦੇ :
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਬੰਗੇ,
ਮੋੜ ਦੇ ਉਤੇ ਇਕ ਲਲਾਰੀ,
ਕੱਪੜੇ ਰੰਗਦਾ ਚੰਗੇ,
ਮੁਟਿਆਰਾਂ ਦੇ ਨਾਲ ਗੱਲਾਂ ਕਰਦਾ,
ਬੁੱਢੀਆਂ ਕੋਲੋਂ ਸੰਗੇ,
ਚੱਲੋ ਨੀ ਰੰਗਾਈਏ ਡੋਰੀਏ, ਪੈਸੇ ਮੂਲ ਨਾ ਮੰਗੇ…
ਕੋਈ ਕੁੜੀ ਅੰਬ ਦੇ ਰਸ ਵਰਗਾ,ਹਰੇ ਪੀਲੇ ਰੰਗ ਦਾ ਡੋਰੀਆ ਰੰਗਵਾਉਂਦੀ :
ਤੂੰ ਛਤਰੀ ਨਾ ਤਾਣੀ,
ਭਿੱਜ ਗਿਆ ਅੰਬਰਸਰੀਆ…
ਕਿਸੇ ਕੁੜੀ ਨੂੰ ਲਾਲ ਰੰਗ ਦਾ ਡੋਰੀਆ ਚੰਗਾ ਲੱਗਦਾ …
ਚਿੱਤ ਕਰਦੇ ਬੁੜੇ ਦਾ ਰਾਜ਼ੀ,
ਉਤੇ ਲੈ ਕੇ ਲਾਲ ਡੋਰੀਆ …
ਖੱਟਾ ਡੋਰੀਆ ਵੀ ਬਹੁਤ ਪਸੰਦ ਕੀਤਾ ਜਾਂਦਾ ਸੀ :
ਸੁਣ ਨੀ ਮਾਏਂ ਮੇਰੀਏ,
ਮੇਰੇ ਬਾਬਲ ਨੂੰ ਸਮਝਾ,
ਮੇਰੇ ਹਾਣ ਦੀਆਂ ਵਿਆਹੀਆਂ ਵਰੀਆਂ,
ਮੇਰੇ ਮਨ ਵਿਚ ਚਾਅ,
ਖੱਟਾ ਡੋਰੀਆ ਲੈ ਦੇ ਜੀਹਦੀ ਘੁੰਮਟ ਪੈਂਦੀ ਆ …
ਹਰੇ ਡੋਰੀਏ ਦਾ ਵੀ ਬਹੁਤ ਰਿਵਾਜ਼ ਸੀ :
ਸਿਰ ‘ਤੇ ਮੇਰੇ ਹਰਾ ਡੋਰੀਆ,
ਲਹਿੰਦੇ ਦਾ ਰੰਗ ਸੁਨਹਿਰੀ,
ਚੜ੍ਹਕੇ ਨਾ ਛਿਪਦਾ,
ਚੰਦ ਮਿੱਤਰਾਂ ਦਾ ਵੈਰੀ…
ਗੋਰੇ ਰੰਗ ਵਾਲੀਆਂ ਮੁਟਿਆਰਾਂ ਦੇ ਸਿਰ ‘ਤੇ ਲਿਆ ਹੋਇਆ ਕਾਲੇ ਰੰਗ ਦਾ ਡੋਰੀਆ ਬਹੁਤ ਸਜਦਾ :
ਧੁੱਪ ਮਾਂਗੂੰ ਚਮਕਦੀਏ, ਤੇਰੇ ਸਿਰ ‘ਤੇ ਡੋਰੀਆ ਕਾਲਾ …
ਕੋਈ ਮੁਟਿਆਰ ਦਿਲਾਂ ‘ਤੇ ਡਾਕੇ ਮਾਰਨ ਲਈ ਕਾਲੇ ਡੋਰੀਏ ਨੂੰ ਹਥਿਆਰ ਵਜੋਂ ਵਰਤਦੀ :
ਆਲਾ…ਆਲਾ…ਆਲਾ
ਕੋਠੇ ਉਤੇ ਨਿੱਤ ਚੜ੍ਹਦੀ,
ਲੈ ਕੇ ਡੋਰੀਆ ਕਾਲਾ,
ਤੇਰੇ ਉਤੇ ਡੁੱਲ ਨੀ ਗਿਆ,
ਮੁੰਡਾ ਬਿਜਲੀ ਮਹਿਕਮੇ ਵਾਲਾ …
ਸ਼ੁਕੀਨੀ ਲਾ ਕੇ ਮੁਟਿਆਰ ਦਾ ਵਾਰ-ਵਾਰ ਇਸ ਤਰ੍ਹਾਂ ਕੋਠੇ ਉਤੇ ਚੜ੍ਹਨਾ ਦੇਖਣ ਵਾਲਿਆਂ ਨੂੰ ਚੰਗਾ ਨਾ ਲੱਗਦਾ :
ਕਾਲਾ ਡੋਰੀਆ ਲੈਨੀ ਏਂ ਕੁੜੀਏ,
ੲਰ ਕੇ ਰਹੀਏ ਜਹਾਨੋਂ,
ਚੰਗੇ ਬੰਦੇ ਨੂੰ ਲੱਗਣ ਤੋਹਮਤਾਂ
ਗੋਲੇ ਡਿੱਗਣ ਅਸਮਾਨੋਂ,
ਪਿਆਰੀ ਤੂੰ ਲੱਗਦੀ ਕੇਰਾਂ ਬੋਲ ਜ਼ੁਬਾਨੋਂ …
ਕੋਈ ਮੁਟਿਆਰ ਸਿਰ ‘ਤੇ ਡੋਰੀਆ ਲੈ ਕੇ, ਸਜ ਧਜ ਕੇ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ :
ਆਰੀ…ਆਰੀ…ਆਰੀ
ਪੈਰਾਂ ਵਿਚ ਪਾ ਕੇ ਝਾਂਜਰਾਂ,
ਵਿਹੜੇ ਯਾਰ ਦੇ ਅੱਡੀ ਜਦ ਮਾਰੀ,
ਲੱਕ ਸੀ ਵਲੇਵਾਂ ਖਾ ਗਿਆ,
ਮਾਰੀ ਡੋਰੀਏ ਨੇ ਅੰਬਰੀਂ ਉਡਾਰੀ,
ਸਹੁੰ ਖਾ ਕੇ ਤੂੰ ਭੁੱਲ ਗਿਆ,
ਤੈਨੂੰ ਆਈ ਹਾਂ ਮਿਲਣ ਦੀ ਮਾਰੀ,
ਭੱਜ ਜਾ ਪਿੱਠ ਕਰ ਕੇ,
ਜੇ ਨਹੀਂ ਨਿਭਦੀ ਤੈਥੋਂ ਯਾਰੀ …
ਪੀਂਘ ਝੂਟਣ ਸਮੇਂ ਕਿਸੇ ਮੁਟਿਆਰ ਦੇ ਸਿਰ ‘ਤੇ ਲਿਆ ਹੋਇਆ ਸੋਹਣਾ ਡੋਰੀਆ ਹਵਾ ਨਾਲ ਉਡ-ਉਡ ਜਾਂਦਾ : ਪੀਂਘ ਦੇ ਹੁਲਾਰੇ ਨਾਲ ਉਡਦਾ ਡੋਰੀਆ,
ਅੰਬਰੋਂ ਤੋੜਦੀ ਤਾਰੇ,
ਨੀਂ ਪੀਂਘ ਝੁਟੇਂਦੀ ਦੇ, ਝੁਮਕੇ ਲੈਣ ਹੁਲਾਰੇ …
ਘਰੇਲੂ ਕੰਮ ਧੰਦੇ ਕਰਦਿਆਂ ਕਿਸੇ ਮੁਟਿਆਰ ਦਾ ਲਲਾਰੀ ਤੋਂ ਰੰਗਾਇਆ ਹੋਇਆ ਕੱਚੇ ਖੱਟੇ ਮਿੱਠੇ ਰੰਗ ਦਾ ਡੋਰੀਆ ਪਸੀਨੇ ਨਾਲ ਭਿੱਜ ਜਾਂਦਾ ਤੇ ਰੰਗ ਮੁੜ੍ਹਕੇ ਦੀਆਂ ਤਤੀਰੀਆਂ ਵਿਚ ਰਚ ਮਿਚ ਕੇ ਗੋਰੀਆਂ ਗੱਲ੍ਹਾਂ ਤੇ ਚਿਤਰਕਾਰੀ ਕਰਦਾ ਹੋਇਆ ਗਰਦਨ ਵੱਲ ਵਹਿਣ ਲੱਗਦਾ : ਕੱਚੇ ਰੰਗ ਦਾ ਡੋਰੀਆ ਤੇਰਾ,
ਭਿੱਜ ਗਿਆ ਬਿਨਾ ਪਾਣੀਉਂ…
ਕੋਈ ਮੁਟਿਆਰ ਸੁੱਤੇ ਪਏ ਆਪਣੇ ਮਾਹੀ ਨੂੰ ਜਗਾਉਣ ਲਈ ਡੋਰੀਏ ਦੀ ਵਰਤੋਂ ਕਰਦੀ :
ਹੀਰ ਤਾਂ ਮੇਰੀ ਫੁੱਲਾਂ ਦੀ ਸ਼ੌਂਕਣ,
ਫੁੱਲਾਂ ਦੀ ਸੇਜ ਵਿਛਾਉਂਦੀ ਨੀ,
ਪੱਲਾ ਡੋਰੀਏ ਦਾ ਮਾਰ ਕੇ ਜਗਾਉਂਦੀ ਨੀ…
ਡੋਰੀਏ ਦੀ ਰੀਝ ਪੂਰੀ ਕਰਨ ਲਈ ਕੋਈ ਮੁਟਿਆਰ ਆਪਣੇ ਪਤੀ ਨੂੰ ਚੋਰੀ ਕਰਨ ਲਈ ਪ੍ਰੇਰਦੀ। ”ਮੰਦੇ ਕੰਮੀ ਨਾਨਕਾ, ਜਦ ਕਦ ਮੰਦਾ ਹੋਏ” ਪਰ ਜਦੋਂ ਬੁਰੇ ਕੀਤੇ ਕੰਮ ਦਾ ਬੁਰਾ ਸਿੱਟਾ ਨਿਕਲਦਾ ਤਾਂ ਹੱਥ ਮਲ ਮਲ ਕੇ ਪਛਤਾਉਣਾ ਪੈਂਦਾ :ਡੋਰੀਆ ਲੈਣਾ ਵੇ,
ਹੱਟੀ ਭੰਨ ਸ਼ਾਹੂਕਾਰ ਦੀ,
ਤੈਨੂੰ ਹੋ ਗਈ ਕੈਦ,
ਵੇ ਮੈਂ ਡੋਰੀਏ ਨੂੰ ਪਾੜ ਦੀ…
ਕੋਈ ਬਾਪ ਆਪਣੀ ਮੁਟਿਆ ਹੋ ਰਹੀ ਧੀ ਦਾ ਛੇਤੀ ਵਿਆਹ ਕਰਕੇ ਆਪਣੇ ਸਿਰ ਤੋਂ ਭਾਰ ਲਾਹੁਣ ਲਈ ਕਾਹਲਾ ਪੈ ਜਾਂਦਾ। ਦਿਨ ਰਾਤ ਭੱਜ ਨੱਠ ਕਰਕੇ ਉਹ ਸਰਦਾ ਪੁੱਜਦਾ ਘਰ ਛੱਡ ਕੇ ਰਿਸ਼ਤਾ ਪੱਕਾ ਕਰ ਦਿੰਦਾ। ਜਦੋਂ ਧੀ ਨੂੰ ਪਤਾ ਲੱਗਦਾ ਤਾਂ ਉਹ ਰਮਜ਼ਾਂ ਨਾਲ ਬਾਬਲ ਨੂੰ ਆਪਣੇ ਮਨ ਦੀ ਗੱਲ ਦੱਸ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ :
ਹਰ ਵੇ ਬਾਬਲ ਹਰ ਵੇ, ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਂਦੇ,
ਪਾਉਂਦੇ ਊਠ ਨੂੰ ਖਲ ਵੇ,
ਖਲ ਤਾਂ ਮੈਥੋਂ ਕੁੱਟੀ ਨਾ ਜਾਂਦੀ,
ਗੁੱਤੋਂ ਲੈਂਦੇ ਫੜ ਵੇ, ਮੇਰਾ ਉਡੇ ਡੋਰੀਆ,
ਮਹਿਲਾਂ ਵਾਲੇ ਘਰ ਵੇ…
ਡੋਰੀਏ ਦੀ ਸ਼ੁਕੀਨ ਕੋਈ ਭੈਣ ਜਦੋਂ ਪੇਕੇ ਪਿੰਡ ਮਿਲਣ ਆਉਂਦੀ ਤਾਂ ਵੀਰ ਤੋਂ ਮਨਪਸੰਦ ਡੋਰੀਏ ਦੀ ਮੰਗ ਕਰਦੀ। ਪਰ ਵੀਰ ਬਹਾਨਾ ਬਣਾ ਕੇ ਉਸ ਦੀਆਂ ਆਸਾਂ ‘ਤੇ ਪਾਣੀ ਫੇਰ ਦਿੰਦਾ :
ਉਠ ਵੇ ਵਰੀਨ ਸੁੱਤਿਆ,
ਭੈਣ ਪਰਾਹੁਣੀ ਵੇ ਆਈ,
ਆ ਜਾ ਬੀਬੀ ਬੈਠ ਪੰਘੂੜੇ ਨੀ,
ਤੂੰ ਕਾਹੇ ਨੀ ਆਈ,
ਹੋਰ ਤਾਂ ਵੀਰਾ ਮੈਂ ਕੁਛ ਵੀ ਨੀ ਲੈਣਾ,
ਮੈਂ ਡੋਰੀਏ ਨੂੰ ਆਈ,
ਡੋਰੀਆ ਤਾਂ ਬੀਬੀ ਤੈਨੂੰ ਕਦੀ ਵੀ ਨਾ ਮਿਲਦਾ,
ਭਾਬੋ ਧੀ ਏ ਪਰਾਈ …
ਪੱਛਮੀ ਸਭਿਆਚਾਰ ਦੇ ਪ੍ਰਭਾਵ ਕਾਰਨ ਜਦੋਂ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੇ ਡੋਰੀਏ ਸਿਰਾਂ ਤੋਂ ਲਾਹ ਕੇ ਗਲ ਵਿਚ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਬਜ਼ੁਰਗ ਔਰਤਾਂ ਨੂੰ ਚੰਗਾ ਨਾ ਲੱਗਿਆ :
ਏਸ ਪਿੰਡ ਦੇ ਹਾਕਮਾ,
ਇਨ੍ਹਾਂ ਕੁੜੀਆਂ ਨੂੰ ਸਮਝਾ,
ਰੰਗ ਬਰੰਗੇ ਡੋਰੀਏ,
ਗਲ ਵਿਚ ਲੈਂਦੀਆਂ ਪਾ
ਜਵਾਨੀ ਤੇਰੇ ਭਾਣੇ ਨੀ ਹਾਨਣੇ ਸਾਨੂੰ ਕਾਹਦਾ ਚਾਅ …
ਜਿਉਂ-ਜਿਉਂ ਪੱਛਮਵਾਦ ਪੰਜਾਬੀ ਸਭਿਆਚਾਰ ‘ਤੇ ਭਾਰੂ ਹੁੰਦਾ ਗਿਆ ਤਿਉਂ-ਤਿਉਂ ਮੁਟਿਆਰਾਂ ਵਿਚ ਡੋਰੀਏ ਨੂੰ ਤਿਲਾਂਜਲੀ ਦੇਣ ਦਾ ਰੁਝਾਨ ਵਧਦਾ ਗਿਆ। ਪਹਿਲਾਂ ਡੋਰੀਆ ਸਿਰ ਤੋਂ ਸਰਕ ਕੇ ਗਲ ਵਿਚ ਪੈ ਗਿਆ, ਫਿਰ ਇਕ ਮੋਢੇ ‘ਤੇ ਪਰਨੇ ਵਾਂਗ ਲਟਕਣ ਲੱਗਾ ਤੇ ਆਖਰ ਇਹ ਮੁਟਿਆਰਾਂ ਦੇ ਪਹਿਰਾਵੇ ‘ਚੋਂ ਅਲੋਪ ਹੋਣ ਦੇ ਕਿਨਾਰੇ ਪਹੁੰਚ ਗਿਆ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …