Breaking News
Home / ਨਜ਼ਰੀਆ / ਵਿਗਿਆਨ-ਗਲਪ ਕਹਾਣੀ

ਵਿਗਿਆਨ-ਗਲਪ ਕਹਾਣੀ

ਕਿਸ਼ਤ 2
ਭਟਕਨ
ਡਾ. ਡੀ ਪੀ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
“ਇੰਦਰ ਦੇ ਫ਼ਰੇਬ ਵਿਚ, ਕੁੱਕੜ ਬਣ ਬਾਂਗ ਦੇਵੇ।
ਗੋਤਮ ਦੇ ਸਰਾਪ ਦਾ, ਰਤਾ ਨਾ ਮਲਾਲ ਏ।
ਚਿਹਰੇ ਦੇ ਦਾਗਾਂ ਦਾ, ਰਤਾ ਨਾ ਖਿਆਲ ਏ।”
ਗੁੱਸੇ ਵਿਚ ਚੰਦਰ ਦੇਵ ਨੇ ਇੰਨੇ ਜ਼ੋਰ ਜ਼ੋਰ ਨਾਲ ਪੈਰ ਥਪਥਪਾਏ ਕਿ ਲੱਗ ਰਿਹਾ ਸੀ ਕਿ ਅੰਬਰ ਵਿਚ ਭੂਚਾਲ ਆ ਗਿਆ ਹੈ ਤੇ ਅਚਾਨਕ ਉਹ ਗਾਇਬ ਹੋ ਗਿਆ।
ਤਾਰਾ ਤੇ ਰੋਹਿਨੀ ਨੇ ਡਰ ਤੇ ਨਿਰਾਸ਼ਾ ਨਾਲ ਇਕ ਦੂਜੇ ਵੱਲ ਦੇਖਿਆ। “ਅੰਬਰ ਵਧੇਰਾ ਵੱਡਾ ਹੈ। ਅੰਬਰ ਵਿਚ ਉਹ ਕਿਧਰੇ ਵੀ ਹੋ ਸਕਦਾ ਹੈ। ਇਸ ਦਾ ਵੀ ਕੀ ਪਤਾ ਕਿ ਉਹ ਅੰਬਰ ਵਿਚ ਹੀ ਹੋਵੇ? ਉਹ 14 ਮੰਡਲਾਂ (worlds) ਵਿਚੋਂ ਕਿਸੇ ਵਿਚ ਵੀ ਹੋ ਸਕਦਾ ਹੈ।” ਉਹ ਸੋਚ ਰਹੀਆਂ ਸਨ। ਪਰ ਥੋੜ੍ਹੀ ਸੋਚ-ਵਿਚਾਰ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਕਿ ਸੱਤ ਨਰਕ ਮੰਡਲਾਂ ਵਿਚ ਤਾਂ ਉਹ ਨਹੀਂ ਗਿਆ ਹੋ ਸਕਦਾ। ਤਦ ਉਨ੍ਹਾਂ ਦੋਹਾਂ ਨੇ ਪੂਰੇ ਅੰਬਰ ਤੇ ਸੱਤੇ ਸਵਰਗ ਮੰਡਲਾਂ ਵਿਚ ਉਸ ਦੀ ਤਲਾਸ਼ ਕੀਤੀ। ਉਨ੍ਹਾਂ ਨੂੰ ਜੋ ਕੋਈ ਵੀ ਮਿਲਿਆ, ਹਰ ਕਿਸੇ ਤੋਂ ਉਨ੍ਹਾਂ ਚੰਦਰ ਦੇਵ ਬਾਰੇ ਪੁੱਛ ਗਿੱਛ ਕੀਤੀ ਪਰ ਕਿਧਰੇ ਵੀ ਉਸ ਦੇ ਹੋਣ ਦੀ ਦੱਸ ਨਾ ਪਈ।
ਥੱਕ-ਹਾਰ ਕੇ ਉਦਾਸ ਮਨਾਂ ਨਾਲ ਉਹ ਆਪਣੇ ਅੰਬਰ-ਮਹਿਲ ਵਿਚ ਵਾਪਸ ਆ
ਗਈਆ।
ਤਦ ਹੀ ਉਨ੍ਹਾਂ ਦੇਖਿਆ ਕਿ ਮਹਿਲ ਅੰਦਰਲੇ ਬਾਗ ਦੇ ਇਕ ਹਨੇਰੇ ਕੋਨੇ ਵਿਚ, ਆਕੜਿਆ ਖੜਾ ਚੰਦਰ ਦੇਵ, ਰਾਜਾ ਦਕਸ਼ ਦੇ ਬੁੱਤ ਨੂੰ ਘੂਰ ਰਿਹਾ ਸੀ।
ਤਾਰਾ ਤੇ ਰੋਹਿਨੀ ਨੂੰ ਆਪਣੇ ਵੱਲ ਆਉਂਦਾ ਦੇਖ ਚੰਦਰ ਦੇਵ ਬੋਲਿਆ, “ਇਸੇ ਨੇ ਤਾਂ
ਮੈਨੂੰ ਸੋਕੇਪਣ ਦਾ ਸਰਾਪ ਦਿੱਤਾ ਸੀ।”
“ਤਦੇ ਹੀ ਤਾਂ ਮਹਾਂਦੇਵ ਸ਼ਿਵ ਨੇ ਤੁਹਾਨੂੰ ਆਪਣੀਆਂ ਜਟਾਂ ਦਾ ਸ਼ਿੰਗਾਰ ਬਣਾਇਆ ਹੈ।” ਤਾਰਾ ਨੇ ਕਿਹਾ।
“ਉਹ ਤਾਂ ਠੀਕ ਹੈ ਪਰ ਇੰਦਰ ਦੇਵ ਦਾ ਸਾਥ ਨਿਭਾਉਣ ਕਾਰਣ ਮਿਲੇ ਸਰਾਪ ਦਾ ਕੀ ਕਰਾਂ? ਜਿਸ ਕਾਰਣ ਹਮੇਸ਼ਾਂ ਉਲਟੀਆਂ ਸਿੱਧੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਮੇਰੇ ਚਿਹਰੇ ਦੇ ਇਨ੍ਹਾਂ ਦਾਗਾਂ ਕਾਰਣ ਹੀ ਤਾਂ ਮੋਹਿਨੀ ਮੇਰੀ ਫੋਟੋ ਨੂੰ ਆਪਣੇ ਰਿਸੈਪਸ਼ਨ ਰੂਮ ਵਿਚ ਨਹੀਂ ਰੱਖਣਾ ਚਾਹੁੰਦੀ।” ਚੰਦਰ ਦੇਵ ਦੇ ਰੁਆਂਸੇ ਬੋਲ ਸਨ।
“ਤੁਸੀਂ ਅਜੇ ਵੀ ਮੋਹਿਨੀ ਦੇ ਬੋਲਾਂ ਨੂੰ ਮਨ ਨੂੰ ਲਾਈ ਬੈਠੇ ਹੋ? ਜੋ ਕਿਸੇ ਦੀ ਅੰਦਰੂਨੀ ਸੁੰਦਰਤਾ ਨਹੀਂ ਦੇਖ ਸਕਦਾ, ਜ਼ਰੂਰ ਉਸ ਦੀਆਂ ਅੱਖਾਂ ਜਾਂ ਦਿਮਾਗ ਵਿਚ ਗੜਬੜ ਹੈ।”
ਰੋਹਿਨੀ ਦੇ ਬੋਲ ਸਨ।
“ਨਹੀਂ! ਜੇ ਗੜਬੜ ਹੈ ਤਾਂ ਉਹ ਹੈ ਮੇਰੇ ਵਿਚ। ਉਹ ਹੋਰ ਦੇਵਤਿਆ ਨੂੰ “ਸੁੰਦਰ ਸੁਡੋਲ” ਜਾਂ “ਕੰਵਲਨੈਨ” ਵਰਗੇ ਅਲੰਕਾਰਾਂ ਨਾਲ ਯਾਦ ਕਰਦੇ ਹਨ ਤੇ ਜਦ ਮੇਰੇ ਬਾਰੇ ਗੱਲ ਕਰਦੇ ਨੇ ਤਾਂ ਮੇਰੇ ਲਈ “ਸੁੱਕੜਾ” ਜਾਂ “ਦਾਗਦਾਰ” ਜਿਹੇ ਸ਼ਬਦ ਕਿਉਂ ਵਰਤਦੇ ਨੇ?
ਕੀ ਮੈਂ ਦੇਵਤਾ ਹਾਂ ਵੀ? ਨਹੀਂ ! ਮੈਂ ਤਾਂ ਮਜ਼ਾਕ ਹਾਂ।” ਕੁਝ ਦੇਰ ਚੰਦਰ ਦੇਵ ਚੁੱਪਚਾਪ ਸੋਚ ਵਿਚ ਡੁੱਬਿਆ ਰਿਹਾ, ਤੇ ਫਿਰ ਗੁੱਸਾ ਠੰਢਾ ਕਰਨ ਲਈ, ਚੀਖਦੇ ਹੋਏ ਪੂਰੇ ਜ਼ੋਰ ਨਾਲ ਕੋਲ ਪਏ ਬਰਫ਼ ਦੇ ਢੇਰ ਨੂੰ ਠੁੱਡਾ ਮਾਰ ਦਿੱਤਾ। ਮਾੜੀ ਕਿਸਮਤ ਨੂੰ, ਬਰਫ਼ ਦੇ ਢੇਰ ਵਿਚ ਇਕ ਵੱਡਾ ਪੱਥਰ ਛੁਪਿਆ ਹੋਇਆ ਸੀ, ਠੁੱਡਾ ਮਾਰਦਿਆਂ ਹੀ ਚੰਦਰ ਦੇਵ ਦਰਦ ਨਾਲ ਤੜਪ ਉੱਠਿਆ।
ਤਾਰਾ ਤੇ ਰੋਹਿਨੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਚੰਦਰ ਦੇਵ ਦਾ ਮੂਡ ਕਿਵੇਂ
ਠੀਕ ਕਰਨ। ਇਸ ਲਈ ਉਹ ਚੁੱਪ ਹੀ ਰਹੀਆਂ।
“ਮੈਂ ਜਾ ਰਿਹਾ ਹਾਂ।” ਚੰਦਰ ਦੇਵ ਨੇ ਕਿਹਾ।
“ਕਿੱਥੇ?” ਤਾਰਾ ਤੇ ਰੋਹਿਨੀ ਦੇ ਹੈਰਾਨੀ ਭਰੇ ਬੋਲ ਸਨ।
“ਕਨੈਡਾ। ਮੈਂ, ਮੋਹਿਨੀ ਦੇ ‘ਕੋਸਮੈਟਿਕ ਸਰਜਰੀ ਸੈਂਟਰ’ ਵਿਖੇ ਦਾਖ਼ਿਲ ਹੋ, ਕਾਰਤਿਕੇ ਵਰਗਾ ਬਹੁਤ ਸੋਹਣਾ ਬਣ ਕੇ ਮੁੜਾਂਗਾ।” ਚੰਦਰ ਦੇਵ ਦੇ ਹੱਠ ਭਰੇ ਬੋਲ ਸਨ ਤੇ ਉਹ ਫਿਰ ਗਾਇਬ ਹੋ ਗਿਆ।
“ਦੇਵ ਕਾਰਤਿਕੇ ਵਾਂਗ? ਰੋਹਿਨੀ। ਕੀ ਤੂੰ ਜਾਣਦੀ ਹੈ ਇਸ ਦਾ ਕੀ ਮਤਲਬ ਹੈ?” ਤਾਰਾ ਨੇ ਭੁੱਬ ਮਾਰਦੇ ਹੋਏ ਕਿਹਾ। “ਮੈਂ ਜਾਣਦੀ ਹਾਂ। ਦੇਵ ਕਾਰਤਿਕੇ ਦੇ ਛੇ ਸਿਰ ਹਨ।” ਕਹਿੰਦਿਆਂ ਰੋਹਿਨੀ ਦਾ ਚਿਹਰਾ
ਜ਼ਰਦ ਹੋ ਗਿਆ ਸੀ।
————
ਮੋਹਿਨੀ ਦੇ ‘ਕੋਸਮੈਟਿਕ ਸਰਜਰੀ ਸੈਂਟਰ’ ਦੀਆਂ ਕੰਧਾਂ ਉੱਤੇ ਚੰਦਰ ਦੇਵ ਦੇ ਚਿੱਤਰ ਦੀ ਥਾਂ ਸੁਡੋਲ ਮਾਡਲਾਂ ਦੇ ਪੋਸਟਰ ਟੰਗੇ ਹੋਏ ਸਨ। ਕਿਧਰੇ ਬਿਕਨੀ ਪਾਈ ਜ਼ੀਰੋ ਸਾਇਜ਼ ਵਾਲੀਆਂ ਮੁਟਿਆਰਾਂ ਨਜ਼ਰ ਆ ਰਹੀਆਂ ਸਨ ਤੇ ਕਿਧਰੇ ਨਿੱਕਰਾਂ ਪਾਈ ਐਬਜ਼ ਤੇ ਡੋਲੇ ਦਿਖਾ ਰਹੇ ਨੋਜੁਆਨ। ਇਨ੍ਹਾਂ ਪੋਸਟਰਾਂ ਨੂੰ ਦੇਖ ਮੋਹਿਨੀ ਨੇ ਤਸੱਲੀ ਭਰੀ ਸਾਹ ਲਈ।
“ਹੁਣ ਤਿਆਰੀ ਬਿਲਕੁਲ ਠੀਕ ਹੈ।” ਉਸ ਸੋਚਿਆ ਤੇ ਹੱਥ ਵਿਚ ਫੜੀ ਹਥੋੜੀ ਤੇ ਕਿੱਲ ਨੂੰ ਪਰੇ ਰੱਖਣ ਲਈ ਪਿਛੇ ਵੱਲ ਮੁੜੀ।
ਰਿਸੈਪਸ਼ਨ ਡੈਸਕ ਦੇ ਸਾਹਮਣੇ ਛੋਟੇ ਜਿਹੇ ਕੱਦ ਵਾਲਾ ਮਾੜਚੂ ਜਿਹਾ ਬੰਦਾ ਖੜਾ ਸੀ।
ਲਗ ਰਿਹਾ ਸੀ ਜਿਵੇਂ ਲੰਮੇ ਸਮੇਂ ਤੋਂ ਸੋਕੇ ਦੀ ਬੀਮਾਰੀ ਦਾ ਸ਼ਿਕਾਰ ਹੋਵੇ। ਉਸ ਦੇ ਜ਼ਰਦ ਚਿਹਰੇ ਉੱਤੇ ਵੱਡੇ ਵੱਡੇ ਦਾਗ ਸਨ।
“ਪਛਾਣਿਆ ਨਹੀਂ?” ਚੰਦਰ ਦੇਵ ਨੇ ਹੋਲੇ ਜਿਹੇ ਪੁੱਛਿਆ।
“ਤੂੰ …… ਉਹ…… ਮੇਰਾ ਮਤਲਬ ……” ਮੋਹਿਨੀ ਨੇ ਡੂੰਘਾ ਸਾਹ ਭਰਦਿਆਂ ਕਿਹਾ। “ਮੈਨੂੰ ਕਦੇ ਵੀ ਯਕੀਨ ਨਹੀਂ ਸੀ ਆਇਆ ਕਿ ਤੂੰ ਸੱਚਮੁਚ ਹੋ ਸਕਦਾ ਹੈ।” ਤੇ ਫਿਰ ਹੋਂਸਲਾ ਕਰ ਕੇ ਉਸ ਨੇ ਪੁੱਛ ਹੀ ਲਿਆ,”ਕਿਧਰੇ ਤੂੰ ਨਰਾਜ਼ ਤਾਂ ਨਹੀਂ ਕਿ ਮੈਂ ਤੇਰੀ ਤਸਵੀਰ ਰਿਸੈਪਸ਼ਨ ਡੈਸਕ ਤੋਂ ਹਟਾ ਦਿੱਤੀ ਸੀ?”
“ਭਲਾ ਮੈਂ ਕਿਉਂ ਨਰਾਜ਼ ਹੋਵਾਂਗਾ? ਤੂੰ ਠੀਕ ਏ। ਮੈਂ ਤਾਂ ਤੇਰੇ ਸੈਂਟਰ ਵਿਚ ਦਾਖਿਲ ਹੋਣ ਆਇਆ ਹਾਂ ਤਾਂ ਕਿ ਮੈਂ ਸੁਹਣਾ ਸੁਨੱਖਾ ਤੇ ਰਿਸ਼ਟ-ਪੁਸ਼ਟ ਬਣ ਸਕਾਂ।”
ਉਸ ਦੀ ਗੱਲ ਦੀ ਮੋਹਿਨੀ ਨੂੰ ਪਹਿਲਾਂ ਤਾਂ ਸਮਝ ਨਾ ਪਈ ਪਰ ਜਿਵੇਂ ਹੀ ਚੰਦਰ ਦੇਵ ਦੇ ਬੋਲਾਂ ਦਾ ਅਰਥ ਉਸ ਦੇ ਜ਼ਿਹਨ ਵਿਚ ਸਪਸ਼ਟ ਹੋਇਆ ਤਾਂ ਉਸ ਦਾ ਚਿਹਰਾ ਖਿੜ ਉੱਠਿਆ।
“ਆਉ! ਆਉ! ਜੀ ਆਇਆ ਨੂੰ। ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੇਰੀ ਫੋਟੋ ਦੁਬਾਰਾ ਰਿਸੈਪਸ਼ਨ ਰੂਮ ਵਿਚ ਲਗਾ ਦਿੰਦੀ ਹਾਂ, ਤੇ ਜਦੋਂ ਤੂੰ ਨਵਾਂ ਰੂਪ ਪਾ ਲਵੇਗਾ ਤਾਂ ਤੇਰੀ ਨਵੀਂ ਫੋਟੋ ਇਸ ਦੇ ਨਾਲ ਲਗਾ ਦੇਵਾਂਗੀ। ਇਹ ਦੋਨੋਂ “ਪਹਿਲਾਂ” ਤੇ “ਬਾਅਦ ਵਿਚ” ਦੀਆਂ ਫੋਟੋਆਂ ਸਚਮੁਚ ਬਹੁਤ ਵਧੀਆ ਲੱਗਣਗੀਆਂ।” ਮੋਹਿਨੀ ਦੇ ਜ਼ੋਸ ਭਰੇ ਬੋਲ ਸਨ।
ਪਰ ਅਚਾਨਕ ਮੋਹਿਨੀ ਉਦਾਸ ਹੋ ਗਈ। “ਪਰ……” ਬੋਲਦਿਆ ਉਹ ਥੋੜ੍ਹਾ
ਹਿਚਕਚਾਈ।
“ਪਰ ਕੀ?”
“ਓਹ ਮੈਂ ਸੋਚ ਰਹੀ ਸਾਂ …… ਤੇਰਾ ਚਿਹਰਾ ਅਸੀਂ ਕਿੰਨਾਂ ਮਰਜ਼ੀ ਸੋਹਣਾ ਬਣਾ ਦੇਈਏ
ਪਰ ਤੇਰਾ ਮਾੜਚੂ ਸਰੀਰ…… ਉਸ ਦਾ ਕੀ ਕਰਾਂਗੇ?”
ਭਾਵੇਂ ਉਸ ਦੇ ਦਿਲ ਵਿਚ ਇਕ ਚੀਸ ਜਿਹੀ ਉੱਠੀ, ਪਰ ਚੰਦਰ ਦੇਵ ਨੇ ਇਹ ਪੀੜ
ਚਿਹਰੇ ਉੱਤੇ ਜ਼ਾਹਿਰ ਨਾ ਹੋਣ ਦਿੱਤੀ।
“ਗੱਲ ਤਾਂ ਤੇਰੀ ਠੀਕ ਹੈ…… ਇਸ ਦਾ ਵੀ ਇਲਾਜ਼ ਕਰਨਾ ਹੋਵੇਗਾ।”
“ਮੈਂ?…… ਨਹੀਂ ਮੈਂ ਇਹ ਨਹੀਂ ਕਰ ਸਕਦੀ। ਮੈਂ ਅਜਿਹੇ ਕੰਮ ਲਈ ਮਾਹਿਰ ਨਹੀਂ ਹਾਂ।”
ਰੋਹਿਨੀ ਦੇ ਬੋਲ ਸਨ।
“ਸ਼ਾਇਦ ਤੇਰਾ ਕੋਈ ਵਾਕਿਫ਼ ਇਸ ਕੰਮ ਵਿਚ ਮਦਦ ਕਰ ਸਕੇ।” ਚੰਦਰ ਦੇਵ ਨੇ
ਸੁਝਾਅ ਦਿੱਤਾ।
ਰੋਹਿਨੀ ਦਾ ਚਿਹਰਾ ਚਮਕ ਪਿਆ। “ਹਾਂ ਸੱਚ! ਗੋਤਮੀ ਇਸ ਵਿਚ ਤੇਰੀ ਮਦਦ ਕਰ ਸਕਦੀ ਹੈ।”
“ਗੋਤਮੀ?” ਚੰਦਰ ਦੇਵ ਨੇ ਮੱਥੇ ਉੱਤੇ ਵੱਟ ਜਿਹਾ ਉਭਰ ਆਇਆ ਸੀ।
“ਹਾਂ, ਗੋਤਮੀ ਚੌਹਾਨ! ਉਹ ਬਹੁਤ ਵਧੀਆ ਫਿਟਨੈੱਸ ਤੇ ਜੋਗਾ ਟ੍ਰੇਨਰ ਹੈ।”
“ਕੀ ਮਤਲਬ?”
“ਇਸ ਦਾ ਮਤਲਬ ਹੈ ਕਿ ਉਹ ਅਜਿਹੀ ਡਾਕਟਰ ਹੈ ਜੋ ਤੇਰੇ ਵਰਗੇ ਮਾੜਚੂ ਵਿਚ
ਸਰੀਰਕ ਸੁਡੋਲਤਾ ਭਰ ਸਕਦੀ ਹੈ।”
“ਇਹ ਤਾਂ ਪ੍ਰਭੂ ਦੇ ਕੰਮ ਵਿਚ ਨਿਖਾਰ ਲਿਆਉਣ ਵਰਗੀ ਗੱਲ ਹੈ।” ਚੰਦਰ ਦੇਵ ਨੇ ਕਿਹਾ ਤੇ ਮਨ ਹੀ ਮਨ ਉਹ ਸੋਚ ਰਿਹਾ ਸੀ “ਸੱਚਮੁਚ ਹੀ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਮਨੁੱਖ ਨੇ ਇੰਨੀ ਵਧੇਰੇ ਤਰੱਕੀ ਕਰ ਲਈ ਹੈ।”
———-
ਗੋਤਮੀ ਚੌਹਾਨ ਕੁਝ ਦੇਰ ਤਕ ਚੰਦਰ ਦੇਵ ਨੂੰ ਇਕ ਟਕ ਦੇਖਦੀ ਰਹੀ ਤੇ ਫਿਰ ਬੋਲੀ, “ਵਾਹ।”
“ਕੀ ਮਤਲਬ” ਚੰਦਰ ਦੇਵ ਨੇ ਪੁੱਛਿਆ।
ਚੰਦਰ ਦੇਵ ਦੀ ਗੱਲ ਅਣਗੋਲਦੇ ਹੋਏ ਉਹ ਮੋਹਿਨੀ ਵੱਲ ਮੂੰਹ ਕਰਕੇ ਬੋਲੀ, “ਸ਼ੁਕਰੀਆਂ ਮੋਹਿਨੀ! ਤੂੰ ਬਹੁਤ ਵਧੀਆ ਮਰੀਜ਼ ਲੈ ਕੇ ਆਈ ਹੈ। ਇਸ ਮਾੜਚੂ ਜਿਹੇ ਨੂੰ ਸੁੰਦਰ ਡੀਲ ਡੋਲ ਵਾਲਾ ਬਣਾ ਕੇ ਮੈਨੂੰ ਬਹੁਤ ਵਧੇਰੇ ਸ਼ੁਹਰਤ ਤੇ ਮਾਨਤਾ ਮਿਲੇਗੀ।”
ਤਦ ਉਸ ਚੰਦਰ ਦੇਵ ਤੋਂ ਪੁੱਛਿਆ, “ਤੂੰ ਕਿਸ ਤਰ੍ਹਾਂ ਦੀ ਬਾਡੀ ਬਨਾਉਣੀ ਚਾਹੁੰਦਾ ਹੈ।”
“ਤੰਦਰੁਸਤ ਤੇ ਖੂਬ ਤਾਕਤ ਭਰਪੂਰ।”
“ਠੀਕ!” ਕਹਿੰਦਿਆਂ ਉਹ ਹੋਲੀਵੁੱਡ ਦੇ ਐਕਟਰਾਂ ਦੀਆਂ ਫੋਟੋਆਂ ਉਸ ਨੂੰ ਦਿਖਾਉਂਦੇ ਹੋਏ ਬੋਲੀ, “ਕੀ ਅਰਨੋਲਡ ਸ਼ਵਾਰਜ਼ਨੀਗਰ ਵਰਗੀ ਜਾਂ ਸਿਲਵਰ ਸਟੇਲੋਨ ਵਰਗੀ।”
“ਬਸ ਇਹੋ ਹੀ ਹਨ ਜਾਂ ਕੋਈ ਹੋਰ ਵੀ।”
“ਤੂੰ ਜੇਮਜ਼ ਬੌਂਡ ਵਜੋਂ ਜਾਣੇ ਜਾਂਦੇ ਡੈਨੀਅਲ ਕਰੈਗ ਵਰਗਾ ਵੀ ਬਣ ਸਕਦਾ ਹੈ ਜਾਂ ਫਿਰ ਦਾ ਰਾਕ ਫਿਲਮ ਦੇ ਟੈਟੂਆਂ ਵਾਲੇ ਹੀਰੋ ਡਵੈਨ ਜੋਨਸਨ ਵਾਂਗ।”
“ਕੋਈ ਭਾਰਤੀ ਵੀ ਹੈ ਜਾਂ ਸਾਰੇ ਅੰਗਰੇਜ਼ ਹੀ ਨੇ।”
“ਹਾਂ ਹੈ ਤਾਂ! ਬੋਲੀਵੁੱਡ ਦੇ ਹੀਰੋ ਵੀ ਤਾਂ ਅੱਜ ਕਲ ਕਿਸੇ ਨਾਲੋਂ ਘੱਟ ਨਹੀਂ।” ਗੋਤਮੀ ਨੇ ਫੋਟੋਆ ਵਾਲੀ ਦੂਜੀ ਐਲਬਮ ਖੋਲ੍ਹਦਿਆ ਕਿਹਾ।
“ਸਲਮਾਨ ਖਾਨ ਜਾਂ ਆਮੀਰ ਖਾਨ ਬਾਰੇ ਕੀ ਖਿਆਲ ਹੈ?”
“ਅਜਕਲ ਦੋਨੋਂ ਹੀ ਬਹੁਤ ਚਰਚਾ ‘ਚ ਨੇ, ਇਕ ਡਰੰਕ ਡਰਾਈਵਿੰਗ ਕਾਰਣ ਤੇ ਦੂਸਰਾ ਅਸਹਿਣਸ਼ੀਲਤਾ ਦੇ ਮਸਲੇ ਤੇ।” ਮੋਹਿਨੀ ਨੇ ਕਿਹਾ।
“ਕੀ ਇਹ ਚੰਗੀ ਗੱਲ ਹੈ?” ਚੰਦਰ ਦੇਵ ਨੇ ਪੁੱਛਿਆ।
“ਨਹੀਂ ਤਾਂ।”
“ਤਾਂ ਫਿਰ ਕੋਈ ਹੋਰ ਦਿਖਾਓ।”
“ਆਹ ਦੇਖੋ ਸੈਫ਼ ਅਲੀ ਖਾਨ ਤੇ ਇਹ ਹੈ ਅਰਬਾਜ਼ ਖਾਨ।”
“ਕੋਣ ਨੇ ਇਹ ਸਾਰੇ?” ਚੰਦਰ ਦੇਵ ਨੇ ਉਲਝਣ ਭਰੇ ਅਹਿਸਾਸ ਨਾਲ ਕਿਹਾ।
“ਕੀ? ਤੂੰ ਨਹੀਂ ਜਾਣਦਾ ਇਨ੍ਹਾਂ ਨੂੰ। ਇਹ ਤਾਂ ਅੱਜਕਲ ਬੋਲੀਵੁੱਡ ਦੇ ਬਹੁਤ ਦਿਗੱਜ
ਸਟਾਰਜ਼ ਨੇ।”
“ਬੋਲੀਵੁੱਡ?…… ਸਟਾਰਜ਼?” ਘਬਰਾਏ ਹੋਏ ਚੰਦਰ ਦੇਵ ਨੇ ਪੁੱਛਿਆ।
“ਫਿਲਮ ਸਟਾਰਜ਼” ਗੋਤਮੀ ਨੇ ਦੱਸਿਆ। “ਫਿਲਮਾਂ ਵਿਚ ਮੁੱਖ ਰੋਲ ਕਰਨ ਕਰ ਕੇ ਉਨ੍ਹਾਂ ਨੂੰ ਹੀਰੋ (ਨਾਇਕ) ਕਿਹਾ ਜਾਂਦਾ ਹੈ। ਨੋਜੁਆਨਾਂ ਦੇ ਤਾਂ ਇਹ ਦੇਵਤੇ ਨੇ। ਅੱਜ ਕਲ ਦੇ ਦੇਵਤੇ। ਲੱਖਾਂ ਲੋਕ ਇਨ੍ਹਾਂ ਦੇ ਭਗਤ (Fan) ਨੇ। ਹਰ ਕੋਈ ਇਨ੍ਹਾਂ ਵਰਗਾ ਬਣਨਾ ਚਾਹੁੰਦਾ ਹੈ।”
“ਸੱਚੀ?” ਚੰਦਰ ਦੇਵ ਦੇ ਹੈਰਾਨੀ ਭਰੇ ਬੋਲ ਸਨ। ਫਿਰ ਉਹ ਕੁਝ ਦੇਰ ਚੁੱਪ ਰਿਹਾ ਜਿਵੇਂ ਕੁਝ ਸੋਚ ਰਿਹਾ ਹੋਵੇ ਤੇ ਹੋਲੇ ਜਿਹੇ ਫੋਟੋਆਂ ਵੱਲ ਨੂੰ ਹੱਥ ਵਧਾਉਂਦੇ ਉਸ ਪੁੱਛਿਆ, “ਤੂੰ ਖਾਨ, ਖਾਨ ਕਹੀ ਜਾ ਰਹੀ ਹੈ। ਕੀ ਕੋਈ ਹਿੰਦੂ ਹੀਰੋ ਨਹੀਂ ਹੈ?”
“ਹੈ ਤਾਂ। ਪਰ ਤੇਰੀ ਪਸੰਦ ਦਾ ਧਰਮ ਨਾਲ ਕੀ ਸੰਬੰਧ?” “ਹੈ ਵੀ ਤੇ ਨਹੀਂ ਵੀ” ਚੰਦਰ ਦੇਵ ਦੇ ਬੋਲ ਸਨ।
“ਕੀ ਮਤਲਬ?” ਪੁੱਛਦਿਆਂ ਗੋਤਮੀ ਦੇ ਚਿਹਰੇ ਉੱਤੇ ਹੈਰਾਨਗੀ ਦਾ ਭਾਵ ਸਪਸ਼ਟ ਨਜ਼ਰ ਆ ਰਿਹਾ ਸੀ।
“ਦਰਅਸਲ ਦੇਵਤੇ, ਮਨੁੱਖੀ ਧਰਮਾਂ ਦੀ ਵੰਡ ਤੋਂ ਅਣਭਿੱਜ ਹੁੰਦੇ ਹਨ। ਵੈਸੇ ਵੀ ਦੇਵਤੇ ਦਾ ਅਰਥ ਹੈ ਦੇਵਣ ਵਾਲਾ। ਉਹ ਜੋ ਬਿਨ੍ਹਾਂ ਕਿਸੇ ਭਿੰਨ ਭੇਦ ਦੇ ਬਖ਼ਸ਼ਿਸ਼ ਕਰੇ।”
“ਗੱਲ ਤਾਂ ਠੀਕ ਹੈ।” ਮੋਹਿਨੀ ਦੇ ਬੋਲ ਸਨ।
“ਇਸੇ ਲਈ ਮੇਰੇ ਭਗਤ ਤਾਂ ਹਰ ਧਰਮ ਵਿਚ ਹੀ ਹਨ। ਈਸਾਈ ਆਪਣੇ ਪ੍ਰਸਿੱਧ
ਤਿਓਹਾਰ ਈਸਟਰ ਦੀ ਤਾਰੀਖ਼ ਮਿਥਣ ਲਈ ਪੂਰਨਮਾਸ਼ੀ ਦੀ ਉਡੀਕ ਕਰਦੇ ਨੇ।
ਮੁਸਲਿਮ ਰਮਾਦਾਨ ਪਿਛੋਂ ਈਦ-ਉਲ-ਫ਼ਿਤਰ ਦੀ ਆਮਦ ਲਈ ਮੇਰੀ ਇੰਤਜ਼ਾਰ ਕਰਦੇ ਨੇ। ਹਿੰਦੂਆਂ ਨੇ ਤਾਂ ਆਪਣੇ ਅਨੇਕ ਤਿਓਹਾਰ ਜਿਵੇਂ ਕਿ ਹੋਲੀ, ਗੁਰੂ ਪੂਰਨਿਮਾ, ਮਾਘ ਪੂਰਨਿਮਾ, ਝੂਲਾ ਪੂਰਨਿਮਾ ਤੇ ਦੀਵਾਲੀ ਆਦਿ ਮੇਰੀਆਂ ਭਿੰਨ ਭਿੰਨ ਕਲਾਵਾਂ ਨਾਲ ਜੋੜ ਰੱਖੇ ਨੇ। ਹੋਰ ਤਾ ਹੋਰ ਬੁੱਧ ਧਰਮ ਵਾਲੇ ਬੁੱਧ ਪੂਰਨਿਮਾ ਤੇ ਸਿੱਖ ਧਰਮ ਵਾਲੇ ਕੱਤਕ ਦੀ ਪੂਰਨਮਾਸ਼ੀ ਨੂੰ ਆਪਣੇ ਅਹਿਮ ਤਿਓਹਾਰ ਵਜੋਂ ਮਨਾਉਂਦੇ ਨੇ।”
“ਵਾਹ! ਤਦ ਤਾਂ ਤੂੰ ਸੱਭ ਦਾ ਮਨਭਾਉਂਦਾ ਦੇਵਤਾ ਹੋੲਆ।” ਸਪਸ਼ਟ ਤੌਰ ਉੱਤੇ ਪ੍ਰਭਾਵਿਤ ਲੱਗ ਰਹੀ ਗੋਤਮੀ ਨੇ ਕਿਹਾ।
“ਗੱਲ ਤਾਂ ਠੀਕ ਹੈ। …… ਪਰ ਮੈਂ ਹਿੰਦੂ ਔਰਤਾਂ ਦੀਆਂ ਭਾਵਨਾਵਾਂ ਬਾਰੇ ਕੁਝ ਵਧੇਰੇ ਸੰਵੇਦਨਸ਼ੀਲ ਹਾਂ।”
“ਓਹ ਕਿਉਂ?”
“ਕਰਵਾ ਚੋਥ ਦੇ ਦਿਨ ਉਹ ਆਪਣੇ ਪਤੀ ਨਾਲੋਂ ਪਹਿਲਾਂ ਮੇਰੇ ਦਰਸ਼ਨਾਂ ਨੂੰ ਤਰਜ਼ੀਹ ਜੂ ਦਿੰਦੀਆਂ ਨੇ।”
“ਗੱਲ ਤਾਂ ਠੀਕ ਹੈ।”
“ਇਸੇ ਲਈ ਮੈਂ ਚਾਹੁੰਦਾ ਹਾਂ ਕਿ ਜੇ ਤੁਸੀਂ ਮੈਨੂੰ ਕਿਸੇ ਖੂਬਸੂਰਤ ਤੇ ਸੁਡੋਲ ਹਿੰਦੂ ਹੀਰੋ ਦੀ ਫੋਟੋ ਦਿਖਾਓ ਤਾਂ ਠੀਕ ਰਹੇਗਾ। …… ਮੈਂ ਨਹੀਂ ਚਾਹੁੰਦਾ ਕਿ ਮੇਰੀਆਂ ਸ਼ਰਧਾਲੂ ਔਰਤਾ ਕਿਸੇ ਦੁਵਿਧਾ ਵਿਚ ਪੈਣ। …… ਨਹੀਂ! ਨਹੀਂ! ਮੈਂ ਅਜਿਹਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ।”
“ਠੀਕ ਹੈ। …… ਗੋਤਮੀ! ਤੂੰ ਇਸ ਨੂੰ ਕਿਸੇ ਹੋਰ ਹੀਰੋ ਦੀ ਫੋਟੋ ਕਿਉਂ ਨਹੀਂ ਦਿਖਾ ਦਿੰਦੀ?” ਮੋਹਿਨੀ ਨੇ ਸੁਝਾਅ ਦਿੱਤਾ।
“ਜੀ! ਆਹ ਹੈ ਅਕਸ਼ੈ ਕੁਮਾਰ।” ਗੋਤਮੀ ਨੇ ਇਕ ਲੰਮ ਸਲੰਮੇ ਤੇ ਗਠੀਲੇ ਬਦਨ ਵਾਲੇ ਨੋਜੁਆਨ ਦੀ ਫੋਟੋ ਚੰਦਰ ਦੇਵ ਨੂੰ ਦਿਖ਼ਾਉਂਦੇ ਹੋਏ ਕਿਹਾ।
“ਅਕਸ਼ੈ ਭਾਵ ਅਮਰ। ……ਤੇਰਾ ਮਤਲਬ ਹੈ ਕਿ ਇਹ ਫਿਲਮੀ ਸਿਤਾਰੇ ਅਮਰ ਨੇ।”
ਚੰਦਰ ਦੇਵ ਹੱਕਾ ਬੱਕਾ ਰਹਿ ਗਿਆ ਸੀ । ਉਸ ਨੂੰ ਅਜਿਹਾ ਲੱਗ ਰਿਹਾ ਸੀ ਕਿ ਇਹ
ਹੀਰੋ ਤਾਂ ਬਿਲਕੁਲ ਦੇਵਤਿਆਂ ਵਰਗੇ ਹੀ ਨੇ।
“ਓਹ ਨਹੀਂ। ਇਹ ਤਾਂ ਉਸ ਦਾ ਫਿਲਮੀ ਨਾਮ ਹੈ। ਉਸ ਦਾ ਅਸਲ ਨਾਮ ਤਾਂ ਰਾਜੀਵ ਹਰੀ ਓਮ ਭਾਟੀਆ ਹੈ।”
“ਤਦ ਤਾਂ ਬਿਲਕੁਲ ਹੀ ਨਹੀਂ।” ਗੋਤਮੀ ਵਲੋਂ ਸਾਹਮਣੇ ਰੱਖੀ ਜਾ ਰਹੀ ਫੋਟੋ ਨੂੰ ਪਰ੍ਹੇ ਧੱਕਦੇ ਹੋਏ ਚੰਦਰ ਦੇਵ ਦੁੱਖ ਭਰੀ ਆਵਾਜ਼ ਵਿਚ ਬੋਲਿਆ।
“ਹੁਣ ਕੀ ਹੋ ਗਿਆ?” ਮੋਹਿਨੀ ਤੇ ਗੋਤਮੀ ਦੇ ਹੈਰਾਨੀ ਭਰੇ ਬੋਲ ਸਨ।
“ਤੁਹਾਨੂੰ ਨਹੀਂ ਪਤਾ? ਰਾਜੀਵ ਦਾ ਭਾਵ ਹੈ ਕੰਵਲ ਦਾ ਫੁੱਲ। ਤੇ ਕੰਵਲ ਤੇ ਪਾਣੀ ਦਾ ਗੂੜ੍ਹਾ ਰਿਸ਼ਤਾ ਹੈ।” ਆਖਦਿਆਂ ਚੰਦਰ ਦੇਵ ਦੇ ਦਿਮਾਗ ਵਿਚ ਗੋਤਮ ਰਿਸ਼ੀ ਦੁਆਰਾ ਉਸ ਨੂੰ ਗਿੱਲੇ ਤੋਲੀਏ ਨਾਲ ਮਾਰੀ ਫੈਂਟ ਦਾ ਦ੍ਰਿਸ਼ ਘੁੰਮ ਰਿਹਾ ਸੀ। ਜਿਸ ਤੋਂ ਉੱਡੇ ਪਾਣੀ ਦੇ ਛਿੱਟੇ ਅਜੇ ਵੀ ਉਸਦੇ ਚਿਹਰੇ ਉੱਤੇ ਬਦਨੁਮਾ ਦਾਗ਼ ਵਾਂਗ ਮੌਜੂਦ ਸਨ।
“ਹਾਂ ਹੈ ਤਾਂ?”
“ਇਸੇ ਲਈ ਮੈਂ ਪਾਣੀ ਸੰਬੰਧਤ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ।”
“ਪਰ ਕਿਉਂ?”
“ਨਾ ਹੀ ਪੁੱਛੋ ਤਾਂ ਚੰਗੀ ਗੱਲ ਹੈ। ……ਥੋੜ੍ਹਾ ਨਿੱਜੀ ਮਸਲਾ ਹੈ।” ਚੰਦਰ ਦੇਵ ਨੇ ਥੋੜ੍ਹਾ ਸ਼ਰਮਾਉਂਦੇ ਹੋਏ ਕਿਹਾ।
“ਚਲ ਛੱਡ। ਕੋਈ ਹੋਰ ਫੋਟੋ ਦਿਖਾ ਦੇ ਗੋਤਮੀ।” ਮੋਹਿਨੀ ਦੇ ਬੋਲ ਸਨ।
ਗੋਤਮੀ ਸੋਚ ਰਹੀ ਸੀ ਕਿ ਬਹੁਤ ਹੀ ਔਖਾ ਮਸਲਾ ਹੈ।
“ਤੈਨੂੰ ਹਰਿਥਿਕ ਰੌਸ਼ਨ ਦੇ ਨਾਮ ਤੋਂ ਤਾਂ ਕੋਈ ਉਜ਼ਰ ਨਹੀਂ?” ਗੋਤਮੀ ਨੇ ਪੁੱਛਿਆ।
“ਹਰਿਥਿਕ ਰੌਸ਼ਨ। ……ਭਾਵ ਸੱਚ ਦਾ ਚਾਨਣ। ਬਹੁਤ ਵਧੀਆ ਨਾਮ ਹੈ। ਪਰ ਕੀ ਉਹ ਵੀ ਅੱਜ ਕਲ ਦੇ ਦੇਵਤਿਆਂ ਵਰਗਾ ਹੀ ਹੈ? ਉਨ੍ਹਾਂ ਹੀਰੋਜ਼ ਵਾਂਗ ਜਾਂ ਜੋ ਵੀ ਤੁਸੀਂ ਉਨ੍ਹਾਂ ਨੂੰ ਬੁਲਾਂਉਦੇ ਹੋ।” ਚੰਦਰ ਦੇਵ ਨੇ ਪੁੱਛਿਆ।
“ਬਿਲਕੁਲ। ਉਹ ਤਾਂ ਦੇਵਤਿਆਂ ਦੇ ਦੇਵਤੇ ਵਾਂਗ ਹੈ। ਹੋਰ ਹੀਰੋਜ਼ ਦੇ ਮੁਕਾਬਲੇ ਬਹੁਤ ਹੀ ਸੋਹਣੀ ਦਿੱਖ ਦਾ ਮਾਲਿਕ ਹੋਣ ਕਾਰਣ ਉਸ ਨੁੰ ਤਾਂ ਬੋਲੀਵੁੱਡ ਦਾ “ਗਰੀਕ ਗਾਡ” ਕਿਹਾ ਜਾਂਦਾ ਹੈ।” ਚੰਦਰ ਦੇਵ ਨੇ ਸੰਤੁਸ਼ਟੀ ਦੀ ਸਾਹ ਲਈ। ਤਦ, ਤੁਰੰਤ ਹੀ ਉਸ ਦਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਹੋ ਗਿਆ।
_______
ਅੰਬਰ ਮਹਿਲ ਵਿਚ ਉਦਾਸੀ ਦਾ ਮਾਹੌਲ ਸੀ। ਅੰਬਰ-ਮਹਿਲ ਦੀ ਤਾਰਿਆਂ ਜੜ੍ਹੀ ਛੱਤ ਹੇਠਾਂ ਹਿਮਾਲੀਆ ਪਰਬਤ ਲੜੀ ਦੀਆਂ ਬਰਫ਼ ਢੱਕੀਆਂ ਟੀਸੀਆਂ ਤਾਰਿਆ ਦੀ ਮੱਧਮ ਰੌਸ਼ਨੀ ਵਿਚ ਧੁੰਦਲੀਆਂ ਜਿਹੀਆਂ ਨਜ਼ਰ ਆ ਰਹੀਆਂ ਸਨ।
ਇਸ ਅਰਧ-ਚਾਨਣੇ ਦੇ ਹਾਲਾਤਾਂ ਵਿਚ ਤਾਰਾ ਤੇ ਰੋਹਿਨੀ ਉਦਾਸ ਬੈਠੀਆਂ ਸਨ। ਅੰਬਰ ਮਹਿਲ ਦੀ ਹਰ ਚੀਜ਼ ਉਨ੍ਹਾਂ ਨੂੰ ਚੰਦਰ ਦੇਵ ਦੀ ਯਾਦ ਦਿਲਾ ਰਹੀ ਜਾਪਦੀ ਸੀ। ਨਾ ਤਾਂ ਮਹਿਲ ਦੇ ਅੰਦਰ ਮਨ ਨੂੰ ਟਿਕਾ ਸੀ ਤੇ ਨਾ ਹੀ ਬਾਹਰ।
ਆਹ ਭਰਦਿਆਂ ਰੋਹਿਨੀ ਨੇ ਰਾਜਾ ਦਕਸ਼ ਦੇ ਬੁੱਤ ਤੋਂ ਨਿਗਾਹ ਹਟਾਈ, ਜਿਸ ਨੂੰ ਚੰਦਰ ਦੇਵ ਬਹੁਤ ਹੀ ਗੌਰ ਨਾਲ ਘੂਰ ਰਿਹਾ ਸੀ, ਜਦੋਂ ਉਸ ਨੇ ਚੰਦਰ ਦੇਵ ਨੂੰ ਆਖਰੀ ਵਾਰ ਦੇਖਿਆ ਸੀ।
“ਤਾਰਾ! ਆਮ ਧਾਰਣਾ ਹੈ ਕਿ ਮਨੁੱਖੀ ਜੀਵਨ ਦਾ ਇਕ ਸਾਲ ਸਾਡੇ ਇਕ ਦਿਨ ਦੇ ਬਰਾਬਰ ਹੁੰਦਾ ਹੈ। ਇੰਝ ਜਾਪਦਾ ਹੈ ਕਿ ਚੰਦਰ ਦੇਵ ਨੂੰ ਧਰਤੀ ਉੱਤੇ ਗਿਆ ਕਈ ਯੁੱਗ ਬੀਤ ਗਏ ਨੇ। ਪਤਾ ਨਹੀਂ ਹੋਰ ਕਦ ਤਕ ਉਸ ਦੀ ਵਾਪਸੀ ਦੀ ਉਡੀਕ ਕਰਨੀ ਹੋਵੇਗੀ?”
“ਪਤਾ ਨਹੀੰਂ ਕਦੋਂ ਤਕ!” ਤਾਰਾ ਦੇ ਉਦਾਸੀ ਭਰੇ ਬੋਲ ਸਨ।
ਰੋਹਿਨੀ ਦੀ ਉਦਾਸੀ ਹੋਰ ਗਹਿਰੀ ਹੋ ਗਈ ਸੀ।
“ਤੂੰ ਤਾਂ ਉਸ ਦੇ ਸੱਭ ਤੋਂ ਕਰੀਬ ਹੈ। ਕੀ ਤੂੰ ਵੀ ਉਸ ਦੇ ਮਨ ਦਾ ਭੇਦ ਨਹੀਂ ਜਾਣਦੀ?”
ਰੋਹਿਨੀ ਨੇ ਸਿਸਕਦੇ ਹੋਏ ਪੁੱਛਿਆ।
“ਤੂੰ ਤਾਂ ਆਪਣੇ ਪ੍ਰੇਮ ਦੇ ਜਾਦੂ ਨਾਲ ਉਸ ਨੂੰ ਹੋਰ ਸੱਭ ਕੁਝ ਹੀ ਭੁਲਾ ਦਿੱਤਾ ਸੀ। ਫਿਰ ਕੀ ਤੂੰ ਉਸ ਦੇ ਮਨ ਦੀ ਥਾਹ ਪਾ ਸਕੀ?…… ਨਹੀਂ ਨਾ।”
“ਤਾਂ ਫਿਰ ਹੁਣ ਕੀ ਕਰੀਏ?”
“ਉਡੀਕ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ।” ਤਾਰਾ ਨੇ ਹਾਉਂਕਾ ਭਰਦੇ ਹੋਏ ਕਿਹਾ।
ਅਚਾਨਕ ਹੀ ਉਨ੍ਹਾਂ ਦੇ ਸਾਹਮਣੇ ਇਕ ਅਜਨਬੀ ਪ੍ਰਗਟ ਹੋ ਗਿਆ।
“ਓਹ! ਕੌਣ ਹੈ ਤੂੰ? ਕੀ ਤੂੰ ਨਹੀਂ ਜਾਣਦਾ ਕਿ ਜਦ ਮੈਂ ਤੇ ਦੇਵੀ ਤਾਰਾ ਇਕੱਠੇ ਬੈਠੇ
ਹੋਈਏ ਤਾਂ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ।” ਰੋਹਿਨੀ ਨੇ ਗੁੱਸੇ ਵਿਚ ਆਖਿਆ।
[email protected]
(ਚੱਲਦਾ)

Check Also

ਫੈਡਰਲ ਚੋਣਾਂ : ਲੋਕ ਪੱਖੀ ਨੀਤੀਆਂ, ਬਹੁਮੱਤੀਆਂ ਹੀ ਕੀਤੀਆਂ

ਹਰਬੰਸ ਸਿੰਘ ਜੰਡਾਲੀ 416-804-1999 ਫੈਡਰਲ ਸਰਕਾਰ ਦੀਆਂ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। …