ਕਾਂਗਰਸ ਨੂੰ ‘ਅਸਥਿਰਤਾ, ਭ੍ਰਿਸ਼ਟਾਚਾਰ ਅਤੇ ਘੁਟਾਲਿਆਂ’ ਨਾਲ ਜੋੜਿਆ
ਕਾਂਗੜਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਸਥਿਰ ਅਤੇ ਡਬਲ ਇੰਜਣ ਵਾਲੀ ਮਜ਼ਬੂਤ ਸਰਕਾਰ ਦੀ ਲੋੜ ਹੈ। ਭਾਜਪਾ ਲਈ ਲੋਕਾਂ ਤੋਂ ਵੋਟ ਮੰਗਦਿਆਂ ਉਨ੍ਹਾਂ ਕਾਂਗਰਸ ਨੂੰ ‘ਅਸਥਿਰਤਾ, ਭ੍ਰਿਸ਼ਟਾਚਾਰ ਅਤੇ ਘੁਟਾਲਿਆਂ’ ਨਾਲ ਜੋੜਿਆ। ਕਾਂਗੜਾ ਜ਼ਿਲ੍ਹੇ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਆਰੋਪ ਲਾਇਆ ਕਿ ਜਦੋਂ ਉਹ ਕੇਂਦਰ ਦੀ ਸੱਤਾ ‘ਚ ਸੀ ਤਾਂ ਉਸ ਨੇ ਸੂਬੇ ਨਾਲ ਧਰੋਹ ਕਮਾਇਆ ਅਤੇ ਉਹ ਵਿਕਾਸ ਦੀ ਦੁਸ਼ਮਣ ਹੈ। ਬਾਅਦ ‘ਚ ਪ੍ਰਧਾਨ ਮੰਤਰੀ ਨੇ ਸੁਜਾਨਪੁਰ ‘ਚ ਵੀ ਰੈਲੀ ਨੂੰ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਭਾਜਪਾ ਦਾ ਸੱਤਾ ‘ਚ ਰਹਿਣਾ ਜ਼ਰੂਰੀ ਹੈ ਕਿਉਂਕਿ ਕਾਂਗਰਸ ਦੀ ਜਦੋਂ 2017 ਤੱਕ ਸੂਬੇ ‘ਚ ਸਰਕਾਰ ਸੀ ਤਾਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਵੀ ਪਾਰਟੀ ਨੇ ਵਿਕਾਸ ਦੇ ਕੰਮਾਂ ‘ਚ ਰੋੜੇ ਅਟਕਾਏ। ਉਨ੍ਹਾਂ ਕਾਂਗਰਸ ‘ਤੇ ਫ਼ੌਜ ਮੁਖੀ ਦਾ ਅਪਮਾਨ ਕਰਨ ਦੇ ਆਰੋਪ ਵੀ ਲਾਏ ਅਤੇ ਕਿਹਾ ਕਿ ਉਨ੍ਹਾਂ ਜਵਾਨਾਂ ਦੀ ਤੁਲਨਾ ਗੁੰਡਿਆਂ ਨਾਲ ਕੀਤੀ ਸੀ। ‘ਪਾਕਿਸਤਾਨ ‘ਚ ਦਹਿਸ਼ਤੀ ਕੈਂਪਾਂ ‘ਤੇ ਕੀਤੇ ਗਏ ਸਰਜੀਕਲ ਸਟਰਾਈਕ ‘ਤੇ ਵੀ ਕਾਂਗਰਸ ਨੇ ਸਵਾਲ ਉਠਾਏ ਸਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਲਈ ਦੇਸ਼ ਦੀ ਸੁਰੱਖਿਆ ਅਤੇ ਜਵਾਨ ਅਹਿਮੀਅਤ ਰਖਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦੂਜੀ ਵਾਰ ਸੱਤਾ ‘ਚ ਆਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਕਾਂਗਰਸ ਜੇਕਰ ਹਿਮਾਚਲ ‘ਚ ਸਰਕਾਰ ਬਣਾਉਣ ‘ਚ ਕਾਮਯਾਬ ਰਹੀ ਤਾਂ ਉਸ ਨਾਲ ਵਿਕਾਸ ਪ੍ਰਭਾਵਿਤ ਹੋਵੇਗਾ। ਉਂਜ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਭਾਜਪਾ ਨੂੰ ਮੁੜ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ। ਕਾਂਗਰਸ ਦੇ ਦੋ ਸੂਬਿਆਂ ਰਾਜਸਥਾਨ ਅਤੇ ਛੱਤੀਸਗੜ੍ਹ ਤੱਕ ਸੀਮਤ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕਾਂਗਰਸ ‘ਚ ਸਿਰਫ਼ ਅੰਦਰੂਨੀ ਝਗੜਿਆਂ ਦੀਆਂ ਰਿਪੋਰਟਾਂ ਹੀ ਆਉਂਦੀਆਂ ਹਨ। ਮੋਦੀ ਨੇ ਕਿਹਾ ਕਿ ਭਾਜਪਾ ਦੇ ਚੰਗੇ ਸ਼ਾਸਨ ਅਤੇ ਗਰੀਬ ਪੱਖੀ ਨੀਤੀਆਂ ਕਾਰਨ ਪਛਾਣ ਬਣ ਗਈ ਹੈ ਜਿਸ ਕਾਰਨ ਉਸ ਨੂੰ ਹੁਣ ਵਾਰ ਵਾਰ ਚੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਪਰਿਵਾਰਵਾਦ ਤੇ ਵੋਟ ਬੈਂਕ ਦੀ ਸਿਆਸਤ ‘ਚ ਫਸੀਆਂ ਹੋਈਆਂ ਹਨ ਜਦਕਿ ਭਾਜਪਾ ਕੰਮਾਂ ‘ਤੇ ਧਿਆਨ ਕੇਂਦਰਿਤ ਕਰਦੀ ਹੈ।