Breaking News
Home / ਰੈਗੂਲਰ ਕਾਲਮ / ਮੰਦਭਾਗਾ ਹੈ ‘ਪੰਜਾਬੀ ਪੁੱਤਾਂ’ ਦਾ ਪ੍ਰਦੇਸਾਂ ‘ਚ ਮਰਨਾ!

ਮੰਦਭਾਗਾ ਹੈ ‘ਪੰਜਾਬੀ ਪੁੱਤਾਂ’ ਦਾ ਪ੍ਰਦੇਸਾਂ ‘ਚ ਮਰਨਾ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਭਾਰਤ ਸਰਕਾਰ ਦੇ ਬਦੇਸ਼ ਵਿਭਾਗ ਨੇ ਹਾਲ ਹੀ ਵਿਚ ਇੱਕ ਰਿਪੋਰਟ ਦਿੱਤੀ ਹੈ ਕਿ 2017 ਵਿੱਚ ਬਦੇਸ਼ਾਂ ‘ਚ ਪੜ੍ਹਦੇ 21 ਭਾਰਤੀ ਵਿਦਿਆਰਥੀਆਂ ਉਤੇ ਹਮਲੇ ਹੋਏ ਹਨ। ਇਹ ਘਟਨਾਵਾਂ ਵੱਖੋ ਵੱਖਰੇ ਦਸ ਮੁਲਕਾਂ ਵਿਚ ਵਾਪਰੀਆਂ ਤੇ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਉਤੇ ਸਭ ਤੋਂ ਵੱਧ ਹਮਲੇ ਪੋਲੈਂਡ ਵਿਚ ਹੋਏ ਹਨ। ਸਾਰੀਆਂ ਦੀਆਂ ਸਾਰੀਆਂ 21 ਘਟਨਾਵਾਂ ਵਿਚੋਂ 9 ਘਟਨਾਵਾਂ ਤਾਂ ਪੋਲੈਂਡ ਵਿਚ ਹੀ ਵਾਪਰੀਆਂ ਹਨ। ਇਹ ਵੇਰਵੇ ਇਸ ਸਾਲ ਦੇ 19 ਦਸੰਬਰ ਤੱਕ ਦੇ ਹਨ। ਅੱਗੇ ਭਗਵਾਨ ਜਾਣੇ ਕਿਆ-ਕਿਆ ਹੋਤਾ ਹੈ!
ਹੁਣ ਵਕਤ ਬੜਾ ਭਿਆਨਕ ਬੀਤ ਰਿਹਾ ਹੈ ਕਿ ਕੋਈ ਦਿਨ ਅਜਿਹਾ ਨਹੀਂ ਜਾਂਦਾ ਕਿ ਪੰਜਾਬ ਤੋਂ ਪਰਦੇਸਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਪੁੱਤਾਂ ਦੇ ਲਗਾਤਾਰ ਵੱਖ-ਵੱਖ ਘਟਨਾਵਾਂ ਵਿਚ ਮਰਨ ਦੀਆਂ ਖ਼ਬਰਾਂ ਵਿਚ ਵਾਧਾ ਨਾ ਹੋ ਰਿਹਾ ਹੋਵੇ। ਅਜਿਹੀਆਂ ਖਬਰਾਂ ਪੜ੍ਹਕੇ ਮੈਂ ਕਈ ਵਾਰ ਬਹੁਤ ਹੀ ਉਦਾਸ ਹੁੰਦਾ ਹਾਂ ਤੇ ਆਪਣੇ ਇੱਕ ਕਰੀਬੀ ਦੋਸਤ ਨਾਲ ਰੋਜ਼ ਵਾਂਗ ਗੱਲਾਂ ਕਰਦਾ ਹਾਂ। ਮੇਰੇ ਮਿੱਤਰਾ, ਸਾਡੇ ਪਰਦੇਸਾਂ ‘ਚ ਗਏ ਪੁੱਤਾਂ ਦੀਆਂ ਲਾਸ਼ਾਂ ਦੇ ਬਕਸੇ ਧੜਾਧੜ ਪੰਜਾਬ ਵਾਪਿਸ ਆ ਰਹੇ ਨੇ, ਕੀ ਬਣੇਗਾ ਸਾਡਾ ਹੁਣ ਮਿੱਤਰਾ? ਮਿੱਤਰ ਨੇ ਅੱਗੋਂ ਆਖਿਆ, ”ਤੈਨੂੰ ਪਤਾ ਹੈ, 2017 ਦੇ ਸਾਲ ਵਿਚ ਕੀ ਹੋਇਆ ਹੈ? ਪੰਜਾਬ ਦੇ ਹਜ਼ਾਰਾਂ ਹੀ ਮੁੰਡੇ ਕੁੜੀਆਂ ਅੱਗੜ-ਪਿਛੜ ਪਰਦੇਸਾਂ ਨੂੰ ਦੌੜ ਗਏ ਨੇ, ਉਹਨਾਂ ਪਲੱਸ-ਟੂ ਕਰਨ ਤੋਂ ਬਾਅਦ ਸਿਰਫ਼ ਤਾਂ ਸਿਰਫ਼ ਆਈਲੈਟਿਸ ਕੀਤੀ, ਚੰਗੇ ਬੈਂਡ ਲਏ ਤੇ ਜਹਾਜ਼ੇ ਜਾ ਚੜ੍ਹੇ।” ਅੱਗੇ ਮੇਰਾ ਮਿੱਤਰ ਵਿਸਥਾਰ ਵਿਚ ਬੋਲਿਆ, ”ਕੀ ਤੈਨੂੰ ਪਤੈ ਕਿ ਪੰਜਾਬ ਦੇ ਬਹੁਤ ਸਾਰੇ ਕਾਲਜ ਅਜਿਹੇ ਨੇ, ਜਿੱਥੇ ਭੁੱਖਮਰੀ ਫੈਲਣ ਲੱਗੀ ਹੈ ਤੇ ਦਾਖਲੇ ਹੀ ਨਹੀਂ ਹੋਏ, ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਅਧਿਆਪਕ ਵੀ ਘਰੋ-ਘਰੀ ਤੋਰ ਦਿੱਤੇ ਨੇ ਕਿ ਜਦ ਦਾਖਲਾ ਹੀ ਨਹੀਂ ਹੋਇਆ ਤਾਂ ਤੁਸੀਂ ਨੌਕਰੀ ਕਾਹਦੀ ਕਰੋਗੇ?” ਮੈਂ ਪਰੇਸ਼ਾਨ ਹੋਕੇ ਪੁੱਛਿਆ ਕਿ ਮਿੱਤਰਾ ਤੂੰ ਨਿੱਜੀ ਕਾਲਜਾਂ ਦੀ ਗੱਲ ਕਰ ਰਿਹਾ ਏ,ਜਾਂ ਸਰਕਾਰੀ ਕਾਲਜਾਂ ਦੀ? ਉਸ ਆਖਿਆ ਕਿ ਇਹੋ ਹੀ ਹਾਲ ਸਰਕਾਰੀ ਕਾਲਜਾਂ ਦਾ ਹੈ, ਜੋ ਰੱਬ ਆਸਰੇ ਚਲ ਰਹੇ ਨੇ ਤੇ ਇਸ ਵਾਰ ਤਾ ਦਾਖਲਾ ਬਹੁਤ ਹੀ ਘੱਟ ਹੋਇਆ ਹੈ ਬਾਰਵੀਂ ਜਮਾਤ ਤੋਂ ਬਾਅਦ, ਕਾਲਜਾਂ ਦੇ ਮਾਲਕ ਵਿਦਿਆਰਥੀਆਂ ਦੇ ਮੂੰਹਾਂ ਵੱਲ ਦੇਖਦੇ ਨੇ ਕਿ ਸਾਡੇ ਕਾਲਜ ਵੱਲ ਵੀ ਕੋਈ ਦਾਖਲਾ ਲੈਣ ਵਾਸਤੇ ਪਧਾਰੇ?
ਸੋ, ਮਿੱਤਰ ਦੀਆਂ ਗੱਲ ਸੋਚੀਂ ਪਾਉਣ ਤੇ ਪਰੇਸ਼ਾਨ ਕਰਨ ਵਾਲੀਆਂ ਸਨ।
ਪਾਠਕ ਸੱਜਣੋ, ਮੈਂ ਰੋਜ਼ਾਨਾ ਵਾਂਗ ਬਹੁਤ ਸਾਰੇ ਸਮਾਜਿਕ ਇਕੱਠਾਂ ਵਿਚ ਜਾਂਦਾ ਰਹਿੰਦਾ ਹਾਂ। ਉਥੇ ਜੋ ਵੀ ਜਾਣੂੰ ਮਿਲਦਾ ਹੈ, ਉਹ ਇਹੀ ਗੁਹਾਰ ਲਾਉਂਦਾ ਹੈ ਕਿ ਮੇਰੀ ਕੁੜੀ ਪਿਛਲੇ ਹਫਤੇ ਕੈਨੇਡਾ ਚਲੇ ਗਈ ਹੈ, ਉਥੇ ਹੁਣ ਉਸਨੂੰ ਕੰਮ ਨਹੀਂ ਮਿਲ ਰਿਹੈ, ਲੱਖਾਂ ਰੁਪੈ ਲਾ ਕੇ ਘਰੋਂ ਤੋਰੀ ਹੈ, ਜਦ ਕਮਾਵੇਗੀ, ਤਦ ਦੇਖੀ ਜਾਏਗੀ। ਫਿਰ ਲੱਖਾਂ ਰੁਪੈ ਵਿਆਹ ਉੱਤੇ ਖਰਚਾਂਗੇ ਤੇ ਲੱਖਾਂ ਰੁਪਏ ਉਥੇ ਉਹਦੀ ਪੜ੍ਹਾਈ ਉੱਤੇ ਵੀ ਖਰਚ ਰਹੇ ਆਂ। ਕਿਸੇ ਨੂੰ ਕਹਿ-ਕੁਹਾ ਕੇ ਉਸਨੂੰ ਕੰਮ ਦਿਲਵਾ ਦਿਓ। ਫਿਰ ਕੋਈ ਹੋਰ ਕਹਿੰਦਾ ਹੈ ਕਿ ਮੇਰਾ ਮੁੰਡਾ ਮਹੀਨਾ ਪਹਿਲਾਂ ਟੋਰਾਂਟੋ ਗਿਆ ਹੈ। ਕੰਮ ਮਿਲ ਗਿਆ ਹੈ। ਪੜ੍ਹ ਵੀ ਰਿਹਾ ਹੈ। ਪਰ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਜਿਥੇ ਪਹਿਲਾਂ ਰਹਿੰਦਾ ਸੀ ਉਥੇ ਮੁੰਡਿਆਂ ਦੀ ਪਹਿਲਾਂ ਹੀ ਭਾਰੀ ਭੀੜ ਬੈਠੀ ਸੀ, ਇਕ ਰੂਮ ਵਿਚ ਸੱਤ-ਸੱਤ ਮੁੰਡੇ ਰਹਿ ਰਹੇ ਸਨ। ਫਿਰ ਮੁੰਡੇ ਦਾਰੂ ਪੀ ਕੇ ਲੜ ਪਏ। ਪੁਲੀਸ ਨੇ ਛਾਪਾ ਮਾਰ ਲਿਆ। ਚੰਗੀ ਗੱਲ ਐ ਕਿ ਮੇਰਾ ਮੁੰਡਾ ਉਸ ਦਿਨ ਕੰਮ ‘ਤੇ ਗਿਆ ਹੋਇਆ ਸੀ ਅਤੇ ਉਹ ਬਚ ਗਿਆ। ਮੈਂ ਵਿਚੋਂ ਗੱਲ ਟੋਕ ਕੇ ਪੁੱਛਿਆ ਕਿ ਮੁੰਡੇ ਪੀਂਦੇ-ਪੀਂਦੇ ਹੀ ਆਪਸ ਵਿਚ ਤਾਂ ਨਹੀਂ ਲੜ ਪਏ? ਉਸ ਬੰਦੇ ਨੇ ਗੱਲ ‘ਤੇ ਪਰਦਾ ਪਾਇਆ ਤੇ ਕਿਹਾ, ”ਮੇਰਾ ਮੁੰਡਾ ਤਾਂ ਕੰਮ ‘ਤੇ ਗਿਆ ਹੋਇਆ ਸੀ,ਦੱਸੀ ਤਾਂ ਜਾ ਰਿਹਾ ਆਂ, ਮੇਰਾ ਮੁੰਡਾ ਤਾਂ ਨਾ ਖਾਂਦਾ ਹੈ,ਨਾ ਪੀਂਦਾ ਹੈ ਤੇ ਉਹਦੇ ਨਾਲ ਦੇ ਸਾਰੇ ਦੇ ਸਾਰੇ ਸਿਰੇ ਦੇ ਸ਼ਰਾਬੀ ਨੇ।” ਉਸਦੀ ਇਹ ਸਫਾਈ ਸੁਣ ਮੈਥੋਂ ਬੋਲੋੇ ਬਿਨਾ ਰਿਹਾ ਨਾ ਗਿਆ, ਮੈਂ ਕਿਹਾ, ”ਨਾ ਤੇਰਾ ਮੁੰਡਾ ਖਾਂਦਾ ਹੈ, ਨਾ ਪੀਂਦਾ ਹੈ, ਫਿਰ ਕਿਸ ਆਸਰੇ ਜੀਂਦਾ ਹੈ? ਫਿਰ ਉਹ ਅਜਿਹੇ ਮੁੰਡਿਆਂ ਵਿਚ ਕਿੱਦਾਂ ਚਲੇ ਗਿਆ, ਕੋਈ ਤਾਂ ਸੀਟੀ-ਸਿਗਨਲ ਰਲਦਾ ਹੋਣਾ ਅੰਕਲ ਪਿਆਰੇ?” ਮੇਰੀ ਸੁਣ ਉਹ ਬੰਦਾ ਚੁੱਪ ਵੱਟ ਗਿਆ ਤੇ ਅੱਗੇ ਨੂੰ ਡਰ ਗਿਆ ਕਿ ਇਹਦੇ ਕੋਲ ਕੋਈ ਗੱਲ ਨਹੀਂ ਕਰਨੀ। ਸੋ, ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬੀ ਮੁੰਡੇ ਕੁੜੀਆਂ ਦਾ ਹਾਲ ਤਾਂ ਮਾੜਾ ਹੀ ਹੈ, ਚਾਹੇ ਉਹ ਕਿਸੇ ਵੀ ਮੁਲਕ ਵਿਚ ਵਿਦਿਆਰਥੀ ਵੀਜੇ ਉਤੇ ਗਏ ਹਨ। ਘਰੇ ਕੁਝ ਦਸਦੇ ਹਨ, ਉਥੇ ਹੁੰਦਾ ਕੁਝ ਹੋਰ ਹੈ। ਕੁਝ ਦਾ ਮਨ ਚੋਰ ਹੈ।
ਮੈਂ ਬਹੁਤ ਵਾਰ ਬਦੇਸ਼ ਗਿਆ ਹਾਂ। ਕਦੀ ਕੈਨੇਡਾ। ਕਦੀ ਲੰਡਨ, ਕਦੀ ਅਮਰੀਕਾ, ਤੇ ਕਦੀ ਆਸਟਰੇਲੀਆ। ਸਭ ਤੋਂ ਵਧੇਰੇ ਉੱਥੇ ਰਹਿੰਦੇ ਵਿਦਿਆਰਥੀਆਂ ਬਾਰੇ ਆਪਣੀਆਂ ਲਿਖਤਾਂ ਵਿਚ ਲਿਖ-ਲਿਖ ਕੇ ਪਾਠਕਾਂ ਨੂੰ ਪੇਸ਼ ਕੀਤਾ ਹੈ। ਪਰ ਲਗਦੈ ਕਿ ਜੋ ਮਰਜ਼ੀ ਮਗਜ਼-ਪੱਚੀ ਮਾਰੀ ਚੱਲੋ, ਕਿਸੇ ਉਤੇ ਰਤਾ ਵੀ ਅਸਰ ਨਹੀਂ ਹੈ। ਇੱਕ ਖਬਰ ਹੁਣੇ ਜਿਹੇ ਆਈ ਕਿ ਜਲੰਧਰ ਜਿਲੇ ਦਾ ਵਿਦਿਆਰਥੀ ਮੁੰਡਾ ਵਿਚਾਰਾ ਕਮਾ-ਕਮਾ ਕੇ ਪੈਸੇ ਆਪਣੇ ਬਾਪ ਨੂੰ ਭੇਜੀ ਗਿਆ ਤੇ ਨਾਲ-ਨਾਲ ਰੋਜ਼ ਵਾਂਗ ਦੱਸੀ ਗਿਆ ਕਿ ਪਾਪਾ ਕੋਠੀ ਐਹੋ-ਜਿਹੀ ਬਣਾਵੀਂ, ਐਥੇ-ਐਥੈ ਆਹ ਕੁਛ ਲਾਵੀਂ। ਕੋਠੀ ਵੀ ਸਿਰੇ ਦੀ ਬਣਗੀ। ਮਾਂ-ਪਿਓ ਪੁੱਤ ਦਾ ਤੇ ਭੈਣ ਵਿਚਾਰੀ ਆਪਣੇ ਭਾਈ ਦਾ ਮੂੰਹ ਦੇਖਣ ਨੂੰ ਤਰਸੀ ਜਾ ਰਹੇ ਸਨ ਕਿ ਆਪਣੀ ਕਿਰਤ ਨਾਲ ਬਣਾਈ ਕੋਠੀ ਵਿਚ ਉਹਨਾਂ ਦਾ ਲਾਡਲਾ ਜਲਦੀ ਹੀ ਆ ਰਿਹਾ ਹੈ ਪਰ ਲਾਡਲੇ ਦੀ ਥਾਂ ਬੰਦ ਬਕਸੇ ਵਿਚ ਉਦੀ ਲਾਸ਼ ਆਈ। ਇਕਲੌਤੀ ਭੈਣ ਨੇ ਵਿਰਲਾਪ ਕਰਦਿਆਂ ਆਪਣੇ ਮੋਏ ਵੀਰ ਦੇ ਰੱਖੜੀ ਵੀ ਬੰਨ੍ਹੀ। ਸਿਰ ‘ਤੇ ਸਿਹਰਾ ਵੀ ਸਜਾਇਆ ਤੇ ਹੱਥਾਂ ‘ਤੇ ਮਹਿੰਦੀ ਵੀ ਲਾਈ ਤੇ ਰੋ-ਰੋ ਕੁਰਲਾਈ ਕਿ ਹੇ ਵੀਰਾ, ਮੇਰੀਆਂ ਆਸਾਂ-ਸਧਰਾਂ ਵੀ ਨਾਲ ਲੈ ਚੱਲਿਓਂ, ਲੈ ਵੇ ਵੀਰਾ, ਤੇਰੇ ਜਾਂਦੇ ਸਮੇਂ ਮੈਂ ਆਪਣੀਆਂ ਸਧਰਾਂ ਪੂਰ ਲਵਾਂ!
ਇਹ ਖਬਰ ਪੜ੍ਹ ਕੇ ਮੈਂ ਡਾਹਢਾ ਉਦਾਸ ਹੋਇਆ। ਅਜਿਹੀਆਂ ਖਬਰਾਂ ਬਹੁਤ ਨੇ। ਰੋਜ਼ ਵਾਂਗ ਆ ਰਹੀਆਂ ਨੇ। ਕਿਤੇ ਕਿਸੇ ਪੰਜਾਬੀ ਮੁੰਡੇ ਦਾ ਟਰਾਲਾ ਕਾਈ ਵਿਚ ਡਿੱਗ ਪਿਆ। ਕਿਤੇ ਕਿਸੇ ਦਾ ਕਤਲ। ਕਿਤੇ ਕਿਸੇ ਨੂੰ ਦਿਲ ਦਾ ਦੌਰਾ। ਕਿਤੇ ਕੋਈ ਸੁੱਤੇ ਦਾ ਸੁੱਤਾ ਹੀ ਰਹਿ ਗਿਆ। ਕਿਤੇ ਕਿਸੇ ਨੇ ਆਤਮ ਹੱਤਿਆ ਕਰ ਲਈ। ਹੁਣੇ ਹੀ ਆਸਟਰੇਲੀਆ ਦੇ ਬ੍ਰਿਸਬਿਨ ਨੇੜੇ ਸਮੁੰਦਰ ਕੰਡੇ ਸਾਥੀਆਂ ਨਾਲ ਕ੍ਰਿਸਮਿਸ ਮਨਾਉਣ ਗਿਆ ਪੰਜਾਬੀ ਮੁੰਡਾ ਰਵਨੀਤ ਗਿੱਲ ਸਮੁੰਦਰ ਨੇ ਪੀ ਲਿਆ। ਲਾਸ਼ ਲੱਭੀ ਜਾ ਰਹੀ ਹੈ ਉਸਦੀ। ਖਬਰਾਂ ਸਾਰੇ ਪੜ੍ਹਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ ਪਰ ਫਿਰ ਵੀ ਕੋਈ ਅਸਰ ਨਹੀਂ। ਕੁਝ ਲੋਕ ਜਿਦੋ-ਜਿਦੀ ਆਪਣੇ ਬੱਚੇ ਬਾਹਰ ਭੇਜ ਰਹੇ ਨੇ ਜੇ ਗੁਆਂਢੀਆਂ ਦਾ ਵਲੈਤੇ ਗਿਆ ਤਾਂ ਸਾਡਾ ਘਰੇ ਕਿਉਂ ਰਹੇ? ਖਬਰਾਂ ਦੇ ਰੰਗ-ਰੂਪ ਅਨੇਕ ਹਨ ਪਰ ਦੁੱਖ ਸਭਨਾਂ ਦਾ ਇਕੋ ਜਿਹਾ ਹੈ। ਸਾਡੇ ਬੱਚੇ ਧੜਾਧੜ ਜਾਈ ਜਾ ਰਹੇ ਨੇ। ਸਰਕਾਰਾਂ ਨੂੰ ਕੋਈ ਫਿਕਰ ਨਹੀਂ, ਜਦ ਆਪਣੇ ਘਰ ‘ਚ ਰੁਜ਼ਗਾਰ ਹੁੰਦਾ ਤਾਂ ਬਾਹਰ ਜਾ ਕੇ ਧੱਕੇ ਕਿਉਂ ਖਾਂਦੇ? ਇਹ ਇਸ ਵਕਤ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਹੈ। ਇਸ ਸਵਾਲ ਦਾ ਕੋਈ ਹੱਲ, ਕੌਣ, ਕਿਵੇਂ ਤੇ ਕਦੋਂ ਕਰੇਗਾ? ਸੋ, ਓਨੀ ਦੇਰ ਤੱਕ ਇਹ ਸਵਾਲ ਹਵਾ ਵਿਚ ਹੀ ਲਟਕਦਾ ਹੈ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …