Home / ਦੁਨੀਆ / ਨਵਾਜ਼ ‘ਤੇ ਸੁੱਟੀ ਜੁੱਤੀ, ਆਸਿਫ ਦੇ ਮੂੰਹ ‘ਤੇ ਮਲੀ ਸਿਆਹੀ

ਨਵਾਜ਼ ‘ਤੇ ਸੁੱਟੀ ਜੁੱਤੀ, ਆਸਿਫ ਦੇ ਮੂੰਹ ‘ਤੇ ਮਲੀ ਸਿਆਹੀ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਆਮ ਚੋਣਾਂ ਹੋਣ ਵਾਲੀਆਂ ਹਨ, ਪਰ ਇਸ ਤੋਂ ਪਹਿਲਾਂ ਲੋਕਾਂ ਦਾ ਉਥੋਂ ਦੇ ਪ੍ਰਮੁੱਖ ਆਗੂਆਂ ਵਿਰੁੱਧ ਗੁੱਸਾ ਖੁੱਲ੍ਹ ਕੇ ਨਿਕਲ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਲਾਹੌਰ ਵਿਚ ਜੁੱਤੀ ਸੁੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਦੋ ਦਿਨ ਅੰਦਰ ਇਹ ਦੂਜਾ ਮਾਮਲਾ ਹੈ, ਜਦੋਂ ਪਾਕਿਸਤਾਨ ਦੇ ਕਿਸੇ ਚੋਟੀ ਦੇ ਨੇਤਾ ਨਾਲ ਅਜਿਹੀ ਹਰਕਤ ਹੋਈ ਹੋਵੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਦੇ ਚਿਹਰੇ ‘ਤੇ ਇਕ ਵਿਅਕਤੀ ਨੇ ਸਿਆਹੀ ਮਲ ਦਿੱਤੀ ਸੀ। ਐਤਵਾਰ ਇਕ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਨਵਾਜ਼ ਸ਼ਰੀਫ ‘ਤੇ ਜੁੱਤੀ ਸੁੱਟ ਦਿੱਤੀ। ਉਹ ਜਾਮੀਆ ਨਈਮੀਆ ਯੂਨੀਵਰਸਿਟੀ ਦਾ ਇਕ ਸਾਬਕਾ ਵਿਦਿਆਰਥੀ ਹੈ ਤੇ ਕਥਿਤ ਤੌਰ ‘ਤੇ ਤਹਿਰੀਕ-ਏ-ਲਬੈਕ ਯਾ ਰਸੂਲ ਅੱਲ੍ਹਾ (ਟੀਐਲਵਾਈਆਰ) ਦਾ ਮੈਂਬਰ ਵੀ ਹੈ। ਨਵਾਜ਼ ਗੜ੍ਹੀ ਸਾਧੂ ਇਲਾਕੇ ਵਿਚ ਸਥਿਤ ਇਕ ਯੂਨੀਵਰਸਿਟੀ ਵਿਚ ਭਾਸ਼ਣ ਦੇ ਆਏ ਸਨ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਜਿਓ ਟੀਵੀ ਮੁਤਾਬਕ ਨਵਾਜ਼ ਜਿਵੇਂ ਹੀ ਸਟੇਜ ‘ਤੇ ਜਾਣ ਲੱਗੇ ਤਾਂ ਉਨ੍ਹਾਂ ਵੱਲ ਇਕ ਜੁੱਤੀ ਸੁੱਟੀ ਗਈ। ਇਹ ਜੁੱਤੀ ਉਨ੍ਹਾਂ ਦੀ ਛਾਤੀ ‘ਤੇ ਲੱਗੀ। ਉਸ ਤੋਂ ਬਾਅਦ ਜੁੱਤੀ ਸੁੱਟਣ ਵਾਲਾ ਨੌਜਵਾਨ ਸਟੇਜ ‘ਤੇ ਚੜ੍ਹ ਕੇ ਨਾਅਰੇਬਾਜ਼ੀ ਕਰਨ ਲੱਗਾ। ਉਸ ਨੂੰ ਨਵਾਜ਼ ਦੇ ਸੁਰੱਖਿਆ ਮੁਲਾਜ਼ਮ ਤੇ ਪਾਰਟੀ ਵਰਕਰ ਉਥੋਂ ਦੂਰ ਲੈ ਗਏ ਤੇ ਕੁਟਾਪਾ ਚਾੜ੍ਹਿਆ। ਆਸਿਫ ਵਾਂਗ ਨਵਾਜ਼ ਨੇ ਵੀ ਇਸ ਘਟਨਾ ਪਿੱਛੋਂ ਆਪਣਾ ਭਾਸ਼ਣ ਦਿੱਤਾ। ਪੁਲਿਸ ਮੁਤਾਬਕ ਨਵਾਜ਼ ‘ਤੇ ਜੁੱਤੀ ਸੁੱਟਣ ਵਾਲੇ ਦੀ ਪਛਾਣ ਤਲਹਾ ਮੁਨਵਰ ਵਜੋਂ ਹੋਈ ਹੈ। ਭੀੜ ਵਲੋਂ ਕੁੱਟੇ ਜਾਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਇਸ ਘਟਨਾ ਸਬੰਧੀ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਆਪਣੇ ਗ੍ਰਹਿ ਸ਼ਹਿਰ ਸਿਆਲਕੋਟ ਵਿਖੇ ਪੀਐਮਐਲ (ਐਨ) ਦੇ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਕੋਲ ਖੜ੍ਹੇ ਲੰਬੀ ਦਾੜ੍ਹੀ ਵਾਲੇ ਬਜ਼ੁਰਗ ਨੇ ਉਨ੍ਹਾਂ ਦੇ ਚਿਹਰੇ ‘ਤੇ ਸਿਆਹੀ ਮਲ ਦਿੱਤੀ ਸੀ। ਸਿਆਸੀ ਮਲਣ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਆਸਿਫ ਦੀ ਪਾਰਟੀ ਨੇ ਪੈਗੰਬਰ ਮੁਹੰਮਦ ਦੇ ਇਸਲਾਮ ਦੇ ਆਖਰੀ ਨਬੀ ਹੋਣ ਦੀ ਮਾਨਤਾ ਨੂੰ ਸੰਵਿਧਾਨ ਰਾਹੀਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰਨ ਉਸਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਪਾਰਟੀ ਦੇ ਵਰਕਰਾਂ ਨੇ ਘਟਨਾ ਪਿੱਛੋਂ ਉਕਤ ਵਿਅਕਤੀ ਨੂੰ ਕੁੱਟਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਆਸਿਫ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ।
ਇਮਰਾਨ ਖਾਨ ‘ਤੇ ਵੀ ਸੁੱਟਿਆ ਜੁੱਤਾ
ਇਸਲਾਮਾਬਾਦ : ਪਿਛਲੇ ਦਿਨੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਜੁੱਤਾ ਸੁੱਟਿਆ ਗਿਆ ਅਤੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਦੇ ਮੂੰਹ ‘ਤੇ ਸਿਆਸੀ ਮਲ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਇਮਰਾਨ ਖਾਨ ਦੀ ਵਾਰੀ ਆਈ ਹੈ। ਤਹਿਰੀਕ ਏ ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ‘ਤੇ ਪੰਜਾਬ ਪ੍ਰਾਂਤ ਦੇ ਗੁਜਰਾਤ ਸ਼ਹਿਰ ‘ਚ ਰੈਲੀ ਦੌਰਾਨ ਜੁੱਤਾ ਸੁੱਟਿਆ ਗਿਆ। ਇਸ ਸਮੇਂ ਇਮਰਾਨ ਖਾਨ ਇਕ ਗੱਡੀ ‘ਤੇ ਚੜ੍ਹ ਕੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਹਾਲਾਂਕਿ ਇਹ ਜੁੱਤਾ ਇਮਰਾਨ ਖਾਨ ਦੇ ਨਹੀਂ ਲੱਗਾ, ਪਰ ਨੇੜੇ ਖੜ੍ਹੇ ਪਾਰਟੀ ਦੇ ਆਗੂ ਅਲੀਮ ਖਾਨ ਨੂੰ ਵੱਜਾ। ਸੁਰੱਖਿਆ ਕਰਮੀਆਂ ਨੇ ਜੁੱਤਾ ਮਾਰਨ ਵਾਲੇ ਤੱਲਾ ਮੁਨਵਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਇਸ ਤੋਂ ਬਾਅਦ ਇਮਰਾਨ ਖਾਨ ਨੇ ਰੈਲੀ ਰੋਕ ਦਿੱਤੀ।

Check Also

ਜਾਪਾਨ ਭਾਰਤ ‘ਚ ਕਰੇਗਾ 50 ਖਰਬ ਜਾਪਾਨੀ ਯੇਨ ਦਾ ਨਿਵੇਸ਼

ਕਿਸ਼ਿਦਾ ਨੇ ਮੋਦੀ ਨੂੰ ਮਈ ‘ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਦਿੱਤਾ ਸੱਦਾ ਨਵੀਂ …