ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਲਈ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਲਈ ਧੀ ਨੂੰ ਕੀਤਾ ਨਾਮਜ਼ਦ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ‘ਚ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਚਿਹਰੇ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਨਵਾਜ਼ ਸ਼ਰੀਫ਼ ਨੇ ਆਪਣੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਾਮਜ਼ਦ ਕੀਤਾ ਹੈ। ਨਵਾਜ਼ ਦੀ ਪਾਰਟੀ ਪੀ.ਐਮ.ਐਲ.-ਐਨ ਦੀ ਸਪੋਕਸਪਰਸਨ ਮਰਿਅਮ ਔਰੰਗਜੇਬ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ ਨੇ ਆਪਣੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਅਤੇ ਧੀ ਮਰੀਅਮ ਨਵਾਜ਼ ਨੂੰ ਪਾਕਿਸਤਾਨ ਵਿਚਲੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੇ ਲਈ ਉਮੀਦਵਾਰ ਬਣਾਇਆ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਪਿੱਛੇ ਹਟ ਗਏ ਹਨ। ਹਾਲਾਂਕਿ ਭੁੱਟੋ ਨੇ ਕਿਹਾ ਹੈ ਕਿ ਉਹ ਪੀ.ਐਮ.ਐਲ.-ਐਨ ਨੂੰ ਬਾਹਰੋਂ ਸਮਰਥਨ ਦੇਣਗੇ, ਪਰ ਸਰਕਾਰ ਵਿਚ ਸ਼ਾਮਲ ਨਹੀਂ ਹੋਣਗੇ। ਇਸ ਤੋਂ ਬਾਅਦ ਨਵਾਜ਼ ਸ਼ਰੀਫ ਨੇ ਪੀ.ਐਮ.ਐਲ.-ਐਨ ਨੂੰ ਸਮਰਥਨ ਦੇਣ ਵਾਲੀਆਂ ਪਾਰਟੀਆਂ ਦਾ ਧੰਨਵਾਦ ਵੀ ਕੀਤਾ ਹੈ।
ਜ਼ਰਦਾਰੀ ਬਣ ਸਕਦੇ ਹਨ ਪਾਕਿਸਤਾਨ ਦੇ ਰਾਸ਼ਟਰਪਤੀ
ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵੱਲੋਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨਾਲ ਗੱਠਜੋੜ ਸਰਕਾਰ ਬਣਾਉਣ ‘ਤੇ ਸਹਿਮਤ ਹੋਣ ਤੋਂ ਬਾਅਦ ਇਸ ਦੇ ਨੇਤਾ ਆਸਿਫ਼ ਅਲੀ ਜ਼ਰਦਾਰੀ ਦੇ ਦੂਜੀ ਵਾਰ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੀਐੱਮਐੱਲ-ਐੱਨ ਅਤੇ ਪੀਪੀਪੀ ਵਿਚਾਲੇ ਸਮਝੌਤੇ ਦੀ ਗੱਲਬਾਤ ਸਿਰੇ ਲੱਗਦੀ ਹੈ ਤਾਂ ਪੀਐੱਮਐੱਲ-ਐੱਨ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਤੇ ਪੀਪੀਪੀ ਤੋਂ ਰਾਸ਼ਟਰਪਤੀ ਹੋਵੇਗਾ।
ਇਮਰਾਨ ਨੇ ਨਵਾਜ਼ ਤੇ ਜ਼ਰਦਾਰੀ ਦੀ ਪਾਰਟੀ ਨਾਲ ਗੱਠਜੋੜ ਤੋਂ ਕੀਤਾ ਇਨਕਾਰ
ਇਸਲਾਮਾਬਾਦ : ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਦੀਆਂ ਮੁੱਖ ਸਿਆਸੀ ਧਿਰਾਂ ਨਾਲ ਗੱਠਜੋੜ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ‘ਸੱਭ ਤੋਂ ਵੱਡੇ ਭ੍ਰਿਸ਼ਟਾਚਾਰੀਆਂ’ ਨੂੰ ਸੱਤਾ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਮਰਾਨ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਦੀ ਪੀਐੱਮਐੱਲ-ਐੱਨ, ਆਸਿਫ਼ ਅਲੀ ਜ਼ਰਦਾਰੀ ਦੀ ਪੀਪੀਪੀ ਅਤੇ ਮੁਤਾਹਿਦਾ ਕੌਮੀ ਮੂਵਮੈਂਟ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਪਰ ਉਨ੍ਹਾਂ ਹੋਰ ਪਾਰਟੀਆਂ ਅਤੇ ਗਰੁੱਪਾਂ ਨਾਲ ਸੰਪਰਕ ਬਣਾਉਣ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਆਪਣੀ ਪਾਰਟੀ ਪੀਟੀਆਈ ਦੇ ਸੂਚਨਾ ਸਕੱਤਰ ਰਾਊਫ਼ ਹਸਨ ਨੂੰ ਤਿੰਨ ਪਾਰਟੀਆਂ ਛੱਡ ਕੇ ਬਾਕੀਆਂ ਨੂੰ ਇਕੱਠਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਂਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖ਼ੈਬਰ ਪਖ਼ਤੂਨਖਵਾ ‘ਚ ਮੁੱਖ ਮੰਤਰੀ ਦੇ ਅਹੁਦੇ ਲਈ ਸਾਬਕਾ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੂੰ ਨਾਮਜ਼ਦ ਕੀਤਾ ਹੈ। ਪਾਰਟੀ ਨੂੰ ਸੂਬੇ ‘ਚ 84 ਸੀਟਾਂ ਮਿਲੀਆਂ ਹਨ ਅਤੇ ਉਹ ਸਰਕਾਰ ਬਣਾਉਣ ਦੀ ਹਾਲਤ ‘ਚ ਹੈ।