ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਆਪਣਾ ‘ਗੁਲਾਮ’ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਕਦੇ ਵੀ ‘ਵਿਦੇਸ਼ੀ ਸਰਕਾਰ’ (ਪਾਕਿ ਦੀ ਮੌਜੂਦਾ ਗੱਠਜੋੜ ਵਾਲੀ ਸਰਕਾਰ) ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਫ਼ੈਸਲਾਬਾਦ ‘ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਨਵੀਂ ਸਰਕਾਰ ‘ਤੇ ਅਮਰੀਕਾ ਦੇ ਇਸ਼ਾਰੇ ‘ਤੇ ਕੰਮ ਕਰਨ ਦਾ ਆਰੋਪ ਲਗਾਉਂਦੇ ਹੋਏ, ਸਰਕਾਰ ਨੂੰ ‘ਗੱਦਾਰ ਅਤੇ ਭ੍ਰਿਸ਼ਟ ਸ਼ਾਸਕ’ ਕਰਾਰ ਦਿੱਤਾ। ਉਨ੍ਹਾਂ ਸੰਬੋਧਨ ਕਰਦੇ ਹੋਏ ਅਮਰੀਕਾ ‘ਤੇ ਵੀ ਨਿਸ਼ਾਨਾ ਸਾਧਿਆ। ਇਮਰਾਨ ਖ਼ਾਨ ਨੇ ਕਿਹਾ ਕਿ ਅਮਰੀਕਾ ਸਵਾਰਥੀ ਹੈ ਅਤੇ ਆਪਣਾ ਹਿਤ ਦੇਖੇ ਬਿਨਾਂ ਕਿਸੇ ਦੇਸ਼ ਦੀ ਮਦਦ ਨਹੀਂ ਕਰਦਾ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਭਾਰਤ ‘ਤੇ ਤਾਨਾਸ਼ਾਹੀ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਕਿਉਂਕਿ ਉਹ ਇਕ ਆਜ਼ਾਦ ਅਤੇ ਖ਼ੁਦਦਾਰ ਦੇਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਪਹਿਲਾਂ ਪਾਕਿਸਤਾਨ ਦੇ ਗਲੇ ਵਿਚ ਪੱਟਾ ਪਾਵੇਗਾ ਫਿਰ ਉਸ ਕੋਲੋਂ ਭਾਰਤ ਦੀ ਗੁਲਾਮੀ ਕਰਵਾਏਗਾ।