Breaking News
Home / ਭਾਰਤ / ਸਾਨੂੰ ਨਿਤੀਸ਼ ਕੁਮਾਰ ਦੀ ਕੋਈ ਲੋੜ ਨਹੀਂ : ਰਾਹੁਲ ਗਾਂਧੀ

ਸਾਨੂੰ ਨਿਤੀਸ਼ ਕੁਮਾਰ ਦੀ ਕੋਈ ਲੋੜ ਨਹੀਂ : ਰਾਹੁਲ ਗਾਂਧੀ

ਕਿਹਾ : ਸਮਾਜਿਕ ਨਿਆਂ ਤੋਂ ਬਾਅਦ ਆਰਥਿਕ ਨਿਆਂ ਵੀ ਜ਼ਰੂਰੀ
ਪੂਰਨੀਆ (ਬਿਹਾਰ)/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮਹਾਗੱਠਜੋੜ ਦੇ ਭਾਈਵਾਲਾਂ ਦੇ ਦਬਾਅ ਕਾਰਨ ਜਾਤੀ ਆਧਾਰਿਤ ਸਰਵੇਖਣ ਕਰਾਉਣ ਦੇ ਮਸਲੇ ‘ਤੇ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਇਸ ‘ਚੋਂ ਬਾਹਰ ਕੱਢ ਲਿਆ ਹੈ।
ਉਨ੍ਹਾਂ ਬਿਹਾਰ ਦੇ ਪੂਰਨੀਆ ਜ਼ਿਲ੍ਹੇ ‘ਚ ਪਾਰਟੀ ਦੀ ‘ਨਿਆਏ ਯਾਤਰਾ’ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਨੂੰ ਨਿਤੀਸ਼ ਕੁਮਾਰ ਦੀ ਲੋੜ ਨਹੀਂ ਹੈ। ਲੋਕਾਂ ਨੂੰ ਇਹ ਗੱਲ ਦਿਮਾਗ ‘ਚ ਰੱਖਣੀ ਚਾਹੀਦੀ ਹੈ ਕਿ ਜਦੋਂ ਉਹ (ਨਿਤੀਸ਼) ਦਬਾਅ ਹੇਠ ਹੁੰਦੇ ਹਨ ਤਾਂ ਉਹ ਪਾਲਾ ਬਦਲ ਲੈਂਦੇ ਹਨ।’ ਉਨ੍ਹਾਂ ਕਿਹਾ, ‘ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਾਂਗਰਸ ਤੇ ਆਰਜੇਡੀ ਵੱਲੋਂ ਇਹ ਯਕੀਨੀ ਬਣਾਏ ਜਾਣ ਕਿ ਜਾਤੀ ਆਧਾਰਿਤ ਸਰਵੇਖਣ ਕਰਵਾਇਆ ਜਾਵੇਗਾ, ਤੋਂ ਬਾਅਦ ਨਿਤੀਸ਼ ਕੁਮਾਰ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਸਨ। ਭਾਜਪਾ ਨੇ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਰਾਹ ਦਿਖਾਇਆ।’
ਰਾਹੁਲ ਨੇ ਕਿਹਾ, ‘ਸਾਡਾ ਮਕਸਦ ਸਮਾਜਕ ਤੇ ਆਰਥਿਕ ਦੋਵਾਂ ਪੱਧਰਾਂ ‘ਤੇ ਨਿਆਂ ਯਕੀਨੀ ਬਣਾਉਣਾ ਹੈ। ਸਮਾਜਕ ਨਿਆਂ ਲਈ ਅਸੀਂ ਜਾਤੀ ਆਧਾਰਿਤ ਸਰਵੇਖਣ ਕਰਾਵਾਂਗੇ ਜੋ ਸਮਾਜ ਦੇ ਐਕਸ-ਰੇਅ ਦੀ ਤਰ੍ਹਾਂ ਹੈ। ਇੱਕ ਵਾਰ ਇਹ ਹੋ ਗਿਆ ਤਾਂ ਫਿਰ ਅਸੀਂ ਐੱਮਆਰਆਈ ਕਰ ਸਕਦੇ ਹਾਂ।’ ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਤੋਂ ਬਾਅਦ ਆਰਥਿਕ ਨਿਆਂ ਵੀ ਜ਼ਰੂਰੀ ਹੈ। ਰੈਲੀ ਨੂੰ ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀਆਂ ਤਾਰਿਕ ਅਨਵਰ, ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਤੇ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੇ ਸੰਬੋਧਨ ਕੀਤਾ।

 

Check Also

ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਟਰਾਇਲ ਕੋਰਟ ਨੇ ਦੋ ਦਿਨ ਪਹਿਲਾਂ ਪਟੀਸ਼ਨ ਕੀਤੀ ਸੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ …