ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਪ੍ਰਸ਼ਾਸਨ ਵਲੋਂ ਟਰੈਫਿਕ ਸੇਫ਼ਟੀ ਐਕਟ ਦੇ ਅਧੀਨ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਹੈ, ਜਦਕਿ ਪਾਕਿ ਸਿੱਖ ਆਗੂਆਂ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਪਗੜੀ ਦੀ ਮਹੱਤਤਾ ਦੱਸੇ ਜਾਣ ਬਾਅਦ ਸਿੱਖਾਂ ਨੂੰ ਹੈਲਮਟ ਪਹਿਨਣ ਦੀ ਛੋਟ ਦੇ ਦਿੱਤੀ ਗਈ ਹੈ। ਸਿੱਖ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਕਿ ਪਗੜੀ ਤੇ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ‘ਚ ਸ਼ਾਮਿਲ ਹਨ ਅਤੇ ਸਿੱਖ ਆਪਣੀਆਂ ਇਨ੍ਹਾਂ ਧਾਰਮਿਕ ਨਿਸ਼ਾਨੀਆਂ ਨੂੰ ਵਾਹਨ ਚਲਾਉਣ ਸਮੇਂ ਵੀ ਆਪਣੇ ਤੋਂ ਵੱਖ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪਾਕਿ ਸਿੱਖ ਅਦਾਲਤੀ ਹੁਕਮਾਂ ਤੋਂ ਇਨਕਾਰੀ ਨਹੀਂ ਹਨ, ਪਰ ਪਗੜੀ ਸਿੱਖਾਂ ਦੇ ਸਿਰ ਦਾ ਤਾਜ ਹੈ ਅਤੇ ਇਸ ਦੇ ਉੱਪਰ ਹੋਰ ਕੋਈ ਚੀਜ਼ ਰੱਖੀ ਜਾਂ ਪਹਿਨੀ ਨਹੀਂ ਜਾ ਸਕਦੀ। ਇਸ ਦੇ ਬਾਅਦ ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਅਸਗਰ ਨੇ ਨੋਟੀਫਿਕੇਸ਼ਨ ਨੰ. 25269-86/ਡੀ.ਸੀ. (ਪੀ)/ਏ.ਜੀ.-2 ਜਾਰੀ ਕਰਦਿਆਂ ਕਿਹਾ ਕਿ ਪਿਸ਼ਾਵਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਉਕਤ ਨੋਟੀਫਿਕੇਸ਼ਨ ਰਾਹੀਂ ਪੈਟਰੋਲ ਪੰਪ ਵਾਲਿਆਂ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਪਗੜੀਧਾਰੀ ਸਿੱਖਾਂ ਵਲੋਂ ਹੈਲਮਟ ਨਾ ਪਹਿਨਣ ‘ਤੇ ਵੀ ਉਨ੍ਹਾਂ ਨੂੰ ਪੈਟਰੋਲ ਦਿੱਤਾ ਜਾਵੇ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …