ਮੈਲਬਰਨ/ਬਿਊਰੋ ਨਿਊਜ਼ : ਮੈਲਬਰਨ ਦੇ ਉੱਤਰੀ ਖੇਤਰ ਦੇ ਇੱਕ ਗਿਰਜਾਘਰ ਵਿੱਚ 72 ਸਾਲ ਦੇ ਇੱਕ ਵਿਅਕਤੀ ਨੇ ਭਾਰਤੀ ਮੂਲ ਦੇ ਪਾਦਰੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਹੈ। ਫ਼ੌਕਨਰ ਇਲਾਕੇ ਵਿੱਚ ਪੈਂਦੀ ਚਰਚ ਵਿੱਚ ਲੋਕ ਐਤਵਾਰ ਦੀ ਸਭਾ ਲਈ ਜੁੜੇ ਸਨ, ਜਦੋਂ ਹਮਲਾਵਰ ਨੇ ਕੇਰਲਾ ਨਾਲ ਸਬੰਧਿਤ ਪਾਦਰੀ ਟੌਮੀ ਮੈਥਿਊ (48) ਦੀ ਗਰਦਨ ਉੱਤੇ ਚਾਕੂ ਨਾਲ ਵਾਰ ਕਰ ਦਿੱਤਾ। ਮੌਕੇ ਉੱਤੇ ਪੁੱਜੀ ਐਂਬੂਲੈਂਸ ਤੇ ਸਿਹਤ ਕਰਮੀਆਂ ਨੇ ਪੀੜਤ ਨੂੰ ਹਸਪਤਾਲ ਪਹੁੰਚਾਇਆ। ਉਹ ਹੁਣ ਉੱਤਰੀ ਹਸਪਤਾਲ ਵਿੱਚ ਦਾਖ਼ਲ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਕੇਰਲਾ ਦੇ ਕੋਜ਼ੀਕੋੜ ਜ਼ਿਲ੍ਹੇ ਨਾਲ ਸਬੰਧਿਤ ਇਹ ਪਾਦਰੀ 2014 ਤੋਂ ਮੈਲਬਰਨ ਵਿੱਚ ਧਰਮ ਪ੍ਰਚਾਰ ਦੌਰੇ ਉੱਤੇ ਹੈ। ਹਮਲਾਵਰ ਨੇ ਇਸ ਤੋਂ ਪਹਿਲਾਂ ਵੀ ਪਾਦਰੀ ਨੂੰ ਹਿੰਦੂ ਸਮਝਦਿਆਂ ਉਸ ਦਾ ਵਿਰੋਧ ਕੀਤਾ ਸੀ। ਉਸ ਮੁਤਾਬਿਕ ਇਹ ਪ੍ਰਚਾਰਕ ਇਸਾਈ ਮੱਤ ਦੇ ਪ੍ਰਚਾਰ ਲਈ ਮਿਆਰ ਪੂਰੇ ਕਰਨ ਦੇ ਸਮਰੱਥ ਨਹੀਂ ਸੀ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਨੇ ਲੋਕਾਂ ਨੂੰ ਇਸ ਘਟਨਾ ਨਾਲ ਜੁੜੀ ਹਰ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …