Breaking News
Home / ਨਜ਼ਰੀਆ / ਪੁਨਰ ਜਨਮ ਜਾਂ ਮਾਨਸਿਕ ਰੋਗ

ਪੁਨਰ ਜਨਮ ਜਾਂ ਮਾਨਸਿਕ ਰੋਗ

ਮੇਘ ਰਾਜ ਮਿੱਤਰ
ਅੱਜ-ਕੱਲ੍ਹ ਟੈਲੀਵਿਜ਼ਨ ਚੈਨਲਾਂ ਅਤੇ ਕੁਝ ਅਖ਼ਬਾਰਾਂ ਵਿੱਚ ਪੁਨਰ-ਜਨਮ ਦੀਆਂ ਘਟਨਾਵਾਂ ਤੇ ਖ਼ਬਰਾਂ ਚਰਚਾ ਵਿਚ ਰਹਿੰਦੀਆਂ ਹਨ, ਜਿਹੜੀਆਂ ਸਾਧਾਰਨ ਲੋਕਾਂ ਨੂੰ ਭੰਬਲ-ਭੂਸਿਆਂ ਵਿੱਚ ਪਾ ਰਹੀਆਂ ਹਨ। ਪੁਨਰ-ਜਨਮ ਬਾਰੇ ਸਮਝਣ ਤੋਂ ਪਹਿਲਾਂ ਸਾਨੂੰ ਸਾਡੇ ਦਿਮਾਗਾਂ ਵਿਚ ਉਪਜਦੇ ਖ਼ਿਆਲਾਂ ਬਾਰੇ ਸਮਝਣਾ ਚਾਹੀਦਾ ਹੈ। ਸਾਡਾ ਦਿਮਾਗ ਸਰੀਰ ਦੀ ਅਜਿਹੀ ਪ੍ਰਣਾਲੀ ਹੈ ਜਿਹੜੀ ਹਮੇਸ਼ਾ ਕੰਮ ਕਰਦੀ ਰਹਿੰਦੀ ਹੈ। ਜਿਵੇਂ ਸਾਹ-ਕਿਰਿਆ ਅਤੇ ਲਹੂ ਗੇੜ ਪ੍ਰਣਾਲੀ ਹਮੇਸ਼ਾ ਕਾਰਜ਼ਸ਼ੀਲ ਰਹਿੰਦੀਆਂ ਹਨ। ਇਸ ਤਰ੍ਹਾਂ ਹੀ ਸਾਡੇ ਦਿਮਾਗ ਵਿਚ ਖ਼ਿਆਲ ਆਉਂਦੇ ਰਹਿੰਦੇ ਹਨ। ਦਿਮਾਗ ਵਿਚ ਆਏ ਖ਼ਿਆਲ 99 ਫੀਸਦੀ ਕਲਪਿਤ ਹੀ ਹੁੰਦੇ ਹਨ। ਜਿਹੜੇ ਝੂਠੇ ਨਿਕਲ ਜਾਂਦੇ ਹਨ, ਉਨ੍ਹਾਂ ਦਾ ਜ਼ਿਕਰ ਅਸੀਂ ਕਿਸੇ ਕੋਲ ਨਹੀਂ ਕਰਦੇ, ਜੋ ਇੱਕ-ਅੱਧਾ ਸੱਚ ਨਿਕਲ ਜਾਂਦਾ ਹੈ, ਉਸ ਦਾ ਢੰਡੋਰਾ ਪਿੱਟ ਦਿੰਦੇ ਹਾਂ। ਇਹ ਵੀ ਇਕ ਕਾਰਨ ਹੈ, ਜਿਸ ਕਰਕੇ ਬਹੁਤ ਸਾਰੀਆਂ ਅਜਿਹੀਆਂ ਗੈਰ-ਵਿਗਿਆਨਕ ਪੁਨਰ-ਜਨਮ ਦੀਆਂ ਗੱਲਾਂ ਲੋਕਾਂ ਵਿਚ ਪ੍ਰਚਲਿਤ ਹੁੰਦੀਆਂ ਜਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ।
ਬਹੁਤ ਸਾਰੇ ਨਸ਼ਈ ਵਿਅਕਤੀ ਜਦੋਂ ਭੰਗ ਜਾਂ ਸੁੱਖਾ ਖਾ ਲੈਂਦੇ ਹਨ ਤਾਂ ਉਹਨਾਂ ਨੂੰ ਕਈ ਵਾਰ ਆਪਣਾ ਸਰੀਰ ਹਵਾ ਵਿਚ ਉਡਦਾ ਨਜ਼ਰ ਆਉਂਦਾ ਹੈ। ਪਰ ਇਹ ਹਕੀਕਤ ਤਾਂ ਨਹੀਂ ਹੁੰਦੀ। ਇਸੇ ਤਰ੍ਹਾਂ ਦਿਮਾਗ ਵਿਚ ਕਿਸੇ ਵਿਅਕਤੀ ਨੂੰ ਆਇਆ ਪੁਨਰ-ਜਨਮ ਦਾ ਖ਼ਿਆਲ ਵੀ ਹਕੀਕਤ ਨਹੀਂ ਹੋ ਸਕਦਾ। ਮਾਨਸਿਕ ਰੋਗਾਂ ਕਾਰਨ ਵੀ ਪੁੱਠੇ ਸਿੱਧੇ ਖਿਆਲ ਦਿਮਾਗ ਵਿਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦਾ ਵੀ ਜ਼ਿੰਦਗੀ ਦੀਆਂ ਸੱਚਾਈਆਂ ਨਾਲ ਕੋਈ ਸਬੰਧ ਨਹੀਂ ਹੁੰਦਾ। 1984 ਵਿਚ ਬਰਨਾਲਾ ਤੋਂ ਅਸੀਂ ਤਰਕਸ਼ੀਲ ਸੁਸਾਇਟੀ ਲਈ ਕੰਮ ਕਰਨਾ ਸ਼ੁਰੂ ਕੀਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਸੀਂ 50 ਕੇਸ ਪੁਨਰ-ਜਨਮ ਦੇ ਹੱਲ ਕਰ ਚੁੱਕੇ ਹਾਂ। ਹਰ ਕੇਸ ਵਿੱਚ ਪੁਨਰ-ਜਨਮ ਦਾ ਦਾਅਵਾ ਕਰਨ ਵਾਲਿਆਂ ਦੀ ਘੋਖਵੀਂ ਜਾਂਚ ਪੜਤਾਲ ਕੀਤੀ ਗਈ ਹੈ। ਹਰ ਕੇਸ ਵਿਚ 50 ਤੋਂ ਲੈ ਕੇ 100 ਤੱਕ ਸਵਾਲ ਪੁੱਛੇ ਗਏ ਹਨ। ਇਨ੍ਹਾਂ ਵਿਚੋਂ ਦੋ ਜਾਂ ਤਿੰਨ ਫੀਸਦੀ ਸਵਾਲ ਹੀ ਠੀਕ ਹੁੰਦੇ ਹਨ। ਬਾਕੀ ਗਲਤ ਨਿਕਲ ਜਾਂਦੇ ਹਨ। ਲਗਭਗ ਹਰ ਕੇਸ ਦੇ ਪਿੱਛੇ ਅਸੀਂ ਕਾਰਨਾਂ ਨੂੰ ਵੀ ਫਰੋਲਿਆ ਹੈ। ਇਨ੍ਹਾਂ ਵਿਚੋਂ ਬਹੁਤਿਆਂ ਪਿੱਛੇ ਕਿਸੇ ਨਾ ਕਿਸੇ ਦਾ ਨਿੱਜੀ ਸੁਆਰਥ ਛੁਪਿਆ ਹੋਇਆ ਸੀ। ਇੱਥੇ ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦਾ ਹਾਂ।
ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸੇ ਸੰਤ ਦੇ ਦਿਮਾਗ ਵਿਚ ਖ਼ਿਆਲ ਆ ਗਿਆ ਕਿ ਇਕ ਅੱਠ-ਨੌ ਸਾਲ ਦਾ ਲੜਕਾ ਉਸ ਦਾ ਪਿਛਲੇ ਜਨਮ ਦਾ ਗੁਰੂ ਸੀ ਅਤੇ ਉਸ ਸੰਤ ਨੇ ਉਸ ਬੱਚੇ ਦੇ ਜਾ ਪੈਰੀ ਹੱਥ ਲਾਏ ਅਤੇ 1100 ਰੁਪਏ ਦਾ ਮੱਥਾ ਟੇਕ ਦਿੱਤਾ। ਬੱਸ ਫਿਰ ਕੀ ਸੀ? ਉਸਦੇ ਸ਼ਰਧਾਲੂਆਂ ਨੇ ਹੋਰ ਹਜ਼ਾਰਾਂ ਰੁਪਏ ਦੇ ਮੱਥੇ ਉਸ ਲੜਕੇ ਨੂੰ ਟੇਕ ਦਿੱਤੇ। ਸੰਤ ਨੂੰ ਚੇਲਾ ਵੀ ਮਿਲ ਗਿਆ ਅਤੇ ਨੋਟ ਵੀ ਇਕੱਠੇ ਹੋ ਗਏ।
ਜ਼ਿਲ੍ਹਾ ਸੰਗਰੂਰ ਦੇ ਹੀ ਇਕ ਪਿੰਡ ਦੀ ਇਸਤਰੀ ਦਾ ਨੌਜਵਾਨ ਪਤੀ ਮੋਟਰਸਾਇਕਲ ਐਕਸੀਡੈਂਟ ਵਿਚ ਮਾਰਿਆ ਗਿਆ। ਉਸਦੀ ਪਤਨੀ ਨੇ ਆਪਣੀ ਰੋਜੀ-ਰੋਟੀ ਤੋਰਨ ਲਈ ਕੁੱਝ ਮੱਝਾਂ ਰੱਖ ਲਈਆਂ ਅਤੇ ਦੁੱਧ ਪਾਉਣ ਲੱਗ ਪਈ। ਦੁੱਧ ਲਿਜਾਣ ਵਾਲੇ ਦੋਧੀ ਨੇ ਸਕੀਮ ਬਣਾਈ ਕਿ ਜੇ ਇਹ ਇਸਤਰੀ ਕਿਸੇ ਢੰਗ ਨਾਲ ਮੇਰੇ ਕਾਬੂ ਵਿੱਚ ਆ ਜਾਵੇ ਤਾਂ ਮੈਂ ਇਸਦੇ ਹਿੱਸੇ ਵਿੱਚ ਆਉਂਦੀ ਬਾਰਾਂ ਏਕੜ ਜ਼ਮੀਨ ਦਾ ਮਾਲਕ ਬਣ ਜਾਵਾਂਗਾ ਅਤੇ ਨਾਲ ਹੀ ਇੱਕ ਹੋਰ ਸੁੰਦਰ ਪਤਨੀ ਦਾ ਪਤੀ। ਉਸਨੇ ਆਪਣੇ ਅੱਠ-ਨੌਂ ਸਾਲਾਂ ਦੇ ਲੜਕੇ ਨੂੰ ਉਸ ਇਸਤਰੀ ਦੇ ਘਰ ਬਾਰੇ ਅਤੇ ਉਸਦੇ ਮਰੇ ਹੋਏ ਪਤੀ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਬੱਸ ਫਿਰ ਕੀ ਸੀ? ਉਸਦਾ ਅੱਠ-ਨੌਂ ਸਾਲਾ ਲੜਕਾ ਉਸਦੇ ਘਰ ਜਾ ਕੇ ਕਹਿਣ ਲੱਗਾ ਕਿ ਮੈਂ ਪਿਛਲੇ ਜਨਮ ਵਿਚ ਤੇਰਾ ਪਤੀ ਕਰਨੈਲ ਸਿੰਘ ਸੀ ਅਤੇ ਮੋਟਰਸਾਇਕਲ ਐਕਸੀਡੈਂਟ ਵਿਚ ਮੇਰੀ ਮੌਤ ਹੋ ਗਈ ਸੀ। ਉਸਨੇ ਘਰ ਵਿੱਚ ਪਈਆਂ ਚੀਜ਼ਾਂ ਦੀ ਜਾਣਕਾਰੀ ਵੀ ਦੇ ਦਿੱਤੀ। ਕੁੱਝ ਹੀ ਮਹੀਨਿਆਂ ਵਿਚ ਉਸ ਮੁੰਡੇ ਦਾ ਦੋਧੀ ਬਾਪ ਨਾਲੇ ਤਾਂ ਬਾਰਾਂ ਏਕੜ ਜ਼ਮੀਨ ਦਾ ਮਾਲਕ ਬਣ ਗਿਆ ਅਤੇ ਨਾਲੇ ਇਕ ਹੋਰ ਸੁੰਦਰ ਪਤਨੀ ਦਾ ਪਤੀ।
ਅਸਲ ਵਿੱਚ ਪੁਨਰ-ਜਨਮ ਦਾ ਸਵਾਲ ਆਤਮਾ ਨਾਲ ਜੁੜਿਆ ਹੋਇਆ ਹੈ। ਸਰੀਰ ਵਿੱਚ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਹਿੰਦੋਸਤਾਨ ਦੇ ਸੈਂਕੜੇ ਹਸਪਤਾਲਾਂ ਵਿਚ ਰੋਜ਼ਾਨਾ ਹਜ਼ਾਰਾਂ ਹੀ ਅਪਰੇਸ਼ਨ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਵੱਖ-ਵੱਖ ਅੰਗਾਂ ਦੇ ਹੁੰਦੇ ਹਨ। ਅੱਜ ਤੱਕ ਕਿਸੇ ਵੀ ਇਕ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਰੀਰ ਕਿਵੇਂ ਕਾਰਜ ਕਰਦਾ ਹੈ? ਜੇ ਅਸੀਂ ਇਕ ਬਾਲਟੀ ਵਿੱਚ ਕੁੱਝ ਚੂਨਾ ਪਾ ਕੇ ਕੁਝ ਪਾਣੀ ਪਾ ਦੇਈਏ ਤਾਂ ਅਸੀਂ ਦੇਖਾਂਗੇ ਕਿ ਇਸ ਵਿਚੋਂ ਹਰਕਤ, ਗਰਮੀ ਅਤੇ ਆਵਾਜ਼ ਪੈਦਾ ਹੋਣੀ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ ਸਰੀਰ ਵਿਚ ਗਰਮੀ ਹਰਕਤ ਆਵਾਜ਼ ਆਦਿ ਸਰੀਰ ਦੇ ਅੰਦਰੂਨੀ ਰਸਾਇਣਕ ਪਦਾਰਥਾਂ ਵਿਚ ਰਸਾਇਣਕ ਕਿਰਿਆਵਾਂ ਕਰਕੇ ਪੈਦਾ ਹੁੰਦੀਆਂ ਹਨ। ਇਹ ਤਾਂ ਸਿਰਫ ਇਕ ਉਦਾਹਰਣ ਹੈ। ਮਨੁੱਖੀ ਸਰੀਰ ਦਾ ਅਮੀਬੇ ਤੋਂ ਲੈ ਕੇ ਮਨੁੱਖ ਬਣਨ ਤੱਕ ਦਾ ਤਿੰਨ ਸੌ ਕਰੋੜ ਵਰ੍ਹਿਆਂ ਦਾ ਸਫਰ ਮਨੁੱਖ ਜਾਤੀ ਦੁਆਰਾ ਕੀਤੇ ਗਏ ਲੰਬੇ ਸੰਘਰਸ਼ਾਂ ਦਾ ਸਿੱਟਾ ਹੈ, ਜਿਸ ਨੂੰ ਇਸ ਨੇ ਤਰਤੀਬ ਦੇਣਾ ਸਿੱਖ ਲਿਆ ਹੈ। ਜਿਵੇਂ ਰੇਡੀਓ ਜਾਂ ਟੈਲੀਵਿਜ਼ਨ ਵਿਚ ਬਹੁਤ ਸਾਰੀਆਂ ਪ੍ਰਣਾਲੀਆਂ ਕਾਰਜਸ਼ੀਲ ਹੁੰਦੀਆਂ ਹਨ। ਕੋਈ ਬਿਜਲੀ ਦੀ ਸਪਲਾਈ ਕਰਦੀ ਹੈ, ਕੋਈ ਆਵਾਜ਼ ਦੀਆਂ ਤਰੰਗਾਂ ਫੜਨ ਦਾ ਅਤੇ ਕੋਈ ਇਨ੍ਹਾਂ ਤਰੰਗਾਂ ਨੂੰ ਧੁਨੀ ਤਰੰਗਾਂ ਵਿਚ ਬਦਲਣ ਦਾ ਕੰਮ ਕਰਦੀ ਹੈ। ਇਸੇ ਤਰ੍ਹਾਂ ਹੀ ਮਨੁੱਖੀ ਸਰੀਰ ਵੀ ਵੱਖ-ਵੱਖ ਅੰਗ ਪ੍ਰਣਾਲੀਆਂ ਦਾ ਸਮੂਹ ਹੈ। ਕੋਈ ਪ੍ਰਣਾਲੀ ਸੋਚਣ ਦਾ, ਕੋਈ ਸਾਹ ਲੈਣ ਦਾ, ਕੋਈ ਲਹੂ ਗੇੜ ਦਾ ਕੰਮ ਕਰਦੀ ਹੈ। ਜਿਵੇਂ ਰੇਡੀਓ ਦੀ ਕੋਈ ਮਹੱਤਵਪੂਰਨ ਪ੍ਰਣਾਲੀ ਜੇਕਰ ਕੰਮ ਕਰਨਾ ਬੰਦ ਕਰ ਦੇਵੇ ਤਾਂ ਇਸ ਵਿਚੋਂ ਕੋਈ ਆਤਮਾ ਤਾਂ ਨਹੀਂ ਨਿਕਲ ਜਾਂਦੀ? ਇਸੇ ਤਰ੍ਹਾਂ ਸਰੀਰ ਦੀ ਕਿਸੇ ਅੰਗ ਪ੍ਰਣਾਲੀ ਦਾ ਕੰਮ ਬੰਦ ਹੋਣ ਨਾਲ ਹੋਈ ਮੌਤ ਇਸ ਵਿਚ ਆਤਮਾ ਦਾ ਨਿਕਲ ਜਾਣਾ ਨਹੀਂ ਹੁੰਦਾ। ਕਿਹਾ ਜਾਂਦਾ ਹੈ ਕਿ ਵਿਗਿਆਨੀਆਂ ਨੇ ਇਕ ਮਰ ਰਹੇ ਵਿਅਕਤੀ ਨੂੰ ਸ਼ੀਸ਼ੇ ਦੇ ਬਰਤਨ ਵਿਚ ਬੰਦ ਕਰ ਦਿੱਤਾ। ਜਦੋਂ ਵਿਅਕਤੀ ਦੀ ਮੌਤ ਹੋ ਗਈ ਤਾਂ ਇਸ ਬਰਤਨ ਵਿਚੋਂ ਆਤਮਾ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਗਈ। ਇਹ ਸਭ ਅਫ਼ਵਾਹਾਂ ਹਨ। ਇਨ੍ਹਾਂ ਦੀ ਪਰਖ ਕਰਨ ਲਈ ਤੁਸੀਂ ਵੀ ਇਕ ਬੋਤਲ ਵਿਚ ਕੁਝ ਕੀੜੇ ਅਤੇ ਕੀੜੇਮਾਰ ਦਵਾਈ ਪਾ ਕੇ ਬੰਦ ਕਰ ਸਕਦੇ ਹੋ। ਕੀੜੇ ਮਰ ਜਾਣਗੇ, ਪਰ ਬੋਤਲ ਨਹੀਂ ਟੁੱਟੇਗੀ। ਚੰਡੀਗੜ੍ਹ ਦੇ ਪੀ. ਜੀ.ਆਈ. ਹਸਪਤਾਲ ਵਿਚ ਹਰ ਸਾਲ ਹਜ਼ਾਰਾਂ ਅਪਰੇਸ਼ਨ ਦਿਲ, ਦਿਮਾਗ ਅਤੇ ਪੇਟ ਦੇ ਅੰਦਰੂਨੀ ਹਿੱਸਿਆਂ ਦੇ ਹੁੰਦੇ ਹਨ, ਪਰ ਕਦੇ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ ਅਤੇ ਨਾ ਹੀ ਆਤਮਾ ਦਾ ਭਾਰ ਅਤੇ ਆਕਾਰ ਕਦੇ ਕਿਸੇ ਡਾਕਟਰ ਜਾਂ ਵਿਗਿਆਨੀ ਨੇ ਦੱਸਿਆ ਹੈ। ਵਿਗਿਆਨ ਦੀ ਕਿਸੇ ਕਿਤਾਬ ਵਿਚ ਵੀ ਇਸ ਦਾ ਭਾਰ ਅਤੇ ਆਕਾਰ ਕਿਤੇ ਵੀ ਦਰਜ ਨਹੀਂ, ਕਿਉਂਕਿ ਆਤਮਾ ਜੇ ਮੋਈ ਮਾਦਾ ਹੋਵੇਗੀ ਤਾਂ ਹੀ ਉਸ ਦਾ ਭਾਰ ਹੋ ਸਕਦਾ ਹੈ। ਵਿਗਿਆਨਕ ਪਰਿਭਾਸ਼ਾਵਾਂ ਵਿੱਚ ਪਦਾਰਥ ਦੀ ਬਕਾਇਦਾ ਪਰਿਭਾਸ਼ਾ ਦੱਸੀ ਗਈ ਹੈ। ਜਿਹੜੀ ਵਸਤੂ ਥਾਂ ਘੇਰਦੀ ਹੋਵੇ, ਜਿਸਦਾ ਆਕਾਰ ਅਤੇ ਭਾਰ ਹੋਵੇ, ਉਸਨੂੰ ਪਦਾਰਥ ਕਿਹਾ ਜਾਂਦਾ ਹੈ। ਜਿਸ ਵੀ ਵਸਤੂ ਦਾ ਭਾਰ ਅਤੇ ਆਕਾਰ ਨਹੀਂ ਹੁੰਦਾ, ਉਸਦਾ ਵਜੂਦ ਹੋ ਹੀ ਨਹੀਂ ਸਕਦਾ। ਵਿਗਿਆਨਕਾਂ ਨੇ ਪਦਾਰਥਾਂ ਦੇ ਨਿੱਕੇ ਤੋਂ ਨਿੱਕੇ ਇਲੈਕਟ੍ਰੋਨਾਂ ਅਤੇ ਨਿਊਟ੍ਰੋਨਾਂ ਦਾ ਭਾਰ ਦੱਸ ਦਿੱਤਾ ਹੈ। ਕਿਉਂਕਿ ਆਤਮਾ ਦਾ ਭਾਰ ਅਤੇ ਆਕਾਰ ਅੱਜ ਤੱਕ ਕਿਸੇ ਵੀ ਵਿਗਿਆਨੀ ਜਾਂ ਡਾਕਟਰ ਨੂੰ ਪ੍ਰਾਪਤ ਨਹੀਂ ਹੋਇਆ। ਇਸ ਲਈ ਇਸਦਾ ਵਜੂਦ ਅਸੰਭਵ ਹੈ। ਸੋ, ਇਸ ਦੀ ਹੋਂਦ ਦੀ ਕਲਪਨਾ ਕਰਨਾ ਗਲਤ ਹੈ। ਇੱਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੋ ਸਾਡੇ ਅੰਦਰ ਬੋਲਦਾ ਹੈ, ਸੋਚਦਾ ਹੈ, ਉਹ ਹੈ ਕੀ? ਵਿਗਿਆਨੀਆਂ ਅਨੁਸਾਰ ਤਾਂ ਸਰੀਰ ਦੀਆਂ ਵੱਖ-ਵੱਖ ਅੰਗ ਪ੍ਰਣਾਲੀਆਂ ਵਿਚਲਾ ਤਾਲਮੇਲ ਹੀ ਸਭ ਕੁਝ ਹੈ। ਜਦੋਂ ਕੋਈ ਮਹੱਤਵਪੂਰਨ ਅੰਗ ਪ੍ਰਣਾਲੀ ਕੰਮ ਕਰਨੋਂ ਜਵਾਬ ਦੇ ਜਾਂਦੀ ਹੈ ਤਾਂ ਬੰਦੇ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਡਾਕਟਰ ਮਰੀ ਹੋਈ ਜਾਂ ਕੰਮ ਕਰਨੋ ਜਵਾਬ ਦੇ ਗਈ ਅੰਗ ਪ੍ਰਣਾਲੀ ਨੂੰ ਜੀਵਿਤ ਵੀ ਕਰ ਲੈਂਦੇ ਹਨ। ਕਰਨਾਟਕ ਦੇ ਹਲਦੀਪੁਰਾ ਦੀ ਜੰਮਪਲ ਅਰੁਣਾ ਰਾਮਚੰਦਰਾ ਸ਼ਾਨਬਾਗ, 42 ਸਾਲ ਜ਼ਿੰਦਗੀ ਅਤੇ ਮੌਤ ਨਾਲ ਜੂਝਦੀ ਰਹੀ ਅਤੇ ਅਖੀਰ 18 ਮਈ ਨੂੰ ਆਪਣੀਆਂ ਸਾਥਣ ਨਰਸਾਂ ਨੂੰ ਅਲਵਿਦਾ ਕਹਿ ਗਈ। ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ (ਕੇ. ਈ.ਐਮ.) ਵਿੱਚ ਬਤੌਰ ਸਟਾਫ਼ ਨਰਸ ਸੇਵਾ ਨਿਭਾ ਰਹੀ ਅਰੁਣਾ 27 ਨਵੰਬਰ 1973 ਨੂੰ ਵਾਰਡ ਦੇ ਲੜਕੇ ਦੀ ਵਧੀਕੀ ਦਾ ਸ਼ਿਕਾਰ ਹੋ ਗਈ। ਹਮਲਾਵਰ ਸੋਹਨ ਲਾਲ ਭਾਰਥਾ ਨੂੰ ਪੁਲਿਸ ਨੇ ਕੁਝ ਦਿਨ ਬਾਅਦ ਗ੍ਰਿਫ਼ਤਾਰ ਤਾਂ ਕਰ ਲਿਆ, ਪਰ ਉਸ ਵਿਰੁੱਧ ਸਿਰਫ਼ ਲੁੱਟ ਖੋਹ ਕਰਨ ਦਾ ਕੇਸ ਹੀ ਦਰਜ ਕੀਤਾ ਗਿਆ। ਭਾਵੇਂ ਉਸ ਨੇ ਬਲਾਤਕਾਰ ਦਾ ਯਤਨ ਕੀਤਾ ਸੀ, ਪਰ ਅਰੁਣਾ ਦੇ ਵਿਰੋਧ ਕਾਰਨ ਉਹ ਸਫਲ ਨਾ ਹੋ ਸਕਿਆ। ਉਸ ਨੇ ਕੁੱਤਿਆਂ ਨੂੰ ਪਾਈ ਜਾਣ ਵਾਲੀ ਸੰਗਲੀ ਪਾ ਕੇ ਉਸ ਨੂੰ ਘੜੀਸ ਦਿੱਤਾ। ਜਿਸ ਨਾਲ ਉਸ ਦੇ ਦਿਮਾਗ਼ ਨੂੰ ਖੂਨ ਸਪਲਾਈ ਕਰਨ ਵਾਲੀ ਨਸ ਬੰਦ ਹੋ ਗਈ। ਜਦੋਂ ਦਿਮਾਗ਼ ਨੂੰ ਖ਼ੂਨ ਨਾ ਮਿਲਿਆ ਤਾਂ ਉਸ ਦਾ ਕੁਝ ਭਾਗ ਕੰਮ ਕਰਨਾ ਬੰਦ ਕਰ ਗਿਆ, ਪਰ ਡਾਕਟਰਾਂ ਦੇ ਕਾਫ਼ੀ ਯਤਨਾਂ ਨਾਲ, ਉਹ ਕਰੀਬ 42 ਸਾਲ ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਰਹੀ। ਕੀ ਕੋਈ ਵਿਅਕਤੀ ਕਦੇ ਇਹ ਦਸ ਸਕੇਗਾ ਕਿ 42 ਵਰੇ ਉਸਦੀ ਆਤਮਾ ਕਿੱਥੇ ਰਹੀ? ਕਦੇ ਵੀ ਕਿਸੇ ਵਿਅਕਤੀ ਨੇ ਇਹ ਦੱਸਣ ਦਾ ਯਤਨ ਨਹੀਂ ਕੀਤਾ ਕਿ ਜੇ ਆਤਮਾ ਇਕ ਸਰੀਰ ਤੋਂ ਦੂਜੇ ਸਰੀਰ ਵਿੱਚ ਜਾਂਦੀ ਹੈ ਤਾਂ ਉਹ ਇਸ ਦੇ ਲਈ ਕਿਸ ਮਾਧਿਅਮ ਦੀ ਵਰਤੋਂ ਕਰਦੀ ਹੈ? ਕਿਉਂਕਿ ਕੋਈ ਵੀ ਵਿਚਾਰ ਕਿਸੇ ਪਦਾਰਥ ਵਿਚ ਹੀ ਰਹਿ ਸਕਦਾ ਹੈ। ਪਦਾਰਥ ਤੋਂ ਬਗੈਰ ਕਿਸੇ ਵਿਚਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲੋਕਾਂ ਨੂੰ ਭਰਮਾਂ-ਵਹਿਮਾਂ ਵਿੱਚ ਧੱਕਣਾ ਇੱਥੋਂ ਦੀ ਰਾਜ ਕਰ ਰਹੀ ਜਮਾਤ ਦੀ ਲੋੜ ਹੈ। ਇਸ ਲਈ ਬਹੁਤੇ ਟੈਲੀਵਿਜ਼ਨ ਚੈਨਲਾਂ ਦੇ ਮਾਲਕ ਸਭ ਕੁਝ ਜਾਣਦੇ ਹੋਏ ਇਨ੍ਹਾਂ ਗੱਲਾਂ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਸੋ ਉਨ੍ਹਾਂ ਨੂੰ ਚਾਹੀਦਾ ਤਾਂ ਇਹ ਹੈ ਜਿਹੜੇ ਵਿਅਕਤੀ ਪੁਨਰ-ਜਨਮ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਦਿਮਾਗ਼ੀ ਨੁਕਸਾਂ ਕਾਰਨ ਮਾਨਸਿਕ ਰੋਗਾਂ ਦੇ ਹਸਪਤਾਲਾਂ ਵਿਚ ਭਰਤੀ ਕਰਵਾਉਣ। ਪਰ ਟੈਲੀਵਿਜ਼ਨ ਚੈਨਲਾਂ ਵਾਲੇ ਤਾਂ ਭੋਲੀ-ਭਾਲੀ ਜਨਤਾ ਵਿਚ ਉਨ੍ਹਾਂ ਨੂੰ ਪੂਜਣਯੋਗ ਬਣਾ ਰਹੇ ਹਨ।
ਤਰਕਸ਼ੀਲ ਸੁਸਾਇਟੀ ਦੇ ਸ਼ੁਰੂਆਤੀ ਦੇ ਦਿਨਾਂ ਦੀ ਇਕ ਘਟਨਾ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਰਾਜਪੁਰੇ ਤੋਂ ਭੂਤਾਂ-ਪ੍ਰੇਤਾਂ ਦੀਆਂ ਖ਼ਬਰਾਂ ਆਮ ਤੌਰ ‘ਤੇ ਅਖ਼ਬਾਰਾਂ ਵਿਚ ਸੁਰਖ਼ੀਆਂ ਵਿਚ ਛਪਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਖ਼ਬਰ ਦੀ ਪੜਤਾਲ ਕਰਨ ਤੋਂ ਬਾਅਦ ਉੱਥੋਂ ਦੇ ਇਕ ਪੱਤਰਕਾਰ ਨੂੰ ਅਸੀਂ ਪੁੱਛਿਆ ਕਿ ਸਾਨੂੰ ਤਾਂ ਪੜਤਾਲ ਵਿਚ ਕੁੱਝ ਮਿਲਿਆ ਨਹੀਂ ਤੂੰ ਇਹ ਖਬਰ ਕਿਸ ਸੂਚਨਾ ਦੇ ਆਧਾਰ ‘ਤੇ ਲਗਾਈ ਹੈ? ਤਾਂ ਉਹ ਕਹਿਣ ਲੱਗਿਆ, ”ਮੈਂ ਤਾਂ ਇਹ ਗੱਲ ਸੁਣੀ ਹੀ ਸੀ। ਮੈਂ ਸੋਚਿਆ ਖ਼ਬਰ ਦਿਲਚਸਪ ਬਣਦੀ ਹੈ। ਇਸ ਲਈ ਅਖਬਾਰ ਨੂੰ ਭੇਜ ਦਿੱਤੀ।” ਮੈਂ ਉਸ ਨੂੰ ਕਿਹਾ ”ਪੱਤਰਕਾਰੀ ਦਾ ਕੰਮ ਇਹ ਤਾਂ ਨਹੀਂ ਹੁੰਦਾ ਕਿ ਉਹ ਝੂਠੀ ਖਬਰ ਦੇ ਕੇ ਲੱਖਾਂ ਸਾਧਾਰਨ ਲੋਕਾਂ ਨੂੰ ਅੰਧਵਿਸ਼ਵਾਸੀ ਦੀ ਡੂੰਘੀ ਦਲਦਲ ਵਿਚ ਧੱਕ ਦੇਵੇਂ। ਤੈਨੂੰ ਸਜ਼ਾ ਦੇਣ ਵਾਲਾ ਤਾਂ ਕੋਈ ਨਹੀਂ, ਪਰ ਤੇਰਾ ਜੁਰਮ ਮੁਆਫੀਯੋਗ ਨਹੀਂ।” ਅੱਜ ਤੋਂ 20ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਸੋ ਮੈਂ ਆਪਣੇ ਦਸਵੀਂ ਜਮਾਤ ਦੇ ਹਾਜ਼ਰ 10-12 ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਯੋਗਸ਼ਾਲਾ ਵਿਚ ਲੈ ਗਿਆ। ਮੈਂ ਉਨ੍ਹਾਂ ਵਿਚੋਂ ਕੁੱਝ ਵਿਦਿਆਰਥੀਆਂ ਨੂੰ ਹਿਪਨੋਟਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਵਿਦਿਆਰਥੀ ਨੂੰ ਹਿਪਨੋਟਾਈਜ਼ ਕਰਨ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ ਕਿ ਤੂੰ ਪਿਛਲੇ ਜਨਮ ਵਿਚ ਕੀ ਸੀ? ਤਾਂ ਉਸ ਦਾ ਜਵਾਬ ਸੀ ਕਿ ”ਮੈਂ ਮਹਾਰਾਜਾ ਰਣਜੀਤ ਸਿੰਘ ਸਾਂ।” ਤੇਰੇ ਕਿੰਨੀਆਂ ਅੱਖਾਂ ਸਨ ਤਾਂ ਉਸ ਦਾ ਜਵਾਬ ਸੀ ਕਿ ਇੱਕ, ਦੂਜੀ ਤਾਂ ਪਲੇਗ ਨਾਲ ਮਾਰੀ ਗਈ ਸੀ। ਜਦ ਮੈਂ ਅਗਲੇ ਵਿਦਿਆਰਥੀ ਨੂੰ ਪੁੱਛਿਆ ਕਿ ਤੂੰ ਪਿਛਲੇ ਜਨਮ ਵਿਚ ਕੀ ਸੀ ਤਾਂ ਉਹ ਕਹਿਣ ਲੱਗਿਆ ”ਮੈਂ ਮਹਾਤਮਾ ਗਾਂਧੀ ਸਾਂ ਤੇ ਮੇਰੇ ਸਿਰ ‘ਤੇ ਸਿਰਫ਼ ਇੱਕ ਬੋਦੀ ਸੀ।” ਉਸ ਤੋਂ ਅਗਲੇ ਵਿਦਿਆਰਥੀ ਦਾ ਜਵਾਬ ਸੀ ਕਿ ਉਹ ਪਿਛਲੇ ਜਨਮ ਵਿਚ ਇਕ ਰੂਸੀ ਲੇਖਕ ਗੋਰਕੀ ਸੀ ਤੇ ਉਸ ਨੇ ‘ਮਾਂ’ ਨਾਂ ਦਾ ਨਾਵਲ ਲਿਖਿਆ ਸੀ। ਹੁਣ ਤੁਸੀਂ ਹੀ ਦੱਸੋ ਕਿ ਮੇਰੇ ਸਕੂਲ ਦੀ ਦਸਵੀਂ ਜਮਾਤ ਵਿਚ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਰ ਚੁੱਕੇ ਤਿੰਨ ਆਗੂ ਪੈਦਾ ਹੋ ਗਏ ਸਨ? ਸੋ ਹਿਪਨੋਟਿਜ਼ਮ ਰਾਹੀਂ ਖ਼ਿਆਲ ਉਪਜਾਏ ਜਾਂ ਮਿਟਾਏ ਜਾਣਾ ਸੰਭਵ ਹੁੰਦਾ ਹੈ।
ਸੋ ਪੁਨਰ-ਜਨਮ ਦੀਆਂ ਛਪ ਰਹੀਆਂ ਅਤੇ ਵਿਖਾਈਆਂ ਜਾ ਰਹੀਆਂ ਸਭ ਘਟਨਾਵਾਂ ਫ਼ਰਜ਼ੀ ਹਨ ਅਤੇ ਇਨ੍ਹਾਂ ਪਿੱਛੇ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਸਵਾਰਥ ਜ਼ਰੂਰ ਛੁਪਿਆ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਜੇ ਭਾਰਤ ਵਿਚ ਗ਼ਰੀਬੀ, ਬੇਰੁਜ਼ਗਾਰੀ, ਬੇਈਮਾਨੀ ਅਤੇ ਰਿਸ਼ਵਤਖੋਰੀ ਭਾਰੂ ਹੈ ਤਾਂ ਇਸਦਾ ਸਿਰਫ਼ ਇੱਕੋ-ਇੱਕ ਕਾਰਨ ਇੱਥੋਂ ਦੇ ਬਹੁਗਿਣਤੀ ਲੋਕਾਂ ਦਾ ਲਾਈਲੱਗ ਹੋਣਾ ਹੈ ਅਤੇ ਮੌਜੂਦਾ ਸਿਆਸਤ ਹੀ ਇਨ੍ਹਾਂ ਨੂੰ ਲਾਈਲੱਗ ਬਣਾ ਰਹੀ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …