ਬੋਲ ਬਾਵਾ ਬੋਲ
ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ…
ਨਿੰਦਰ ਘੁਗਿਆਣਵੀ
94174-21700
ਦਿਨ ਹੋਰ ਅੱਗੇ ਆਏ ਤੇ ਹਰ ਰੋਜ਼ ਆਉਣ ਵਾਲੀ ਰਾਤ ਬੜੀ ਕਹਿਰਵਾਨ ਹੁੰਦੀ ਸੀ। ਤਕਲੀਫ ਰਾਤ ਨੂੰ ਹੀ ਹੁੰਦੀ। ਨਾ ਉਹ ਸੌਂਦੇ ਤੇ ਨਾ ਅਸੀਂ। ਜੇ ਕਿਸੇ ਦੀ ਅੱਖ ਲਗਦੀ ਵੀ ਸੀ ਤਾਂ ਮਾੜੇ ਤੋਂ ਮਾੜੇ ਖਿਆਲ ਆ ਘੇਰਦੇ। ਮੈਂ ਅਤੀਤ ਵਿੱਚ ਵੀ ਚਲੇ ਜਾਂਦਾ ਸਾਂ , ਪਾਪਾ ਨੇ ਖਾਸ ਕਰ ਮੇਰੇ ਲਈ ਤੇ ਸਾਰੇ ਟੱਬਰ ਦੀ ਸਾਂਭ-ਸੰਭਾਲ ਵਾਸਤੇ ਕਿੰਨਾ ਕੁਝ ਕੀਤਾ ਸੀ ਪਰ ਮੈਂ ਉਸ ਲਈ ਹਾਲੇ ਕੁਝ ਨਹੀਂ ਸੀ ਕੀਤਾ। ਹਾਲੇ ਉਹਨਾਂ ਨੇ ਸੁਖ ਭਰੇ ਦਿਨ ਦੇਖਣੇ ਸਨ ਕਿ ਉਹ ਸਾਨੂੰ ਛੱਡ ਕੇ ਜਾ ਰਹੇ ਸਨ। ਬਚਪਨ ਤੋਂ ਹੀ ਲੋਕਾਂ ਦੀ ਚਾਕਰੀ ਕਰਦਾ, ਗੋਹਾ-ਕੂੜਾ ਚੁੱਕਦਾ, ਥਾਂ-ਥਾਂ ਭਟਕਦਾ (ਦਿਹਾੜੀਦਾਰੀ ਜਿਹੀਆਂ ਚੌਥਾ ਦਰਜਾ ਵਰਗੀਆਂ ਕੱਚੀਆਂ ਅੱਧ-ਪੱਕੀਆਂ ਨੌਕਰੀਆਂ, ਕਦੇ ਕਿਤੇ, ਕਦੇ ਕਿਤੇ) ਘਰੋਂ ਬੇਘਰ ਹੋਇਆ ਰਿਹਾ ਸਾਂ ਮੈਂ ਤੇ ਹੁਣ ਹੀ ਕੁਝ ਸਾਲਾਂ ਤੋਂ ਮਾਪਿਆਂ ਦਾ ਨਿੱਘ ਘਰ ਰਹਿ ਕੇ ਮਿਲਣ ਲੱਗਿਆ ਸੀ। ਪਾਪਾ ਨਾਲ ਹੱਟੀ ਉਤੇ ਵੀ ਕਈ ਸਾਲ ਬਹਿੰਦਾ ਰਿਹਾ। ਪਹਿਲਾਂ ਸਕੂਲ ਜਾਣਾ, ਸਕੂਲੋਂ ਆ ਕੇ ਹੱਟੀ ‘ਤੇ ਨਾਲ ਹੱਥ ਵਟਾਉਣਾ। ਮੌਕਾ ਮਿਲਣ ‘ਤੇ ਤੂੰਬੀ ਲੈ ਕੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕਿਸੇ ਦੇ ਭੋਗ ਜਾਂ ਸ਼ਗਨ ‘ਤੇ ਗਾ ਆਉਣਾ। ਪੰਜਾਹ ਸੱਠ ਰੁਪਏ ਬਣੇ ਦੇਖ ਪਾਪਾ ਖੁਸ਼ ਹੁੰਦੇ ਕਿ ਚਲੋ ਕੁਝ ਤਾਂ ਕਰਨ ਜੋਗਾ ਹੋਇਆ! ਉਦੋਂ ਤੂੰਬੀ ਵਾਲੇ ਨੂੰ ਲੋਕ ਰੁਪੱਈਆਂ, ਦੋ ਰੁਪੈ ਜਾਂ ਪੰਜ ਰੁਪਏ ਤੋਂ ਵੱਧ ਨਹੀਂ ਸੀ ਦਿੰਦੇ ਹੁੰਦੇ। ਮੇਰੇ ਜੀਵਨ ਦਾ ਸਭ ਤੋਂ ਵੱਡਾ ਅਤੇ ਇਤਿਹਾਸਿਕ ਮੌਕਾ ਤਾਂ ਇਹੋ ਸੀ, ਜਦ ਪਾਪਾ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਡੇਰੇ ਛੱਡਣ ਗਏ ਸਨ, ਉਹ ਦਿਨ, ਸਮਾਂ ਤੇ ਦ੍ਰਿਸ਼ ਅੱਜ ਵੀ ਹੁਬਹੂ ਕਿਸੇ ਫਿਲਮ ਵਾਂਗ ਅੱਖਾਂ ਅੱਗੇ ਘੁੰਮ ਜਾਂਦਾ ਹੈ। ਕਦੇ ਪਾਪਾ ਨਾਲ ਦੇਖੇ ਬਚਪਨ ਵਿੱਚ ਲੋਕ-ਗਾਇਕਾਂ ਦੇ ਅਖਾੜੇ ਯਾਦ ਆਉਂਦੇ ਨੇ। ਉਹਨਾਂ ਦੀ ਉਂਗਲ ਫੜਕੇ ਬਹੁਤ ਅਖਾੜੇ ਦੇਖੇ ਸਨ।
ਗਰਮੀ ਦੇ ਦਿਨ ਹੁੰਦੇ। ਸਕੂਲੋਂ ਛੁੱਟੀਆਂ ਹੋਣੀਆਂ। ਮੈਨੂੰ ਨਾਨਕੇ ਲਿਜਾਣ ਵੇਲੇ ਮੈਨੂੰ ਆਪਣੇ ਮੋਢਿਆਂ ‘ਤੇ ਬਿਠਾ ਕੇ ਪਾਪਾ ਦੂਰ ਤੀਕ ਤੁਰਦਾ ਜਾਂਦਾ। ਕੱਪੜਿਆਂ ਵਾਲਾ ਝੋਲਾ ਫੜੀ ਬੀਬੀ ਪਿੱਛੇ-ਪਿੱਛੇ ਤੁਰੀ ਆਉਂਦੀ। ਆਉਣ-ਜਾਣ ਦੇ ਸਾਧਨ ਹਾਲੇ ਵਿਕਸਤ ਨਹੀਂ ਸਨ ਹੋਏ ਤੇ ਰਾਹ ਵੀ ਕੱਚੇ। ਕੋਈ ਇੱਕ ਅੱਧੀ ਬੱਸ ਆਉਂਦੀ ਜਾਂ ਕੋਈ ਤਾਂਗਾ-ਰੇਹੜਾ ਤੁਰਦਾ।
ਅਚਾਨਕ ਮੇਰੀਆਂ ਯਾਦਾਂ ਦੀ ਲੜੀ ਕਿਰ ਜਾਂਦੀ ਹੈ। ਕੋਠੇ ਉਤੇ ਪਿਆ-ਪਿਆ ਮੈਂ ਭਵਿੱਖ ਬਾਰੇ ਸੋਚਣ ਲਗਦਾ ਕਿ ਅਜੇ ਤਾਂ ਪਾਪਾ ਦੀ ਬੜੀ ਲੋੜ ਹੈ, ਮੈਂ ਬਾਹਰ-ਅੰਦਰ ਤੁਰਿਆ ਫਿਰਦਾ ਹਾਂ, ਕੋਈ ਫਿਕਰ ਨਹੀਂ ਹੁੰਦਾ ਸੀ। ਏਨੇ ਸਾਲ ਪਾਪਾ ਨੇ ਮੈਨੂੰ ਘਰੋਂ ਛੁੱਟੀ ਦੇ ਰੱਖੀ ਤਾਂ ਹੀ ਮੈਂ ਕੁਝ ਸਮਰੱਥ ਹੋਇਆ ਹਾਂ ਆਪਣੇ ਖੇਤਰ ਵਿੱਚ। ਦੇਸ਼-ਬਦੇਸ਼ ਵੀ ਜਾ ਆਇਆ। ਕਾਸ਼ ਕਿ ਮੇਰੇ ਕੋਲ ਏਨੀ ਸਮਰੱਥਾ ਹੋਵੇ ਕਿ ਮੈਂ ਆਪਣੇ ਪਾਪਾ ਨੂੰ ਇਸ ਜਹਾਨ ਉਤੋਂ ਜਾਣ ਤੋਂ ਰੋਕ ਲਵਾਂ? ਪਰ ਸਿਆਣੇ ਕਹਿੰਦੇ ਨੇ ਕਿ ਜੇਕਰ ਇਵੇਂ ਕੋਈ ਰੋਕ ਸਕਦਾ ਹੁੰਦਾ ਜਾਣ ਵਾਲੇ ਨੂੰ, ਤਾਂ ਹੁਣ ਤੀਕ ਕੋਈ ਜਾਂਦਾ ਹੀ ਨਾ ਏਸ ਸੰਸਾਰ ਉਤੋਂ! ਮੈਥੋਂ ਤੇ ਛੋਟੇ ਭਰਾ ਤੋਂ ਛੋਟੀ ਮੇਰੀ ਇਕਲੌਤੀ ਭੈਣ ਰੋਜ਼ ਵਾਂਗ ਆਉਂਦੀ ਤਾਂ ਪਿਓ-ਧੀ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲਗਦੇ ਤੇ ਫਿਰ ਪਿਓ-ਧੀ ਰੋਣ ਲਗਦੇ। ਇਹ ਦੇਖ ਕੇ ਮੈਨੂੰ ਉਸ ਦਿਨ ਇਸ ਗੀਤ ਦਾ ਅਹਿਸਾਸ ਹੋਰ ਵੀ ਸਿੱਦਤ ਨਾਲ ਹੋਇਆ ਸੀ:
ਪੁੱਤ ਵੰਡਾਉਣ ਜ਼ਮੀਨਾਂ
ਧੀਆਂ ਦੁੱਖ ਵੰਡਾਉਂਦੀਆਂ ਨੇ…
ਆਪਣੀ ਅਲਵਿਦਾਈ ਤੋਂ ਦੋ ਦਿਨ ਪਹਿਲਾਂ ਉਹ ਕੁਝ ਜ਼ਿਆਦਾ ਹੀ ਨਿਢਾਲ ਜਿਹੇ ਹੋਣ ਲੱਗੇ ਸਨ। ਮੇਰਾ ਕੰਮ ‘ਤੇ ਜਾਣ ਨੂੰ ਦਿਲ ਨਹੀਂ ਸੀ ਕਰਦਾ। ਇੱਕ ਦਿਨ ਹੱਥ ਦੇ ਇਸ਼ਾਰੇ ਨਾਲ ਕਹਿੰਦੇ, ”ਜਾਹ ਤੂੰ ਕੰਮ ‘ਤੇ।” ਮੈਂ ਅਣਮੰਨੇ ਜਿਹੇ ਮਨ ਨਾਲ ਚਲਿਆ ਗਿਆ ਤੇ ਜਲਦੀ ਹੀ ਘਰ ਆ ਗਿਆ। ਇੱਕ ਦਿਨ ਦੁਪੈਹਰ ਦਾ ਵਕਤ ਸੀ। ਮੈਂ ਘਰ ਆਇਆ। ਮਾਂ ਤੇ ਭਰਜਾਈ ਵਿਹੜੇ ਵਿੱਚ ਬੈਠ ਕੇ ਕਣਕ ਛੱਟ ਰਹੀਆਂ ਸਨ। ਦੋਵੇਂ ਬਹੁਤ ਉਦਾਸ। ਜਿਵੇਂ ਰੋ ਕੇ ਹਟੀਆਂ ਹੋਣ। ਮੈਂ ਪੁੱਛਿਆ, ”ਕੀ ਗੱਲ,ਆਟਾ ਮੁੱਕ ਗਿਆ ਸੀ?” ਬੀਬੀ ਅੱਖਾਂ ਭਰ ਕੇ ਮੇਰੇ ਵੱਲ ਦੇਖਣ ਲੱਗੀ ਤੇ ਕੁਝ ਨਾ ਬੋਲੀ। ਮੈਂ ਸਾਰਾ ਕੁਝ ਸਮਝ ਗਿਆ ਸੀ ਕਿ ਹੁਣ ਜਦ ਘਰ ਦੀਆਂ ਔਰਤਾਂ ਹੀ ਚੰਗੀ ਤਰਾਂ ਜਾਣ ਗਈਆਂ ਹਨ ਕਿ ਆਏ-ਗਏ ਲਈ ਰੋਟੀ-ਟੁਕ ਤੇ ਆਟੇ-ਕੋਟੇ ਦਾ ਪ੍ਰਬੰਧ ਤਾ ਕਰ ਲਈਏ! ਦਿਨ ਤਾਂ ਆਖਿਰ ਉਹੀ ਆਉਣਾ ਹੀ ਹੈ।
ਪਾਪਾ ਦੀ ਬੀਮਾਰੀ ਦੇ ਦਿਨਾਂ ਵਿੱਚ ਹੀ ਇਵੇਂ ਮੈਂ ਇੱਕ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ ਲੋਕ-ਗਾਇਕੀ ਦੇ ਰਾਜ ਪੱਧਰੀ ਸੈਮੀਨਾਰ ਵਿੱਚ ਪਰਚਾ ਪੜ੍ਹਨ ਗਿਆ ਸਾਂ ਤੇ ਧਿਆਨ ਘਰੇ ਹੀ ਲੱਗਿਆ ਰਿਹਾ ਸੀ, ਸਵੇਰੇ ਗਿਆ ਤੇ ਆਥਣ ਨੂੰ ਮੁੜ ਆਇਆ। ਇੱਕ ਦਿਨ, ਜਲੰਧਰ ਦੂਰਦਰਸ਼ਨ ਤੇ ਰੇਡੀਓ ਉਤੇ ਵੀ ਇਵੇਂ ਹੀ ਗਿਆ ਸਾਂ। ਉਹਨਾਂ ਆਪ ਹੀ ਕਿਹਾ ਸੀ, ”ਹੁਣ ਟੀ.ਵੀ ਵਾਲਿਆਂ ਦੀ ਚਿੱਠੀ ਨੀ ਆਈ,ਕਾਫੀ ਚਿਰ ਹੋ ਗਿਐ?” ਮੈਂ ਆਖਿਆ ਕਿ ਤੁਹਾਨੂੰ ਛੱਡਕੇ ਟੀ.ਵੀ ‘ਤੇ ਕਿਵੇਂ ਜਾਵਾਂ? ਇੱਕ ਦਿਨ ਆਖਣ ਲੱਗੇ, ”ਹੁਣ ਜਾਵੀਂ ਜਰੂਰ, ਜਦੋਂ ਉਹ ਸੱਦਣ…ਮੈਂ ਟੀਵੀ ਦੇਖੂੰ…ਮੇਰਾ ਪੁੱਤ ਬੋਲਦਾ।” ਮੈਨ ਟੀ.ਵੀ ‘ਤੇ ਬੋਲ ਆਇਆ ਤੇ ਉਸ ਆਖਰੀ ਵਾਰ ਦੇਖ ਕੇ ਖੁਸ਼ ਵੀ ਹੋ ਲਿਆ ਸੀ।
ਰੋਜ਼ਾਨਾ ਰੁਟੀਨ ਦਾ ਕੰਮ ਨਿਬੇੜ ਕੇ ਘਰ ਨੂੰ ਭਜਦਾ। ਇੱਕ ਦਿਨ, ਹਾਲੇ ਆਣ ਕੇ ਆਪਣੇ ਦੋਸਤ ਅਰੋੜਾ ਜੀ ਕੋਲ ਕੰਮ ਉਤੇ ਬੈਠਾ ਹੀ ਸਾਂ, ਕੰਪਿਊਟਰ ਆਨ ਕੀਤਾ। ਪਾਣੀ ਦਾ ਗਲਾਸ ਪੀਤਾ ਕਿ ਫੋਨ ਵੱਜਿਆ। ਨਿੱਕਾ ਭਰਾ ਰੋ ਰਿਹਾ ਸੀ, ”ਘਰ ਆਜਾ…।” ਘਰ ਆਇਆ ਤਾਂ ਇਹ ਪਹਿਲਾਂ ਮੌਕਾ ਸੀ ਕਿ ਸਾਡੇ ਹਸਦੇ-ਵਸਦੇ ਘਰ ਦੇ ਨਿੱਕੇ ਜਿਹੇ ਵਿਹੜੇ ਵਿੱਚ ਚੀਕ-ਚਿਹਾੜਾ ਤੇ ਰੋਣਾ-ਪਿੱਟਣਾ ਪਿਆ ਹੋਇਆ ਸੀ। ਆਂਢ-ਗੁਆਂਢ ਰਿਸ਼ਤੇਦਾਰਾਂ ਨੂੰ ਫੋਨ ਕਰਨ ਤੇ ਅੰਤਮ ਵਿਦਾਈ ਦੀ ਤਿਆਰੀ ਵਿੱਚ ਜੁਟੇ ਹੋਏ ਸਨ। ਮੈਂ ਮੰਜੇ ‘ਤੇ ਪਏ ਪਾਪਾ ਨੂੰ ਜੱਫੀ ਪਾ ਲਈ ਸੀ।