ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਇਕ ਨੌਜਵਾਨ ਅਤੇ ਉਸ ਦੀ ਦਾਦੀ ਕੋਲੋਂ ਬੀਐੱਸਐੱਫ ਦੇ ਜਵਾਨਾਂ ਨੇ ਯਾਤਰੂ ਟਰਮੀਨਲ ਕਰਤਾਰਪੁਰ ਲਾਂਘੇ ‘ਤੇ ਚੈਕਿੰਗ ਦੌਰਾਨ ਤਿੰਨ ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਜ਼ਬਤ ਕੀਤੀ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਨੌਜਵਾਨ ਸ਼ਰਧਾਲੂ ਦੀ ਚੈਕਿੰਗ ਦੌਰਾਨ ਉਸ ਕੋਲੋਂ ਇੱਕ ਲੱਖ ਰੁਪਏ ਦੀ ਪਾਕਿਸਤਾਨ ਦੀ ਕਰੰਸੀ ਮਿਲੀ ਹੈ। ਇਸ ਤੋਂ ਬਾਅਦ ਵ੍ਹੀਲਚੇਅਰ ‘ਤੇ ਲਿਆਂਦੀ ਜਾ ਰਹੀ ਉਸ ਦੀ ਬਜ਼ੁਰਗ ਦਾਦੀ ਕੋਲੋਂ ਦੋ ਲੱਖ ਰੁਪਏ ਹੋਰ ਪਾਕਿਸਤਾਨੀ ਕਰੰਸੀ ਮਿਲੀ। ਇਸ ਕਰੰਸੀ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ। ਡੇਰਾ ਬਾਬਾ ਨਾਨਕ ਦੇ ਡੀਐੱਸਪੀ ਸਰਵਜੀਤ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ‘ਤੇ ਬਣੇ ਕਰਤਾਰਪੁਰ ਯਾਤਰੂ ਟਰਮੀਨਲ ‘ਤੇ ਤਾਇਨਾਤ ਬੀਐੱਸਐੱਫ ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਫਿਲਹਾਲ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਬਿਰਧ ਦੀ ਪਛਾਣ ਬੀਵੀ ਦੇਵੀ ਵਾਸੀ ਜੰਡੀ ਦੀਨਾਨਗਰ ਵਜੋਂ ਹੋਈ ਹੈ। ਡੀਐੱਸਪੀ ਨੇ ਦੱਸਿਆ ਹੈ ਕਿ ਅਜੇ ਤੱਕ ਦੋਵਾਂ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ, ਮਾਮਲੇ ਦੀ ਪੜਤਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਬਿਰਧ ਨੇ ਦੱਸਿਆ ਕਿ ਉਸ ਦਾ ਭਰਾ ਪਾਕਿਸਤਾਨ ਵਿੱਚ ਰਹਿੰਦਾ ਹੈ ਅਤੇ ਇਹ ਪੈਸੇ ਉਸ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਰਧ ਅਨੁਸਾਰ ਉਹ ਦੂਜੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਈ ਹੈ।