Breaking News
Home / ਨਜ਼ਰੀਆ / ਬਾਲ ਨਾਟਕ

ਬਾਲ ਨਾਟਕ

ਆਤਮ ਵਿਸ਼ਵਾਸ ਜ਼ਰੂਰੀ ਹੈ!
ਡਾ. ਡੀ ਪੀ ਸਿੰਘ
416-859-1856
ਪਾਤਰ:
ਹਰਪ੍ਰੀਤ : ਵਿਦਿਆਰਥੀ, ਉਮਰ 14 ਸਾਲ
ਦਿਲਜੀਤ: ਹਰਪ੍ਰੀਤ ਦੀ ਮੰਮੀ, ਉਮਰ ਲਗਭਗ 45 ਸਾਲ
ਰਾਜੇਸ਼ : ਅਧਿਆਪਕ
ਸਾਹਿਲ : ਵਿਦਿਆਰਥੀ, ਉਮਰ 15 ਸਾਲ
ਜਸਵੀਰ : ਵਿਦਿਆਰਥੀ, ਉਮਰ 14 ਸਾਲ, ਕਲਾਸ ਮੋਨੀਟਰ
ਜੁਗੇਸ਼ : ਵਿਦਿਆਰਥੀ, ਉਮਰ 15 ਸਾਲ
ਸੁਰਿੰਦਰ : ਵਿਦਿਆਰਥੀ, ਉਮਰ 14 ਸਾਲ
ਸਿਮਰਨ : ਹਰਪ੍ਰੀਤ ਦੀ ਭੈਣ, ਉਮਰ 16 ਸਾਲ
ਪਰਦਾ ਉੱਠਦਾ ਹੈ।
ਝਾਕੀ ਪਹਿਲੀ
(ਸਕੂਲ ਦਾ ਦ੍ਰਿਸ਼ ਹੈ। ਅੱਠਵੀਂ ਜਮਾਤ ਦੇ ਵਿਦਿਆਰਥੀ ਕਮਰੇ ਵਿਚ ਬੈਠੇ ਹਨ।
ਅਧਿਆਪਕ ਰਾਜੇਸ਼ ਕਮਰੇ ਵਿਚ ਦਾਖਿਲ ਹੁੰਦਾ ਹੈ।)
ਜਸਵੀਰ: (ਅਧਿਆਪਕ ਨੂੰ ਕਮਰੇ ਵਿਚ ਦਾਖ਼ਿਲ ਹੁੰਦੇ ਦੇਖ, ਖੜਾ ਹੋ ਕੇ ਜ਼ੋਰ ਨਾਲ ਬੋਲਦਾ ਹੈ) ਕਲਾਸ ਸਟੈਂਡ!
(ਸਾਰੇ ਵਿਦਿਆਰਥੀ ਅਧਿਆਪਕ ਦੇ ਸਵਾਗਤ ਲਈ ਖੜੇ ਹੋ ਜਾਂਦੇ ਹਨ।)
ਰਾਜ਼ੇਸ: ਥੈਂਕਸ! ਬੈਠੋ ਬੱਚਿਓ।_____ਚਲੋ ਅੱਜ ਦਾ ਕੰਮ ਸ਼ੁਰੂ ਕਰਦੇ ਹਾਂ।____
ਹਾਂ ਸੱਚ ਯਾਦ ਆਇਆ, ਜਲਦੀ ਹੀ ਸਕੂਲ ਵਿਚ ਸਾਲਾਨਾ ਸਮਾਗਮ ਮਨਾਏ ਜਾਣ ਦਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿਚ, ਸਾਡੀ ਕਲਾਸ ਵਲੋਂ ਨਾਟਕ ਪੇਸ਼ ਕਰਣ ਦੀ ਡਿਊਟੀ ਲਗਾਈ ਗਈ ਹੈ।
ਹਰਪ੍ਰੀਤ: ਬਹੁਤ ਖੁਸ਼ੀ ਦੀ ਗੱਲ ਹੈ ਜੀ। ਕਿਹੜਾ ਨਾਟਕ ਪੇਸ਼ ਕਰਨ ਦਾ ਹੁਕਮ ਹੈ?
ਮਾਸਟਰ ਜੀ।
ਰਾਜੇਸ਼: ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਨਾਟਕ ਖੇਡਣ ਦਾ ਸੁਝਾਅ ਹੈ ਤਾਂ ਜੋ ਸਾਰੇ ਵਿਦਿਆਰਥੀ, ਦੇਸ਼ ਦੇ ਇਸ ਮਹਾਨ ਸ਼ਹੀਦ ਦੇ ਜੀਵਨ ਤੇ ਵਿਚਾਰਾਂ ਤੋਂ ਜਾਣੂ ਹੋ ਸਕਣ।
ਸਾਹਿਲ: ਵਾਹ ਜੀ ਵਾਹ। ਇਸ ਨਾਟਕ ਵਿਚ ਭਗਤ ਸਿੰਘ ਦਾ ਰੋਲ ਤਾਂ ਮੈਂ ਹੀ ਕਰਾਂਗਾ।
ਰਾਜੇਸ਼: ਨਾਟਕ ਲਈ ਕਲਾਕਾਰਾਂ ਦੀ ਚੋਣ ਪਰਸੋਂ ਕੀਤੀ ਜਾਵੇਗੀ। ਜੋ ਵੀ ਵਿਦਿਆਰਥੀ ਨਾਟਕ ਵਿਚ ਭਾਗ ਲੈਣਾ ਚਾਹੁੰਦੇ ਹਨ ਉਹ ਅੱਜ ਸ਼ਾਮ ਤਕ ਆਪਣਾ ਨਾਮ, ਕਲਾਸ ਮੋਨੀਟਰ ਜਸਵੀਰ ਕੋਲ ਨੋਟ ਕਰਵਾ ਸਕਦੇ ਹਨ। _____ ਜਸਵੀਰ! ਤੇਰੀ ਡਿਊਟੀ ਹੈ ਕਿ ਤੂੰ ਇਹ ਨਾਮ ਕੱਲ ਤਕ ਮੈਨੂੰ ਦੇ ਦੇਵੀਂ ਤਾਂ ਜੋ ਪਰਸੋਂ ਕਲਾਕਾਰਾਂ ਦੀ ਚੌਣ ਲਈ ਇੰਤਜ਼ਾਮ ਕੀਤਾ ਜਾ ਸਕੇ।
ਜਸਵੀਰ : ਠੀਕ ਹੈ ਸਰ!
ਰਾਜ਼ੇਸ਼: ਉਹ ਵਿਦਿਆਰਥੀ, ਜੋ ਨਾਟਕ ਵਿਚ ਭਾਗ ਲੈਣਾ ਚਾਹੁੰਦੇ ਨੇ, ਉਹ ਪਰਸੋਂ ਪੂਰੀ ਤਿਆਰੀ ਨਾਲ ਆਉਣ, ਤਾਂ ਜੋ ਨਾਟਕ ਸੰਬੰਧਤ ਭਿੰਨ ਭਿੰਨ ਰੋਲਾਂ ਲਈ ਸਹੀ ਕਲਾਕਾਰਾਂ ਦੀ ਚੋਣ ਹੋ ਸਕੇ।
ਸਾਰੇ ਵਿਦਿਆਰਥੀ : ਜੀ ਸਰ!
(ਘੰਟੀ ਵੱਜਣ ਦੀ ਆਵਾਜ਼ ਆਉਂਦੀ ਹੈ।)
ਰਾਜੇਸ਼: ਪੀਰੀਅਡ ਖ਼ਤਮ ਹੋ ਗਿਆ ਹੈ। ਚਲੋ ਹੁਣ ਕੱਲ ਮਿਲਦੇ ਹਾਂ। (ਰਾਜ਼ੇਸ਼ ਆਪਣਾ ਰਜਿਸਟਰ ਚੁੱਕ ਕੇ ਦੂਸਰੀ ਕਲਾਸ ਵੱਲ ਚੱਲ ਪੈਂਦਾ ਹੈ।)
ਝਾਕੀ ਦੂਜੀ
(ਸਕੂਲ ਦਾ ਦ੍ਰਿਸ਼ ਹੈ। ਸਾਹਿਲ, ਜੁਗੇਸ਼ ਤੇ ਸੁਰਿੰਦਰ ਸਕੂਲ ਦੇ ਬਰਾਂਡੇ ਵਿਚੋਂ ਲੰਘ ਰਹੇ ਹਨ। ਇਕ ਕਮਰੇ ਵਿਚ ਉਨ੍ਹਾਂ ਨੂੰ ਹਰਪ੍ਰੀਤ ਅਦਾਕਾਰੀ ਦਾ ਅਭਿਆਸ ਕਰ ਰਿਹਾ ਨਜ਼ਰ ਆਉਂਦਾ ਹੈ।)
ਹਰਪ੍ਰੀਤ: (ਜੋਸ਼ ਵਿਚ ਬਾਂਹ ਉਠਾ ਕੇ) ਮੈਂ ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੀ ਸੁੱਟਿਆ ਸਗੋਂ ਇਹ ਧਮਾਕਾ ਮੈਂ ਤੁਹਾਡੇ ਬੋਲੇ ਕੰਨਾਂ ਤਕ ਲੋਕਾਂ ਦੀ ਆਵਾਜ਼ ਪਹੁੰਚਾਣ ਲਈ ਕੀਤਾ ਹੈ।___
(ਉਹ ਪਹਿਲਾਂ ਹਰਪ੍ਰੀਤ ਵੱਲ ਦੇਖਦੇ ਨੇ ਤੇ ਫਿਰ ਇਕ ਦੂਜੇ ਵੱਲ । ਤੇ ਫਿਰ ਠਹਾਕਾ ਮਾਰ ਕੇ ਹੱਸਣ ਲੱਗ ਪੈਂਦੇ ਹਨ।)
ਸਾਹਿਲ: ਹਾਅ! ਹਾਅ! ਹਾਅ!____ ਤੂੰ ਤਾਂ ਨਾਟਕ ਵਿਚ ਰੋਲ ਲੈਣ ਲਈ ਸੱਚੀ ਹੀ ਪ੍ਰੈਕਟਿਸ ਕਰ ਰਿਹਾ ਹੈਂ।
ਜੁਗੇਸ਼: ਇਹ ਰੋਲ ਤੈਨੂੰ ਤਾਂ ਨਹੀਂ ਮਿਲ ਸਕਦਾ। ਪੱਕੀ ਗੱਲ ਹੈ। ਹਾਅ! ਹਾਅ! ਹਾਅ!
ਸੁਰਿੰਦਰ: ਬਿਲਕੁਲ ਠੀਕ।____ਕਿਉਂ ਕਿ ਇਹ ਰੋਲ ਤਾਂ ਸਾਹਿਲ ਨੂੰ ਹੀ ਮਿਲੇਗਾ, ਤੇ ਉਹ ਹੈ ਵੀ ਇਸ ਦੇ ਕਾਬਿਲ।
ਹਰਪ੍ਰੀਤ:ਹ੍ਹੂੰ! ਮੈਂ ਵੀ ਸ਼ਹੀਦ ਭਗਤ ਸਿੰਘ ਦੇ ਰੋਲ ਲਈ ਉਮੀਦਵਾਰ ਹਾਂ। ਕੱਲ ਨੂੰ ਪਤਾ ਲਗ ਜਾਵੇਗਾ ਕਿਸ ਨੂੰ ਇਹ ਰੋਲ ਮਿਲਦਾ ਹੈ ਮੈਨੂੰ ਜਾਂ ਸਾਹਿਲ ਨੂੰ।
ਸਾਹਿਲ: ਤੂੰ ਨਾਟਕ ਵਿਚ ਕਿਸੇ ਹੋਰ ਰੋਲ ਲਈ ਭਾਵੇਂ ਕੋਸ਼ਿਸ਼ ਕਰ ਲੈ, ਪਰ ਭਗਤ ਸਿੰਘ ਦਾ ਰੋਲ ਤੈਨੂੰ ਮਿਲੇਗਾ, ਇਹ ਗੱਲ ਹੀ ਭੁੱਲ ਜਾ, ਕਿਉਂ ਕਿ ਇਹ ਤਾਂ ਪੱਕੀ ਗੱਲ ਏ ਕਿ ਭਗਤ ਸਿੰਘ ਦਾ ਰੋਲ ਮੈਂਨੂੰ ਹੀ ਮਿਲੇਗਾ।
(ਰਾਜੇਸ਼ ਦੇਖਦਾ ਹੈ ਕਿ ਸਾਹਿਲ, ਜੁਗੇਸ਼ ਤੇ ਸੁਰਿੰਦਰ, ਹਰਪ੍ਰੀਤ ਨੂੰ ਘੇਰੀ ਖੜੇ ਹਨ ਤੇ ਕੋਈ ਸਮੱਸਿਆ ਲੱਗ ਰਹੀ ਹੈ।)
ਰਾਜੇਸ਼: ਹੈਲੋ! ਹੈਲੋ! ਕੀ ਹੋ ਰਿਹਾ ਹੈ?
(ਰਾਜੇਸ਼ ਨੂੰ ਆਉਂਦਾ ਦੇਖ, ਸਾਹਿਲ, ਜੁਗੇਸ਼ ਤੇ ਸੁਰਿੰਦਰ ਉਥੋਂ ਜਾਣ ਲੱਗਦੇ ਹਨ।)
ਹਰਪ੍ਰੀਤ: (ਗੁੱਸੇ ਵਿਚ ਸਾਹਿਲ, ਜੁਗੇਸ਼ ਤੇ ਸੁਰਿੰਦਰ ਨੂੰ ਦੇਖਦੇ ਹੋਏ) ਤੁਸੀਂ ਇੰਝ ਕਿਵੇਂ ਕਹਿ ਸਕਦੇ ਹੋ? ___ ਸ਼ਹੀਦ ਭਗਤ ਸਿੰਘ ਵਾਲਾ ਰੋਲ ਤਾਂ ਮੈਂਨੂੰ ਹੀ ਮਿਲੇਗਾ। ਦੇਖ ਲੈਣਾ ਬੇਸ਼ਕ!
ਝਾਕੀ ਤੀਜੀ
(ਹਰਪ੍ਰੀਤ ਦੇ ਘਰ ਦਾ ਦ੍ਰਿਸ਼ ਹੈ। ਹਰਪ੍ਰੀਤ ਦੀ ਮਾਂ ਦਿਲਜੀਤ ਦੇਖਦੀ ਹੈ ਕਿ ਉਹ ਬਹੁਤ ਉਦਾਸ ਹੈ।)
ਦਿਲਜੀਤ: ਕੀ ਗੱਲ ਹੈ ਪੁੱਤਰ! ਬਹੁਤ ਉਦਾਸ ਲਗ ਰਿਹਾ ਹੈ।
ਹਰਪ੍ਰੀਤ:(ਆਪਣੀ ਮੰਮੀ ਤੋਂ ਉਦਾਸੀ ਛੁਪਾਉਂਦੇ ਹੋਏ) ਹੂੰ_____ਕੁਝ ਨਹੀੰ
ਮੰਮ______ਮੈਂ ਠੀਕ ਹਾਂ।
ਦਿਲਜੀਤ: ਬੇਟਾ ਹਰਪ੍ਰੀਤ! ਸੱਚ ਦੱਸ ਹੋਇਆ ਕੀ ਏ? ਮੈਂ ਤੈਨੂੰ ਉਦਾਸ ਨਹੀਂ ਦੇਖ ਸਕਦੀ।
ਹਰਪ੍ਰੀਤ:(ਝੁੰਝਲਾ ਕੇ, ਲਗਭਗ ਚੀਖਦੇ ਹੋਏ) ਮੈਂ ਕਿਹਾ ਤਾਂ ਹੈ ਕਿ ਮੈਂ ਠੀਕ ਹਾਂ______ਪਤਾ ਨਹੀਂ ਤੁਹਾਨੂੰ ਮੇਰੇ ਕਹੇ ‘ਤੇ ਵਿਸ਼ਵਾਸ ਕਿਉਂ ਨਹੀਂ ਆਉਂਦਾ?
(ਹਰਪ੍ਰੀਤ ਤੇਜ਼ੀ ਨਾਲ ਪੌੜੀਆਂ ਚੜ੍ਹ ਕੇ ਆਪਣੇ ਕਮਰੇ ਅੰਦਰ ਜਾਣ ਲਗਦਾ ਹੈ। ਤਦ ਹੀ ਕਮਰੇ ਦੇ ਦਰਵਾਜ਼ੇ ਅੱਗੇ ਉਸ ਦੀ ਭੈਣ ਸਿਮਰਨ ਖੜੀ ਨਜ਼ਰ ਪੈਂਦੀ ਹੈ।)
ਹਰਪ੍ਰੀਤ: (ਸਿਮਰਨ ਨੂੰ ਦਰਵਾਜ਼ੇ ਵਿਚ ਖੜਾ ਦੇਖ ਕੇ) ਓਹ! ਕਿੰਨ੍ਹੀ ਵਾਰ ਤੈਨੂੰ ਕਿਹਾ ਹੈ ਕਿ ਮੇਰੇ ਕਮਰੇ ਵਿਚ ਨਾ ਵੜਿਆ ਕਰ?
(ਗੁੱਸੇ ਨਾਲ ਭਰਿਆ ਪੀਤਾ ਹਰਪ੍ਰੀਤ ਕਮਰੇ ਅੰਦਰ ਜਾ ਕੇ ਬਿਸਤਰੇ ਉੱਤੇ ਬੈਠ ਜਾਂਦਾ ਹੈ। ਸਿਮਰਨ ਵੀ ਕਮਰੇ ਵਿਚ ਦਾਖਿਲ ਹੋ, ਹਰਪ੍ਰੀਤ ਕੋਲ ਆ ਕੇ ਬੈਠ ਜਾਂਦੀ ਹੈ।)
ਸਿਮਰਨ : ਚਲ ਛੱਡ ਗੁੱਸੇ ਨੂੰ _____ਦਸ ਭਲਾ ਹੋਇਆ ਕੀ ਹੈ?
ਹਰਪ੍ਰੀਤ:(ਆਹ ਭਰਦਾ ਹੋਇਆ) ਤੂੰ ਜਾਣਦੀ ਹੈ ਉਨ੍ਹਾਂ ਤਿੰਨ ਮੁੰਡਿਆਂ ਨੂੰ। ਸਾਹਿਲ, ਜੁਗੇਸ਼ ਤੇ ਸੁਰਿੰਦਰ। ____ਪਤਾ ਹੈ ਨਾ?
ਸਿਮਰਨ: ਹਾਂ। ਮੈਂ ਜਾਣਦੀ ਹਾਂ ਉਹ ਸਕੂਲ ਦੇ ਸੱਭ ਤੋਂ ਨਿਕੰਮੇ ਮੁੰਡੇ ਨੇ।
ਹਰਪ੍ਰੀਤ: ਠੀਕ।
ਸਿਮਰਨ: ਪਰ ਗੱਲ ਕੀ ਹੈ? ਤੂੰ ਇਨ੍ਹਾਂ ਪ੍ਰੇਸ਼ਾਨ ਕਿਉਂ ਹੈ?
ਹਰਪ੍ਰੀਤ: ਸਾਡੇ ਸਕੂਲ ਦੇ ਸਾਲਾਨਾ ਸਮਾਗਮ ਦੀ ਤਿਆਰੀ ਚਲ ਰਹੀ ਹੈ। ਇਸ ਸਮਾਗਮ ਵਿਚ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਨਾਟਕ ਪੇਸ਼ ਕਰਨ ਦੀ ਡਿਊਟੀ ਸਾਡੀ ਕਲਾਸ ਦੀ ਹੈ। ਨਾਟਕ ਲਈ ਕਲਾਕਾਰਾਂ ਦੀ ਚੋਣ ਕੱਲ ਨੂੰ  ਕੀਤੀ ਜਾਣੀ ਹੈ। ਅੱਜ ਸਕੂਲ ਵਿਚ, ਮੈਂ ਕਲ ਦੇ ਚੋਣ-ਮੁਕਾਬਲੇ ਲਈ ਆਪਣੇ ਰੋਲ ਦੀ ਪ੍ਰੈਕਟਿਸ ਕਰ ਰਿਹਾ ਸਾਂ ਤਾਂ ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ ਤੇ ਕਿਹਾ ਕਿ ਮੈਨੂੰ ਸ਼ਹੀਦ ਭਗਤ ਸਿੰਘ ਦਾ ਰੋਲ ਨਹੀਂ ਮਿਲ ਸਕਦਾ। ਉਨ੍ਹਾਂ ਨੇ ਹੋਰ ਵੀ ਉਲਟ-ਪੁਲਟ ਬਹੁਤ ਕੁਝ ਕਿਹਾ ਤਾਂ ਕਿ ਮੈਂ ਇਹ ਰੋਲ ਲਈ ਮੁਕਾਬਲੇ ਵਿਚ ਭਾਗ ਨਾ ਲਵਾਂ।
ਸਿਮਰਨ: (ਆਹ ਭਰਦੇ ਹੋਏ) ਦੇਖ ਹਰਪ੍ਰੀਤ! ਮੈਂ ਜਾਣਦੀ ਹਾਂ ਕਿ ਤੂੰ ਬਹੁਤ ਵਧੀਆ ਕਲਾਕਾਰ ਹੈ। ਦੂਜੇ ਭਾਵੇਂ ਕੁਝ ਵੀ ਕਹਿਣ, ਖੁਦ ਉੱਤੇ ਭਰੋਸਾ ਰੱਖ। ਦੂਜਿਆਂ ਦੀ ਨਕਾਰਾ ਸੋਚ ਨੂੰ ਗਲਤ ਸਿੱਧ ਕਰਨ ਦਾ ਇਹੋ ਸਮਾਂ ਹੈ। ਰੋਲ ਹਾਸਿਲ ਕਰਨ ਲਈ ਪੂਰੀ ਮਿਹਨਤ ਕਰ ਤੇ ਚੰਗੀ ਪ੍ਰੈਕਟਿਸ ਵੀ। ਮੈਨੂੰ ਪੱਕਾ ਯਕੀਨ ਹੈ ਕਿ ਸ਼ਹੀਦ ਭਗਤ ਸਿੰਘ ਦਾ ਰੋਲ ਤੈਨੂੰ ਹੀ ਮਿਲੇਗਾ।
ਹਰਪ੍ਰੀਤ:(ਮੁਸਕਰਾਂਦੇ ਹੋਏ) ਹੌਂਸਲਾ ਅਫਜ਼ਾਈ ਲਈ ਧੰਨਵਾਦ।_____ ਮੈਂ ਪੂਰੀ ਮਿਹਨਤ ਕਰਾਗਾਂ ਇਹ ਰੋਲ ਹਾਸਿਲ ਕਰਨ ਲਈ।
ਸਿਮਰਨ: ਠੀਕ ਹੈ। ਫ਼ਿਕਰ ਨਾ ਕਰ। ਹੁਣ ਆਰਾਮ ਕਰ ਤੇ ਡਿਨਰ ਤੋਂ ਬਾਅਦ ਰੋਲ ਲਈ ਪ੍ਰੈਕਟਿਸ ਕਰ ਲਈ। _____ਕੱਲ ਲਈ ਬੈੱਸਟ ਆਫ਼ ਲੱਕ!
(ਸਿਮਰਨ ਉੱਠ ਕੇ ਕਮਰੇ ਤੋਂ ਬਾਹਰ ਚਲੀ ਜਾਂਦੀ ਹੈ।)
ਝਾਕੀ ਚੋਥੀ
(ਨਾਟਕ ਵਿਚ ਰੋਲ ਪ੍ਰਾਪਤੀ ਦਾ ਮੁਕਾਬਲਾ ਸ਼ੁਰੂ ਹੋਣ ਵਾਲਾ ਹੈ। ਰਾਜੇਸ਼ ਆਪਣੀ ਸੀਟ ਉੱਤੇ ਬੈਠਾ ਹੈ। ਬਸੰਤੀ ਰੰਗ ਦੀ ਪੱਗ ਬੰਨ੍ਹੀ ਤੇ ਛੱਡੇ ਹੋਏ ਲੜ੍ਹ ਨਾਲ ਹਰਪ੍ਰੀਤ ਕਮਰੇ ਵਿਚ ਦਾਖਿਲ ਹੁੰਦਾ ਹੈ। ਕਮਰੇ ਵਿਚ ਸਾਹਿਲ, ਜੁਗੇਸ਼ ਤੇ ਸੁਰਿੰਦਰ ਪਹਿਲਾਂ ਹੀ ਮੌਜੂਦ ਹਨ ਤੇ ਉਹ ਤਿੰਨ੍ਹੋਂ ਹੀ ਹਰਪ੍ਰੀਤ ਨੂੰ ਆਉਂਦਾ ਦੇਖ ਦੱਬੀ ਹਾਸੀ ਹੱਸਦੇ ਹਨ।)
ਰਾਜੇਸ਼ : ਚਲੋ ਅੱਜ ਦਾ ਚੋਣ ਮੁਕਾਬਲਾ ਸ਼ੁਰੂ ਕਰਦੇ ਹਾਂ। ____ਸੱਭ ਤੋਂ ਪਹਿਲੀ ਵਾਰੀ ਹੈ ਹਰਪ੍ਰੀਤ ਦੀ।
(ਹਰਪ੍ਰੀਤ ਉੱਠ ਕੇ ਸਟੇਜ ਉੱਤੇ ਜਾਦਾ ਹੈ।)
ਰਾਜੇਸ਼: (ਹੱਥ ਵਿਚ ਫੜੇ ਕਾਗਜਾਂ ਨੂੰ ਘੋਖਦੇ ਹੋਏ) ਤੂੰ ਸ਼ਹੀਦ ਭਗਤ ਸਿੰਘ ਦਾ ਰੋਲ ਲੈਣ ਲਈ ਪ੍ਰਤਿਯੋਗੀ ਹੈ। ਠੀਕ ?
ਹਰਪ੍ਰੀਤ: ਜੀ ਸਰ!
(ਰਾਜੇਸ਼ ਹਰਪ੍ਰੀਤ ਨੂੰ ਨਾਟਕ ਦੀ ਸਕਰਿਪਟ ਦਿੰਦਾ ਹੈ। ਹਰਪ੍ਰੀਤ ਪੂਰੇ ਜੋਸ਼ ਭਰੇ ਬੋਲਾਂ ਨਾਲ ਅਦਾਕਾਰੀ ਪੇਸ਼ ਕਰਦਾ ਹੈ।)
ਹਰਪ੍ਰੀਤ: (ਅਦਾਕਾਰੀ ਕਰਦੇ ਹੋਏ ਪੂਰੇ ਜੋਸ਼ ਵਿਚ ਬੋਲਦਾ ਹੈ)
ਲਿਖ ਰਹਾ ਹੂੰ ਮੈਂ ਅੰਜਾਮ ਜਿਸ ਕਾ, ਕਲ ਆਗਾਜ਼ ਆਏਗਾ।
ਮੇਰੇ ਲਹੂ ਹਰ ਏਕ ਕਤਰਾ, ਇੰਨਕਲਾਬ ਲਾਏਗਾ।
ਮੈਂ ਰਹੂੰ ਜਾਂ ਨਾ ਰਹੂੰ, ਪਰ ਜਿਹ ਵਾਅਦਾ ਹੈ ਤੁਮ ਸੇ,
ਮੇਰੇ ਬਾਅਦ ਵਤਨ ਪੇ ਮਰਨੇ ਵਾਲੋਂ ਕਾ ਸੈਲਾਬ ਆਏਗਾ।
ਰਾਜ਼ੇਸ: ਬਹੁਤ ਅੱਛਾ ਹਰਪ੍ਰੀਤ! ਬਹੁਤ ਖੂਬ!
ਹਰਪ੍ਰੀਤ: (ਹੱਥ ਦੀ ਮੁੱਠੀ ਬਣਾ ਤੇ ਬਾਂਹ ਉਪਰ ਉਠਾ ਕੇ ਜੋਸ਼ ਵਿਚ ਬੋਲਦਾ ਹੈ)
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂ-ਏ ਕਾਤਿਲ ਮੇਂ ਹੈ।
ਕਰਤਾ ਨਹੀਂ ਕਿਉਂ ਦੂਸਰਾ ਕੁਝ ਬਾਤ ਚੀਤ,
ਦੇਖਤਾ ਹੂੰ ਮੈਂ ਜਿਸੇ ਵੋਹ ਚੁੱਪ ਤੇਰੀ ਮਹਿਫਲ ਮੇਂ ਹੈ।
ਰਹਿਬਰ ਰਾਹੇ ਮੁਹੱਬਤ ਰਹ ਨਾ ਜਾਣਾ ਰਾਹ ਮੇਂ,
ਲੱਜਤ-ਏ-ਸੇਹਰਾ ਨਵਰਦੀ ਦੂਰੀਏ-ਮੰਜ਼ਿਲ ਮੇਂ ਹੈ।
ਜੋਂ ਖੜਾ ਮਕਤਲ ਮੇਂ ਕਾਤਿਲ ਕਹ ਰਹਾ ਹੈ ਵਾਰ ਵਾਰ,
ਕਿਆ ਤਮੰਨਾ-ਏ-ਸ਼ਹਾਦਤ ਭੀ ਕਿਸੀ ਕੇ ਦਿਲ ਮੇਂ ਹੈ।
ਏ ਸ਼ਹੀਦੇ-ਮੁਲਕੋ-ਮਿੱਲਤ ਮੈਂ ਤੇਰੇ ਉਪਰ ਨਿਸਾਰ,
ਅਬ ਤੇਰੀ ਹਿੰਮਤ ਕਾ ਚਰਚਾ ਗੈਰ ਕੀ ਮਹਿਫ਼ਲ ਮੇਂ ਹੈ।
ਵਕਤ ਆਨੇ ਪਰ ਬਤਾ ਦੇਂਗੇ ਤੁਝੇ ਏ ਆਸਮਾਂ,
ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ।
ਖੈਂਚ ਕਰ ਲਾਈ ਹੈ ਸਭ ਕੋ ਕਤਲ ਹੋਨੇ ਕੀ ਉਮੀਦ,
ਆਸ਼ਿਕੋਂ ਕਾ ਜਮਘਟ ਆਜ ਕੂੰਚੈ-ਏ-ਕਾਤਿਲ ਮੇਂ ਹੈ।
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂ-ਏ ਕਾਤਿਲ ਮੇਂ ਹੈ।
(ਸਿਮਿਲ ਅਜ਼ੀਮਾਬਾਦੀ / ਰਾਮ ਪ੍ਰਸਾਦ ਬਿਸਮਿਲ)
ਰਾਜ਼ੇਸ਼: (ਤਾੜੀ ਵਜਾਉਂਦੇ ਹੋਏ) ਵਾਹ! ਵਾਹ! ਤੂੰ ਤਾਂ ਕਮਾਲ ਕਰ ਦਿੱਤੀ ਹਰਪ੍ਰੀਤ!
ਸਾਨੂੰ ਮਾਣ ਹੈ ਕਿ ਤੇਰੇ ਵਰਗਾ ਵਧੀਆ ਕਲਾਕਾਰ ਸਾਡਾ ਵਿਦਿਆਰਥੀ ਹੈ ।
(ਸਾਹਿਲ ਗੁੱਸੇ ਵਿਚ ਖੰਘੂਰਦਾ ਹੈ ਤੇ ਪੈਰ ਪਟਕਦਾ ਹੋਇਆ ਕਮਰੇ ਵਿਚੋਂ ਬਾਹਰ ਚਲਾ
ਜਾਂਦਾ ਹੈ।)
ਰਾਜੇਸ਼: ਲੱਗ ਰਿਹਾ ਹੈ ਕਿ ਕੋਈ ਹੋਰ ਇਸ ਰੋਲ ਲਈ ਮੁਕਾਬਲੇ ਵਿਚ ਨਹੀਂ ਹੈ।
____ ਹਰਪ੍ਰੀਤ ਮੁਬਾਰਕ! ਤੂੰ ਇਸ ਰੋਲ ਲਈ ਚੁਣਿਆ ਗਿਆ ਹੈ।
ਹਰਪ੍ਰੀਤ: ਵਾਹ! ਤੁਹਾਡਾ ਬਹੁਤ ਬਹੁਤ ਧੰਨਵਾਦ।
(ਦਿਲਜੀਤ ਤੇ ਸਿਮਰਨ ਮੁਸਕਰਾਂਦੀਆਂ ਹੋਈਆਂ ਉੱਥੇ ਪਹੁੰਚਦੀਆਂ ਹਨ ਤੇ ਤੁਰੰਤ ਹਰਪ੍ਰੀਤ ਨੂੰ ਗਲਵਕੜੀ ਵਿਚ ਲੈ ਲੈਂਦੀਆਂ ਹਨ।)
ਦਿਲਜੀਤ ਤੇ ਸਿਮਰਨ: ਸਾਨੂੰ ਯਕੀਨ ਸੀ ਕਿ ਤੂੰ ਜ਼ਰੂਰ ਜਿੱਤੇਗਾ।
ਹਰਪ੍ਰੀਤ: ਮੇਰਾ ਆਤਮ ਵਿਸ਼ਵਾਸ ਪੱਕਾ ਕਰਨ ਲਈ ਤੇਰਾ ਧੰਨਵਾਦ। ਸਿਮਰਨ ਦੀਦੀ!
ਸਿਮਰਨ: ਯੂ ਆਰ ਵੈਲਕਮ। ਹਰਪ੍ਰੀਤ।
ਹਰਪ੍ਰੀਤ: ਮੰਮ! ਤੁਹਾਡਾ ਧੰਨਵਾਦ। ਮੈਨੂੰ ਮਾਫ਼ ਕਰਨਾ ਕਿ ਮੈਂ ਕੱਲ ਤੁਹਾਡੇ ਨਾਲ ਠੀਕ ਤਰ੍ਹਾਂ ਗੱਲ ਨਹੀਂ ਸੀ ਕੀਤੀ।
ਦਿਲਜੀਤ: ਓਹ ਬੇਟਾ। ਸੱਭ ਠੀਕ ਹੈ ।
ਹਰਪ੍ਰੀਤ: ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ।_____ਮੈਂ ਹਮੇਸ਼ਾ ਆਤਮ
ਵਿਸ਼ਵਾਸ ਕਾਇਮ ਰੱਖਾਂਗਾ । ਕਦੇ ਵੀ ਡੋਲਾਂਗਾ ਨਹੀਂ।
ਦਿਲਜੀਤ ਤੇ ਸਿਮਰਨ: ਸਾਬਾਸ਼। ਸਾਨੂੰ ਤੈਥੋਂ ਇਹੋ ਆਸ ਰਹੇਗੀ।____ ਉਮੀਦ ਹੈ ਤੂੰ
ਸਾਡਾ ਯਕੀਨ ਕਾਇਮ ਰੱਖੇਗਾ।
(ਪਰਦਾ ਗਿਰਦਾ ਹੈ।)
[email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …