ਦਿਲ ਦਾ ਦੌਰਾ ਪੈਣ ਕਾਰਨ ਸ਼ੰਭੂ ਬਾਰਡਰ ’ਤੇ ਹੋਈ ਸੀ ਮੌਤ
ਗੁਰਦਾਸਪੁਰ/ਬਿਊਰੋ ਨਿਊਜ਼ : ਕਿਸਾਨੀ ਅੰਦੋਲਨ ਦੇ ਚਲਦਿਆਂ ਲੰਘੇ ਦਿਨੀਂ ਪੰਜਾਬ-ਹਰਿਆਣਾ ਦੇ ਬਾਰਡਰ ਸ਼ੰਭੂ ’ਤੇ ਗੁਰਦਾਸ ਜ਼ਿਲ੍ਹੇ ਦੇ ਕਿਸਾਨ ਗਿਆਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਗਿਆਨ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਚਾਚੋਕੀ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਮਿ੍ਰਤਕ ਕਿਸਾਨ ਦੇ ਸਿਰ ’ਤੇ ਬੈਂਕ ਦਾ ਤਿੰਨ ਲੱਖ ਰੁਪਏ ਕਰਜ਼ਾ ਸੀ, ਜਿਸ ਦੇ ਚਲਦਿਆਂ ਉਹ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਇਆ ਸੀ। ਧਿਆਨ ਰਹੇ ਕਿ ਲੰਘੀ 14 ਫਰਵਰੀ ਨੂੰ ਗਿਆਨ ਸਿੰਘ ਦੀ ਅਚਾਨਕ ਸਿਹਤ ਖਰਾਬ ਹੋ ਗਈ ਸੀ, ਜਿਸ ਦੇ ਚਲਦਿਆਂ ਉਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਅਤੇ ਰਜਿੰਦਰ ਹਸਪਤਾਲ ’ਚ ਉਨ੍ਹਾਂ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਅੰਤਿਮ ਸਸਕਾਰ ਮੌਕੇ ਗਿਆਨ ਸਿੰਘ ਦੇ ਭਰਾ ਨੇ ਕਿਹਾ ਕਿ ਮੈਨੂੰ ਆਪਣੇ ਭਰਾ ਦੀ ਸ਼ਹਾਦਤ ’ਤੇ ਮਾਣ ਹੈ ਕਿਉਂਕਿ ਉਸ ਨੇ ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗੁਆਈ ਹੈ, ਜੋ ਹਮੇਸ਼ਾ ਲੋਕਾਂ ਦੇ ਚੇਤਿਆਂ ’ਚ ਵਸਿਆ ਰਹੇਗਾ।