ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਰੋਕੂ ਟੀਕਾਕਰਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹੁਣ 2 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕਰੋਨਾ ਰੋਕੂ ਕੋਵੈਕਸੀਨ ਦਾ ਟੀਕਾ ਲਗਾਇਆ ਜਾ ਸਕੇਗਾ। ਡੀ ਸੀ ਜੀ ਆਈ ਨੇ ਬੱਚਿਆਂ ਨੂੰ ਲੱਗਣ ਵਾਲੀ ਕਰੋਨਾ ਰੋਕੂ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਟੀਕਾਕਰਨ ਦੌਰਾਨ ਬੱਚਿਆਂ ਨੂੰ ਵੀ ਕੋਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਸਰਕਾਰ ਵੱਲੋਂ ਜਲਦ ਹੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ। ਕੋਵੈਕਸੀਨ ਨੂੰ ਤਿੰਨ ਫੇਜ਼ ਦੇ ਟਰਾਇਲ ਤੋਂ ਬਾਅਦ ਬੱਚਿਆਂ ’ਤੇ ਇਸਤੇਮਾਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਵੀ ਇਸੇ ਤਰ੍ਹਾਂ ਦੇ ਟਰਾਇਲ ਤੋਂ ਬਾਅਦ ਬੱਚਿਆਂ ਲਈ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੋਵੈਕਸੀਨ ਕਲੀਨਿਕਲ ਟਰਾਇਲ ’ਚ ਲਗਭਗ 78 ਫੀਸਦੀ ਅਸਰਦਾਰ ਸਾਬਤ ਹੋਈ ਸੀ ਅਤੇ ਹੁਣ ਤੱਕ ਦੇ ਕੀਤੇ ਗਏ ਟਰਾਇਲਾਂ ਵਿਚ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ।