Breaking News
Home / ਮੁੱਖ ਲੇਖ / ਕਰਤਾਰਪੁਰ ਲਾਂਘਾ ਅਤੇ ਭਾਰਤ-ਪਾਕਿ ਰਿਸ਼ਤੇ

ਕਰਤਾਰਪੁਰ ਲਾਂਘਾ ਅਤੇ ਭਾਰਤ-ਪਾਕਿ ਰਿਸ਼ਤੇ

ਜਸਵੀਰ ਸਿੰਘ
ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਤੋਂ ਬਾਅਦ ਇਸ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਫੌਜੀ ਤਣਾਅ, ਇੱਥੋਂ ਤੱਕ ਕਿ ਪਰਮਾਣੂ ਜੰਗ ਦੀਆਂ ਧਮਕੀਆਂ ਅਤੇ ਪ੍ਰਤੀ-ਧਮਕੀਆਂ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੁੱਲਣ ਵਾਲੇ ਲਾਂਘੇ ਲਈ ਹਾਲ ਦੀ ਘੜੀ ਕੋਈ ਅੜਿੱਕਾ ਬਣਦਾ ਦਿਖਾਈ ਨਹੀਂ ਦੇ ਰਿਹਾ। ਇਸ ਮਾਮਲੇ ਵਿਚ ਤਾਂ ਲਗਦਾ ਇਉਂ ਹੈ ਕਿ ਦੋਵੇਂ ਮੁਲਕ ਇਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਕਰ ਰਹੇ ਹਨ। ਇਹ ਠੀਕ ਹੈ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰਾਹੀਂ ਕਰਤਾਰਪੁਰ ਲਾਂਘੇ ਦੇ ਮਾਮਲੇ ਨੂੰ ਅਗੇ ਵਧਾ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲਕਦਮੀ ਆਪਣੇ ਹੱਥ ਲੈਣ ਦਾ ਯਤਨ ਕੀਤਾ ਸੀ ਪਰ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਦੀ ਨਾਰਾਜ਼ਗੀ ਦੇ ਬਾਵਜੂਦ ਭਾਰਤ ਸਰਕਾਰ ਕਦਮ-ਬਾ-ਕਦਮ ਅਗੇ ਵਧਦੀ ਗਈ।
ਦੋਵੇਂ ਮੁਲਕ ਭਾਵੇਂ ਕਰਤਾਰਪੁਰ ਸਾਹਿਬ ਲਈ ਸਿੱਖ ਸ਼ਰਧਾਲੂਆਂ ਦੀ ਵੀਜ਼ਾ ਮੁਕਤ ਆਵਾਜਾਈ ਦੇ ਹੱਕ ਵਿਚ ਹਨ ਪਰ ਪਾਕਿਸਤਾਨ ਨੇ ਹਰ ਦਾਖ਼ਲੇ ‘ਤੇ 20 ਡਾਲਰ ਵਸੂਲ ਕਰਨ ਦੀ ਗੱਲ ਕਹੀ ਹੈ। ਇਧਰ ਭਾਰਤ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ 31 ਅਕਤੂਬਰ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਨੇ 9 ਨਵੰਬਰ ਨੂੰ ਇਹ ਲਾਂਘਾ ਖੋਲਣ ਦੀ ਗੱਲ ਆਖੀ ਹੈ। ਸਰਹੱਦ ਦੇ ਪਰਲੇ ਪਾਰ ਚੱਲ ਰਹੇ ਲਾਂਘਾ ਉਸਾਰੀ ਕਾਰਜਾਂ ਦੇ ਪ੍ਰਾਜੈਕਟ ਡਾਇਰੈਕਟਰ ਆਤਿਫ ਮਾਜਿਦ ਮੁਤਾਬਿਕ, ਉਨਾਂ ਵਾਲੇ ਪਾਸੇ ਲਾਂਘੇ ਦੀ ਉਸਾਰੀ ਦਾ 86 ਫੀਸਦੀ ਕੰਮ ਹੋ ਚੁੱਕਾ ਹੈ ਅਤੇ ਇਹ 9 ਨਵੰਬਰ ਨੂੰ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਵੇਗਾ। ਇਧਰ ਭਾਰਤੀ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਇਸ ਦੌਰਾਨ ਲਾਂਘੇ ਦੀ ਉਸਾਰੀ ਲਈ ਚੱਲ ਰਹੇ ਕੰਮ ਨੂੰ ਦੇਖਦਿਆਂ ਕਿਹਾ ਕਿ 70 ਫੀਸਦੀ ਕੰਮ ਪੂਰਾ ਹੋ ਚੁਕਾ ਹੈ ਅਤੇ ਬਾਕਾਇਆ ਉਸਾਰੀ ਕਾਰਜ ਤੇਜ਼ੀ ਨਾਲ ਜਾਰੀ ਹਨ।
ਸਪੱਸ਼ਟ ਹੈ, ਆਪਸੀ ਕਸ਼ੀਦਗੀ ਦੇ ਬਾਵਜੂਦ ਗੁਰੂ ਨਾਨਕ ਦੇ 550ਵੇਂ ਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੁੱਲਣਾ ਤਕਰੀਬਨ ਯਕੀਨੀ ਜਾਪਦਾ ਹੈ। ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਅਤੇ ਰਵਾਇਤੀ (ਹਿੰਦੂ-ਮੁਸਲਿਮ) ਕੁੜਿੱਤਣ ਦੀ ਸਿਖਰ ਦੇ ਬਾਵਜੂਦ ਇਸ ਲਾਂਘੇ ਦਾ ਖੁੱਲਣਾ ਕੀ ਕ੍ਰਿਸ਼ਮਾ ਨਹੀਂ ਲਗਦਾ? ਬਿਨਾ ਸ਼ੱਕ, ਇਹ ਕ੍ਰਿਸ਼ਮੇ ਤੋਂ ਘੱਟ ਨਹੀਂ।
ਇਹ ਠੀਕ ਹੈ ਕਿ ਚੱਲਦੀਆਂ ਜੰਗਾਂ ਦੇ ਬਾਵਜੂਦ ਸ਼ਾਂਤੀ ਸਮਝੌਤਿਆਂ ਲਈ ਮੁਲਕਾਂ ਵਿਚਾਲੇ ਅੰਦਰ ਖਾਤੇ ਕੂਟਨੀਤੀ (ਬੈਕਡੋਰ ਡਿਪਲੋਮੇਸੀ) ਚੱਲਦੀ ਰਹਿੰਦੀ ਹੈ ਅਤੇ ਕਈ ਤਰਾਂ ਦੇ ਕੌਮਾਂਤਰੀ ਦਬਾਅ ਵੀ ਆਪਣਾ ਅਸਰ ਦਿਖਾਉਂਦੇ ਹਨ। ਸਿੱਖਾਂ ਦਾ ਭਾਰਤ ਵਿਚ ਮਹੱਤਵਪੂਰਨ ਧਾਰਮਿਕ ਘੱਟ ਗਿਣਤੀ ਹੋਣਾ, ਲੰਮੇ ਸਮੇਂ ਤੱਕ ਕੇਂਦਰ ਸਰਕਾਰ ਨਾਲ ਟਕਰਾ ਵਿਚ ਰਹਿਣਾ ਅਤੇ ਸਿੱਖ ਧਰਮ ਨਾਲ ਸਬੰਧਤ ਲੋਕਾਈ ਦਾ ਕੌਮਾਂਤਰੀ ਪਾਸਾਰ ਵੀ ਇਸ ਕ੍ਰਿਸ਼ਮਈ ਘਟਨਾਕ੍ਰਮ ਦੇ ਕਾਰਨ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਕਾਰਨ ਗੁਰੂ ਨਾਨਕ ਦੀ ਸਮੁੱਚੀ ਮਨੁੱਖ ਜਾਤੀ ਪ੍ਰਤੀ ਉਹ ਪਹੁੰਚ ਜਾਪਦੀ ਹੈ ਜਿਸ ਤਹਿਤ ਬਾਬਾ ਜੀ ‘ਨਾ ਕੋ ਹਿੰਦੂ ਨਾ ਮੁਸਲਮਾਨ’ ਜਿਹੀ ਵਿਚਾਰਕ ਧਾਰਨਾ ਅਪਣਾਉਂਦੇ ਹਨ। ਸਾਰੀ ਮਨੁੱਖਤਾ ਨੂੰ ਬਰਾਬਰ ਰੱਖ ਕੇ ਦੇਖਦੇ ਹਨ।
ਯਾਦ ਰੱਖਣਯੋਗ ਗੱਲ ਇਹ ਹੈ ਕਿ ਕਰਤਾਰਪੁਰ ਲਾਂਘਾ ਸਿਰਫ ਸਥੂਲ (ਫਿਜ਼ੀਕਲ) ਲਾਂਘਾ ਨਹੀਂ ਹੋਏਗਾ ਸਗੋਂ ਇਹ ਸਾਂਝੀ ਸੱਭਿਅਤਾ ਜਿਸ ਨੂੰ ਦੋ ਹਿੱਸਿਆਂ ਵਿਚਕਾਰ ਵੰਡ ਦਿੱਤਾ ਗਿਆ, ਵਿਚਕਾਰ ਪੁਲ ਬਣੇਗਾ ਜਿਹੜੇ ਸਦੀਆਂ ਤੋਂ ਖਹਿੰਦੇ ਆ ਰਹੇ ਹਨ। ਸਦੀਆਂ ਤੋਂ ਚਲੀ ਆ ਰਹੀ ਇਹ ਹਿੰਦੂ-ਮੁਸਲਿਮ ਖਹਿਬਾਜ਼ੀ ਹੀ ਹੈ ਜਿਹੜੀ 1947 ਤੋਂ ਬਾਅਦ ਸਰਹੱਦੀ ਅਤੇ ਫ਼ੌਜੀ ਕਲੇਸ਼ ਵਿਚ ਵਟ ਗਈ। ਇਹ ਕਲੇਸ਼ ਹਾਲ ਹੀ ਵਿਚ ਕਸ਼ਮੀਰ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਆਪਣੇ ਸਿਖ਼ਰ ਨੂੰ ਪਹੁੰਚ ਰਿਹਾ ਹੈ ਪਰ ਨਾਲ ਨਾਲ ਚੱਲ ਰਿਹਾ ਕਰਤਾਰਪੁਰ ਲਾਂਘੇ ਦਾ ਵਰਤਾਰਾ ਇਸ ਤਣਾਅ ਨੂੰ ਖਾਰਜ ਕਰ ਰਿਹਾ ਪ੍ਰਤੀਤ ਹੁੰਦਾ ਹੈ। ਅਜਿਹਾ ਇਸ ਖਿੱਤੇ ਵਿਚ ਵੱਸਦਾ ਹਰ ਸੰਵੇਦਨਸ਼ੀਲ ਮਨੁੱਖ ਮਹਿਸੂਸ ਕਰਦਾ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ ਪਾਕਿ ਸਰਹੱਦ ਤੋਂ ਥੋੜੀ ਦੂਰੀ ‘ਤੇ ਸਥਿਤ ਹੈ। ਤੇਜ਼ ਨਜ਼ਰ ਵਾਲੇ ਸ਼ਖ਼ਸ ਨੰਗੀ ਅੱਖ ਨਾਲ ਵੀ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ। ਉਂਜ ਇਥੋਂ ਦੂਰਬੀਨ ਰਾਹੀਂ ਸਿੱਖ ਸੰਗਤਾਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਥੇ ਹੀ ਮਰਹੂਮ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਈ ਵਰੇ ਤੱਕ ਲਗਾਤਾਰ, ਕਰਤਾਰਪੁਰ ਲਾਂਘਾ ਖੋਲਣ ਲਈ ਅਰਦਾਸ ਕਰਦੇ ਰਹੇ ਹਨ। ਹੁਣ ਜਦੋਂ ਇਹ ਲਾਂਘਾ ਬਣ ਰਿਹਾ ਹੈ ਤਾਂ ਉਹ ਇਸ ਸੰਸਾਰ ਵਿਚ ਨਹੀਂ ਹਨ।
ਦੱਖਣੀ ਏਸ਼ੀਆ ਦੇ ਖਿੱਤੇ ਦੇ ਭਵਿੱਖ ਬਾਰੇ ਸੋਚਣ ਵਾਲੇ ਕਈ ਸਿਆਸੀ ਵਿਚਾਰਵਾਨ ਤਾਂ ਇਹ ਵੀ ਮਹਿਸੂਸ ਕਰਦੇ ਹਨ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਦੋਹਾਂ ਮੁਲਕਾਂ ਵਿਚਾਲੇ ਸ਼ਾਂਤੀ ਦਾ ਚਿਰ ਸਥਾਈ ਵਾਤਾਵਰਨ ਸਿਰਜ ਸਕਦੀ ਹੈ। ਅਜਿਹੇ ਮੌਕੇ ਬਣਨ ਵੇਲੇ ਸਰਹੱਦ ਦੇ ਦੋਹੀਂ ਪਾਸੇ ਅਤੇ ਕਰਤਾਰਪੁਰ ਲਾਂਘੇ ਦੇ ਆਸਪਾਸ ਪੈਂਦੇ ਇਲਾਕਿਆਂ ਦੇ ਆਰਥਿਕ ਵਿਕਾਸ ਦੇ ਮੌਕੇ ਬਣਨ ਦੀ ਵੀ ਆਸ ਹੈ। ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਲਈ ਇਹ ਵਿਕਾਸ ਦਾ ਬੜਾ ਸਾਜ਼ਗਰ ਮੌਕਾ ਹੈ। ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਡੇਰਾ ਬਾਬਾ ਨਾਨਕ ਵਿਚ ਮੌਜੂਦ ਗੁਰਦੁਆਰਿਆਂ ਵਿਚ ਵੀ ਸ਼ਰਧਾਲੂਆਂ ਦੀ ਆਮਦ ਵਧਣੀ ਹੈ। ਇਸ ਲਈ ਇਤਿਹਾਸਕ ਧਾਰਮਿਕ ਅਸਥਾਨਾਂ ਦੀ ਰਿਹਾਇਸ਼ੀ ਸਮਰਥਾ ਅਤੇ ਹੋਰ ਆਧਾਰ ਢਾਂਚੇ ਨੂੰ ਵਿਕਸਤ ਕਰਨ ਦੀ ਵੀ ਜ਼ਰੂਰਤ ਪੈਂਦੀ ਰਹਿਣੀ ਹੈ।
ਗੁਰੂ ਨਾਨਕ ਨੇ ਕਰਤਾਰਪੁਰ ਵਿਚ ਆਪਣੀ ਉਮਰ ਦੇ ਆਖਰੀ ਵਰੇ ਬਿਤਾਏ ਅਤੇ ਹੱਥੀਂ ਖੇਤੀ ਕੀਤੀ। ਡੇਰਾ ਬਾਬਾ ਨਾਨਕ ਦੇ ਨਜ਼ੀਦਕ ਪੈਂਦੇ ਪਿੰਡ ਪੱਖੋਕੇ ਦਾ ਚੌਧਰੀ ਅਜਿੱਤਾ ਰੰਧਾਵਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰੇਮੀ ਸੀ। ਉਸ ਦੇ ਖੂਹ ‘ਤੇ ਗੁਰੂ ਜੀ ਆਪਸੀ ਵਿਚਾਰ ਵਟਾਂਦਰੇ ਲਈ ਡੇਰਾ ਲਾਉਂਦੇ ਸਨ। ਇਸ ਖੂਹ ‘ਤੇ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਸਥਿਤ ਹੈ। ਇਸ ਖੂਹ ਨੂੰ ‘ਖੂਹ ਸਰਜੀ ਸਾਹਿਬ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਖੂਹ ਪਹਿਲਾਂ ਖੁੱਲਾ ਹੁੰਦਾ ਸੀ ਪਰ ਜਦੋਂ ਗੁਰਦੁਆਰਾ ਦਰਬਾਰ ਸਾਹਿਬ ਦੀ ਇਮਾਰਤ ਬਣੀ ਤਾਂ ਇਸ ਖੂਹ ਨੂੰ ਉੱਪਰੋਂ ਢਕਿਆ ਗਿਆ ਅਤੇ ਇਸ ਨੂੰ ਬਾਉਲੀ ਦਾ ਰੂਪ ਦੇ ਦਿੱਤਾ ਗਿਆ। ਇਸੇ ਖੂਹ ਦਾ ਜਲ ਸਰੋਵਰ ਵਿਚ ਪਾਇਆ ਜਾਂਦਾ ਸੀ।
ਸਾਲ 1827 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਉਪਰ ਸੋਨੇ ਦੀ ਸੇਵਾ ਕਰਵਾਈ ਸੀ। ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਸਭ ਤੋਂ ਵਧੇਰੇ ਸੋਨਾ ਇਸੇ ਗੁਰਦੁਆਰੇ ‘ਤੇ ਹੀ ਲਗਾ ਹੋਇਆ ਹੈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜਦਕਿ ਲੰਗਰ ਦਾ ਪ੍ਰਬੰਧ ਕਾਰਸੇਵਾ ਖਡੂਰ ਸਾਹਿਬ ਕੋਲ ਹੈ। ਇਸ ਗੁਰਦੁਆਰੇ ਵਿਚ ਕਥਾ ਕੀਰਤਨ ਦਾ ਪ੍ਰਵਾਹ ਸਵੇਰੇ ਸ਼ਾਮ ਚਲਦਾ ਹੈ ਅਤੇ ਹਰ ਸਮੇਂ ਲੰਗਰ ਵਰਤਦਾ ਰਹਿੰਦਾ ਹੈ। ਇਸ ਤੋਂ ਇਲਾਵਾ ਆਉਣ ਵਾਲੀ ਯਾਤਰੀਆਂ ਦੀ ਰਿਹਾਇਸ਼ ਲਈ ਸਰਾਂ ਮੌਜੂਦ ਹੈ ਪਰ ਹੁਣ ਇਨਾਂ ਇਮਾਰਤਾਂ ਦੀ ਸਮਰਥਾ ਵਧਾਉਣ ਦੀ ਲੋੜ ਖੜੀ ਹੋ ਗਈ ਹੈ। ਇਨਾਂ ਇਮਾਰਤਾਂ ਦੀ ਕਾਰਸੇਵਾ ਰਾਹੀਂ ਪੁਨਰ ਉਸਾਰੀ ਬਾਬਾ ਸੇਵਾ ਸਿੰਘ ਦੀ ਅਗਵਾਈ ਵਿਚ ਕਾਰਸੇਵਾ ਖਡੂਰ ਸਾਹਿਬ ਵਲੋਂ ਕੀਤੀ ਜਾ ਰਹੀ ਹੈ। ਕਾਰਸੇਵਾ ਖਡੂਰ ਸਾਹਿਬ ਅਤੇ ਸੰਗਤਾਂ ਦੇ ਸਹਿਯੋਗ ਨਾਲ ਦੀਵਾਨ ਹਾਲ ਅਤੇ ਸਰੋਵਰ ਤਿਆਰ ਹੋ ਚੁੱਕਾ ਹੈ ਜਦਕਿ ਸਰਾਂ ਅਤੇ ਲੰਗਰ ਹਾਲ ਦੀਆਂ ਇਮਾਰਤਾਂ ਲਈ ਕਾਰਸੇਵਾ ਜਾਰੀ ਹੈ।
ਕਰਤਾਰਪੁਰ ਲਾਂਘੇ ਦੇ ਸ਼ੁਰੂ ਹੋਣ ਨਾਲ ਡੇਰਾ ਬਾਬਾ ਨਾਨਕ ਦਾ ਮਹੱਤਵ ਹੋਰ ਵਧਣਾ ਹੈ ਅਤੇ ਸੰਗਤ ਤੇ ਸੈਲਾਨੀਆਂ ਦੀ ਆਮਦ ਕਈ ਗੁਣਾ ਵਧ ਜਾਣੀ ਹੈ। ਇਕ ਤਰਾਂ ਨਾਲ ਸਿੱਖ ਧਰਮ ਨਾਲ ਸਬੰਧਤ ਇਸ ਇਤਿਹਾਸਕ ਸਥਾਨ ਨੇ ਕੌਮਾਂਤਰੀ ਨਕਸ਼ੇ ‘ਤੇ ਆ ਜਾਣਾ ਹੈ। ਇਸ ਨਾਲ ਸਥਾਨਕ ਲੋਕਾਂ ਦੀ ਆਰਥਿਕਤਾ ਅਤੇ ਕਾਰੋਬਾਰ ਵੀ ਸੁਧਰੇਗਾ। ਇਸ ਦੇ ਸਿੱਟੇ ਵਜੋਂ ਇਥੇ ਰਿਹਾਇਸ਼ੀ ਹੋਟਲ ਵਗੈਰਾ ਬਣਨ ਦੀ ਵੀ ਸੰਭਾਵਨਾ ਹੈ। ਇਸ ਸਰਗਰਮੀ ਨੂੰ ਦੇਖਦਿਆਂ ਗੁਰਦੁਆਰਾ ਡੇਰਾ ਬਾਬਾ ਨਾਨਕ ਨੂੰ ਵੀ ਆਪਣੇ ਰਿਹਾਇਸ਼ੀ ਅਤੇ ਹੋਰ ਹਰ ਕਿਸਮ ਦੇ ਆਧਾਰ ਢਾਂਚੇ ਵਿਚ ਸੁਧਾਰ ਕਰਨ ਦੀ ਲੋੜ ਲਗਾਤਾਰ ਵਧੇਗੀ। ਇਸ ਲਾਂਘੇ ਨਾਲ ਜਿਹੜਾ ਸਭ ਤੋਂ ਮਹੱਤਵਪੂਰਨ ਸੁਧਾਰ ਹੋਣਾ ਹੈ, ਉਹ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਵਿਚ ਹੋਏਗਾ। ਭਵਿੱਖ ਵਿਚ ਇਹ ਸਬੰਧ ਹੁਣ ਨਾਲੋਂ ਲਾਜ਼ਮੀ ਚੰਗੇ ਹੋਣਗੇ ਅਤੇ ਇਸ ਦਾ ਕਾਰਨ ਲਾਜ਼ਮੀ ਹੀ ਇਹ ਲਾਂਘਾ ਬਣੇਗਾ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …