ਕਰਾਚੀ : ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ‘ਚ 72 ਤੋਂ ਜ਼ਿਆਦਾ ਹਿੰਦੂ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਜੋੜੇ ਖੂਬਸੂਰਤ ਕੱਪੜਿਆਂ ਅਤੇ ਫੁੱਲਾਂ ਦੇ ਹਾਰ ਨਾਲ ਸਜੇ ਹੋਏ ਸਨ। ਪਾਕਿਸਤਾਨ ਹਿੰਦੂ ਕੌਂਸਲ ਨੇ ਸਮੂਹਿਕ ਵਿਆਹਾਂ ਦਾ ਪ੍ਰਬੰਧ ਕੀਤਾ ਸੀ ਅਤੇ ਸਮਾਗਮ ਚੁੰਦਰੀਗੜ੍ਹ ਰੋਡ ‘ਤੇ ਸਥਿਤ ਰੇਲਵੇ ਮੈਦਾਨ ‘ਚ ਐਤਵਾਰ ਨੂੰ ਹੋਇਆ। ਪਿਛਲੇ 14 ਸਾਲਾਂ ਤੋਂ ਹਰ ਵਰ੍ਹੇ ਐੱਮਐੱਨਏ ਰਮੇਸ਼ ਕੁਮਾਰ ਵਾਂਕਵਾਣੀ ਵੱਲੋਂ ਗਰੀਬ ਹਿੰਦੂ ਪਰਿਵਾਰਾਂ ਦੇ ਬੱਚਿਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ।
ਰਮੇਸ਼ ਕੁਮਾਰ ਪਾਕਿਸਤਾਨ ਹਿੰਦੂ ਕੌਂਸਲ ਦੇ ਮੁੱਖ ਸਰਪ੍ਰਸਤ ਹਨ। ਸਮੂਹਿਕ ਵਿਆਹ ਦਾ ਪਹਿਲਾ ਪ੍ਰਬੰਧ 2008 ‘ਚ ਕੀਤਾ ਗਿਆ ਸੀ ਜਿਸ ‘ਚ 35 ਹਿੰਦੂ ਜੋੜਿਆਂ ਦੇ ਵਿਆਹ ਕਰਵਾਏ ਗਏ ਸਨ। ਵਾਂਕਵਾਣੀ ਨੇ ਕਿਹਾ ਕਿ ਇਸ ਸਾਲ ਕਰੋਨਾ ਮਹਾਮਾਰੀ ਨਾਲ ਸਬੰਧਤ ਪਾਬੰਦੀਆਂ ਕਾਰਨ ਉਨ੍ਹਾਂ ਸਿਰਫ਼ ਅੱਧੇ ਜੋੜਿਆਂ ਨੂੰ ਹੀ ਸਮਾਗਮ ‘ਚ ਸੱਦਾ ਦਿੱਤਾ ਸੀ। ਇਕ ਅਖਬਾਰ ਨੇ ਵਾਂਕਵਾਣੀ ਦੇ ਹਵਾਲੇ ਨਾਲ ਕਿਹਾ ਕਿ ਇਹ ਸਮਾਗਮ ਦੁਨੀਆ ਨੂੰ ਸੁਨੇਹਾ ਦਿੰਦਾ ਹੈ ਕਿ ਘੱਟ ਗਿਣਤੀ ਭਾਈਚਾਰੇ ਆਪਣੀਆਂ ਧਾਰਮਿਕ ਰਵਾਇਤਾਂ ਮੁਤਾਬਕ ਸਮਾਜਿਕ ਸਮਾਗਮ ਕਰਨ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹਨ।