Breaking News
Home / ਨਜ਼ਰੀਆ / ਵਿਗਿਆਨਕ ਸੋਚ ਤੇ ਅੰਧ ਵਿਸ਼ਵਾਸ਼

ਵਿਗਿਆਨਕ ਸੋਚ ਤੇ ਅੰਧ ਵਿਸ਼ਵਾਸ਼

ਹਰਜੀਤ ਬੇਦੀ
ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਆਪਸੀ ਵਿਚਾਰਾਂ ਦੇ ਵਖਰੇਵੇਂ ਦੇ ਟਕਰਾ ਤੋਂ ਕੀਤੀ ਹੈ । ਦੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰਾਂ ਦੇ ਭੇੜ ‘ਚੋਂ ਠੀਕ ਵਿਚਾਰ ਨਿੱਖਰ ਕੇ ਸਾਹਮਣੇ ਆਉਂਦਾ ਹੈ। ਅਸੀਂ ਆਮ ਜੀਵਣ ਵਿੱਚ ਅਕਸਰ ਇਹ ਦੇਖਦੇ ਹਾਂ ਕਿ ਸੱਚ-ਝੂਠ, ਹਨੇਰਾ-ਚਾਨਣ, ਚੰਗਿਆਈ-ਬੁਰਾਈ ਇੱਕ ਦੂਜੇ ਦੇ ਵਿਰੋਧੀ ਹਨ ਤੇ ਇਹਨਾਂ ਵਿੱਚ ਟਕਰਾਅ ਲਗਾਤਾਰ ਚਲਦਾ ਰਹਿੰਦਾ ਹੈ । ਇਸੇ ਤਰ੍ਹਾਂ ਮਨੁੱਖ ਆਪਣੇ ਜੀਵਣ ਵਿੱਚ ਦੋ ਢੰਗਾਂ ਨਾਲ ਵਿਚਰਦੇ ਹਨ । ਇੱਕ ਉਹ ਜੋ ਕਿਸੇ ਵੀ ਗੱਲ ਤੇ ਸੋਚ ਸਮਝ ਕੇ ਯਕੀਨ ਕਰਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਵਿਗਿਆਨ ਸੋਚ ਦੇ ਧਾਰਨੀ ਕਹਿ ਸਕਦੇ ਹਾਂ । ਦੂਜੀ ਕਿਸਮ ਦੇ ਲੋਕ ਉਹ ਹਨ ਜਿਹੜੇ ਬਿਨਾਂ ਸੋਚ ਅਤੇ ਵਿਚਾਰ ਕੀਤਿਆਂ ਕਿਸੇ ਗੱਲ ਨੂੰ ਦੂਜਿਆਂ ਦੀ ਰੀਸੋ ਰੀਸੀ ਜਾਂ ਕਿਸੇ ਦੇ ਪਰਭਾਵ ਥੱਲੇ ਆ ਕੇ ਬਿਨਾਂ ਵਿਚਾਰ ਕੀਤੀਆਂ ਮੰਨ ਲੈਂਦੇ ਹਨ ਅਤੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਅੰਧ-ਵਿਸ਼ਵਾਸ਼ੀ ਕਹਿ ਸਕਦੇ ਹਨ। ਅੰਧ ਵਿਸ਼ਵਾਸ਼ੀ ਕਦੇ ਵੀ ਕਿਸੇ ਨਵੇਂ ਵਿਚਾਰ ਨੂੰ ਅਪਨਾਉਣ ਲਈ ਪਹਿਲ ਨਹੀਂ ਕਰਦੇ। ਜਿਹਨਾਂ ਗੱਲਾਂ ਨੂੰ ਉਹ ਬਚਪਨ ਤੋਂ ਸੁਣਦੇ ਆਏ ਹੁੰਦੇ ਹਨ ਉਹਨਾਂ ਦੇ ਸੁਤੇ-ਸਿੱਧ ਹੀ ਮਗਰ ਲੱਗ ਜਾਂਦੇ ਹਨ ਅਤੇ ਆਪਣੇ ਦਿਮਾਗ ਦੀ ਵਰਤੋਂ ਕਰਨ ਵਿੱਚ ਉਹਨਾਂ ਦਾ ਹੱਥ ਕੁੱਝ ਤੰਗ ਹੀ ਹੁੰਦਾ ਹੈ। ਉਹ ਢੌਂਗੀਆਂ ਅਤੇ ਸਾਧਾਂ ਸੰਤਾ ਦੇ ਮਗਰ ਲੱਗ ਕੇ ਆਪਣਾ ਝੁੱਗਾ ਚੌੜ ਕਰਵਾ ਬਹਿੰਦੇ ਹਨ । ਇਸ ਤੋਂ ਕੁੱਝ ਸਿੱਖਣ ਦੀ ਥਾਂ ਉਹ ਇਸ ਨੂੰ ਰੱਬ ਦਾ ਭਾਣਾ ਜਾਂ ਆਪਣੀ ਕਿਸਮਤ ਦਾ ਕਸੂਰ ਮੰਨ ਲੈਂਦੇ ਹਨ । ਪਖੰਡੀਆਂ ਦਾ ਦਾਲ ਫੁਲਕਾ ਅਜਿਹੇ ਲੋਕਾਂ ਦੇ ਸਿਰ ਤੇ ਹੀ ਚਲਦਾ ਹੈ । ਪਖੰਡੀ ਲੋਕ ਨਿੱਤ ਨਵੇਂ ਨਵੇਂ ਢੰਗ ਵਰਤ ਕੇ ਅੰਧ-ਵਿਸ਼ਵਾਸ਼ੀ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀ ਲੁੱਟ ਕਰਦੇ ਹਨ। ਪਰਖ ਅਤੇ ਪੜਤਾਲ ਵਿਗਿਆਨ ਦਾ ਧੁਰਾ ਹਨ ਇਸ ਲਈ ਪਰਖ ਤੇ ਪੜਤਾਲ ਕਰਨ ਬਾਅਦ ਹੀ ਕਿਸੇ ਵਿਚਾਰ ਨੂੰ ਅਪਣਾਉਣਾ ਹੀ ਵਿਗਿਆਨਕ ਸੋਚ ਦਾ ਧਾਰਨੀ ਹੋਣਾ ਹੈ । ਮਨੁੱਖ ਦੁਆਰਾ ਅਜੇ ਆਖਰੀ ਸੱਚ ਲਈ ਖੋਜ ਜਾਰੀ ਹੈ । ਇਸ ਲਈ ਸੱਚ ਤੱਕ ਪਹੁੰਚਣ ਲਈ ਨਵੇਂ ਵਿਚਾਰਾਂ ਨੂੰ ਪੜਤਾਲ ਤੋਂ ਬਾਦ ਜੇ ਜਚ ਜਾਣ ਤਾਂ ਅਪਣਾਅ ਲੈਣਾ ਜਰੂਰੀ ਹੈ । ਸਮੇਂ ਦੇ ਹਾਣ ਦਾ ਬਣਨ ਲਈ ਮਨੁੱਖਤਾ ਪੱਖੀ ਨਵੀਨ ਵਿਚਾਰਧਾਰਾ ਨੂੰ ਗ੍ਰਹਿਣ ਕਰਨਾ ਹੋਰ ਵੀ ਜਰੂਰੀ ਹੈ ।
ਅੰਧ-ਵਿਸ਼ਵਾਸੀ ਆਮ ਤੌਰ ਤੇ ਤਰਕ ਭਰਪੂਰ ਗੱਲਬਾਤ ਤੋਂ ਇਨਕਾਰੀ ਹੁੰਦੇ ਹਨ । ਅੰਧ-ਵਿਸ਼ਵਾਸ ਕਾਰਣ ਹੀ ਕਈ ਮਹਾਨ ਫਿਲਾਸਫਰਾਂ ਅਤੇ ਵਿਗਿਆਨੀਆਂ ਨੂੰ ਅਣਮੁਨੱਖੀ ਤਸੀਹੇ ਤੇ ਸਜਾਵਾਂ ਦੇ ਕੇ ਮਨੁੱਖੀ ਇਤਿਹਾਸ ਨੂੰ ਕਲੰਕਿਤ ਕੀਤਾ ਗਿਆ ਹੈ । ਸੁਕਰਾਤ ਜੋ ਕਿ ਯੂਨਾਨ ਦਾ ਮਹਾਨ ਲੋਕ-ਪੱਖੀ ਫਿਲਾਸਫਰ ਸੀ ਜੋ ਵਿਗਿਆਨਕ ਵਿਚਾਰਧਾਰਾ ਨੂੰ ਸਮਾਜ ਵਿੱਚ ਸਥਾਪਤ ਕਰਨਾ ਚਾਹੁੰਦਾ ਸੀ । ਉਸ ਨੂੰ ਇਸੇ ਲਈ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ ਕਿ ਉਸ ਦੇ ਵਿਚਾਰ ਕੱਟੜਪੰਥੀਆਂ ਨੂੰ ਰਾਸ ਨਹੀਂ ਸੀ ਆ ਰਹੇ । ਕਾਪਰਨੀਕਸ ਨੇ ਖੋਜ ਕੀਤੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਪਰ ਇਹ ਗੱਲ ਈਸਾਈ ਧਰਮ ਦੇ ਵਿਸ਼ਵਾਸ਼ ਅਤੇ ਬਾਈਬਲ ਦੀਆਂ ਲਿਖਤਾਂ ਦੇ ਵਿਰੁੱਧ ਸੀ ਜਿਸ ਕਰਕੇ ਸੱਚ ਦੀ ਖੋਜ ਕਰਨ ਵਾਲੇ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੀਆਂ ਲਿਖਤਾਂ ਨੂੰ ਜ਼ਬਤ ਕਰ ਲਿਆ ਗਿਆ । ਆਪਣੀ ਖੋਜ ਦੇ ਹੱਕ ਵਿੱਚ ਉਹ ਹੋਰ ਸਬੂਤ ਇਕੱਠੇ ਕਰ ਹੀ ਰਿਹਾ ਸੀ ਕਿ ਛੇਤੀ ਹੀ ਉਸ ਦੀ ਮੌਤ ਹੋ ਗਈ । ਇਟਲੀ ਦੇ ਬਰੂਨੋ ਨੇ ਕਾਪਰਨੀਕਸ ਦੇ ਵਿਚਾਰਾਂ ਦਾ ਖੁੱਲ੍ਹ ਕੇ ਪਰਚਾਰ ਕੀਤਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ । ਪਰ ਧਰਮ ਦੇ ਠੇਕੇਦਾਰ ਪਾਦਰੀਆਂ ਨੇ ਉਸਨੂੰ ਕੈਦ ਕਰ ਲਿਆ ਤੇ ਉਸ ਤੇ ਮੁਕੱਦਮਾ ਚਲਾ ਕੇ ਤਹਿਖਾਨੇ ਵਿੱਚ ਬੰਦ ਕਰ ਕੇ ਵਾਰ ਵਾਰ ਪੁੱਛ ਗਿੱਛ ਕੀਤੀ ਗਈ । ਆਪਣੇ ਬਿਆਨਾਂ ਤੇ ਪਛਤਾਵਾ ਕਰਨ ਲਈ ਕਿਹਾ ਗਿਆ ਪਰ ਉਹ ਡਰਿਆ ਨਹੀਂ । ਅਖੀਰ ਉਸ ਨੂੰ ਕਰਾਸ ਨਾਲ ਬੰਨ੍ਹ ਕੇ ਉਸ ਦੀ ਜੀਭ ਕੱਟ ਕੇ ਉਸ ਨੂੰ ਜਿੰਦਾ ਜਲਾ ਦਿੱਤਾ ਗਿਆ। ਗਲੈਲੀਓ ਨੇ ਵੀ ਕਾਪਰਨੀਕਸ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ ਤਾਂ ਉਸ ਤੇ ਮੁਕੱਦਮਾ ਚਲਾ ਕੇ ਉਸ ਨੂੰ ਤਸੀਹੇ ਦਿੱਤੇ ਗਏ ਤੇ ਉਸ ਨੂੰ ਆਪਣੀ ਗੱਲਤੀ ਮੰਨਣ ਨੂੰ ਕਿਹਾ ਗਿਆ । ਉਸ ਤੇ ਦਬਾਅ ਪਾ ਕੇ ਉਸਨੂੰ ਗੋਡਿਆਂ ਭਾਰ ਹੋ ਕੇ ਇਹ ਕਹਿਣ ਲਈ ਮਜਬੂਰ ਕੀਤਾ ਕਿ ਜੋ ਕੁੱਝ ਉਹ ਕਹਿੰਦਾ ਹੈ ਉਹ ਗਲਤ ਹੈ ਤੇ ਬਾਈਬਲ ਚ ਜੋ ਲਿਖਿਆ ਹੈ ਉਹ ਠੀਕ ਹੈ । ਆਪਣੀ ਜ਼ਮੀਰ ਦੀਆਂ ਲਾਹਨਤਾਂ ਸੁਣ ਕੇ ਉਸ ਨੇ ਦੁਬਾਰਾ ਉੱਠ ਕੇ ਕਹਿ ਦਿੱਤਾ , ” ਮੇਰੇ ਕਹਿਣ ਨਾਲ ਧਰਤੀ ਰੁਕ ਨਹੀਂ ਸਕਦੀ । ਇਹ ਤਾਂ ਹੁਣ ਵੀ ਘੁੰਮ ਰਹੀ ਹੈ ਤੇ ਘੁੰਮਦੀ ਰਹੇਗੀ ।” ਇਸ ਤੇ ਉਸ ਨੂੰ ਫਿਰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਤੇ ਜੇਲ੍ਹ ਵਿੱਚ ਹੀ ਉਸਦੀ ਮੌਤ ਹੋ ਗਈ ।
ਅੰਧ ਵਿਸ਼ਵਾਸ਼ ਮਨੁੱਖਤਾ ਲਈ ਘਾਤਕ ਹੈ ਤੇ ਧਾਰਮਿਕ ਅੰਧ ਵਿਸ਼ਵਾਸ ਤਾਂ ਬਹੁਤ ਹੀ ਖਤਰਨਾਕ ਸਿੱਧ ਹੁੰਦਾ ਹੈ। ਵਿਗਿਆਨ ਦੇ ਨਿਯਮ ਹਰ ਧਰਮ, ਜਾਤ, ਦੇਸ਼, ਨਸਲ ਦੇ ਲੋਕਾਂ ਲਈ ਇੱਕੋ ਹਨ ਜਦ ਕਿ ਹਰ ਧਰਮ ਦੇ ਸੰਕਲਪ ਤੇ ਮੁਕਤੀ ਦੇ ਰਾਹ ਤੇ ਆਸਥਾਵਾਂ ਵੱਖੋ ਵੱਖਰੇ ਹਨ। ਦੁਨੀਆਂ ਵਿੱਚ ਹੋ ਰਹੇ ਝਗੜਿਆਂ ਦਾ ਇੱਕ ਵੱਡਾ ਕਾਰਣ ਵੱਖ ਵੱਖ ਧਰਮਾਂ ਦਾ ਹੋਣਾ ਹੈ । ਧਰਮ ਕਿੰਤੂ ਪ੍ਰੰਤੂ ਕਰਨ ਦੀ ਆਗਿਆ ਨਹੀਂ ਦਿੰਦਾ ਇਸ ਲਈ ਇਹ ਅੱਗੋਂ ਸੋਚਣ ਦਾ ਰਾਹ ਬੰਦ ਕਰ ਦਿੰਦਾ ਹੈ ਤੇ ਮਨੁੱਖ ਦੀ ਮਾਨਸਿਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਲਕੀਰ ਦਾ ਫਕੀਰ ਬਣ ਕੇ ਰਹਿ ਜਾਂਦਾ ਹੈ । ਅੱਜ ਦੇ ਸਮਾਜ ਨੂੰ ਅਸੀਂ ਵਿਕਸਤ ਸਮਾਜ ਕਹਿੰਦੇ ਹਾਂ। ਇਸ ਨੇ ਬਹੁਤ ਸਾਰੇ ਖੇਤਰਾਂ ਵਿੱਚ ਮੱਲਾਂ ਮਾਰ ਲਈਆਂ ਹਨ ਪਰ ਬਹੁਤ ਸਾਰੇ ਲੋਕ ਮਾਨਸਿਕ ਤੌਰ ਤੇ ਕਾਫੀ ਹੱਦ ਤੱਕ ਪਛੜੇ ਹੋਏ ਹਨ ਤੇ ਸ਼ਾਤਰ ਲੋਕ ਇਸ ਦਾ ਲਾਭ ਉਠਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ । ਸਾਡੇ ਸਮਾਜ ਦਾ ਲੱਗਪੱਗ ਹਰ ਬੱਚਾ ਬਚਪਨ ਤੋਂ ਹੀ ਇਹ ਸੁਣਦਾ ਹੈ ਕਿ ਉਹ (ਰੱਬ ) ਤਾਂ ਦੇਖਦਾ ਹੈ, ਉਸਦੀ ਨਿਗ੍ਹਾ ਤੋਂ ਕੋਈ ਨਹੀਂ ਬਚ ਸਕਦਾ। ਪਰ ਜੋ ਸਾਡੇ ਸਾਹਮਣੇ ਬੀਤ ਰਿਹਾ ਹੈ ਉਹ ਇਸ ਦੇ ਉਲਟ ਹੈ । ਧਾਰਮਿਕ ਸਥਾਨਾਂ ਤੇ ਹੋ ਰਹੇ ਕੁਕਰਮ, ਗੋਲਕਾਂ ਵਿੱਚੋਂ ਮਾਇਆ ਦੀ ਚੋਰੀ ਉਸਨੂੰ ਨਹੀਂ ਦਿਸ ਰਹੀ । ਇਹ ਤਾਂ ਸਿਰਫ ਲੋਕਾਂ ਨੂੰ ਡਰਾ ਕੇ ਰੱਖਣ ਦਾ ਹਥਿਆਰ ਹੈ। ਜੋ ਇਸ ਨੂੰ ਹਥਿਆਰ ਵਜੋਂ ਵਰਤ ਰਹੇ ਹਨ ਉਹਨਾਂ ਨੂੰ ਇਸ ਗੱਲ ਦੀ ਪੂਰੀ ਸਮਝ ਹੈ ਤੇ ਉਹ ਆਪ ਤਾਂ ਰੱਬ ਦੇ ਡਰ ਤੋਂ ਮੁਕਤ ਜਾਪਦੇ ਹਨ। ਉਹਨਾਂ ਨੇ ਸਿਰਫ ਦੂਜਿਆਂ ਦੇ ਮਨਾਂ ਵਿੱਚ ਇਹ ਡਰ ਪਾਕੇ ਉਹਨਾਂ ਨੂੰ ਲੁੱਟਣ ਲਈ ਬਣਾ ਰੱਖਿਆ ਹੈ। ਧਾਰਮਿਕ ਸਥਾਨਾਂ ਤੇ ਚੋਰੀਆਂ ਕਰਨ ਵਾਲਿਆਂ ਨੂੰ ਰੱਬ ਤਾਂ ਨਹੀਂ ਫੜ੍ਹ ਸਕਿਆਂ ਪਰ ਵਿਗਿਆਨੀਆਂ ਦੁਆਰਾ ਬਣਾਏ ਨਿਗਰਾਨ ਕੈਮਰੈ ਉਹਨਾਂ ਨੂੰ ਜਰੂਰ ਫੜ੍ਹ ਲੈਂਦੇ ਹਨ ।
ਅੰਧ-ਵਿਸ਼ਵਾਸ ਤੇ ਵਿਗਿਆਨਕ ਸੋਚ ਦਾ ਟਕਰਾਅ ਅੱਜ ਵੀ ਜਾਰੀ ਹੈ। ਅੰਧ-ਵਿਸ਼ਵਾਸ਼ੀ ਵਿਚਾਰਧਾਰਾ ਵਲੋਂ ਸੱਖਣੇ ਹੁੰਦੇ ਹਨ। ਅੰਧ-ਵਿਸ਼ਵਾਸ ਕੱਟੜਤਾ ਅਤੇ ਅਸ਼ਹਿਣਸ਼ੀਲਤਾ ਨੂੰ ਜਨਮ ਦਿੰਦਾ ਹੈ। ਇਸੇ ਲਈ ਅੰਧ- ਵਿਸ਼ਵਾਸ਼ੀ ਅਤੇ ਕੱਟੜਪੰਥੀ ਲੋਕਾਂ ਵਲੋਂ ਤਰਕਸ਼ੀਲ ਵਿਚਾਰਧਾਰਾ ਰੱਖਣ ਵਾਲੇ ਵਿਦਵਾਨਾਂ ਦੇ ਕਤਲ ਹੋ ਰਹੇ ਹਨ । ਪਿਛਲੇ ਕੁੱਝ ਸਮੇਂ ਵਿੱਚ ਹੀ ਵਿਗਿਆਨਕ ਸੋਚ ਰੱਖਣ ਵਾਲੇ ਦਾਭੋਲਕਰ , ਕੁਲਬਰਗੀ ਅਤੇ ਗੋਬਿੰਦ ਪੰਸਾਰੇ ਵਰਗੇ ਵਿਦਵਾਨਾਂ ਨੂੰ ਅਤੇ ਹੁਣੇ ਹੀ ਗੌਰੀ ਲੰਕੇਸ ਨੂੰ ਕਤਲ ਕਰ ਦਿੱਤਾ ਗਿਆ ਹੈ। ਪਰ ਸੱਚ ਕਦੇ ਮਰਦਾਂ ਨਹੀਂ। ਸੱਚ ‘ਤੇ ਪਰਦਾ ਪਾਉਣ ਵਾਲੇ ਤੇ ਲੋਕਾਂ ਨੂੰ ਅੰਧ ਵਿਸ਼ਵਾਸ਼ ਦੀ ਦਲਦਲ ਵਿੱਚ ਧੱਕਣ ਵਾਲੇ ਚਾਹੇ ਜਿੰਨੇ ਮਰਜ਼ੀ ਸ਼ਕਤੀਸ਼ਾਲੀ ਹੋਣ। ਚਾਹੇ ਉਹਨਾਂ ਕੋਲ ਜਿੰਨੇ ਮਰਜ਼ੀ ਸਾਧਨ ਹੋਣ ਪਰ ਅੰਤ ਵਿੱਚ ਜਿੱਤ ਵਿਗਿਆਨਕ ਸੋਚ ਦੀ ਹੀ ਹੋਵੇਗੀ ਅੰਧ ਵਿਸ਼ਵਾਸ਼ ਦੀ ਨਹੀਂ। ਅੰਧ ਵਿਸ਼ਵਾਸ਼ ਦੇ ਖਤਮ ਹੋਣ ਨਾਲ ਸਾਧਰਨ ਲੋਕਾਂ ਦੇ ਬਹੁਤ ਸਾਰੇ ਦੁੱਖ ਦੂਰ ਹੋਣ ਦੀ ਪੂਰੀ ਸੰਭਾਵਨਾ ਹੈ।

Check Also

ਪਰਵਾਸੀ ਕਿਰਤੀਆਂ ਦੀ ਆਪਣੀ ਧਰਤੀ ਵੱਲ ਖਿੱਚ ਆਰਥਿਕ ਮੁਸ਼ਕਲਾਂ ‘ਤੇ ਵੀ ਭਾਰੂ

ਡਾ. ਸ.ਸ. ਛੀਨਾ ਆਪਣੀ ਧਰਤੀ ਦੀ ਖਿਚ ਉਹ ਦਬਇਆ ਹੋਇਆ ਮਨੁੱਖੀ ਜਜ਼ਬਾਂ ਹੇ ਜਿਹੜਾ ਆਰਥਿਕ …