Breaking News
Home / ਨਜ਼ਰੀਆ / ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਜੀਵਨ ਦਾ ਬੌਧਿਕ ਪੱਖ

ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਜੀਵਨ ਦਾ ਬੌਧਿਕ ਪੱਖ

ਨਾਹਰ ਸਿੰਘ ਔਜਲਾ
23 ਮਾਰਚ ਦਾ ਸ਼ਹੀਦੀ ਦਿਨ ਇਕੱਲੇ ਪੰਜਾਬ ਜਾਂ ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ ਵਲੋਂ ਹੀ ਨਹੀਂ ਸਗੋਂ ਭਾਰਤ ਦੇ ਹਰ ਸੂਬੇ ਵਿੱਚ ਮਨਾਇਆ ਜਾਂਦਾ ਹੈ। ਜੰਗਲਾਂ ‘ਚ ਵਸਦੇ ਬਹੁਤ ਸਾਰੇ ਗਰੀਬ ਤੇ ਅਨਪੜ੍ਹ ਆਦੀਵਾਸੀ ਲੋਕ ਵੀ ਭਗਤ ਸਿੰਘ ਬਾਰੇ ਜਾਣਦੇ ਹਨ। ਪਾਕਿਸਤਾਨ ‘ਚ ਕੰਮ ਕਰਦੀਆਂ ਕੁਝ ਅਗਾਂਹਵਧੂ ਜੱਥੇਬੰਦੀਆਂ ਵੀ ਇਸ ਦਿਨ ਤੇ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਦੀਆਂ ਹਨ। ਰਾਜਗੁਰੂ, ਸੁਖਦੇਵ ਅਤੇ ਹੋਰ ਲੋਕਾਂ ਵਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦੀ ਕੋਈ ਘੱਟ ਮਹੱਤਤਾ ਨਹੀਂ ਹੈ।
ਪਰ ਭਗਤ ੰਿਸੰਘ ਦੀਆਂ ਅਮੁੱਲ ਲਿਖਤਾਂ ਅਤੇ ਉਸਦੇ ਬੌਧਿਕ ਪੱਖ ਕਾਰਨ ਉਸਦੀ ਆਪਣੀ ਇਕ ਵੱਖਰੀ ਪਹਿਚਾਣ ਹੈ। ਭਗਤ ਸਿੰਘ ਭਾਰਤੀ ਲੋਕਾਂ ਲਈ ਚਮਕਦੇ ਸਿਤਾਰੇ ਵਾਂਗ ਹੈ। ਭਾਵੇਂ ਕੁਝ ਸ਼ਰਾਰਤੀ ਤੇ ਮੌਕਾਪ੍ਰਸਤ ਲੋਕ ਆਪਣੇ ਵੱਡੇ ਵਡੇਰਿਆਂ ਦੀ ਸੱਤਾ ਦੀ ਚਾਪਲੂਸੀ ਨੂੰ ਬਰਕਰਾਰ ਰੱਖਦਿਆਂ ਸ਼ਹੀਦ ਭਗਤ ਸਿੰਘ ਨੂੰ ਇਕ ਦਹਿਸ਼ਤਗਰਦ ਸਾਬਤ ਕਰਨ ਲਈ ਆਪਣੇ ਘਟੀਆ ਬਿਆਨ ਦਾਗ ਰਹੇ ਹਨ, ਪਰ ਲੋਕ ਅਸਲੀਅਤ ਤੋਂ ਜਾਣੂ ਹਨ। ਵੱਖੋ ਵਖਰੇ ਧਰਮਾਂ ਵਾਲੇ, ਕੱਟੜ ਫ੍ਰਿਕਾਪ੍ਰਸਤ, ਸਾਰੀਆਂ ਵੋਟ ਵਟੋਰੂ ਤੇ ਮੌਕਾ ਪ੍ਰਸਤ ਪਾਰਟੀਆਂ ਵੀ ਭਗਤ ਸਿੰਘ ਨਾਲ ਆਪਣਾ ਹੇਜ ਦਰਸਾਉਣ ਤੇ ਪੂਰਾ ਟਿੱਲ ਲਾਉਂਦੀਆਂ ਹਨ। ਕਈ ਲੀਡਰ ਤਾਂ ਨਵੀਂ ਪਾਰਟੀ ਦੀ ਸ਼ੁਰੂਆਤ ਹੀ ਭਗਤ ਸਿੰਘ ਦੇ ਬੁੱਤ ਨਾਲ ਫੋਟੋ ਖਿਚਵਾ ਕੇ ਕਰਦੇ ਹਨ। ਕੁਝ ਰਾਜਨੀਤਕ ਲੀਡਰ ਉਸਦੇ ਵਿਚਾਂਰਾ ਨੂੰ ਨਹੀਂ ਸਗੋਂ ਉਸ ਵਰਗਾ ਪਹਿਰਾਵਾ ਪਹਿਨ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਗਤ ਸਿੰਘ ਦੇ ਵਿਚਾਰਾਂ ਤੋਂ ਅੰਗਰੇਜ਼ ਵੀ ਤ੍ਰਬਕਦੇ ਸਨ ਤੇ ਅੱਜ ਦੀਆਂ ਸਰਕਾਰਾਂ ਵੀ। ਇਹੀ ਕਾਰਨ ਹੈ ਕਿ ਉਸ ਦੀ ਬਹਾਦਰੀ ਦੇ ਚਰਚੇ ਤਾਂ ਇਹ ਲੋਕ ਆਮ ਹੀ ਕਰਦੇ ਹਨ ਪਰ ਉਸ ਦੀ ਵਿਚਾਰਧਾਰਾ ਬਾਰੇ ਇਕ ਲਫ਼ਜ਼ ਤੱਕ ਨਹੀਂ ਬੋਲਦੇ। ਭਗਤ ਸਿੰਘ ਇਕ ਬੁੱਧੀਮਾਨ ਵਿਅਕਤੀ ਸੀ ਜਿਸ ਨੇ ਆਪਣੀ ਜ਼ਿੰਦਗੀ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਡਾਢਾ ਅਧਿਐਨ ਕਰ ਕੇ ਬਹੁਤ ਸਾਰੇ ਮਹੱਤਵਪੂਰਣ ਮੁੱਦਿਆਂ ਨੂੰ ਛੋਹਿਆ ਜਿਸ ਵਿੱਚ ਧਰਮ, ਜਾਤ-ਪਾਤ, ਭਾਸ਼ਾ, ਫਿਲਾਸਫੀ, ਇਨਕਲਾਬ ਦੀ ਲੋੜ, ਬੰਬ ਦਾ ਫਲਸਫਾ, ਗਾਂਧੀ ਤੇ ਕਾਂਗਰਸ ਦੀ ਵਿਚਾਰਧਾਰਾ, ਨਾਸਤਿਕਤਾ, ਮਾਰਕਸਵਾਦ ਤੇ ਲੈਨਿਨਵਾਦ। ਇਨਕਲਾਬੀ ਪ੍ਰੋਗਰਾਮ ਦਾ ਖਰੜਾ ਭਗਤ ਸਿੰਘ ਦੀ ਇਕ ਸਰਬਉਤਮ ਰਚਨਾ ਹੈ। ਇਹ ਖਰੜਾ ਅੰਗਰੇਜ਼ ਹਕੂਮਤ ਨੇ ਵੀ ਆਪਣੀ ਸਰਕਾਰੀ ਫਾਇਲ ‘ਚ ਸਾਂਭਿਆ ਹੋਇਆ ਸੀ। ਭਗਤ ਸਿੰਘ ਦੀ ਜੇਲ੍ਹ ਡਾਇਰੀ ਜੋ ਕਿ ਇਕ ਇਤਿਹਾਸਕ ਲਿਖਤ ਹੈ। ਇਸ ਡਾਇਰੀ ਦੇ ਨੋਟ ਭਗਤ ਸਿੰਘ ਦੇ ਚਿੰਤਕ ਵਿਅਕਤੀਤਵ ਦੀ ਗਹਿਰਾਈ ਨੂੰ ਹੋਰ ਵਧੇਰੇ ਸਪੱਸ਼ਟ ਕਰਦੇ ਹਨ। ਇਹ ਨੋਟ ਭਾਰਤ ਦੇ ਰਾਜਨੀਤਕ, ਆਰਥਿਕ, ਸਮਾਜਿਕ ਤੇ ਧਾਰਮਿਕ ਹਲਾਤਾਂ ਤੇ ਅੱਜ ਵੀ ਪੂਰੀ ਤਰ੍ਹਾਂ ਢੁੱਕਵੇਂ ਤੇ ਰਾਹ ਦਰਸੇਵਾਂ ਹਨ। ਹਾਲਾਤ ਉਸ ਸਮੇਂ ਨਾਲੋਂ ਹੋਰ ਵੀ ਬਦਤਰ ਬਣੇ ਪਏ ਹਨ। ਪੰਜਾਬ ਤੇ ਹੋਰ ਬਹੁਤ ਸਾਰੇ ਸੂਬਿਆਂ ਦੀ ਹਾਲਤ ਬੜੀ ਤਰਸਯੋਗ ਹੈ। ਬੇਰੁਜ਼ਗਾਰ ਨੌਜਵਾਨ ਨਸ਼ਿਆਂ ‘ਚ ਗ੍ਰਸਤ ਹੋ ਰਹੇ ਹਨ। ਚੰਗੇ ਪੜ੍ਹੇ ਲਿਖੇ ਤੇ ਬੇਰੁਜ਼ਗਾਰ ਨੌਜਵਾਨ ਬਾਹਰਲੇ ਮੁਲਕਾਂ ਨੂੰ ਦੌੜ ਰਹੇ ਹਨ। ਗਰੀਬ ਮਜ਼ਦੂਰ ਤੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਲੋਕ ਨਿਰਾਸ਼ਤਾ ਦੀ ਦਲ ਦਲ ‘ਚ ਧਸੇ ਪਏ ਹਨ।
ਇਹੋ ਜਿਹੇ ਹਲਾਤਾਂ ਦੀ ਵਿਆਖਿਆ ਕਰਦਿਆਂ ਹੀ ਭਗਤ ਸਿੰਘ ਨੇ ਲਿਖਿਆ ਸੀ, ”ਇਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁੰਨਾਂ ਦੀ ਪੈਦਾਇਸ਼ ਹੁੰਦਾ ਹੈ। ਬਦਕਿਸਮਤੀ ਨੂੰ ਭਾਰਤੀ ਇਨਕਲਾਬ ਦਾ ਬੌਧਿਕ ਪੱਖ ਹਮੇਸ਼ਾਂ ਕਮਜ਼ੋਰ ਰਿਹਾ ਹੈ। ਇਸ ਲਈ ਇਨਕਲਾਬ ਦੀਆਂ ਜਰੂਰੀ ਗੱਲਾਂ ਅਤੇ ਕੀਤੇ ਗਏ ਕਾਰਜ ਦੇ ਪ੍ਰਭਾਵ ਵੱਲੀਂ ਧਿਆਨ ਨਹੀਂ ਦਿਤਾ ਗਿਆ। ਇਸ ਵਾਸਤੇ ਇਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜੁੰਮੇਵਾਰੀ ਬਣਾ ਲੈਣਾ ਚਾਹੀਦਾ ਹੈ”।
ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਜੋ ਭਗਤ ਸਿੰਘ ਨੂੰ ਫਾਂਸੀ ਲਾਏ ਜਾਣ ਤੋਂ ਬਾਅਦ ਉਸ ਦੇ ਪ੍ਰੀਵਾਰਕ ਮੈਂਬਰਾਂ ਨੂੰ ਉਸਦੀਆਂ ਕੁਝ ਨਿੱਜੀ ਵਸਤਾਂ ਸਮੇਤ ਦੇ ਦਿੱਤੀ ਗਈ ਸੀ ਪ੍ਰੰਤੂ ਇਹ ਇਤਿਹਾਸਕ ਡਾਇਰੀ ਤਕਰੀਬਨ 50 ਸਾਲਾਂ ਤੱਕ ਕਿਸੇ ਵੀ ਇਤਿਹਾਸਕਾਰ ਦੇ ਨੋਟਿਸ ‘ਚ ਨਹੀਂ ਆ ਸਕੀ ਜਦੋਂ ਕਿ ਇਹ ਡਾਇਰੀ ਭਗਤ ਸਿੰਘ ਦੇ ਛੋਟੇ ਭਰਾ ਕੁਲਬੀਰ ਸਿੰਘ ਕੋਲ ਸੀ। ਇਸ ਡਾਇਰੀ ਵਿੱਚ ਸਾਂਭੇ ਨੋਟ ਉਹਨਾਂ ਲਈ ਅੱਜ ਵੀ ਪੱਥ ਪ੍ਰਦਰਸ਼ਕ ਬਣਨਗੇ ਜਿਹੜੇ ਇਨਕਲਾਬ ਲਈ ਅਰਪਿਤ ਤੇ ਲੋਕਾਂ ਲਈ ਸਮਰਪਿਤ ਕਰਾਂਤੀਕਾਰੀ, ਮਜ਼ਦੂਰ ਜਮਾਤ ਨੂੰ ਸੱਤਾ ਦਾ ਮਾਲਕ ਬਣਾਉਣ ਦਾ ਅਕੀਦਾ ਰੱਖਦੇ ਹਨ। ਜਿਸ ਚਿੰਤਨ ਅਤੇ ਅਧਿਐਨ ਦੀ ਗੱਲ ਭਗਤ ਸਿੰਘ 1929-30 ਦੇ ਸਮੇਂ ‘ਚ ਜੇਲ੍ਹ ਦੀਆਂ ਸਖਤ ਕਠਨਿਆਈਆਂ, ਸਖਤ ਜਾਬਤੇ ਤੇ ਫਾਂਸੀ ਦੇ ਫੰਧੇ ਦੇ ਅਟੱਲ ਹੁਕਮਾਂ ਅਧੀਨ ਰਹਿ ਕੇ ਕਰਦਾ ਹੈ ਤੇ ਆਪ ਉਸ ਤੇ ਅਮਲ ਕਰਦਾ ਹੈ। ਜੇਲ੍ਹ ਵਿੱਚ ਹੀ ਕਿਤਾਬਾਂ ਮੰਗਵਾਉਣਾ ਤੇ ਉਹਨਾਂ ਦਾ ਅਧਿਐਨ ਕਰਨਾ ਹੀ ਤਾਂ ਭਗਤ ਸਿੰਘ ਦੇ ਚਿੰਤਕ ਵਿਅਕਤੀਤਵ ਦੀ ਸਮਰੱਥਾ ਅਤੇ ਗਹਿਰਾਈ ਨੂੰ ਸਪੱਸ਼ਟ
ਕਰਦਾ ਹੈ। ਅਧਿਐਨ ਕਰਨ ਤੋਂ ਬਾਅਦ ਨੋਟ ਤਿਆਰ ਕਰ ਕੇ ਹਰ ਇਨਕਲਾਬੀ ਕਾਰਕੁੰਨ ਨੂੰ ਉਸ ਤੇ ਅਮਲ ਕਰਨ ਲਈ ਵੀ ਪ੍ਰੇਰਦਾ ਹੈ। ਭਾਰਤ ਦੇ ਇਨਕਲਾਬੀ ਇਤਿਹਾਸ ਵਿੱਚ ਬੌਧਿਕ ਪੱਖ ਤੋਂ ਰਹੀ ਘਾਟ ਦੇ ਖੱਪੇ ਨੂੰ ਮਹਿਸੂਸ ਕਰਦਿਆਂ ਭਗਤ ਸਿੰਘ ਨੇ ਸੈਂਕੜੇ ਹੀ ਕਿਤਾਬਾਂ ਦਾ ਡੂੰਘਾ ਅਧਿਐਨ ਕੀਤਾ।
ਇਸ ਦੀ ਬੜੀ ਹੀ ਟੁੰਬਵੀ ਮਿਸਾਲ ਇਹ ਹੈ ਕਿ ਭਗਤ ਸਿੰਘ ਫਾਂਸੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਵੀ ਕਾਮਰੇਡ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਪਰ ਉਸ ਦੀ ਸ਼ਹੀਦੀ ਤੋਂ ਏਨਾਂ ਲੰਮਾ ਸਮਾ ਬਾਅਦ ਵੀ ਕਮਿਊਨਿਸਟ ਪਾਰਟੀਆਂ ਵਿੱਚ ਭਾਰਤੀ ਇਨਕਲਾਬ ਦੇ ਬੁਨਿਆਦੀ ਸੁਆਲਾਂ ਦਾ ਰੇੜਕਾ ਅਜੇ ਤੱਕ ਵੀ ਪਿਆ ਹੋਇਆ ਹੈ। ਹਰ ਕਮਿਊਨਿਸ਼ਟ ਪਾਰਟੀ ਤੇ ਗਰੁੱਪ ਆਪਣੀ ਪਾਰਟੀ ਲਾਈਨ ਦੇ ਦਰੁੱਸਤ ਹੋਣ ਦੀ ਵਕਾਲਤ ਕਰਦੇ ਆ ਰਹੇ ਹਨ। ਜਾਤ ਪਾਤ ਦਾ ਮੁੱਦਾ, ਬੇਜ਼ਮੀਨੇ ਮਜਦੂਰਾਂ ਦੇ ਮਸਲੇ, ਕਸ਼ਮੀਰ ਦਾ ਮੁੱਦਾ, ਆਦਿਵਾਸੀ ਲੋਕਾਂ ਦੇ ਜੰਗਲ, ਜ਼ਮੀਨ, ਜਲ ਤੇ ਸਰਕਾਰੀ ਜ਼ਬਰ ਜਿਹੇ ਭਖਦੇ ਮੁੱਦੇ ਤਾਂ ਕਈ ਪਾਰਟੀਆਂ ਦੇ ਕਿਸੇ ਅਜੰਡੇ ਤੇ ਵੀ ਨਹੀਂ ਹਨ। ਸਗੋਂ ਇਹਨਾਂ ਮੁੱਦਿਆਂ ‘ਤੇ ਤਾਂ ਉਹਨਾਂ ਦੀ ਪਰੈਕਟਿਸ ਵੀ ਬੂਰਜੂਆ ਪਾਰਟੀਆਂ ਨਾਲ ਹੀ ਮੇਲ ਖਾਂਦੀ ਹੈ। ਬਹੁਤ ਸਾਰੇ ਕਮਿਉਨਿਸਟਾਂ ‘ਚ ਤਾਂ ਅਜੇ ਭਾਰਤੀ ਇਨਕਲਾਬ ਦੇ ਬੁਨਿਆਦੀ ਸਵਾਲਾਂ ਤੇ ਉਸਾਰੂ ਬਹਿਸ ਹੋਣ ਦੀ ਥਾਂ ਆਪਸੀ ਖਹਿਬਾਜੀ, ਤਗੰਦਿਲੀ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪ੍ਰਵਿਰਤੀ ਹੀ ਭਾਰੂ ਹੈ। ਮਾਸਟਰ ਤਰਲੋਚਨ ਸਿੰਘ ਵਲੋਂ ਸੰਪਾਦਿਕ ਕੀਤੀ ਕਿਤਾਬ ”ਮੈਂ ਭਗਤ ਸਿੰਘ ਬੋਲ ਰਿਹਾਂ ਹਾਂ” ਦੀ ਸੰਪਾਦਕੀ ‘ਚ ਉਸਨੇ ਲਿਖਿਆ ਹੈ ਕਿ ਬਹੁਤੇ ਲੋਕ ਤਾਂ ਇਹ ਹੀ ਕਹਿਣਗੇ ਕਿ ਉਹ ਤਾਂ ਭਗਤ ਸਿੰਘ ਬਾਰੇ ਸਾਰਾ ਕੁਝ ਜਾਣਦੇ ਹਨ, ਪਰ ਅਸਲੀਅਤ ‘ਚ ਉਹਨਾਂ ਨੇ ਭਗਤ ਸਿੰਘ ਦੀਆਂ ਲਿਖਤਾਂ ਦਾ ਅਧਿਐਨ ਉਹਨਾਂ ਦੇ ਸਾਰ ਤੱਤ ਨੂੰ ਸਮਝਣ ਤੇ ਫਿਰ ਅਮਲ ‘ਚ ਪਰਖਣ ਦੇ ਹਿਸਾਬ ਨਾਲ ਕੀਤਾ ਹੀ ਨਹੀਂ ਹੁੰਦਾ। ਭਗਤ ਸਿੰਘ ਨੇ ਆਪਣੀ ਚਿੰਤਨ ਬੁੱਧੀ ਨਾਲ ਜੋ ਵੀ ਖੁਲਾਸੇ ਕੀਤੇ ਉਹ ਅੱਜ ਤੱਕ ਸਹੀ ਸਾਬਤ ਹੋ ਰਹੇ ਹਨ। ਭਗਤ ਸਿੰਘ ਨੂੰ ਫਾਸੀ ਦੇਣ ਪਿਛੇ ਵੀ ਅੰਗਰੇਜ਼ਾਂ ਦਾ ਵੱਡਾ ਡਰ ਉਸ ਦੀ ਵਿਚਾਰਧਾਰਾ ਤੇ ਉਸ ਨਾਲ ਜੁੜ ਰਹੇ ਲੋਕਾਂ ਦਾ ਵੱਡਾ ਹਜੂਮ ਹੀ ਸੀ। ਇਹ ਗੱਲ ਤਾਂ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਮੰਨੀ ਸੀ।” ਦੇਸ਼ ਵਿੱਚ ਖੱਬੇ ਪੱਖੀ ਅੰਦੋਲਨ ਸਿਰ ਚੁੱਕ ਰਿਹਾ ਸੀ। ਉਸ ਸਮੇਂ ਨੌਜਵਾਨ ਪੀੜ੍ਹੀ ਦੀ ਸੋਚ ਦੀ ਦਿਸ਼ਾ ਦਾ ਵਰਨਣ ਕਰਦਿਆਂ ਹੋਇਆਂ ਜਵਾਹਰ ਲਾਲ ਨਹਿਰੂ ਨੇ ਲਿਖਿਆ ਸੀ ਬੁੱਧੀਜੀਵੀਆਂ, ਇਥੋਂ ਤੱਕ ਕਿ ਸਰਕਾਰੀ ਅਫ਼ਸਰਾਂ ਦੇ ਵਿੱਚ ਵੀ ਕਮਿਉਨਿਜ਼ਮ ਅਤੇ ਸਮਾਜਵਾਦ ਦੇ ਅਸ਼ਪੱਸ਼ਟ ਵਿਚਾਰ ਫੈਲ ਚੁੱਕੇ ਹਨ। ਅੰਗਰੇਜ਼ ਸਾਮਰਾਜਵਾਦੀਆਂ ਨੂੰ ਇਸ ਤੋਂ ਚਿੰਤਾ ਹੋਈ ਅਤੇ ਉਹਨਾਂ ਨੇ ਅੰਦੋਲਨ ਨੂੰ ਸ਼ੁਰੂ ਵਿੱਚ ਕੁਚਲ ਸੁੱਟਣ ਦਾ ਫੈਸਲਾ ਕੀਤਾ। ਖੁਫੀਆ ਬਿਉਰੋ ਦੇ ਨਿਰਦੇਸ਼ਕ ਸਰ ਡੇਵਿਡ ਪੈਟ੍ਰਕਿ ਨੇ ਭਾਰਤ ਵਿੱਚ ਕਮਿਉਨਿਜ਼ਮ ਬਾਰੇ ਆਪਣੀ ਰਿਪੋਰਟ ਵਿੱਚ ਜਿਹੜੀ ਉਹਨਾਂ ਨੇ 1929 ਵਿੱਚ ਤਿਆਰ ਕੀਤੀ ਸੀ ਕਿਹਾ ”ਬਾਲਸ਼ਵਿਕਾਂ ਦਾ ਇਹ ਵਿਸ਼ਵਾਸ਼ ਹੈ ਕਿ ਬ੍ਰਿਟਿਸ਼ ਸਾਮਰਾਜ ਵਿੱਚ ਭਾਰਤ ਸਭ ਤੋਂ ਕਮਜ਼ੋਰ ਬਿੰਦੂ ਹੈ ਅਤੇ ਉਹ ਇਸ ਨੂੰ ਧਾਰਮਿਕ ਵਿਸਵਾਸ਼ ਦੇ ਰੂਪ ‘ਚ ਦਿਲ ਵਿੱਚ ਸਮੋਏ ਹੋਏ ਹਨ ਕਿ ਜਦੋਂ ਤੱਕ ਭਾਰਤ ਅਜ਼ਾਦ ਨਹੀਂ ਹੋ ਜਾਂਦਾ ਉਦੋਂ ਤੱਕ ਰੂਸ ਇੰਗਲੈਂਡ ਦੇ ਸ਼ਰਾਪ ਤੋਂ ਮੁਕਤ ਨਹੀਂ ਹੋ ਸਕੇਗਾ।” ਮਹਾਤਮਾ ਗਾਂਧੀ ਤੇ ਕਾਂਗਰਸ ਕਿਹੋ ਜਿਹੀ ਅਜ਼ਾਦੀ ਲੋਕਾਂ ਨੂੰ ਲੈ ਕੇ ਦੇਣਗੇ, ਭਗਤ ਸਿੰਘ ਦਾ ਉਹ ਕਥਨ ਪੂਰੀ ਤਰ੍ਹਾਂ ਸਹੀ ਸਾਬਤ ਹੋਇਆ ਹੈ। ”ਸਾਨੂੰ ਕਾਂਗਰਸ ਲਹਿਰ ਦੀਆਂ ਸੰਭਾਨਾਵਾਂ, ਹਾਰਾਂ ਅਤੇ ਪ੍ਰਾਪਤੀਆਂ ਬਾਰੇ ਕਿਸੇ ਕਿਸਮ ਦਾ ਭਰਮ ਨਹੀਂ ਹੋਣਾ ਚਾਹੀਦਾ। ਇਸ ਲਹਿਰ ਨੂੰ, ਜੋ ਅੱਜ ਹੈ, ਗਾਂਧੀਵਾਦ ਕਹਿਣਾ ਹੀ ਠੀਕ ਹੈ। ਇਹ ਦਾਅਵੇ ਨਾਲ ਅਜ਼ਾਦੀ ਲਈ ਨਹੀਂ ਖੜਦੀ, ਬਲਕੇ ‘ਹਿੱਸੇਦਾਰੀ’ ਦੇ ਹੱਕ ਵਿਚ ਹੈ। ਇਸ ਦਾ ਤਰੀਕਾ ਅਨੂਠਾ ਹੈ ਪਰ ਵਿਚਾਰੇ ਲੋਕਾਂ ਦੇ ਲਈ ਕਿਸੇ ਕੰਮ ਦਾ ਨਹੀਂ ਹੈ”। ”ਅਸੀਂ ਚਿੱਟੀ ਬੁਰਾਈ ਦੀ ਥਾਂ ਕਾਲੀ ਬੁਰਾਈ ਨੂੰ ਲਿਆ ਕੇ, ਕਸ਼ਟ ਨਹੀਂ ਝੱਲਣਾ ਚਾਹੁੰਦੇ”। 1947 ਤੋਂ ਬਾਅਦ ਨਵੇਂ ਸਾਸਕਾਂ ਦੇ ਬਦਲ- ਬਦਲ ਕੇ ਆਉਂਣ ਤੋਂ ਬਾਅਦ ਵੀ ਮਿਹਨਤੀ ਲੋਕਾਂ ਲਈ ਕੁਝ ਨਹੀਂ ਬਦਲਿਆ ਸਿਵਾਏ ਫਿਰਕਾਪ੍ਰਸਤੀ, ਜਾਤਪਾਤੀ ਝਗੜੇ, ਬੇਰੁਜਗਾਰੀ ਤੇ ਸਾਮਰਾਜਵਾਦੀਆਂ ਦੀ ਅੰਨੀ ਲੁੱਟ ਦੇ। ਕਿਉਂਕਿ ਇਹ ਅਜ਼ਾਦੀ ਲੋਕ ਤਾਕਤ ਨਾਲ ਪ੍ਰਾਪਤ ਨਹੀਂ ਕੀਤੀ ਗਈ, ਸਗੋਂ ਕਾਂਗਰਸ ਅਤੇ ਅੰਗਰੇਜ਼ਾਂ ਵਿਚਕਾਰ ਹੋਏ ਇਕ ਸਮਝੌਤੇ ਤਹਿਤ ਪਰੋਸੀ ਹੋਈ ਮਿਲੀ ਸੀ। ਅੱਜ ਦੇ ਹਾਕਮਾਂ ਦੇ ਤਾਂ ਕਦਮ ਅਣ-ਐਲਾਨੀ ਐਮਰਜੈਂਸੀ ਵਾਂਗ ਫਾਸੀਵਾਦੀ ਹਕੂਮਤ ਵੱਲ ਨੂੰ ਵੱਧ ਰਹੇ ਹਨ। ਕਾਲਜਾਂ ਯੂਨੀਵਰਸਿਟੀਆਂ ਵਿੱਚ ਇਕ ਖਾਸ ਸੋਚ ਦੇ ਉੱਚ ਅਧਿਕਾਰੀਆਂ ਨੂੰ ਫਿੱਟ ਕਰਕੇ ਵਿਰੋਧੀ ਵਿਚਾਰਾਂ ਵਾਲੇ ਵਿਦਿਆਰਥੀਆਂ ਨੂੰ ਅੰਗਰੇਜ਼ ਹਕੂਮਤ ਵਲੋਂ ਬਣਾਏ ਸਡੀਸ਼ਨ ਵਰਗੇ ਸ਼ਗੀਨ ਕੇਸਾਂ ‘ਚ ਫਸਾਇਆ ਜਾ ਰਿਹਾ ਹੈ। ਦਲਿੱਤ ਤੇ ਮਜ਼ਦੂਰ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਦੇ ਵਜੀਫੇ ਤੱਕ ਰੋਕ ਕੇ ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਕ ਫਿਰਕੇ ਵਲੋਂ ਬਾਕੀ ਲੋਕਾਂ ਨੂੰ ਖਾਣ ਅਤੇ ਪਹਿਨਣ ਤੇ ਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਇਸ ਭਗਵੇਂ ਹੱਲੇ ਨੂੰ ਰੋਕਣ ਲਈ ਇਕ ਤਕੜੀ ਲੋਕ ਲਹਿਰ ਦਾ ਹੋਣਾ ਜ਼ਰੂਰੀ ਹੈ। ਭਾਵੇਂ ਅੱਜ ਵੀ ਹਜ਼ਾਰਾਂ ਹੀ ਕਰਾਂਤੀਕਾਰੀ ਨੌਜਵਾਨ ਆਪਣਾ ਸਭ ਕੁਝ ਛੱਡ-ਛਡਾਕੇ ਭਾਰਤੀ ਇਨਕਲਾਬ ਲਈ ਤੁਰੇ ਹੋਏ ਹਨ ਤੇ ਸੈਂਕੜੇ ਹੀ ਨਿਰਾਸ਼ਤਾ ‘ਚੋਂ ਘਰੀਂ ਵੀ ਬੈਠ ਰਹੇ ਹਨ ਜਾਂ ਨਵੇਂ ਨਾਵਾਂ ਹੇਠ ਉੱਗ ਰਹੀਆਂ ਪਾਰਲੀਮਾਨੀ ਪਾਰਟੀਆਂ ਦੇ ਕਾਰਕੁੰਨ ਬਣ ਰਹੇ ਹਨ। ਜੋ ਭਗਤ ਸਿੰਘ ਨੇ ਲਿਖਿਆ ਹੈ ਕਿ ਭਾਰਤੀ ਇਨਕਲਾਬ ਦਾ ਬੌਧਿਕ ਪੱਖ ਹਮੇਸ਼ਾਂ ਹੀ ਕਮਜ਼ੋਰ ਰਿਹਾ ਹੈ, ‘ਤੇ ਸੰਜੀਦਗੀ ਨਾਲ ਵਿਚਾਰਨ ਦੀ ਜ਼ਰੂਰਤ ਹੈ ਤਾਂ ਕਿ ਬੁਨਿਆਦੀ ਮਸਲਿਆਂ ਤੇ ਸਹੀ ਸਮਝ ਹੋਣ ਕਾਰਨ ਗਰੁੱਪਾਂ ‘ਚ ਸਿਧਾਂਤਕ ਤੌਰ ਤੇ ਪੈਂਦੀ ਫੁੱਟ ਨੂੰ ਰੋਕਿਆ ਜਾ ਸਕੇ ਤੇ ਮਜ਼ਦੂਰਾਂ ਕਿਸਾਨਾਂ ਨੂੰ ਜੱਥੇਬੰਦ ਕਰ ਕੇ ਭਗਤ ਸਿੰਘ ਦੇ ਦੱਸੇ ਨਿਸ਼ਾਨੇ ਵੱਲ ਵਧਿਆ ਜਾ ਸਕੇ।
”ਇਨਕਲਾਬ ਤੋਂ ਸਾਡਾ ਕੀ ਭਾਵ ਹੈ, ਸਪਸ਼ਟ ਹੈ। ਇਸ ਸਦੀ ਵਿਚ ਇਸਦੇ ਸਿਰਫ ਇਕ ਹੀ ਮਤਲਬ ਹੋ ਸਕਦੇ ਹਨ-ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ ਤੇ ਕਬਜਾ। ਅਸਲ ਵਿਚ ਇਹ ਹੈ ”ਇਨਕਲਾਬ”। ਬਾਕੀ ਸਭ ਬਗਾਵਤਾਂ ਤਾਂ ਸਿਰਫ ਮਾਲਕਾਂ ਦੀ ਤਬਦੀਲੀ ਕਰਕੇ ਪੂੰਜੀਵਾਦੀ ਸੜਿਆਂਦ ਨੂੰ ਹੀ ਅਗੇ ਤੋਰਦੀਆਂ ਹਨ”।
ਬੌਧਿਕ ਪੱਖ ਦੀ ਘਾਟ ਕਾਰਨ ਹੀ ਬਹੁਤ ਸਾਰਾ ਕਾਡਰ ਤੇ ਕਈ ਟਰੇਡ ਯੂਨੀਅਨਾਂ ਤਾਂ ਅਜੇ ਤੱਕ ਵੀ ਉਹਨਾਂ ਕਮਿਊਨਿਸਟ ਪਾਰਟੀਆਂ ਦੇ ਵਰਕਰ ਬਣੇ ਹੋਏ ਹਨ ਜੋ ਪਾਰਟੀਆਂ ਪਹਿਲਾਂ ਜਵਾਹਰ ਲਾਲ ਨਹਿਰੂ ‘ਚੋਂ ਸਮਾਜਵਾਦ ਲਭਦੀਆਂ ਰਹੀਆਂ ਤੇ ਹੁਣ ਸੋਨੀਆਂ ਦੀ ਕਾਂਗਰਸ ‘ਚੋਂ ਲਭ ਰਹੀਆਂ ਹਨ।
[email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …