ਜਨਮ, ਜਨਮ ਤੋਂ ਭਟਕ ਰਹੇ ਹਾਂ।
ਵਿੱਚ ਚੌਰਾਸੀ ਲਟਕ ਰਹੇ ਹਾਂ।
ਮਜ਼ਬਾਂ, ਧਰਮਾਂ ਦੇ ਰੌਲ਼ੇ ‘ਚ,
ਇੱਕ ਦੂਜੇ ਨੂੰ ਖਟਕ ਰਹੇ ਹਾਂ।
ਸਿਰ ਖੁਰਕਣ ਦੀ ਵਿਹਲ ਨਹੀਂ,
ਤਾਂ ਹੀ ਸਿਰ ਨੂੰ ਪਟਕ ਰਹੇ ਹਾਂ।
ਰਿਸ਼ਵਤਖੋਰੀ, ਸੀਨਾ ਜੋਰੀ,
ਮਾਲ ਬੇਗਾਨਾ ਗਟਕ ਰਹੇ ਹਾਂ।
ਬੇਰਹਿਮੀ ਦਾ ਆਲਮ ਵੇਖੋ,
ਬੇਜ਼ੁਬਾਨੇ, ਝਟਕ ਰਹੇ ਹਾਂ।
‘ਕੱਲੇ, ‘ਕੱਲੇ ਹੋ ਕੇ ਬਹਿ ਗਏ,
ਨੇੜੇ ਵੀ ਨਾ ਫਟਕ ਰਹੇ ਹਾਂ।
ਮਤਲਬਖ਼ੋਰੇ ਹੋਏ ਬਹੁਤੇ,
ਗੌਂ ਪਿੱਛੇ ਹੀ ਮਟਕ ਰਹੇ ਹਾਂ।
ਇੰਜ ਨਈਂ ਹੋਣਾ ਪਾਰ ਉਤਾਰਾ,
ਇੱਥੇ ਉੱਥੇ ਅਟਕ ਰਹੇ ਹਾਂ।
– ਸੁਲੱਖਣ ਮਹਿਮੀ
+647-786-6329