ਜੋਅ ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ
ਵਾਸ਼ਿੰਗਟਨ/ਬਿਊਰੋ ਨਿਊਜ਼
ਰੂਸ ਅਤੇ ਨਾਟੋ ਫੌਜਾਂ ਵਿਚਾਲੇ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ। ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਲਈ ਕਹਿ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਬਾਈਡਨ ਨੇ ਕਿਹਾ ਕਿ ਅਮਰੀਕਾ ਅਤੇ ਰੂਸ ਦੀ ਫੌਜ ਵਿਚਕਾਰ ਕਿਸੇ ਸਮੇਂ ਵੀ ਸਿੱਧੀ ਲੜਾਈ ਸ਼ੁਰੂ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਫੌਜ ਵਿਚੋਂ ਇਕ ਨਾਲ ਤਕਰਾਰ ਦੀ ਸਥਿਤੀ ਵਿਚ ਹਾਂ। ਉਨ੍ਹਾਂ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਜਲਦ ਹੀ ਯੂਕਰੇਨ ਵਿਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ। ਯੂਕਰੇਨ ਵਿਚ ਫੌਜ ਭੇਜਣ ਦੇ ਸਵਾਲ ’ਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਥੇ ਫੌਜ ਭੇਜਣ ਦਾ ਮਤਲਬ ਵਿਸ਼ਵ ਯੁੱਧ ਦੀ ਸ਼ੁਰੂਆਤ ਹੈ। ਇਸੇ ਦੌਰਾਨ ਯੁੱਧ ਦੇ ਵਧਦੇ ਖਤਰੇ ਨੂੰ ਦੇਖਦਿਆਂ ਅਮਰੀਕਾ ਨੇ ਯੂਕਰੇਨ ਨੂੰ ਹਥਿਆਰਾਂ ਦੀ ਦੂਜੀ ਖੇਪ ਵੀ ਭੇਜ ਦਿੱਤੀ ਹੈ। ਉਧਰ ਦੂਜੇ ਪਾਸੇ ਯੁੱਧ ਦੇ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਰੂਸ ਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਰੂਸ ਦੀ ਫੌਜ ਨੇ ਬੇਲਾਰੂਸ ਵਿਚ ਯੁੱਧ ਦਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ।