ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ‘ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਨੇ ਆਪਣੇ ਜੁਮਲਿਆਂ ਨਾਲ ਭਾਵੇਂ ਮੁਲਕ ਦੇ ਲੋਕਾਂ ਨੂੰ ਭਰਮਾ ਲਿਆ ਹੋਵੇ ਪਰ ਪਹਾੜੀ ਸੂਬੇ ਦੇ ਲੋਕਾਂ ਨੂੰ ਨਹੀਂ ਭਰਮਾ ਸਕਦੀ।
ਖੜਗੇ ਨੇ ਕਿਹਾ, ”ਹਿਮਾਚਲ ਦੇ ਲੋਕ ਪੜ੍ਹੇ-ਲਿਖੇ, ਹਰ ਗੱਲ ਨੂੰ ਸਮਝਣ ਵਾਲੇ ਅਤੇ ਸੋਚ-ਵਿਚਾਰ ਕੇ ਵੋਟ ਬਾਰੇ ਫ਼ੈਸਲਾ ਲੈਂਦੇ ਹਨ। ਸ਼ਿਮਲਾ ਦਿਹਾਤੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮਾਦਿੱਤਿਆ ਦੇ ਹੱਕ ‘ਚ ਪ੍ਰਚਾਰ ਕਰਦਿਆਂ ਖੜਗੇ ਨੇ ਕਿਹਾ ਕਿ ਕਾਂਗਰਸ ਆਪਣੇ ਚੋਣ ਮਨੋਰਥ ‘ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰੇਗੀ।
‘ਜੇਕਰ ਹਿਮਾਚਲ ‘ਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਸਭ ਤੋਂ ਪਹਿਲਾ ਫ਼ੈਸਲਾ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਹੋਵੇਗਾ।’ ਕਾਂਗਰਸ ਪ੍ਰਧਾਨ ਨੇ ਆਰੋਪ ਲਾਇਆ ਕਿ ਭਾਜਪਾ ਝੂਠੇ ਵਾਅਦੇ ਕਰਕੇ ਅਤੇ ਝੂਠ ਫੈਲਾ ਕੇ ਚੋਣਾਂ ਜਿੱਤਦੀ ਹੈ। ‘ਤੁਸੀਂ ਝੂਠ ਕਿਉਂ ਬੋਲਦੇ ਹੋ? ਸੱਚ ਬੋਲੋ ਅਤੇ ਫਿਰ ਵੋਟਾਂ ਮੰਗ ਕੇ ਦੇਖੋ। ਤੁਸੀਂ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੀ ਗੱਲ ਆਖੀ ਸੀ ਪਰ ਕੀ ਤੁਸੀਂ ਇਸ ਵਾਅਦੇ ਨੂੰ ਨਿਭਾਇਆ ਹੈ। ਹੁਣ ਤੱਕ ਤਾਂ 18 ਕਰੋੜ ਲੋਕਾਂ ਨੂੰ ਨੌਕਰੀਆਂ ਮਿਲ ਗਈਆਂ ਹੁੰਦੀਆਂ ਅਤੇ ਨੌਜਵਾਨ ਬੇਰੁਜ਼ਗਾਰ ਨਾ ਰਹਿੰਦੇ।’
ਹਿਮਾਚਲੀ ਟੋਪੀ ‘ਚ ਸਜੇ ਖੜਗੇ ਨੇ ਭਾਜਪਾ ‘ਤੇ ਆਰੋਪ ਲਾਇਆ ਕਿ ਉਹ ਪਾਰਟੀ ਅੰਦਰਲੀ ਸਿਆਸਤ ਨੂੰ ਤਰਜੀਹ ਨਹੀਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਾਂਗਰਸ ਪ੍ਰਧਾਨ ਦੀ ਚੋਣ ਕਿਵੇਂ ਹੋਈ ਪਰ ਇਹ ਕੋਈ ਨਹੀਂ ਜਾਣਦਾ ਕਿ ਜੇ ਪੀ ਨੱਢਾ ਨੂੰ ਭਾਜਪਾ ਨੇ ਪ੍ਰਧਾਨ ਕਿਵੇਂ ਚੁਣਿਆ। ਉਨ੍ਹਾਂ ਕਿਹਾ, ”ਫ਼ਸਲਾਂ ਵੇਚਣ ਲਈ ਮੰਡੀਆਂ ਨਹੀਂ ਹਨ। ਕਿਸਾਨਾਂ ਨੂੰ ਐੱਮਐੱਸਪੀ ਵੀ ਨਹੀਂ ਮਿਲਦੀ ਹੈ। ਜਿਹੜੇ ਲੋਕ ਕਿਸਾਨਾਂ ਤੋਂ ਸਸਤੇ ਭਾਅ ‘ਤੇ ਫਲ ਖ਼ਰੀਦ ਕੇ ਮਹਿੰਗੀ ਕੀਮਤ ‘ਤੇ ਵੇਚ ਰਹੇ ਹਨ, ਉਨ੍ਹਾਂ ਦੀ ਹਮਾਇਤ ਭਾਜਪਾ ਅਤੇ ਮੁੱਖ ਮੰਤਰੀ ਕਰ ਰਹੇ ਹਨ। ਕੀ ਤੁਹਾਨੂੰ ਅਜਿਹੀ ਸਰਕਾਰ ਦੀ ਲੋੜ ਹੈ।” ਉਨ੍ਹਾਂ ਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਹਿਮਾਚਲ ਪ੍ਰਦੇਸ਼ ਦੇ ਜਵਾਨਾਂ ਦੀ ਵੀ ਸ਼ਲਾਘਾ ਕੀਤੀ। ਉਧਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ‘ਜੈ ਰਾਮ’ ਕਰ ਦੇਣ ਅਤੇ ਕਾਂਗਰਸ ਦੀ ਸਰਕਾਰ ਬਣਾਉਣ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …