ਗਾਂਧੀ ਜੈਅੰਤੀ ਮੌਕੇ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਸਤਾਵੇਜ਼ ਸੌਂਪੇ
ਸੰਯੁਕਤ ਰਾਸ਼ਟਰ : ਆਲਮੀ ਪੱਧਰ ‘ਤੇ ਸਭ ਤੋਂ ਵੱਧ ਕਾਰਬਨ ਨਿਕਾਸੀ ਕਰਨ ਵਾਲੇ ਤੀਜੇ ਮੁਲਕ ਭਾਰਤ ਨੇ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਦੀ ਤਾਈਦ ਕੀਤੀ ਹੈ, ਜਿਸ ਨਾਲ ਇਸ ਸਮਝੌਤੇ ਦੇ ਇਸ ਵਰ੍ਹੇ ਦੇ ਅੰਤ ਤੱਕ ਅਮਲ ਵਿੱਚ ਆਉਣ ਦੀ ਉਮੀਦ ਵਧ ਗਈ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਸੱਯਦ ਅਕਬਰੂਦੀਨ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਹਸਤਾਖ਼ਰਾਂ ਵਾਲਾ ਸਮਝੌਤੇ ਦਾ ਦਸਤਾਵੇਜ਼ ਇਥੇ ਇਕ ਵਿਸ਼ੇਸ਼ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਵਿੱਚ ਕਰਾਰ ਵਿਭਾਗ (ਟ੍ਰੀਟੀਜ਼ ਡਿਵੀਜ਼ਨ) ਦੇ ਮੁਖੀ ਸੈਂਤਿਆਗੋ ਵਿਲਾਲਪਾਂਡੋ ਨੂੰ ਸੌਂਪਿਆ। ਅਕਬਰੂਦੀਨ ਨੇ ਇਹ ਦਸਤਾਵੇਜ਼ ਮਹਾਤਮਾ ਗਾਂਧੀ ਦੀ 147ਵੀਂ ਜੈਅੰਤੀ ਮੌਕੇ ਕਰਾਏ ਗਏ ਇਕ ਸਮਾਗਮ ਵਿੱਚ ਸੌਂਪਿਆ, ਜਿਸ ਵਿੱਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ ਅਤੇ ਸੀਨੀਅਰ ਡਿਪਲੋਮੈਟ ਮੌਜੂਦ ਸਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ-ਮੂਨ ਨੇ ਭਾਰਤ ਦੀ ‘ਕਲਾਈਮੇਟ ਲੀਡਰਸ਼ਿਪ’ ਦੀ ਪ੍ਰਸੰਸਾ ਕਰਦਿਆਂ ਕਿਹਾ, ‘ਸਾਰੇ ਭਾਰਤੀਆਂ ਦਾ ਧੰਨਵਾਦ।’ ਉਨ੍ਹਾਂ ਕਿਹਾ ਕਿ ਭਾਰਤ ਦੇ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਦੀ ਤਾਈਦ ਕਰਨ ਵਾਲੇ ਕਦਮ ਨੇ ਇਸ ਇਤਿਹਾਸਕ ਸਮਝੌਤੇ ਨੂੰ ਇਸ ਸਾਲ ਲਾਗੂ ਕਰਨ ਦੇ ਟੀਚੇ ਦੀ ਦਿਸ਼ਾ ਵਿੱਚ ਵਿਸ਼ਵ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਗਾਂਧੀ ਜੈਅੰਤੀ ਨੂੰ ਹਰੇਕ ਸਾਲ ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਬਾਨ ਨੇ ਇਸ ਮੌਕੇ ਸੰਦੇਸ਼ ਜਾਰੀ ਕੀਤਾ ਕਿ ਲੋਕਾਂ ਤੇ ਇਸ ਗ੍ਰਹਿ ਲਈ ਮਹਾਤਮਾ ਗਾਂਧੀ ਤੇ ਉਨ੍ਹਾਂ ਦੀ ਵਿਰਾਸਤ ਨੂੰ ਸਿੱਜਦਾ ਕਰਨ ਦਾ ਇਸ ਤੋਂ ਬਿਹਤਰ ਤਰੀਕਾ ਨਹੀਂ ਹੋ ਸਕਦਾ। ਭਾਰਤ ਨੇ ਪੈਰਿਸ ਜਲਵਾਯੂ ਸਮਝੌਤੇ ਨੂੰ ਤਸਦੀਕ ਕਰਨ ਦਾ ਦਸਤਾਵੇਜ਼ ਸੌਂਪ ਦਿੱਤਾ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਟਵੀਟ ਕੀਤਾ, ‘ਭਾਰਤ ਨੇ ਆਪਣਾ ਵਾਅਦਾ ਨਿਭਾਅ ਦਿੱਤਾ ਹੈ। ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਜਲਵਾਯੂ ਤਬਦੀਲੀ ਬਾਰੇ ਪੈਰਿਸ ਸਮਝੌਤੇ ਦੀ ਤਾਈਦ ਕਰਨ ਵਾਲਾ ਦਸਤਾਵੇਜ਼ ਸੌਂਪ ਦਿੱਤਾ ਹੈ।’
Check Also
ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ
ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …