ਟੋਰਾਂਟੋ/ਹਰਜੀਤ ਸਿੰਘ ਬਾਜਵਾ
ਪਿਛਲੇ ਦਿਨੀ ਕੁਝ ਲੋਕਾਂ ਵੱਲੋਂ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਥੇ ਪੜ੍ਹਨ ਆਏ ਵਿਦਿਆਰਥੀ ਸੂਰਜਦੀਪ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸਦੇ ਰੋਸ ਵੱਜੋਂ ਬਰੈਂਪਟਨ ਵਿੱਚ ਕੁਈਨ ਮੈਰੀ ਪਾਰਕ ਵਿੱਚ ਸੁਹਿਰਦ ਲੋਕਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸ਼ਹਿਰ ਦੇ ਮੋਹਤਬਰ ਵਿਅਕਤੀਆਂ ਅਤੇ ਵੱਡੀ ਗਿਣਤੀ ਵਿੱਚ ਇੱਥੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ (ਮੁੰਡੇ/ਕੁੜੀਆਂ) ਨੇ ਇਕੱਠੇ ਹੋ ਕੇ ਰੋਸ ਵੱਜੋਂ ਕੈਂਡਲ ਮਾਰਚ ਕੱਢਿਆ। ਇਸ ਮੌਕੇ ਬੁਲਾਰਿਆਂ ਨੇ ਸੂਰਜਦੀਪ ਦੀ ਮੌਤ ‘ਤੇ਼ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ, ਉੱਥੇ ਹੀ ਵਿਦਿਆਰਥੀਆਂ ਅਤੇ ਸੂਰਜਦੀਪ ਦੇ ਪਰਿਵਾਰਕ ਮੈਂਬਰਾਂ ਨਾਲ ਹਰ ਦੁੱਖ ਸੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਗੱਲ ਵੀ ਕੀਤੀ।
ਕੈਂਡਲ ਮਾਰਚ ਦੌਰਾਨ ਜਿੱਥੇ ਸ਼ਹਿਰ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਨੇ ਹਿੱਸਾ ਲੈ ਕੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ, ਉੱਥੇ ਹੀ ਗੁਰਦੁਆਰਾ ਸਿੱਖ ਸੰਗਤ ਤੋਂ ਆਏ ਭਾਈ ਕੁਲਦੀਪ ਸਿੰਘ ਜੀ ਕਰਨਾਲ ਵਾਲੇ ਅਤੇ ਭਾਈ ਕਮਲਜੀਤ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਵਾਲਿਆਂ ਵੱਲੋਂ ਸੂਰਜਦੀਪ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਵੀ ਕੀਤੀ। ਇਸ ਮੌਕੇ ਵੱਖ-ਵੱਖ ਆਗੂਆਂ ਤੋਂ ਇਲਾਵਾ ਐਮ ਪੀ ਸੋਨੀਆ ਸਿੱਧੂ, ਕਮਲ ਖਹਿਰਾ, ਵਿਧਾਇਕ ਅਮਰਜੋਤ ਸਿੰਘ ਸੰਧੂ, ਦੀਪਕ ਆਨੰਦ, ਪ੍ਰਭਮੀਤ ਸਰਕਾਰੀਆ, ਸਿਟੀ ਕੌਂਸਲਰ ਹਰਕੀਰਤ ਸਿੰਘ, ਨੌਜਵਾਨ ਆਗੂ ਦੀਪ ਕਰਨ ਤੋਂ ਇਲਾਵਾ ਵੱਖ-ਵੱਖ ਸੀਨੀਅਰਜ਼, ਸੱਭਿਆਚਾਰਕ ਅਤੇ ਖੇਡ ਕਲੱਬਾਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਅੰਤਰਰਾਸ਼ਟਰੀ ਵਿਦਿਆਰਥੀ ਸੂਰਜਦੀਪ ਸਿੰਘ ਦੇ ਕਤਲ ਦੇ ਰੋਸ ਵੱਜੋਂ ਕੈਂਡਲ ਮਾਰਚ ਕੱਢਿਆ
RELATED ARTICLES