Breaking News
Home / ਮੁੱਖ ਲੇਖ / ਮਾਪੇ ਵਿਚਾਰੇ ਕੀ ਕਰਨ

ਮਾਪੇ ਵਿਚਾਰੇ ਕੀ ਕਰਨ

ਕਲਵੰਤ ਸਿੰਘ ਸਹੋਤਾ
604-589-5919
ਮਾਪੇ ਵਿਚਾਰੇ ਕੀ ਕਰਨ,ਪੱਛਮੀ ਦੇਸ਼ਾਂ ‘ਚ ਪ੍ਰਵਾਸ ਤਾਂ ਆ ਕੀਤਾ ਪਰ ਮਨ ਦੀ ਅੰਦਰੂਨੀ ਖੁਸ਼ੀ ਤੇ ਰੁਚੀਆਂ ਪੂਰੀਆਂ ਨਹੀਂ ਹੋਈਆਂ ਜੋ ਚਿਤਵੀਆਂ ਸਨ। ਸਾਰੀ ਉਮਰ ਕੰਮ ਕਰਦਿਆਂ ਲੰਘੀ, ਓਵਰ ਟਾਈਮ ਕਰਨੋਂ ਵੀ ਸੰਕੋਚ ਨਹੀਂ ਕੀਤਾ;ਵਾਰੋ ਵਾਰੀ ਸ਼ਿਫਟਾਂ ਕਰ ਬੱਚੇ ਪਾਲੇ, ਪੜ੍ਹਾਏ ਤੇ ਵਿਆਹੇ। ਤਾਂਘ ਸੀ ਕਿ ਇਹ ਸਾਰੇ ਫਰਜ਼ ਨਿਭਾਉਣ ਉਪਰੰਤ ਉਹਨਾਂ ਦੇ  ਤੇ ਅਗਾਂਹ ਉਹਨਾਂ ਦੇ ਬੱਚਿਆਂ ਦੇ ਨਿੱਘ, ਪਿਆਰ ਤੇ ਨੇੜਤਾ ਦਾ ਨਿੱਘ ਮਾਨਣ ਦਾ ਸਦਾ ਬਹਾਰ ਸਮਾਂ ਆਏਗਾ। ਸਾਲਾਂ ਵੱਧੀ ਕੀਤੇ ਕੰਮ, ਝੱਲੀਆਂ ਔਖਿਆਈਆਂ, ਨਵੇਂ ਥਾਂ ਬਦਲਵੇਂ ਮਹੌਲ ‘ਚ ਰਹਿਣ ਸਹਿਣ ਦੇ ਤੌਰ ਤਰੀਕਿਆਂ ਦੀ ਜਾਂਚ ਸਿੱਖਣਾਂ ਤੇ ਮਹੌਲ ਦੇ ਆਦੀ ਹੋਣਾ ਤੇ ਨਾਲ ਹੀ ਆਪਣਾਂ ਤੇ ਆਪਣੇ ਪੁਰਖਿਆਂ ਦਾ ਸਦੀਆਂ ਪੁਰਾਣਾਂ ਰਹਿਣ ਸਹਿਣ ਦਾ ਤੌਰ ਤਰੀਕਾ ਤੇ ਵਿਰਸੇ ਦੀ ਯਾਦ ਦੀ, ਅੰਦਰ ਇਕ ਖਲਬਲੀ ਜਿਹੀ ਮਚਦੀ ਰਹਿਣ ਦਾ ਸਾਹਮਣਾਂ ਕਰਦੇ ਰਹਿਣਾਂ, ਅਪਣੇ ਆਪ ‘ਚ ਇੱਕ ਵੱਖਰੀ ਜੱਦੋ ਜਹਿਦ ਸੀ।
ਸਮਾਂ ਬੀਤਿਆ, ਸਿਰਜੇ ਸੁਪਨਿਆਂ ਦੇ ਦਿਨ ਆੳਣ ਦਾ ਝੌਲ਼ਾ ਝੌਲ਼ਾ ਪੈਣ ਲੱਗਿਆ। ਹੱਡ ਭੰਨਵੀਂ ਕੀਤੀ ਮਿਹਨਤ ਦਾ ਫ਼ਲ ਮਿਲਣਾਂ ਲੱਗਣ ਲੱਗਿਆ। ਸਮਾਂ ਲੰਘਦਿਆਂ ਚਿਰ ਨਹੀਂ ਲੱਗਾ, ਪੈਂਤੀ ਚਾਲੀ ਸਾਲ ਦਾ ਸਮਾਂ ਅੱਖ ਝਪਾਕੇ ‘ਚ ਹੀ ਲੰਘ ਗਿਆ ਲੱਗਿਆ। ਸਰੀਰ ਦੀ ਵੀ ਉਹ ਟਹਿਕ ਬਹਿਕ ਨਾਂ ਰਹੀ ਜੋ ਹੋਇਆ ਕਰਦੀ ਸੀ। ਸਮੇਂ ਤੇ ਕੰਮ ਨੇ ਸਰੀਰ ਦਾ ਨਿੰਬੂ ਵਾਂਗ ਰਸ ਨਚੋੜ ਕੇ ਬੇਢਬਾ ਰੂਪ ਬਣਾਂ ਦਿੱਤਾ। ਲਗਾਤਾਰ ਕੰਮ ਦੀ ਮਾਰ ਤੇ ਉਮਰ ਦੇ ਤਕਾਜ਼ੇ ਨੇ ਕਈ ਨਿੱਕੇ ਮੋਟੇ ਰੋਗਾਂ ਨੂੰ ਵੀ ਸਰੀਰ ਦੁਆਲੇ ਭਿਣਕਣ ਲਾ ਦਿੱਤਾ; ਮਨ ‘ਚ ਚੜਦੇ ਉੱਤਰਦੇ ਚੰਗੇ ਮਾੜੇ ਪ੍ਰਭਾਵਾਂ ਨੇ ਸਰੀਰ ਨੂੰ ਹੋਰ ਭੀ ਪਿੰਜਣੀਂ ਥਾਂਈਂ ਪਿੰਜ ਦਿੱਤਾ। ਵਿਚਾਰਾ ਭੱਜਿਆ ਟੁੱਟਿਆ ਝੰਬਿਆ ਸਰੀਰ ਹੁਣ ਇਸ ਆਸ ਦੇ ਮਲਟੀਵਿਟਾਮਨਾਂ ਰੂਪੀ ਦੁਆਈ ਦੇ ਸੁਪਨਿਆਂ ਦੀ ਝਾਕ ਕਿ ਉਹਨਾਂ ਦੀ ਉਲਾਦ ਹੁਣ ਉਹਨਾਂ ਦੀਆਂ ਕੀਤੀਆਂ ਘਾਲਣਾਂਵਾਂ ਤੇ ਉਹਨਾਂ  ਲਈ ਬਣਾਈ ਸੱਖ ਸੁਬਿਦਾ ਦਾ ਮੁੱਲ ਪਾ, ਉਹਨਾਂ ਦੇ ਹੁਣ ਤੱਕ ਦੇ ਸਿਰਜੇ ਸੁਪਨਿਆਂ ਦਾ ਸੰਪੂਰਣ ਸਬਜ਼ਬਾਗ ਦਿਖਾਉਣਗੇ। ਸਾਲਾਂ ਵੱਧੀ ਮਨਾਂ ਅੰਦਰ ਇਹ ਖਿਆਲ ਉਪਜਦੇ ਜ੍ਹਮਾਂ ਹੁੰਦੇ, ਮਨ ਦੇ ਅੰਦਰ ਪਰਤ ਦਰ ਪਰਤ ਸਾਂਭ ਹੁੰਦੇ ਰਹੇ। ਇਹਨਾਂ ਸਾਂਭ ਸੰਭਾਲ ਹੋ ਰਹੇ ਤ੍ਹਰਾਂ ਤ੍ਹਰਾਂ ਦੇ ਸਬਜ਼ਬਾਗਾਂ ਦੇ ਸੁਪਨਿਆਂ ਦਾ ਅਗਲੀ ਪੀੜ੍ਹੀ ਨੂੰ ਨਾਂ ਤਾਂ ਕੋਈ ਇਲਮ ਸੀ ਅਤੇ ਨਾਂ ਹੀ ਉਹਨਾਂ ਅੰਦਰ ਇਹਨਾਂ ਦੀ ਮਹੱਤਤਾ ਤੇ ਕੀਮਤ ਦਾ ਕੋਈ ਅਨੁਭਵ। ਇਹ ਮਾਪਿਆਂ ਦੇ ਨਿਰੇ ਖਿਆਲੀ ਪਲਾਉ ਸਨ। ਆਪਣਾਂ ਦੇਸ਼ ਛੱਡਣ ਲੱਗਿਆਂ ਨਾਲ ਲਿਆਂਦੇ ਖਿਆਲ, ਰੀਤੀ ਰਿਵਾਜ਼, ਸਮਾਜਕ ਭਾਈਚਾਰਕ ਮਿਲ ਵਰਤੋਂ ਤੇ ਹੋਰ ਬੇਅੰਤ ਕਿਸਮ ਦੇ ਸਿਰਜੇ ਸੁਪਨੇ ਤਾਂ ਉੱਥੋਂ ਆਉਣ ਵਾਲਿਆਂ ਦੇ ਹੱਡਾਂ ‘ਚ ਰਚੇ ਹੋਏ ਸਨ। ਪੱਛਮੀ ਸਮਾਜ ‘ਚ ਜੰਮੀ ਅਗਲੀ ਪੀੜ੍ਹੀ ਦੀਆਂ ਆਪਣੀਆਂ ਤਜ਼ਰੀਹਾਂ ਸਨ, ਜਿਹੜੀਆਂ ਮਾਪਿਆਂ ਨਾਲ ਉੱਕਾ ਹੀ ਸੁਮੇਲ ਨਹੀਂ ਸਨ। ਮਾਪਿਆਂ ਦਾ ਇਹ ਭਰਮ ਕਿ ਉਹਨਾਂ ਦੀ ਹੱਡ ਭੰਨਵੀਂ ਕੀਤੀ ਮਿਹਨਤ, ਕਮਾਇਆ ਪੈਸਾ ਧੇਲਾ, ਬੱਚਿਆਂ ਲਈ ਮੁਹੱਈਆ ਕਰਵਾਈਆਂ ਸੁੱਖ ਸਹੂਲਤਾਂ ਤੇ ਸੁਬਿਧਾ ਸਹਿਜ ਸੁਭਾ ਆਪਣੇ ਆਪ ਹੀ ਅਗਲੀ ਔਲਾਦ ਨੂੰ ਆਪਣੇ ਸਿਰਜੇ ਸੁਪਨੇ ਤੇ ਅੰਦਰ ਦੀਆਂ ਭਾਵਨਾਵਾਂ ਦੇ ਸਹਿਜੇ ਹੀ ਦਰਸ਼ਣ ਕਰਵਾ ਦੇਣਗੀਆਂ;ਇਹ ਉਹਨਾਂ ਦੇ ਅੰਦਰ ਸਿਰਜਿਆ ਇਕ ਸਿਰੇ ਦਾ ਭੁਲੇਖਾ ਸੀ। ਇਨ੍ਹਾਂ ਅੰਦਰ ਸਿਰਜੇ ਗਏ ਸਬਜ਼ਬਾਗਾਂ ਦੇ ਸੁਪਨਿਆਂ ਨੂੰ ਨਾ ਤਾਂ ਮਾਪੇ ਹੀ ਭੁੱਲਣ ਤੇ ਵਿਸਾਰਨ ਨੂੰ ਤਿਆਰ ਸਨ ਤੇ ਨਾ ਹੀ ਅਗਲੀ ਪੀ੍ਹੜੀ ਇਹਨਾਂ ਨੂੰ ਮਾਨਤਾ ਦੇ, ਉਹਨਾਂ ਪ੍ਰਤੀ ਸੁਹਿਰਦ ਹੋ;ਉਹਨਾਂ ਨੂੰ ਕੋਈ ਮਹੱਤਤਾ ਪ੍ਰਦਾਨ ਕਰਨ ਦੇ ਰੁਝਾਨ ਵਿਚ ਹੀ ਸਨ। ਇਹ ਇਕ ਵੜੀ ਦੁਬਿਦਾ ਦਾ ਚੌਰਾਹਾ ਹੈ,ਦੋ ਪ੍ਰਮੁੱਖ ਪੀੜੀਆਂ ਦੇ ਦੋ ਵੱਖੋ-ਵੱਖਰੇ ਰਾਹ ਹਨ। ਚੌਰਾਹੇ ਤੇ ਮਿਲਣ ਵਾਲੀਆਂ ਸੜਕਾਂ ਕਦੇ ਵੀ ਸਮਾਨ ਅੰਤਰ ਨਹੀਂ ਚੱਲ ਸਕਦੀਆ। ਚੌਰਾਹੇ ਤੇ ਮਿਲਦੀਆਂ ਜ਼ਰੂਰ ਹਨ ਪਰ ਸਮਾਨ ਅੰਤਰ ਨਹੀ ਵਗਦੀਆਂ। ਉੱਤਰ ਤੋਂ ਦੱਖਣ ਨੂੰ ਜਾਣ ਵਾਲੀ ਤੇ ਪੂਰਵ ਤੋਂ ਪੱਛਮ ਨੂੰ ਜਾ ਰਹੀ ਸੜਕ ਦਾ ਇਕ ਖਾਸ ਥਾਂ ਤੇ ਮਿਲਣ ਬਿੰਦੂ ਤਾਂ ਹੈ ਪਰ ਇਹ ਇੱਕ ਦਸ਼ਾ ਵਲ ਸਮਾਨਅੰਤਰ ਨਹੀਂ ਚੱਲ ਸਕਦੀਆਂ। ਇਹੀ ਗੱਲ ਮਾਪਿਆਂ ਤੇ ਬੱਚਿਆਂ ਦੇ ਵਿਚਾਰਾਂ ਦੇ ਸੁਮੇਲ ਦੀ ਹੈ, ਇਥੇ ਹੀ ਵਿਚਾਰਾਂ ਦਾ ਬਖੇੜਾ ਸ਼ੁਰੂ ਹੁੰਦਾ ਹੈ।
ਬੱਚੇ ਪੱਛਮ ‘ਚ ਜੰਮੇਂ ਤੇ ਉਹਨਾਂ ਤੇ ਪੱਛਮ ਦੇ ਰਹਿਣ ਸਹਿਣ ਤੇ ਵਰਤ ਵਤੀਰੇ ਦਾ ਪ੍ਰਭਾਵ ਭਾਰੂ ਹੈ, ਮਾਪੇ ਪੂਰਬ ‘ਚ ਪਲ਼ੇ ਤੇ ਵੱਡੇ ਹੋਏ ਤੇ ਆਉਂਦੇ ਹੋਏ ਸਾਰਾ ਪ੍ਰਭਾਵ ਲੈ ਪੱਛਮ ਆ ਵੜੇ। ਮਾਪਿਆਂ ਦੇ ਮਨਾਂ ਦੇ ਬਣੇ ਤੇ ਅਖਤਿਆਰ ਹੋਏ ਪ੍ਰਭਾਵਾਂ ਨੇ ਆਪ ਹੁਦਰੇ ਹੀ ਮਨਾਂ ਅੰਦਰ ਇਹ ਵਿਸ਼ਵਾਸ ਬਣਾ ਦਿੱਤਾ ਕਿ ਪੱਛਮ ਦੀ ਜੰਮੀਂ ਅਗਲੀ ਪੀੜ੍ਹੀ ਸਾਡੀ, ਸਾਡੇ ਆਪ ਮੁਹਾਰੇ ਬਣੇ ਪ੍ਰਭਾਵਾਂ ਤੇ ਖਾਹਿਸ਼ਾਂ ਉਤੇ, ਸਹਿਜ ਸੁਭਾ ਤੇ ਆਪ ਹੁਦਰੇ ਹੀ ਫੁੱਲ ਚੜਾਏਗੀ। ਇਹ ਨਿਰੇ ਹਵਾਈ ਖਿਆਲ ਸਨ। ਅਸੀਂ ਖਾਸ ਕਰ ਪੰਜਾਬੀ ਲੋਕ ਵੱਡੇ ਸਾਂਝੇ ਪਰਿਵਾਰਾਂ ‘ਚ ਰਹਿਣ ਦੇ ਆਦੀ ਹੋਣ ਕਾਰਨ ਇਹੀ ਧਾਰਨਾਂ ਬਣਾਈ ਚਲੇ ਆ ਰਹੇ ਹਾਂ ਕਿ ਪੱਛਮ ‘ਚ ਸਾਡੇ ਜੰਮੇ ਬੱਚੇ ਸਾਡੀਆਂ ਮਨੋ ਧਾਰਨਾਵਾਂ ਨੂੰ ਸਹਿਜੇ ਹੀ ਪੜ੍ਹ ਪਹਿਲੀ ਪੀੜ੍ਹੀ ਵਾਂਗ ਹੀ ਸੋਚਣ ਅਤੇ ਵਿਚਰਨਗੇ। ਇਹ ਇਕ ਸੰਪੂਰਨ ਹਨੇਰੇ ‘ਚ ਵਿਚਰਨ ਵਾਲੀ ਗੱਲ ਹੈ। ਅਗਾਂਹ ਨਿਰਾਸ਼ਤਾ ਦਾ ਦਰਿਆ ਵੀ ਇਥੋਂ ਹੀ ਵਗਣਾਂ ਤੇ ਕੰਢਿਆਂ ਉਪਰ ਦੀ ਉਛਲਣਾਂ ਸ਼ੁਰੂ ਹੁੰਦਾ ਹੈ। ਬੱਚਿਆਂ ਦੇ ਆਪਣੇ ਰਾਹ ਤਾਂ ਸਾਡੇ ਸਿਰਜੇ ਰਾਹਾਂ ਤੇ ਆਸਾਂ ਦੇ ਅਨਕੂਲ ਹੀ ਨਹੀਂ। ਮਾਪਿਆਂ ਨੂੰ ਆਪਣੀਆਂ ਉਮੰਗਾਂ ਦੀ ਨਾਂ ਪੂਰਤੀ ਦਾ ਝਲਕਾ ਉਹਨਾਂ ਦੇ ਆਲੇ ਦੁਆਲੇ ਇਕ ਉਦਾਸੀ ਦਾ ਵਾਤਾਵਰਨ ਸਿਰਜਣਾਂ ਸ਼ੁਰੂ ਕਰ ਦਿੰਦਾ ਹੈ। ਮਾਪੇ ਅੰਦਰੋ ਅੰਦਰੀ ਕੁੜਦੇ ਹਨ, ਝੂਠੀਆਂ ਖੁਸ਼ੀਆਂ ਤੇ ਫੋਕੀਆਂ ਤਸੱਲੀਆਂ ਰੂਪੀ ਥੰਮੀ ਨਾਲ ਮਨ ਨੂੰ ਕੁਝ ਢਾਰਸ ਦੇਣ ਦੀ ਚਿਤਵਣੀ ਚਿਤਵਦੇ ਹਨ। ਬੱਚਿਆਂ ਨੂੰ ਛੱਡ ਵੀ ਨਹੀ ਸਕਦੇ ਤੇ ਨਾਲ ਚੱਲਣ ਲਈ ਵੀ ਅੰਦਰ ਉਕਸਾਹਟ ਨਹੀਂ ਉਤਪਨ ਹੁੰਦੀ, ਵਿਚ ਵਿਚਾਲੇ ਹੀ ਘੜੀਸ ਹੁੰਦੇ ਦਿਨ ਕਟੀ ਕਰਦੇ ਬੁਢੇਪੇ ਦੀ ਪੌੜੀ ਦੇ ਅਗਲੇ ਡੰਡੇ ਪੈਰ ਧਰਦੇ ਜਾਂਦੇ ਹਨ। ਮਨ ‘ਚ ਮ੍ਰਿਗ ਤ੍ਰਿਸ਼ਨਾਂ ਦੀ ਧਾਰਨਾਂ ਦੀ ਗੱਡੀ ਚੜਦੇ ਮਨ ਦੀਆਂ ਆਸਾਂ ਦੇ ਫਲ ਨੂੰ ਬੂਰ ਪੈਣ ਦੀ ਝਾਕ ਹਾਲੇ ਵੀ ਰੱਖਦੇ ਹਨ। ਮੌਕਾ ਭਾਲਦੇ ਹਨ ਕਿ ਕਿਸੇ ਬਹਾਨੇ ਉਹਨਾਂ ਦੇ ਬੱਚੇ ਉਹਨਾਂ ਕੋਲ ਆੳਣ, ਦਿਨਾਂ ਤਿਉਹਾਰਾਂ ਤੇ ਉਡੀਕ ਕਰਦੇ ਹਨ, ਪਾਰਟੀਆਂ ਤੇ ਡਿਨਰਾਂ ਦਾ ਅਡੰਬਰ ਰਚਦੇ ਹਨ। ਵੱਧੋ ਰੁੱਧੇ ਬੱਚੇ ਪਰਿਵਾਰਾਂ ਸਮੇਤ ਆ ਤਾਂ ਜਾਂਦੇ ਹਨ ਥੋੜੇ ਸਮੇਂ ਲਈ, ਇਸ ਨਾਲ ਮਾਪਿਆਂ ਅੰਦਰ ਲੱਗੀ ਝੋਰੇ ਦੀ ਤਪਸ਼ ਕੁਝ ਦੇਰ ਲਈ ਘਟ ਜਾਂਦੀ ਹੈ ਪਰ ਸ਼ਾਂਤ ਨਹੀਂ ਹੁੰਦੀ; ਇਹ ਆਰਜੀ ਥੋੜ ਚਿਰੀ ਤਸੱਲੀ ਹੁੰਦੀ ਹੈ। ਬੱਚੇ ਘੜੀ ਵਲ ਹੀ ਵੇਖਦੇ ਕੁੱਝ ਘੰਟੇ ਬਿਤਾ ਮੁੜ ਆਪੋ ਆਪਣੇ ਘਰੀਂ ਚਲੇ ਜਾਂਦੇ ਹਨ: ਮਾਪੇ ਫਿਰ ਕੱਲਮ ਕੱਲੇ ਕੰਧਾਂ ਦੇ ਖੂਜਿਆਂ ਵਲ ਬਿਟਰ ਬਿਟਰ ਝਾਕਦੇ ਰਹਿ ਜਾਂਦੇ ਹਨ।
ਕਮਾਇਆ ਪੈਸਾ, ਵਧੀਆ ਬਣਾਏ ਘਰ ਤੇ ਘਰ ਦੇ ਅੰਦਰ ਬੇਅੰਤ ਪਈਆਂ ਮਹਿੰਗੀਆਂ ਸਜਾਵਟੀ ਬਸਤਾਂ ਵੀ ਖਾਣ ਨੂੰ ਆਉਂਦੀਆਂ ਹਨ। ਇਹ ਮਨ ਦਾ ਝੋਰਾ ਕਿਸੇ ਨੂੰ ਦੱਸਦੇ ਵੀ ਨਹੀਂ ਤੇ ਮੁਹਰੇ ਕੋਈ ਦੁੱਖੜਾ ਸੁਣ ਕੇ ਦੁਆ ਦਾਰੂ ਦੱਸਣ ਵਾਲਾ ਵੀ ਨਹੀਂ, ਕਿਉਂਕਿ ਜਿਸ ਕੋਲ ਦੱਸਣਾਂ ਹੈ ਉਸ ਦਾ ਤਾਂ ਆਪ ਉਹਨਾਂ ਵਾਲਾ ਹੀ ਹਾਲ ਹੈ: ਸਭ ਇਕ ਦੂਜੇ ਤੋਂ ਚੋਰੀ ਕੋਠੀ ‘ਚ ਮੂ੍ਹੰਹ ਦੇਈ ਝੂਰੀ ਜਾ ਰਹੇ ਹਨ। ਆਪਣੇ ਪੁਸ਼ਤੀ ਸੁਭਾ ਮੁਤਾਬਕ ਨਾਂ ਤਾਂ ਆਪਣੇ ਮਨ ਨੂੰ ਹੀ ਇਸ ਤਬਦੀਲੀ ਲਈ ਤਿਆਰ ਕਰ ਸਕੇ ਤੇ ਨਾਂ ਹੀ ਆਪਣੀ ਅਗਲੀ ਪੀੜ੍ਹੀ ਦੀ ਆਲੇ ਦੁਆਲੇ ਦੀ ਮਜ਼ਬੂਰੀ ਨੂੰ ਸਮਝ, ਕੋਈ ਵਿਚਕਾਰਲਾ ਰਾਹ ਹੀ ਅਖਤਿਆਰ ਕੀਤਾ। ਸਾਲਾਂ ਵੱਧੀ ਘਰੋਂ ਕੰਮ ਤੇ ਕੰਮ ਤੋਂ ਘਰ ਵਾਲਾ ਚੰਡੋਲ ਚੜ੍ਹੇ ਰਹਿਣ ਕਾਰਨ ਕੋਈ ਹੋਰ ਰੁਝੇਵਾਂ ਬਣਿਆਂ ਨਹੀਂ ਜਾਂ ਬਣਾੳਣ ਦੀ ਲੋੜ ਨਹੀਂ ਸਮਝੀ ਤੇ ਰਿਟਾਇਰ ਹੋਣ ੳਪਰੰਤ ਕੋਈ ਰੌਚਕਤਾ ਨਾਂ ਹੋਣ ਕਾਰਨ ਸਮਾਂ ਬਿਤਾਉਣਾਂ ਹੋਰ ਵੀ ਦੁੱਭਰ ਹੋ ਗਿਆ। ਪਰਵਾਸ ਕਰ ਕੇ ਆਈ ਪਹਿਲੀ ਪੀੜ੍ਹੀ ਨੂੰ ਖਾਸ ਕਰਕੇ ਇਸ ਕਸੂਤੀ ਕੁਠਾਲੀ ਵਿਚਦੀ ਵਿਚਰਨਾਂ ਪੈਂਦਾ ਹੈ। ਇਕੱਲਤਾ ਕਾਰਨ ਕੁੱਤਿਆਂ ਬਿੱਲੀਆਂ ਦਾ ਆਸਰਾ ਭਲਦੇ ਹਨ, ਜਿਹੜਾ ਨਿੱਘ ਤੇ ਸ਼ਕੂਨ ਬੱਚਿਆਂ ਤੇ ਅਗਾਂਹ ਉਹਨਾਂ ਦੇ ਬੱਚਿਆਂ ਨੇ ਦੇਣਾਂ ਸੀ ਉਹ ਮਿਲਦਾ ਨਹੀਂ ਤੇ ਇੰਜ ਅੰਦਰ ਖਾਲੀ ਤੇ ਖੋਖਲਾ ਲਗਦਾ ਰਹਿੰਦਾ ਹੈ।
ਔਖੇ ਹੋ ਹੋ ਕੇ ਲਾਇਆ ਓਵਰ ਟਾਈਮ, ਬਣਾਈ ਦੌਲਤ ਜਾਇਦਾਦ ਇਕੱਲਾਪਣ ਦੂਰ ਨਹੀਂ ਕਰਦੀ। ਜਿਉਂ ਜਿਉਂ ਬੁਢੇਪਾ ਹੋਰ ਨੇੜੇ ਹੁੰਦਾ ਜਾਂਦਾ ਹੈ ਤਿਉਂ ਤਿਉਂ ਸਰੀਰਕ ਸ਼ਕਤੀ, ਸਹਿਣ ਸ਼ੀਲਤਾ ਘਟਣ ਕਾਰਨ ਇਕੱਲੇਪਣ ਦਾ ਸਾਹਮਣਾ ਕਰਨ ਦੀ ਸਮਰੱਥਾ ਵੀ ਪਹਿਲਾਂ ਵਾਲੀ ਨਹੀਂ ਰਹਿੰਦੀ, ਇਝ ਉਦਾਸੀ ਤੇ ਨਿਰਾਸ਼ਤਾ ਦਾ ਆਲਮ ਹੋਰ ਭਾਰੂ ਹੁੰਦਾ ਜਾਂਦਾ ਹੈ। ਹਾਣੀ ਪਰਵਾਣੀ ਤੇ ਆਪ ਤੋਂ ਵਡੇਰੇ ਜਿਹੜੇ ਕਿਸੇ ਵੇਲੇ ਮਨ ਦੀ ਡਿਗਦੀ ਕੋਠੀ ਨੂੰ ਢਾਰਸ ਦਿਆ ਕਰਦੇ ਸਨ, ਉਹ ਜਾਂ ਤਾਂ ਚੱਲ ਗਏ ਜਾਂ ਕਿਤੇ ਦੂਰ ਦੁਰਾਂਢੇ ਜਾ ਵਸੇ। ਭਾਵੇਂ ਸੰਚਾਰ ਸਾਧਨ ਬੇਅੰਤ ਬਣ ਗਏ ਹਨ ਪਰ ਜੇ ਮੁਹਰੇ ਜਿਹਨਾਂ ਨਾਲ ਸੰਚਾਰ ਕਰਨਾਂ ਹੈ, ਜੇ ਉਹ ਹੀ ਨਾਂ ਹੋਣ ਤਾਂ ਇਹ ਸਭ ਨਵੇਂ ਸਾਧਨ ਵੀ ਕਿਸ ਕੰਮ? ਚਿੱਠੀਆਂ ਰਾਹੀਂ ਪਾਈਆਂ ਸਾਂਝਾਂ ਦਿਲਾਂ ਦਾ ਨਿਚੋੜ ਹੋਇਆ ਕਰਦੀਆਂ ਸਨ, ਹੁਣ ਉਹ ਵੀ ਗਾਇਬ; ਟੈਲੀਫੋਨ ਤੇ ਵੀ ਇੱਕ ਦੂਜੇ ਦੀ ਅਵਾਜ਼ ਸੁਣ ਦਿਲ ਦੀ ਭਾਫ ਕੱਢੀ ਜਾ ਸਕਦੀ ਹੈ, ਹੁਣ ਈ ਮੇਲਾਂ ਨੇ ਤਾਂ ਉਹ ਵੀ ਮਨੁੱਖੀ ਲਗਾਉ ਦਾ ਆਖਰੀ ਸਾਧਨ ਅੱਖਰਾਂ ‘ਚ ਹੀ ਬਦਲ ਦਿੱਤਾ ਹੈ। ਸਾਡੀ ਸੱਤਰਵਿਆਂ ਨੂੰ ਢੁੱਕ ਰਹੀ ਪੀੜੀ ‘ਚ ਬਹੁਤਿਆਂ ਨੂੰ ਇਹ ਟਕਨਾਉਲੋਜੀ ਰਾਸ ਵੀ ਨਹੀਂ। ਇਨ੍ਹਾਂ ਸਭ ਨਵੀਆਂ ਕਾਢਾਂ ਤੇ ਨਵੇਂ ਸਾਧਨਾਂ ‘ਚ ਵੀ ਬਜ਼ੁਰਗ ਮਾਪੇ ਕੈਦ ਹੋ ਕੇ ਰਹਿ ਗਏ ਹਨ। ਸਭ ਤੋਂ ਵੱਡਾ ਦੁੱਖ ਤੇ ਝੋਰਾ ਤਾਂ ਸਾਲਾਂ ਵੱਧੀ ਮਨਾਂ ਅੰਦਰ ਬਣ ਰਹੀਆਂ ਉਮੰਗਾਂ,ਆਸਾਂ ਤੇ ਖਾਹਿਸ਼ਾਂ ਤੋਂ ਸੱਖਣੇ ਜਿਹੇ ਹੋ ਕੇ ਰਹਿ ਜਾਣ ਦਾ ਹੈ ਜਿਹੜੀਆਂ ਆਪਣੇ ਬੱਚਿਆਂ ਪ੍ਰਤੀ ਪੀਂਜੋ ਪੀਂਜ ਮਨਾਂ ‘ਚ ਚਿਣੀਆਂ ਹੋਈਆਂ ਸਨ। ਪੈਸਾ, ਸੁਖ ਸਹੂਲਤਾਂ ਤੇ ਹੋਰ ਸੁਵਿਧਾਵਾਂ ਹੋਣ ਦੇ ਬਾਵਜੂਦ ਭੀ ਮਨ ਦੇ ਅੰਦਰ ਇਕ ਖਾਲੀਪਣ ਦੀ ਖੋਹ ਪੈਂਦੀ ਹੈ, ਜਿਹੜੀ ਆਪਣੇ ਬੱਚਿਆਂ ਤੇ ਅਗਾਂਹ ਉਹਨਾਂ ਦੇ ਬੱਚਿਆਂ ‘ਚ ਰਚਮਿਚ, ਰਲਮਿਲ਼ ਤੇ ਨੇੜਤਾ ‘ਚ ਰਹਿਣ ਨਾਲ ਪੂਰੀ ਹੋਣੀ ਸੀ। ਅਗਲੀ ਪੀੜ੍ਹੀ ਦੇ ਮਨ ਦੀ ਤਾਂ ਵੇਵ ਲਿੰਥ ਹੀ ਹੋਰ ਹੈ ਜੋ ਸਮੇਂ ਦੀ ਤਬਦੀਲੀ ਦੀ ਨਿਸ਼ਾਨੀ ਹੈ ਤੇ ਵਿਚਾਰੇ ਮਾਪਿਆਂ ਨੂੰ ਇਹ ਗੱਲ ਹਜ਼ਮ ਕਰਨੀ ਔਖੀ ਹੈ; ਇਹੀ ਝੋਰਾ ਉਹਨਾਂ ਨੂੰ ਵੱਢ ਵੱਢ ਖਾਂਦਾ ਅੰਦਰ ਘੁਣ ਵਾਂਗੂੰ ਲੱਗਿਆ, ਅੰਦਰ ਦੀਆਂ ਪਰਤਾਂ ਦਾ ਆਟਾ ਬਣਾਈ ਜਾ ਰਿਹਾ: ਬਾਹਰੋਂ ਭਾਵੇਂ ਮਾਪੇ ਦੇਖਣ ਨੂੰ ਸਹੀ ਸਲਾਮਤਲਗਦੇ ਹਨ, ਜਿਵੇਂ ਘੁਣ ਖਾਧੇ ਮੰਜੇ ਦਾ ਪਾਵਾ ਅੰਦਰੋਂ ਘੁਣ ਨਾਲ ਖੋਖ਼ਲਾ ਹੋਣ ਉਪਰੰਤ ਵੀ ਬਾਹਰੋਂ ਚੰਗਾ ਭਲਾ ਤੇ ਸਾਬਤ ਸੂਰਤ ਲਗਦਾ ਹੁੰਦਾ ਹੈ। ਇਹੀ ਗੱਲ ਵਿਚਾਰੇ ਮਾਪਿਆਂ ਦੀ ਹੋ ਕੇ ਰਹਿ ਗਈ ਹੈ ਤੇ ਪਤਾ ਨਹੀਂ ਲਗਦਾ ਚੌਰਾਹੇ ਤੇ ਖੜੇ ਕਿਹੜੀ ਦਸ਼ਾਂ ਵਲ ਸੇਧ ਕਰਨ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …