Breaking News
Home / ਭਾਰਤ / ਦਿੱਲੀ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ 30 ਦਿਨ ਦੀ ਫਰਲੋ

ਦਿੱਲੀ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ 30 ਦਿਨ ਦੀ ਫਰਲੋ

ਸਜ਼ਾ ਸੁਣਾਏ ਜਾਣ ਮਗਰੋਂ ਡੇਰਾ ਮੁਖੀ ਨੂੰ ਪਹਿਲੀ ਵਾਰ ਸਿਰਸਾ ਜਾਣ ਦੀ ਇਜਾਜ਼ਤ ਮਿਲੀ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਫਰਲੋ ਮਿਲ ਗਈ ਹੈ। ਇਸ ਵਾਰ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।
ਡੇਰਾ ਮੁਖੀ ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਹਰਿਆਣਾ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਚਾਰ ਸਾਲਾਂ ਵਿੱਚ ਰਾਮ ਰਹੀਮ ਦੀ ਇਹ 12ਵੀਂ ਪੈਰੋਲ ਜਾਂ ਫਰਲੋ ਹੈ।
ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਲਗਪਗ ਇਕ ਹਫ਼ਤਾ ਪਹਿਲਾਂ ਤੇ ਹਰਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪੈਰੋਲ ਮਿਲੀ ਹੈ।
ਡੇਰਾ ਸੱਚਾ ਸੌਦਾ ਮੁਖੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੰਗਲਵਾਰ ਸਵੇਰੇ ਸੁਨਾਰੀਆ ਜੇਲ੍ਹ ਵਿੱਚੋਂ ਬਾਹਰ ਆ ਗਿਆ। ਅਗਸਤ 2017 ਵਿੱਚ ਦੋ ਸਾਧਵੀਆਂ ਨਾਲ ਜਬਰ-ਜਨਾਹ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਮਗਰੋਂ ਉਸ ਨੂੰ ਪਹਿਲੀ ਵਾਰ ਸਿਰਸਾ ਡੇਰੇ ਜਾਣ ਦੀ ਇਜਾਜ਼ਤ ਮਿਲੀ ਹੈ, ਜਿੱਥੇ ਉਹ ਦਸ ਦਿਨ ਠਹਿਰੇਗਾ। ਇਸ ਤੋਂ ਬਾਅਦ ਉਹ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਵਿੱਚ ਰਹੇਗਾ। ਉਸ ਨੂੰ ਫਰਲੋ 5 ਫਰਵਰੀ ਨੂੰ ਹੋ ਰਹੀਆਂ ਦਿੱਲੀ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਦਿੱਤੀ ਗਈ ਹੈ।
ਉਸ ਨੂੰ ਪਿਛਲੀ ਵਾਰ 20 ਦਿਨ ਦੀ ਪੈਰੋਲ ਪਿਛਲੇ ਸਾਲ 5 ਅਕਤੂਬਰ ਨੂੰ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਪਿਛਲੇ ਸਾਲ ਅਗਸਤ ‘ਚ 21 ਦਿਨ ਦੀ ਫਰਲੋ ਦਿੱਤੀ ਸੀ।
ਸ਼੍ਰੋਮਣੀ ਕਮੇਟੀ ਨੇ ਪੈਰੋਲ ‘ਤੇ ਜਤਾਇਆ ਇਤਰਾਜ਼ : ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਫੌਰੀ ਪੈਰੋਲ ਰੱਦ ਕਰਕੇ ਉਸ ਨੂੰ ਮੁੜ ਜੇਲ੍ਹ ਭੇਜਣ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਦੀ ਦੋਹਰੀ ਪਹੁੰਚ ਨੂੰ ਦਰਸਾਉਂਦਾ ਹੈ।

 

Check Also

ਪੰਜਾਬੀ ਗਾਇਕ ਬੱਬੂ ਮਾਨ ਨੇ ਪਾਰਸ ਹੈਲਥ ਦੀ ‘ਉਮੀਦ ਕੇ ਸਿਤਾਰੇ’ ਕੈਂਸਰ ਜਾਗਰੂਕਤਾ ਮੁਹਿੰਮ ਦਾ ਕੀਤਾ ਸਮਰਥਨ

ਪੰਚਕੂਲਾ/ਬਿਊਰੋ ਨਿਊਜ਼ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕੈਂਸਰ ਜਾਗਰੂਕਤਾ ਮੁਹਿੰਮ ‘ਉਮੀਦ ਕੇ ਸਿਤਾਰੇ’ ਵਿੱਚ …