10.3 C
Toronto
Saturday, November 8, 2025
spot_img
Homeਦੁਨੀਆਅੱਤਵਾਦ-ਕੱਟੜਵਾਦ ਨਾਲ ਮਿਲ ਕੇ ਨਜਿੱਠਣਗੇ ਭਾਰਤ ਤੇ ਬੰਗਲਾਦੇਸ਼

ਅੱਤਵਾਦ-ਕੱਟੜਵਾਦ ਨਾਲ ਮਿਲ ਕੇ ਨਜਿੱਠਣਗੇ ਭਾਰਤ ਤੇ ਬੰਗਲਾਦੇਸ਼

ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ‘ਤੇ ਵੀ ਕੰਮ ਹੋਵੇਗਾ ਸ਼ੁਰੂ
ਦੋਵਾਂ ਮੁਲਕਾਂ ਵਿਚਾਲੇ 25 ਸਾਲਾਂ ਬਾਅਦ ਪਾਣੀਆਂ ਬਾਰੇ ਸਮਝੌਤਾ ਸਿਰੇ ਚੜ੍ਹਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਨੂੰ ਸਾਂਝੇ ਪੱਧਰ ‘ਤੇ ਉਨ੍ਹਾਂ ਦਹਿਸ਼ਤੀ ਤੇ ਕੱਟੜਵਾਦੀ ਤਾਕਤਾਂ ਦਾ ਟਾਕਰਾ ਕਰਨਾ ਚਾਹੀਦਾ ਹੈ ਜੋ ਦੋਵਾਂ ਮੁਲਕਾਂ ਦੇ ਆਪਸੀ ਭਰੋਸੇ ਲਈ ਖ਼ਤਰਾ ਹਨ, ਤੇ ਇਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਮੋਦੀ ਨੇ ਇਹ ਟਿੱਪਣੀਆਂ ਭਾਰਤ ਦੇ ਦੌਰੇ ਉਤੇ ਆਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨਾਲ ਮੁਲਾਕਾਤ ਤੋਂ ਬਾਅਦ ਕੀਤੀਆਂ। ਹਸੀਨਾ ਨੇ ਇਸ ਮੌਕੇ ਪਾਣੀਆਂ ਬਾਰੇ ਤੀਸਤਾ ਸਮਝੌਤੇ ਨੂੰ ਜਲਦੀ ਨਿਬੇੜਨ ਉਤੇ ਵੀ ਜ਼ੋਰ ਦਿੱਤਾ। ਮੋਦੀ ਨੇ ਕਿਹਾ ਕਿ 1971 ਦੀ ਭਾਵਨਾ ਨੂੰ ਜਿਊਂਦਿਆਂ ਰੱਖਣ ਲਈ ਜ਼ਰੂਰੀ ਹੈ ਕਿ ਦੋਵੇਂ ਮੁਲਕ ਆਪਸੀ ਭਰੋਸੇ ਲਈ ਖ਼ਤਰਾ ਬਣੇ ਅੱਤਵਾਦ ਤੇ ਕੱਟੜਵਾਦ ਦਾ ਸਾਹਮਣਾ ਮਿਲ ਕੇ ਕਰਨ। ਦੋਵੇਂ ਮੁਲਕਾਂ ਨੇ ਸੱਤ ਸਮਝੌਤਿਆਂ ‘ਤੇ ਵੀ ਸਹੀ ਪਾਈ ਜੋ ਕਿ ਰੇਲਵੇ, ਪੁਲਾੜ ਤਕਨੀਕ, ਨਦੀਆਂ ਦਾ ਪਾਣੀ ਸਾਂਝਾ ਕਰਨ ਤੇ ਸੰਪਰਕ ਨਾਲ ਜੁੜੇ ਹੋਏ ਹਨ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ ਕਿ ਅੱਤਵਾਦ ਤੇ ਕੱਟੜਵਾਦ ਭਾਰਤ-ਬੰਗਲਾਦੇਸ਼ ਦੇ ਰਿਸ਼ਤਿਆਂ ਵਿਚ ਅੜਿੱਕਾ ਬਣ ਸਕਦੇ ਹਨ ਤੇ ਸੁਰੱਖਿਆ ਲਈ ਖ਼ਤਰਾ ਹਨ। ਭਾਰਤ ਤੇ ਬੰਗਲਾਦੇਸ਼ ਨੇ ਕੁਸ਼ਿਆਰਾ ਨਦੀ ਦਾ ਪਾਣੀ ਸਾਂਝਾ ਕਰਨ ਬਾਰੇ ਇਕ ਸਮਝੌਤੇ ਉਤੇ ਵੀ ਸਹੀ ਪਾਈ। 1996 ਵਿਚ ਦੋਵਾਂ ਮੁਲਕਾਂ ਵਿਚਾਲੇ ਗੰਗਾ ਨਦੀ ਦੇ ਪਾਣੀ ਬਾਰੇ ਹੋਏ ਸਮਝੌਤੇ ਤੋਂ ਬਾਅਦ ਪਾਣੀਆਂ ਬਾਰੇ ਇਹ ਪਹਿਲਾ ਸਮਝੌਤਾ ਸਿਰੇ ਚੜ੍ਹਿਆ ਹੈ। ਮੋਦੀ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਜਲਦੀ ਹੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ‘ਤੇ ਵੀ ਵਿਚਾਰ-ਚਰਚਾ ਆਰੰਭਣਗੇ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਦਾ ਰਾਸ਼ਟਰਪਤੀ ਭਵਨ ਵਿਚ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਹਸੀਨਾ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਵੀ ਮਿਲੇ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਐਲਾਨ ਕੀਤਾ ਕਿ ਬੰਗਲਾਦੇਸ਼ 1971 ਦੀ ਜੰਗ (ਲਿਬਰੇਸ਼ਨ ਵਾਰ) ਵਿਚ ਜ਼ਖ਼ਮੀ ਹੋਣ ਵਾਲੇ ਜਾਂ ਸ਼ਹੀਦ ਹੋਣ ਵਾਲੇ ਭਾਰਤੀ ਸੈਨਿਕਾਂ ਦੇ ਰਿਸ਼ਤੇਦਾਰਾਂ ਨੂੰ ‘ਮੁਜੀਬ ਵਜ਼ੀਫ਼ਾ’ ਦੇਵੇਗਾ।
ਬੰਗਲਾਦੇਸ਼ ਦੇ ਰੇਲ ਕਰਮੀਆਂ ਨੂੰ ਸਿਖ਼ਲਾਈ ਦੇਵੇਗਾ ਭਾਰਤੀ ਰੇਲਵੇ
ਭਾਰਤੀ ਰੇਲਵੇ ਵੱਲੋਂ ਬੰਗਲਾਦੇਸ਼ ਦੇ ਰੇਲ ਕਰਮੀਆਂ ਨੂੰ ਸਿਖ਼ਲਾਈ ਦਿੱਤੀ ਜਾਵੇਗੀ। ਇਸ ਵਿਚ ਸੂਚਨਾ ਤਕਨੀਕ ਨਾਲ ਜੁੜੀ ਸਿਖਲਾਈ ਵੀ ਸ਼ਾਮਲ ਹੋਵੇਗੀ। ਇਸ ਬਾਰੇ ਦੋਵਾਂ ਮੁਲਕਾਂ ਵਿਚਾਲੇ ਸਮਝੌਤਾ ਹੋਇਆ ਹੈ। ਸਿਖਲਾਈ ਤਹਿਤ ਸੈਮੀਨਾਰ, ਵਰਕਸ਼ਾਪ ਤੇ ਫੀਲਡ ਟਰੇਨਿੰਗ ਕਰਵਾਈ ਜਾਵੇਗੀ। ਰੇਲਵੇ ਮੁਲਾਜ਼ਮ ਇਕ-ਦੂਜੇ ਦੇ ਦੇਸ਼ਾਂ ਦਾ ਦੌਰਾ ਵੀ ਕਰਨਗੇ।

RELATED ARTICLES
POPULAR POSTS