Breaking News
Home / ਦੁਨੀਆ / ਪਾਕਿ ‘ਚ ਹਿੰਦੂ ਲੜਕੀਆਂ ਦੀ ਰਾਖੀ ਲਈ ਅੱਗੇ ਆਈ ਸੁਸ਼ਮਾ ਸਵਰਾਜ

ਪਾਕਿ ‘ਚ ਹਿੰਦੂ ਲੜਕੀਆਂ ਦੀ ਰਾਖੀ ਲਈ ਅੱਗੇ ਆਈ ਸੁਸ਼ਮਾ ਸਵਰਾਜ

ਪਾਕਿਸਤਾਨ ‘ਚ ਅਗਵਾ ਤੇ ਜਬਰੀ ਧਰਮ ਤਬਦੀਲੀ ਸਬੰਧੀ ਭਾਰਤ ਨੇ ਮੰਗੀ ਰਿਪੋਰਟ
ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਟਵੀਟ ਕਰਕੇ ਪਾਕਿਸਤਾਨ ਵਿੱਚ ਦੋ ਹਿੰਦੂ ਨਾਬਾਲਗ ਕੁੜੀਆਂ ਨੂੰ ਅਗਵਾ ਤੇ ਮਗਰੋਂ ਜਬਰੀ ਧਰਮ ਤਬਦੀਲੀ ਮਾਮਲੇ ਵਿੱਚ ਗੁਆਂਢੀ ਮੁਲਕ ਵਿਚਲੇ ਆਪਣੇ ਰਾਜਦੂਤ ਅਜੈ ਬਿਸਾੜੀਆ ਤੋਂ ਰਿਪੋਰਟ ਮੰਗ ਲਈ ਹੈ। ਇਸ ਟਵੀਟ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਦਰਮਿਆਨ ਸ਼ਬਦੀ ਜੰਗ ਚਲਦੀ ਰਹੀ। ਸਵਰਾਜ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਚੌਧਰੀ ਨੇ ਕਿਹਾ, ‘ਮੈਡਮ, ਇਹ ਪਾਕਿਸਤਾਨ ਦਾ ਅੰਦਰੂਨੀ ਮਸਲਾ ਹੈ ਤੇ ਯਕੀਨ ਕਰਕੇ ਜਾਣਿਓ ਕਿ ਇਹ ਮੋਦੀ ਦਾ ਭਾਰਤ ਨਹੀਂ ਹੈ, ਜਿੱਥੇ ਘੱਟਗਿਣਤੀਆਂ ਨੂੰ ਦਬਾਇਆ ਜਾਂਦਾ ਹੈ। ਇਹ ਇਮਰਾਨ ਖ਼ਾਨ ਦਾ ਨਵਾਂ ਪਾਕਿ ਹੈ, ਜਿੱਥੇ ਸਾਡੇ ਕੌਮੀ ਤਿਰੰਗੇ ਵਿਚਲਾ ਸਫ਼ੇਦ ਰੰਗ ਸਾਨੂੰ ਓਨਾ ਹੀ ਪਿਆਰਾ ਹੈ।’ ਸੂਚਨਾ ਮੰਤਰੀ ਨੇ ਅੱਗੇ ਕਿਹਾ, ‘ਮੈਂ ਆਸ ਕਰਦਾ ਹਾਂ ਕਿ ਜਦੋਂ ਭਾਰਤੀ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਆਏਗੀ ਤਾਂ ਤੁਸੀਂ ਓਨੇ ਹੀ ਉੱਦਮ ਨਾਲ ਕਾਰਵਾਈ ਕਰੋਗੇ।’ ਵਿਦੇਸ਼ ਮੰਤਰੀ ਸਵਰਾਜ ਨੇ ਚੌਧਰੀ ਦੇ ਇਸ ਟਵੀਟ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਤਾਂ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰਨ ਤੇ ਜਬਰੀ ਧਰਮ ਪਰਿਵਰਤਨ ਕਰਾਏ ਜਾਣ ਸਬੰਧੀ ਭਾਰਤੀ ਹਾਈ ਕਮਿਸ਼ਨਰ ਤੋਂ ਸਿਰਫ਼ ਰਿਪੋਰਟ ਮੰਗੀ ਸੀ। ਉਨ੍ਹਾਂ ਕਿਹਾ, ‘ਤੁਹਾਨੂੰ ਘਬਰਾਹਟ ਵਿੱਚ ਪਾਉਣ ਲਈ ਇੰਨਾ ਕਾਫ਼ੀ ਸੀ। ਸਾਫ਼ ਹੈ ਕਿ ‘ਚੋਰ ਦੀ ਦਾੜ੍ਹੀ ਵਿੱਚ ਤਿਣਕਾ’ ਹੈ।’
ਨਿਕਾਹ ਕਰਾਉਣ ਵਾਲੇ ਮੌਲਵੀ ਸਮੇਤ 8 ਗ੍ਰਿਫ਼ਤਾਰ
ਅੰਮ੍ਰਿਤਸਰ : ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਗੋਟਕੀ ਦੀ ਤਹਿਸੀਲ ਡੇਹਰਕੀ ਦੀਆਂ ਦੋ ਨਾਬਾਲਗ ਭੈਣਾਂ ਰੀਨਾ (15) ਤੇ ਰਵੀਨਾ (12) ਦੇ ਧਰਮ ਪਰਿਵਰਤਨ ਦਾ ਮਾਮਲਾ ਭਖਿਆ ਹੋਇਆ ਹੈ, ਉਥੇ ਹੀ ਸੂਬਾ ਸਿੰਧ ਦੇ ਜ਼ਿਲ੍ਹਾ ਹਾਫਿਜ਼ਾਬਾਦ ਦੇ ਪਿੰਡ ਟੰਡੋ ਯੂਸਫ਼ ਦੀ ਇਕ ਹੋਰ ਸੋਨੀਆ ਭੀਲ ਨਾਮ ਦੀ ਹਿੰਦੂ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਵਿਰੋਧ ਵਿਚ ਸੂਬਾ ਸਿੰਧ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੋਨੀਆ ਦੀ ਭਾਲ ਲਈ ਪੁਲਿਸ ਵਲੋਂ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਦੋ ਭੈਣਾਂ ਦਾ ਨਿਕਾਹ ਕਰਾਉਣ ਵਾਲੇ ਮੌਲਵੀ ਸਮੇਤ ਇਸ ਨਿਕਾਹ ਵਿਚ ਸ਼ਾਮਿਲ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਕਤ ਹਿੰਦੂ ਭੈਣਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਗਈ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਬਾਅਦ ਇਸ ਮਾਮਲੇ ਵਿਚ ਜ਼ਿੰਮੇਵਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਰੀਨਾ ਅਤੇ ਰਵੀਨਾ ਨੇ ਸੁਰੱਖਿਆ ਲਈ ਅਦਾਲਤ ਵਿਚ ਪਹੁੰਚ ਕੀਤੀ ਹੈ।
ਇਮਰਾਨ ਖਾਨ ਵੱਲੋਂ ਹਿੰਦੂ ਕੁੜੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਮਾਮਲੇ ਦੀ ਜਾਂਚ ਦੇ ਹੁਕਮ
ਇਸਲਾਮਾਬਾਦ: ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਸਿੰਧ ਸੂਬੇ ਵਿੱਚ ਅੱਲੜ੍ਹ ਉਮਰ ਦੀਆਂ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਤੇ ਨਿਕਾਹ ਕਰਵਾਏ ਜਾਣ ਦੀਆਂ ਰਿਪੋਰਟਾਂ ਮਗਰੋਂ ਇਸ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਫੌਰੀ ਕੁੜੀਆਂ ਦਾ ਥਹੁ-ਪਤਾ ਲਾ ਕੇ ਉਨ੍ਹਾਂ ਨੂੰ ਪਰਿਵਾਰਾਂ ਹਵਾਲੇ ਕਰਨ। ਇਸ ਦੌਰਾਨ ਗ੍ਰਹਿ ਮੰਤਰੀ ਸ਼ਹਿਰਯਾਰ ਖਾਨ ਅਫ਼ਰੀਦੀ ਨੇ ਸਿੰਧ ਪੁਲਿਸ ਦੇ ਆਈਜੀ ਨੂੰ ਜਾਂਚ ਲਈ ਕਹਿੰਦਿਆਂ ਰਿਪੋਰਟ ਤਲਬ ਕਰ ਲਈ ਹੈ। ਸ਼ਹਿਰਯਾਰ ਨੇ ਇਕ ਟਵੀਟ ਵਿਚ ਕਿਹਾ ਕਿ ‘ਦੋਵੇਂ ਕੁੜੀਆਂ ਪਾਕਿਸਤਾਨ ਦੀਆਂ ਨਾਗਰਿਕ ਹਨ ਤੇ ਉਨ੍ਹਾਂ ਦੀ ਰੱਖਿਆ ਸਾਡਾ ਫ਼ਰਜ਼ ਹੈ।’ ਅਜਿਹੀਆਂ ਰਿਪੋਰਟਾਂ ਹਨ ਕਿ ਕੁੜੀਆਂ ਨੂੰ ਰਹੀਮ ਯਾਰ ਖ਼ਾਨ ਲਿਜਾਇਆ ਗਿਆ ਹੈ। ਉਧਰ ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਤੇ ਕੌਮੀ ਅਸੈਂਬਲੀ ਵਿਚ ਸੱਤਾਧਾਰੀ ਪੀਟੀਆਈ ਦੇ ਮੈਂਬਰ ਰਮੇਸ਼ ਕੁਮਾਰ ਵਾਂਕਵਾਨੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਜਬਰੀ ਧਰਮ ਤਬਦੀਲੀ ਖ਼ਿਲਾਫ਼ ਬਿੱਲ ਨੂੰ ਮੁੜ ਸੰਸਦ ਵਿੱਚ ਲਿਆਉਣ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ ਅਸਰ ਰਸੂਖ਼ ਰੱਖਣ ਵਾਲੇ ਕੁਝ ਵਿਅਕਤੀਆਂ ਦੇ ਸਮੂਹ ਨੇ ਹੋਲੀ ਤੋਂ ਇਕ ਦਿਨ ਪਹਿਲਾਂ ਰਵੀਨਾ (13) ਤੇ ਰੀਨਾ (15) ਨਾਂ ਦੀਆਂ ਦੋ ਨਾਬਾਲਗ ਕੁੜੀਆਂ ਨੂੰ ਸਿੰਧ ਸੂਬੇ ਦੇ ਘੋਟਕੀ ਜ਼ਿਲ੍ਹੇ ਵਿਚਲੇ ਉਨ੍ਹਾਂ ਦੇ ਘਰ ਤੋਂ ਕਥਿਤ ਅਗਵਾ ਕਰ ਲਿਆ ਸੀ। ਇਸ ਘਟਨਾ ਤੋਂ ਛੇਤੀ ਮਗਰੋਂ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਇਕ ਮੌਲਵੀ ਦੋਵਾਂ ਕੁੜੀਆਂ ਦਾ ਨਿਕਾਹ ਕਰਾਉਂਦਾ ਨਜ਼ਰ ਆ ਰਿਹਾ ਹੈ। ਮਗਰੋਂ ਇਕ ਵੱਖਰੀ ਵੀਡੀਓ ਵਿੱਚ ਨਾਬਾਲਗਾਂ ਨੂੰ ਇਹ ਕਹਿੰਦਿਆਂ ਵਿਖਾਇਆ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਰਹੀਆਂ ਹਨ। ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਉਰਦੂ ਵਿੱਚ ਕੀਤੇ ਟਵੀਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੰਧ ਸੂਬੇ ਦੇ ਮੁੱਖ ਮੰਤਰੀ ਨੂੰ ਰਿਪੋਰਟਾਂ ਬਾਬਤ ਲੋੜੀਂਦੀ ਕਾਰਵਾਈ ਲਈ ਆਖ ਦਿੱਤਾ ਹੈ।

Check Also

ਕਮਲਾ ਹੈਰਿਸ ’ਤੇ ਏਸ਼ੀਆਈ ਅਮਰੀਕੀ ਵੋਟਰਾਂ ਨੇ ਦਿਖਾਇਆ ਭਰੋਸਾ

ਸਰਵੇਖਣ ਵਿੱਚ ਦਾਅਵਾ; ਕਮਲਾ ਹੈਰਿਸ, ਡੋਨਾਲਡ ਟਰੰਪ ਤੋਂ 38 ਅੰਕਾਂ ਨਾਲ ਅੱਗੇ ਵਾਸ਼ਿੰਗਟਨ/ਬਿਊਰੋ ਨਿਊਜ਼ ਏਸ਼ੀਆਈ …