Breaking News
Home / ਕੈਨੇਡਾ / ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਡਾ. ਚਮਨ ਲਾਲ ਹੁਰਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ
ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਵਿੱਚ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਗਿਆ
ਬਰੈਂਪਟਨ/ਜਗੀਰ ਸਿੰਘ ਕਾਹਲੋਂ : ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ 26 ਮਾਰਚ ਨੂੰ ਬਰੈਂਪਟਨ ਦੇ ਲੈਸਟਰ ਪੀਅਰਸਨ ਹਾਲ ਵਿਚ 23 ਮਾਰਚ ਦੇ ਸ਼ਹੀਦਾਂ – ਭਗਤ ਸਿੰਘ, ਰਾਜਗੂਰ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਸ਼ਹੀਦ ਭਗਤ ਸਿੰਘ ‘ਤੇ ਵਿਸ਼ੇਸ਼ ਤੌਰ ‘ਤੇ ਖੋਜ ਕਰਨ ਵਾਲੇ ਵਿਦਵਾਨ ਡਾ. ਚਮਨ ਲਾਲ ਨੇ ਵਿਸ਼ੇਸ਼ ਭਾਸ਼ਣ ਦਿੰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਕੋਲ ਆਪਣੇ ਪਰਿਵਾਰਕ ਵਿਰਸੇ ਦੇ ਨਾਲ ਗਦਰ ਪਾਰਟੀ ਦੀ ਵਿਰਾਸਤ ਵੀ ਹਾਸਿਲ ਸੀ। ਜਲ੍ਹਿਆਂਵਾਲੇ ਬਾਗ ਦੇ 1919 ਦੇ ਸਾਕੇ ਵੇਲੇ 12 ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਤੋਂ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਮਿੱਟੀ ਲਿਆਂਦੀ ਅਤੇ ਇਸ ਮਿੱਟੀ ਦੀ ਸੌਂਹ ਖਾਧੀ ਕਿ ਉਹ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਪੁੱਟਣ ਲਈ ਆਪਣੀ ਜਿੰਦਗੀ ਨਿਛਾ ਕਰ ਦੇਵੇਗਾ। ਨੈਸ਼ਨਲ ਕਾਲਜ ਲਾਹੌਰ ਦੇ ਦੇਸ਼ ਭਗਤ ਇਨਕਲਾਬੀ ਪ੍ਰਿੰਸੀਪਲ ਛਬੀਲ ਦਾਸ ਨਾਲ ਭਗਤ ਸਿੰਘ ਦੀ ਸਾਂਝ ਇਕ ਵਿਦਿਆਰਥੀ ਵਾਲੀ ਹੀ ਨਹੀਂ ਸੀ ਸਗੋਂ ਇੱਕ ਦੋਸਤ ਤੇ ਸਹਿਪਾਠੀ ਵਾਲੀ ਸੀ। ਇਥੇ ਹੀ ਭਗਤ ਸਿੰਘ ਦੇ ਵਿਚਾਰ ਪ੍ਰਪਕ ਹੋਏ ਤੇ ਇਕ ਇਨਕਲਾਬੀ ਦੇ ਤੌਰ ‘ਤੇ ਵਿਕਸਤ ਹੋਏ। ਭਗਤ ਸਿੰਘ ਕੇਵਲ ਇਨਕਲਾਬੀ ਹੀ ਨਹੀੰਂ ਸਗੋਂ ਉਹ ਇਕ ਸੋਸ਼ਲਿਸਟ ਇਨਕਲਾਬੀ ਸੀ ਜਿਸਦੇ ਐਲਾਨਨਾਮੇ ਵਿੱਚ ਇੱਕ ਅਜਿਹਾ ਸਮਾਜ ਸਿਰਜਣ ਦਾ ਸੰਕਲਪ ਸੀ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਸਦਾ ਲਈ ਖਤਮ ਕੀਤੀ ਜਾ ਸਕੇ।
ਇਸੇ ਕਰਕੇ ਹੀ ਉਸ ਨੇ ਹਿੰਦੋਸਤਾਨ ਰਿਪਬਲਿਕਨ ਆਰਮੀ ਦਾ ਨਾਂ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰਖਵਾਇਆ ਸੀ। ਉਸ ਦਾ ਇਹ ਪੱਕਾ ਵਿਸ਼ਵਾਸ ਕਿ ਇਸ ਉਦੇਸ਼ ਲਈ ਜਿੱਥੇ ਮਜਬੂਤ ਤਨਜੀਮ ਦੀ ਲੋੜ ਹੈ ਉਥੇ ਇਸ ਉਦੇਸ਼ ਲਈ ਅਧਿਐਨ ਦੀ ਵੀ ਬੜੀ ਮਹੱਤਤਾ ਹੈ। ਇਸੇ ਕਰਕੇ ਹੀ ਭਗਤ ਸਿੰਘ ਅੰਤਲੇ ਸਾਹਾਂ ਤੱਕ ਅਧਿਐਨ ਕਰਦਾ ਰਿਹਾ। ਉਸ ਦੇ ਜਿਉਂਦੇ ਜੀਅ ਹੀ ਇਕ ਸੋਸ਼ਲਿਸਟ ਇਨਕਲਾਬੀ ਵਜੋਂ ਉਸ ਦਾ ਨਾਂ ਸਾਰੀ ਦੁਨੀਆਂ ਵਿੱਚ ਫੈਲ ਗਿਆ ਸੀ ਅਤੇ ਅਸੈਂਬਲੀ ਵਿੱਚ ਸੁੱਟੇ ਗਏ ਬੰਬ ਅਤੇ 23 ਮਾਰਚ 1931 ਨੂੰ ਫਾਂਸੀ ਦੇਣ ਦੀਆਂ ਖਬਰਾਂ ਸਾਰੇ ਕੌਮੀ ਅਤੇ ਕੌਮਾਂਤਰੀ ਮੀਡੀਆ ਵਿੱਚ ਵਿਸ਼ੇਸ਼ ਥਾਂ ਦੇ ਕੇ ਛਾਪੀਆਂ ਗਈਆਂ ਸਨ। ਚਮਨ ਲਾਲ ਹੋਰਾਂ ਇਹ ਵੀ ਕਿਹਾ ਕਿ ਅੱਜ ਤੱਕ ਵਿਸ਼ਵ ਦੇ ਦੋ ਇਨਕਲਾਬੀਆਂ ਨੂੰ ਸਭ ਤੋਂ ਵੱਧ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ, ਇੱਕ ਹੈ ਸ਼ਹੀਦ ਭਗਤ ਸਿੰਘ ਅਤੇ ਦੂਜਾ ਹੈ ਲਾਤੀਨੀ ਅਮਰੀਕਾ ਦਾ ਚੇਅ ਗੁਏਰਾ।
ਦੋਨਾਂ ਦੇ ਵਿਚਾਰਾਂ ਅਤੇ ਸਖਸ਼ੀਅਤ ਵਿੱਚਲੀ ਸਾਂਝ ਦੀ ਕੜੀ ਦਲੇਰੀ ਅਤੇ ਵਿਚਾਰਧਾਰਾ ਹੈ। ਡਾ ਚਮਨ ਲਾਲ ਹੋਰਾਂ ਆਪਣੇ ਵੱਲੋਂ ਲਿਖੀਆਂ ਕਿਤਾਬਾਂ ਦਾ ਵਰਣਨ ਵੀ ਕੀਤਾ।
ਰੰਗ ਕਰਮੀ ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਹੇਠ ਦਵਿੰਦਰ ਦਮਨ ਦਾ ਸ਼ਹੀਦ ਭਗਤ ਸਿੰਘ ਬਾਰੇ ਲਿਖਿਆ ਨਾਟਕ ”ਛਿਪਣ ਤੋਂ ਪਹਿਲਾਂ” ਖੇਡਿਆ ਗਿਆ ਜਿਸ ਦਾ ਪ੍ਰਭਾਵ ਇਸ ਕਦਰ ਪਿਆ ਕਿ ਦਰਸ਼ਕ ਇਕ ਜਿਊਂਦਾ ਜਾਗਦਾ ਭਗਤ ਸਿੰਘ ਦੇਖ ਰਹੇ ਹੋਣ।
ਇਸ ਤੋਂ ਪਹਿਲਾਂ ਬੱਚਿਆਂ ਵੱਲੋਂ ਸ਼ਹੀਦਾ ਦੇ ਜੀਵਨ ਤੇ ਅਧਾਰਤ ਕੋਰਿਓਗਰਾਫੀ ਪੇਸ਼ ਕੀਤੀ ਗਈ ਜੋ ਦਰਸ਼ਕਾਂ ਵੱਲੋਂ ਬਹੁਤ ਸਲਾਹੀ ਗਈ ਤੇ ਕਵਿੱਤਰੀ ਲਵੀਨ ਗਿੱਲ ਨੇ ਪੰਜਾਬੀ ਕਵੀ ਅਵਤਾਰ ਪਾਸ਼ ਬਾਰੇ ਬੜੀ ਭਾਵਪੂਰਕ ਨਜ਼ਮ ਪੇਸ਼ ਕੀਤੀ।
ਸਵਾਗਤੀ ਸ਼ਬਦਾਂ ਵਿੱਚ ਜਥੇਬੰਦੀ ਦੇ ਮੈਂਬਰ ਹਰਿੰਦਰ ਹੁੰਦਲ ਨੇ ਸੰਸਥਾ ਦੇ ਵਿਛੜ ਗਏ ਸਾਥੀਆਂ ਜਸਪਾਲ ਸਿੰਘ ਢਿੱਲੋਂ, ਕਾਮਰੇਡ ਮਲਕੀਅਤ ਸਿੰਘ, ਜਸਵਿੰਦਰ ਸਿੰਘ, ਹਰਦਿਆਲ ਸਿੰਘ ਮਿਨਹਾਸ ਅਤੇ ਜੁਗਿੰਦਰ ਸਿੰਘ ਗਰੇਵਾਲ ਨੂੰ ਯਾਦ ਕੀਤਾ ਅਤੇ ਬਰੈਂਪਟਨ ਵਾਸੀਆਂ ਦੀਆਂ ਸਿਹਤ ਸਹੂਲਤਾਂ ਅਤੇ ਸਿਖਿਆ ਸਬੰਧੀ ਸਮੱਸਿਆਵਾਂ ਦਾ ਜ਼ਿਕਰ ਕੀਤਾ ਅਤੇ ਪੀਅਰਸਨ ਹਾਲ ਪ੍ਰਾਇਵੇਟ ਮੈਡੀਕਲ ਸਕੂਲ ਨੂੰ ਦੇਣ ਦੀ ਨਿੰਦਿਆ ਕੀਤੀ ਤੇ ਕਿਹਾ ਕਿ ਇਸ ਦਾ ਬਰੈਂਪਟਨ ਵਾਸੀਆਂ ਨੂੰ ਡੱਟ ਕਿ ਵਿਰੋਧ ਕਰਨਾ ਚਾਹੀਦਾ ਹੈ।
ਸ਼ਹੀਦ ਭਗਤ ਸਿੰਘ ਦੀ ਭਤੀਜੀ ਬੀਬੀ ਇੰਦਰਜੀਤ ਕੌਰ ਢਿੱਲੋਂ ਅਤੇ ਉਹਨਾਂ ਦੇ ਜੀਵਨ ਸਾਥੀ ਅੰਮ੍ਰਿਤ ਢਿੱਲੋਂ ਨੂੰ ਦਰਸ਼ਕਾਂ ਦੇ ਰੂਬਰੂ ਵੀ ਕੀਤਾ ਗਿਆ। ਸਟੇਜ ਦੀ ਕਾਰਵਾਈ ਕੁਲਦੀਪ ਰੰਧਾਵਾ ਨੇ ਨਿਭਾਈ ਅਤੇ ਧੰਨਵਾਦੀ ਸ਼ਬਦ ਪ੍ਰੋ ਜਗੀਰ ਸਿੰਘ ਕਾਹਲੋਂ ਨੇ ਕਹੇ ਅਤੇ ਪ੍ਰੋਗਰਾਮ ਦੇ ਆਰੰਭ ਵਿੱਚ ਅਨੀਕਾ ਸਹੋਤਾ ਨੇ ਮੂਲ ਵਾਸੀਆਂ ਦੀ ਲੈਂਡ ਅਕਨਾਲਿਜਮੈਂਟ ਪੜ੍ਹੀ।
ਖਚਾਖਚ ਭਰੇ ਹਾਲ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣ ਵਾਲਿਆਂ ਵਿੱਚ ਉੱਘੇ ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ, ਡਾ ਬਲਜਿੰਦਰ ਸੇਖੋਂ, ਕਵੀ ਓਂਕਾਰਪ੍ਰੀਤ ਅਤੇ ਕੁਲਵਿੰਦਰ ਖਹਿਰਾ, ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ, ਸੋਸ਼ਲ ਵਰਕਰ ਅਤੇ ਵਕੀਲ ਨਿੱਕੀ ਕੌਰ, ਗੁਰਦਿਆਲ ਬੱਲ, ਬਲਦੇਵ ਦੂਹੜੇ, ਕਵਿੱਤਰੀ ਸੁਰਜੀਤ ਕੌਰ, ਕਵੀ ਪਿਆਰਾ ਸਿੰਘ ਕੁੱਦੋਵਾਲ, ਕਵਿੱਤਰੀ ਪਰਮਜੀਤ ਦਿਓਲ, ਉੱਘੀ ਰੰਗਕਰਮੀ ਅਨੀਤਾ ਸ਼ਬਦੀਸ਼, ਹਰਬੰਸ ਮੱਲੀ, ਸਰਬਜੀਤ ਕੌਰ ਕਾਹਲੋਂ ਸ਼ਾਮਲ ਸਨ। ਇਹ ਸਫਲ ਪ੍ਰੋਗਰਾਮ ਚਿਰਾਂ ਤੱਕ ਦਰਸ਼ਕਾਂ ਦੇ ਚੇਤਿਆਂ ਵਿੱਚ ਵੱਸਿਆ ਰਹੇਗਾ।

 

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …