ਘਰੋਂ ਨਿਕਲਣ ਵੇਲੇ ਗੱਡੀ ਤੱਕ ਚਲਦੇ ਹਨ ਨੰਗੇ ਪੈਰ, ਕਦੇ ਹਾਥੀ ‘ਤੇ ਚੜ੍ਹਨ, ਕਦੇ ਗਰਮੀਆਂ ‘ਚ ਖੇਸੀ ਦੀ ਬੁੱਕਲ ਮਾਰਨ ਤੇ ਕਦੀ ਚੜ੍ਹਦੇ ਵੱਲ ਨੂੰ ਮੂੰਹ ਕਰਨ ਦੇ ਚੱਕਰ ‘ਚ ਸਰਕਾਰੀ ਕੰਧ ਭੰਨ ਘਿਰੇ ਰਹੇ ਹਨ ਵਿਵਾਦਾਂ ‘ਚ
ਚੰਡੀਗੜ੍ਹ : ਕੈਪਟਨ ਸਰਕਾਰ ਦੇ ਇਕ ਮੰਤਰੀ ਆਪਣੇ ਟੋਟਕਿਆਂ ਦੇ ਲਈ ਚਰਚਾ ‘ਚ ਰਹਿੰਦੇ ਹਨ। ਰਾਜਨੀਤਿਕ ਦਬਦਬਾ ਅਤੇ ਕੁਰਸੀ ਬਚਾਈ ਰੱਖਣ ਦੇ ਲਈ ਮੰਤਰੀ ਜੀ ਹੁਣ ਕਾਲੇ ਬੱਕਰੇ ਦਾਨ ਕਰਨਗੇ। ਇਹੀ ਨਹੀਂ ਮੰਤਰੀ ਜੀ ਨੇ ਤਾਂਤਰਿਕ ਅਤੇ ਜੋਤਸ਼ੀਆਂ ਦੇ ਕਹਿਣ ‘ਤੇ ਘਰ ਤੋਂ ਨੰਗੇ ਪੈਰ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਸ਼ਾਲ ਲੈਣ ਦਾ ਟੋਟਕਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਦੀ ਆਗਿਆ ਤੋਂ ਬਿਨਾ ਪਾਰਕ ਵਿਚੋਂ ਰਸਤਾ ਬਣਾਉਣ ਦੇ ਕਾਰਨ ਉਹ ਵਿਵਾਦਾਂ ‘ਚ ਆ ਗਏ ਸਨ। ਹਾਥੀ ‘ਤੇ ਸਵਾਰੀ ਕਰਨ ਦੀ ਉਨ੍ਹਾਂ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।
ਰਾਜਨੀਤਿਕ ਕੱਦ ਬਣਾਈ ਰੱਖਣ ਦੇ ਲਈ ਜੋਤਸ਼ੀ ਦੀ ਸ਼ਰਨ ‘ਚ ਮੰਤਰੀ ਜੀ
ਸੂਤਰਾਂ ਦੇ ਅਨੁਸਾਰ ਪਿਛਲੇ ਦਿਨੀਂ ਹੋਈ ਰਾਜਨੀਤਿਕ ਘਟਨਾਵਾਂ ਨੇ ਮੰਤਰੀ ਦੀ ਚਿੰਤਾ ਵਧਾ ਦਿੱਤੀ ਹੈ। ਆਪਣਾ ਰਾਜਨੀਤਿਕ ਆਧਾਰ ਕਾਇਮ ਰੱਖਣ ਦੇ ਲਈ ਉਹ ਫਿਰ ਤੋਂ ਇਕ ਜੋਤਿਸ਼ੀ ਅਤੇ ਤਾਂਤਰਿਕ ਦੇ ਕੋਲ ਪਹੁੰਚ ਗਏ। ਜੋਤਸ਼ੀ ਨੇ ਗ੍ਰਹਿ ਚਾਲ ਵਿਗੜਨ ਦੇ ਕਾਰਨ ਉਨ੍ਹਾਂ ਨੂੰ ਬਚਾਅ ਕਰਕੇ ਚੱਲਣ ਅਤੇ ਸਿਆਸੀ ਆਧਾਰ ਕਾਇਮ ਰੱਖਣ ਦੇ ਲਈ ਕੁੱਝ ਉਪਾਅ ਦੱਸੇ ਹਨ।
ਜੋਤਿਸ਼ੀ ਦੇ ਦੱਸੇ ਉਪਾਅ ਦੇ ਅਨੁਸਾਰ ਮੰਤਰੀ ਜੀ ਘਰ ਤੋਂ ਆਪਣੀ ਗੱਡੀ ਤੱਕ ਨੰਗੇ ਪੈਰ ਚਲਦੇ ਹਨ। ਇਹੀ ਨਹੀਂ ਗੱਡੀ ‘ਚ ਬੈਠਦੇ ਸਮੇਂ ਉਹ ਪਹਿਲਾਂ ਖੱਬਾ ਪੈਰ ਗੱਡੀ ‘ਚ ਰੱਖਣ ਦਾ ਵੀ ਖਾਸ ਧਿਆਨ ਰੱਖਦੇ ਹਨ। ਹੁਣ ਉਹ ਬੱਕਰੇ ਦਾਨ ਕਰਨ ਵਾਲੇ ਹਨ। ਬੱਕਰੇ ਕਦੋਂ ਅਤੇ ਕਿੰਨੇ ਦਾਨ ਕਰਨਗੇ ਇਹ ਤਾਂ ਪਤਾ ਨਹੀਂ ਚੱਲਿਆ ਪ੍ਰੰਤੂ ਉਨ੍ਹਾਂ ਨੇ ਆਪਣੀ ਛਾਤੀ ‘ਤੇ ਚੰਦਨ ਦਾ ਤਿਲਕ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਜੋਤਿਸ਼ ਵਿੱਦਿਆ ਨਾਲ ਮੰਤਰੀ ਦਾ ਰਾਜਨੀਤਿਕ ਭਵਿੱਖ ਕਾਇਮ ਰਹੇਗਾ ਜਾਂ ਨਹੀਂ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਿਛਲੇ ਸਾਲ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਆਪਣੀ ਅੰਗੂਠੀ ‘ਚ ਵਿਸ਼ੇਸ਼ ਨਗ ਪਹਿਨਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਉਨ੍ਹਾਂ ਨੂੰ ਘੇਰਿਆ ਸੀ। ਹਾਲਾਂਕਿ ਮੰਤਰੀ ਨੇ ਜਦੋਂ ਇਹ ਨਗ ਅੰਗੂਠੀ ‘ਚ ਧਾਰਨ ਕੀਤਾ ਹੈ, ਉਦੋਂ ਤੋਂ ਹੋਰ ਰਾਜਨੇਤਾ ਅਤੇ ਵਿਧਾਇਕ ਵੀ ਰੰਗ ਬਿਰੰਗੇ ਨਗਾਂ ਵਾਲੀਆਂ ਅੰਗੂਠੀਆਂ ਪਹਿਨਣ ਲੱਗੇ ਹਨ। ਤਰਕਸ਼ੀਲ ਸੁਸਾਇਟੀ ਦੇ ਆਗੂ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਪੜ੍ਹੇ-ਲਿਖੇ ਅਤੇ ਸਮਾਜ ਦੀ ਅਗਵਾਈ ਕਰਨ ਵਾਲਿਆਂ ਦਾ ਇਸ ਤਰ੍ਹਾਂ ਦੇ ਅੰਧਵਿਸ਼ਵਾਸ ਨੂੰ ਸ਼ਹਿ ਦੇਣਾ ਸਮਾਜ ਦੇ ਲਈ ਖਤਰਨਾਕ ਹੈ। ਜੇਕਰ ਪੜ੍ਹੇ-ਲਿਖੇ ਆਗੂ ਅਜਿਹਾ ਕਰਨਗੇ ਤਾਂ ਗਰੀਬ, ਲਾਚਾਰ ਅਤੇ ਅਨਪੜ੍ਹ ਵਿਅਕਤੀ ਤਾਂ ਚੱਕਰਾਂ ‘ਚ ਪੈ ਕੇ ਆਰਥਿਕ ਲੁੱਟ ਦਾ ਸ਼ਿਕਾਰ ਹੋਣਗੇ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ
ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …