Breaking News
Home / ਰੈਗੂਲਰ ਕਾਲਮ / ਗੀਤ : ਚੋਣ ਬੁਖਾਰ

ਗੀਤ : ਚੋਣ ਬੁਖਾਰ

ਜ਼ੋਰਾਂ ‘ਤੇ ਚੋਣ ਬੁਖਾਰ
ਨੇਤਾ ਘੁੰਮਦੇ ਸ਼ਰੇ ਬਜ਼ਾਰ
‘ਲੌਂਦੇ ਲਾਰੇ ਵਾਰੋ ਵਾਰ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ
ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ
ਚੌਧਰ ਦੇ ਭੁੱਖੇ ਸਾਰੇ
ਭੋਲ਼ੇ ਲੋਕ ਬਣੇ ਵਿਚਾਰੇ
ਫਿਰਦੇ ਬੇਰੁਜ਼ਗਾਰੀ ਮਾਰੇ, ਬੋਲੋ ਸੱਚ, ਗਪੌੜ ਨਹੀਂ
ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ
ਸਾਰੇ ਵੋਟਾਂ ਦੇ ਢਕਵੰਜ
ਕੱਸੋਂ ਇੱਕ ਦੂਜੇ ‘ਤੇ ਤੰਜ
ਰਲ ਬੈਠੋਂ ਨਾ ਕਦੇ ਪੰਜ, ਕੁੱਝ ਵੀ ਲਾਉਂਦੇ ਤੋੜ ਨਹੀਂ
ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ
ਹੱਕਾਂ ਦੀਆਂ ਗੱਲਾਂ ਕਰਦੇ
ਢਕੇ ਰਹਿਣ ਦਿਓ ਪਰਦੇ
ਲੋਕੀ ਪੀ ਪੀ ਚਿੱਟਾ ਮਰਦੇ, ਕਿਉਂ ਪੈਂਦਾ ਮੋੜ ਨਹੀਂ
ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ
ਰਾਤੋ ਰਾਤ ਬਦਲ ਕੇ ਦਲ
ਲੈਂਦੇ ਹੋਰ ਦੁਆਰੇ ਮੱਲ
ਕਰਾਂਗੇ ਮਸਲੇ ਹੱਲ, ਸਾਡੇ ਜਿਹਾ ਗੱਠਜੋੜ ਨਹੀਂ
ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ
ਤੁਹਾਡਾ ਝੂਠਾ ਲੋਕ ਪਿਆਰ
ਪਿੱਛੋਂ ਲੈਂਦੇ ਨਾ ਤੁਸੀਂ ਸਾਰ
ਜਦ ਬਣ ਜਾਵੇ ਸਰਕਾਰ, ਵੱਢੋਂ ਨਸ਼ੇ ਦਾ ਕੋੜ੍ਹ ਨਹੀਂ
ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ
ਬੰਦ ਕਰੋ ਆਪਸੀ ਜੰਗ
ਅਵਾਮ ਦੀ ਇਹੋ ਮੰਗ
‘ਹਕੀਰ’ ਕਰੋ ਭੋਰਾ ਸੰਗ, ਦੇਣਗੇ ਬਾਂਹ ਮਰੋੜ ਨਹੀਂ
ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …