ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬੀਤੇ ਸ਼ਨੀਵਾਰ ਵੈਟਰਨਜ਼ ਐਸੋਸੀਏਸ਼ਨ ਓਨਟਾਰੀਓ ਦੀ ਮਿਹਨਤੀ ਟੀਮ ਵਲੋਂ ਰਵਿੰਦਰ ਸਿੰਘ ਪੰਨੂ ਦੇ ਰਮਣੀਕ ਫਾਰਮ ‘ਤੇ ਪਿਕਨਿਕ ਆਯੋਜਿਤ ਕੀਤੀ ਗਈ। ਇਸ ਪਿਕਨਿਕ ਵਿਚ ਸਾਬਕਾ ਫੌਜੀਆਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਵਧੀਆ ਮੌਸਮ ਵਿਚ ਵਧੀਆ ਪ੍ਰਬੰਧਾਂ ਨੇ ਇਸ ਪਿਕਨਿਕ ਨੂੰ ਹੋਰ ਵੀ ਆਨੰਦਮਈ ਬਣਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਸੇਵਾ ਮੁਕਤ ਫੌਜੀ ਅਫਸਰਾਂ ਦੀ ਮੌਜੂਦਗੀ ਨੇ ਇਸ ਪਿਕਨਿਕ ਨੂੰ ਕੰਨਟੂਨਮੈਂਟਾਂ ਵਿਚ ਹੁੰਦੀਆਂ ਵੱਡੀਆਂ ਪਾਰਟੀਆਂ ਅਤੇ ਅਫਸਰਾਂ ਦੀ ਮਹਿਫਲ ਦੀ ਦਿੱਖ ਦਿੱਤੀ ਹੋਈ ਸੀ।
ਪਿਕਨਿਕ ਦੇ ਸ਼ੁਰੂ ਵਿੱਚ ਭਾਰਤ ਅਤੇ ਕਨੇਡਾ ਦੇ ਰਾਸ਼ਟਰੀ ਗਾਣ ਗਾਏ ਗਏ ਅਤੇ 15 ਅਗਸਤ ਦੇ ਨੇੜੇ ਹੋਣ ਕਾਰਨ ਇਹ ਦਿਨ ਭਾਰਤ ਦੇ ਅਜ਼ਾਦੀ ਦਿਵਸ ਦੇ ਤੌਰ ‘ਤੇ ਵੀ ਮਨਾਇਆ ਗਿਆ। ਦੋ ਟੈਂਟਾਂ ਤੋਂ ਇਲਾਵਾ, ਨਾਖਾਂ ਅਤੇ ਸੇਬਾਂ ਦੇ ਦਰਖਤਾਂ ਦੀ ਛਾਂ ਹੇਠ ਆਪੋ ਆਪਣੇ ਨਜ਼ਦੀਕੀਆਂ ਨਾਲ ਗੱਪ ਛੱਪ ਕਰਦੇ ਤੇ ਖਾਂਦੇ ਪੀਂਦੇ ਮੈਂਬਰਾਂ ਨੂੰ ਘੰਟਿਆਂ ਦਾ ਸਮਾਂ ਪਲਾਂ ਵਿਚ ਹੀ ਬੀਤਦਾ ਮਹਿਸੂਸ ਹੋਇਆ। ਬਹੁਤਿਆਂ ਨੇ ਅਪਣੀ ਨੌਕਰੀ ਵੇਲੇ ਦੀਆਂ ਖੱਟੀਆਂ ਮਿਠੀਆਂ ਯਾਦਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਅਤੇ ਇਸ ਤਰ੍ਹਾਂ ਫਿਰ ਤੋਂ ਬੀਤੇ ਦੇ ਪੱਲ ਅੱਖਾਂ ਅੱਗੋਂ ਲੰਘਾਂਏ। ਸਾਰਿਆਂ ਨੇ ਰਲ ਮਿਲ ਕੇ ਤੰਬੋਲਾ ਖੇਡਿਆ, ਸਾਰੇ ਧਰਮਾਂ ਦੇ ਮੈਂਬਰਾਂ ਅਤੇ ਸੁਆਣੀਆਂ ਨੇ ਆਪੋ ਆਪਣੇ ਸਭਿਆਚਾਰ ਦੇ ਗੀਤ ਗਾਏ, ਬਾਅਦ ਵਿੱਚ ਕੁਰਸੀ ਦੌੜ ਵੀ ਕਰਵਾਈ ਗਈ ਜੋ ਬਹੁਤ ਰੌਚਿਕ ਰਹੀ। ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।
ਪ੍ਰੋਗਰਾਮ ਦੌਰਾਨ, ਬਰਗੇਡੀਅਰ ਨਵਾਬ ਸਿੰਘ ਹੀਰ, ਜਨਰਲ ਐਨ ਜੇ ਐਸ ਸਿੱਧੂ ਅਤੇ ਜਨਰਲ ਬੀ ਪੀ ਐਸ ਗਰੇਵਾਲ ਨੇ ਆਪਣੇ ਵਿਚਾਰ ਰੱਖੇ। ਐਸੋਸੀਏਸ਼ਨ ਦਾ ਭਾਰਤ ਵਿਚਲੀਆਂ ਸੈਨਿਕ ਸੰਸਥਾਂਵਾਂ ਨਾਲ ਸੰਪਰਕ ਹੋਣ ਕਾਰਨ ਇਥੇ ਰਹਿ ਰਹੇ ਸਾਬਕਾ ਫੌਜੀਆਂ ਦੇ ਜ਼ਾਇਜ਼ ਮਸਲੇ ਹੱਲ ਕਰਵਾਉਣ ਵਿਚ ਵੱਡਾ ਯੋਗਦਾਨ ਹੈ। ਹਰ ਸਾਲ ਵਾਂਗ ਇਸ ਵਾਰ ਵੀ 15 ਅਗੱਸਤ ਨੂੰ ਸੰਸਥਾ ਦੇ ਯੋਗ ਸੰਪਰਕ ਕਾਰਨ ਭਾਰਤ ਦੇ ਕੌਂਸਲੇਟ ਜਨਰਲ ਦੁਆਰਾ ਵਿਰਿਸ਼ਟ ਯੋਧਾ ਅਵਾਰਡ ਦਿੱਤੇ ਗਏ। ਸਾਬਕਾ ਸੈਨਕਾਂ ਦੇ ਨਾਲ ਨਾਲ ਭਾਰਤ ਵਿਚਲੇ ਦੂਸਰੇ ਮਹਿਕਮਿਆਂ ਤੋਂ ਰਿਟਾਇਰ ਹੋਏ ਪੈਂਨਸ਼ਨਰਾਂ ਦੇ ਲਾਈਫ ਸਰਟੀਫੀਕੇਟ ਬਣਵਾਉਣ ਲਈ ਵੀ ਐਸੋਸੀਏਸ਼ਨ ਵਲੋਂ ਹਰ ਸਾਲ ਲੋੜੀਂਦਾ ਸਹਿਯੋਗ ਦਿੱਤਾ ਜਾਂਦਾ ਹੈ। ਇੱਥੇ ਵਰਨਣ ਯੋਗ ਹੈ ਕਿ ਸੰਸਥਾ ਦੇ ਕੰਮਾਂ ਨੂੰ ਪੂਰਾ ਕਰਨ ਵਿਚ, ਐਮ ਪੀ ਪੀ ਦੀਪਕ ਅਨੰਦ, ਕੈਨੇਡੀਅਨ ਸਿਸਟਮ ਤੋਂ ਮਿਸਟਰ ਰਾਓ, ਸੁਬੇਦਾਰ ਮਹਿੰਦਰ ਸਿੰਘ ਰੰਧਾਵਾ ਓਲੰਪੀਅਨ, ਵਰੰਟ ਅਫਸਰ ਲਖਵੀਰ ਸਿੰਘ ਕਾਹਲੋਂ, ਵਰੰਟ ਅਫਸਰ ਗੁਰਦੇਵ ਸਿੰਘ ਪੁਰੀ ਅਤੇ ਚੀਫ ਪੇਟੀ ਅਫਸਰ ਹਰਦੇਵ ਸਿੰਘ ਨੇ ਵਿੱਤੀ ਸਹਿਯੋਗ ਦਿੱਤਾ।
ਇਸ ਕਾਮਯਾਬ ਪਿਕਨਿਕ ਦਾ ਸਿਹਰਾ ਮੌਹਰੀ ਟੀਮ ਜਿਸ ਵਿਚ ਚੇਅਰ ਪਰਸਨ ਬਰਗੇਡੀਅਰ ਨਵਾਬ ਸਿੰਘ ਹੀਰ, ਕਰਨਲ ਗੁਰਮੇਲ ਸਿੰਘ ਸੋਹੀ,ਕਰਨਲ ਪ੍ਰੇਮ ਕੁਮਾਰ ਕਪਲਾ, ਕੈਪਟਨ ਰਣਜੀਤ ਸਿੰਘ ਧਾਲੀਵਾਲ, ਕੈਪਟਨ ਰਜਿੰਦਰ ਸਿੰਘ ਸਰਾਂ, ਲੈਫਟੀਨੈਂਟ (ਨੇਵੀ) ਗੁਰਦਿਆਲ ਸਿੰਘ, ਵਰੰਟ ਅਫਸਰ ਅਰਜਨ ਸਿੰਘ ਕੈਂਥ ਅਤੇ ਮੇਜਰ ਸਿੰਘ ਸੇਖੋਂ ਦੇ ਸਿਰ ਜਾਂਦਾ ਹੈ। ਪਰਿਵਾਰਾਂ ਸਮੇਤ ਅਗਲੀ ਜਨਰਲ ਬਾਡੀ ਮੀਟਿੰਗ 20 ਸਤੰਬਰ ਨੂੰ 11ਵਜੇ ਨੇਸ਼ਨਲ ਬੈਂਕੁਟ ਹਾਲ ਵਿੱਚ ਹੋਵੇਗੀ। ਐਸੋਸੀਏਸ਼ਨ ਬਾਰੇ ਹੋਰ ਜਾਣਕਾਰੀ ਲਈ ਕਰਨਲ ਗੁਰਮੇਲ ਸਿੰਘ ਸੋਹੀ (647 878 7644), ਕੈਪਟਨ ਰਣਜੀਤ ਸਿੰਘ ਧਾਲੀਵਾਲ (647 760 9001) ਤੇ ਸੰਪਰਕ ਕੀਤਾ ਜਾ ਸਕਦਾ ਹੈ।