Breaking News
Home / ਪੰਜਾਬ / ਜਲ੍ਹਿਆਂਵਾਲਾ ਬਾਗ਼ ‘ਚ ਮੁਰੰਮਤ ਦੇ ਕੰਮ ਨੂੰ ਪ੍ਰਵਾਨਗੀ

ਜਲ੍ਹਿਆਂਵਾਲਾ ਬਾਗ਼ ‘ਚ ਮੁਰੰਮਤ ਦੇ ਕੰਮ ਨੂੰ ਪ੍ਰਵਾਨਗੀ

ਪੁਰਾਤਨ ਢਾਂਚੇ ਨਾਲ ਛੇੜਛਾੜ ਨਾ ਕਰਨ ਦੀ ਹਦਾਇਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤੀ ਪੁਰਾਤਤਵ ਵਿਭਾਗ ਨੇ ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਵਿੱਚ ਲੋੜੀਂਦੇ ਵਿਕਾਸ ਕੰਮਾਂ ਨੂੰ ਕਰਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਵਿਭਾਗ ਨੇ ਪੁਰਾਤਨ ਢਾਂਚੇ ਨਾਲ ਛੇੜਛਾੜ ਨਾ ਕਰਨ ਦੀ ਹਦਾਇਤ ਕੀਤੀ ਹੈ। ਇਸ ਪ੍ਰਵਾਨਗੀ ਮਗਰੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਜਾਰੀ ਰਾਸ਼ੀ ਨਾਲ ਸ਼ਹੀਦਾਂ ਦੀ ਯਾਦਗਾਰ ਵਿੱਚ ਮੁਰੰਮਤ ਦੇ ਕੰਮ ਹੋ ਸਕਣਗੇ ਅਤੇ ਯਾਤਰੂਆਂ ਨੂੰ ਦਰਪੇਸ਼ ਮੁਸ਼ਕਲਾਂ ਖ਼ਤਮ ਹੋਣਗੀਆਂ।
ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਇਥੇ ਯਾਦਗਾਰ ਵਿੱਚ ਲੋੜੀਂਦੀ ਮੁਰੰਮਤ ਤੇ ਹੋਰ ਕੰਮਾਂ ਲਈ ਦਸ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ, ਪਰ ਜਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰਸੱਟ ਦੇ ਸਕੱਤਰ ਨੇ ਇਸ ਗਰਾਂਟ ਨੂੰ ਭਾਰਤੀ ਪੁਰਾਤਤਵ ਵਿਭਾਗ ਦੀ ਪ੍ਰਵਾਨਗੀ ਮਗਰੋਂ ਹੀ ਵਰਤਣ ਲਈ ਆਖਿਆ ਸੀ। ਇਸ ਸਬੰਧੀ ਵਿਵਾਦ 25 ਮਈ ਨੂੰ ਉਦੋਂ ਸ਼ੁਰੂ ਹੋਇਆ ਸੀ ਜਦੋਂ ਪੰਚਾਇਤੀ ਰਾਜ ਵਿਕਾਸ ਵਿਭਾਗ ਦਾ ਇਕ ਨੁਮਾਇੰਦਾ ਇਥੇ ਲੋੜੀਂਦੀ ਮੁਰੰਮਤ ‘ਤੇ ਆਉਣ ਵਾਲੇ ਖਰਚ ਦਾ ਅਨੁਮਾਨ ਲਾਉਣ ਲਈ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਇਸ ਨੁਮਾਇੰਦੇ ਨੂੰ ਟਰਸੱਟ ਦੇ ਸਕੱਤਰ ਨੇ ਅਨੁਮਾਨ ਲੈਣ ਤੋਂ ਰੋਕ ਦਿੱਤਾ। ਟਰੱਸਟ ਦੇ ਸਕੱਤਰ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਰਾਜ ਸਭਾ ਮੈਂਬਰ ਨੇ ਡਿਪਟੀ ਕਮਿਸ਼ਨਰ ਨੂੰ ਸਕੱਤਰ ਖ਼ਿਲਾਫ਼ ਲੋੜੀਂਦੀ ਕਾਰਵਾਈ ਲਈ ਕਿਹਾ ਸੀ।
ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਭਾਰਤੀ ਪੁਰਾਤਤਵ ਵਿਭਾਗ ਦੇ ਅਧਿਕਾਰੀਆਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਯਾਤਰੂਆਂ ਦੀ ਸਹੂਲਤ ਲਈ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪਰ ਇਨ੍ਹਾਂ ਦੀ ਮੁਰੰਮਤ ਆਦਿ ਕਰਨ ਸਮੇਂ ਪੁਰਾਤਨ ਢਾਂਚੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਯਾਦਗਾਰ ਵਿਚਲੇ ਫੁਹਾਰੇ, ਪਖਾਨਿਆਂ ਦੇ ਦਰਵਾਜ਼ੇ ਤੇ ਪਾਣੀ ਵਾਲੀਆਂ ਟੂਟੀਆਂ ਖਰਾਬ ਹਨ ਅਤੇ ਇਨ੍ਹਾਂ ਨੂੰ ਮੁਰੰਮਤ ਦੀ ਲੋੜ ਹੈ। ਗੈਲਰੀ ਵਿਚ ਵਧੇਰੇ ਪੱਖਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਰੰਮਤ ਦੇ ਕੰਮਾਂ ਦਾ ਅਨੁਮਾਨ ਲਾਉਣ ਮਗਰੋਂ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Check Also

ਵਿਜੇ ਸਾਂਪਲਾ ਛੱਡ ਸਕਦੇ ਹਨ ਭਾਜਪਾ!

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਰਕੇ ਹੋਏ ਨਰਾਜ਼ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਭਾਜਪਾ ਦੇ ਦਿੱਗਜ਼ …