ਤਿੰਨ ਵਿਅਕਤੀਆਂ ਨੂੰ ਕੀਤਾ ਗਿਆ ਗਿ੍ਰਫਤਾਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਟੈਕਸਾਸ ਵਿਚ ਸੋਮਵਾਰ ਨੂੰ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਵਿਚੋਂ 46 ਪਰਵਾਸੀਆਂ ਦੇ ਮਿ੍ਰਤਕ ਸਰੀਰ ਮਿਲੇ ਹਨ। ਟਰੱਕ ਵਿਚ 100 ਤੋਂ ਜ਼ਿਆਦਾ ਵਿਅਕਤੀਆਂ ਨੂੰ ਠੂਸ-ਠੂਸ ਕੇ ਭਰਿਆ ਗਿਆ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ 16 ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚ 4 ਬੱਚੇ ਵੀ ਸ਼ਾਮਲ ਹਨ। ਦੱਸਿਆ ਗਿਆ ਕਿ ਜਦੋਂ ਪੁਲਿਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਵਿਅਕਤੀਆਂ ਨੂੰ ਟਰੱਕ ਵਿਚੋਂ ਕੱਢਿਆ ਤਾਂ ਇਨ੍ਹਾਂ ਵਿਅਕਤੀਆਂ ਦੀ ਚਮੜੀ ਗਰਮ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜ਼ਿਆਦਾ ਗਰਮੀ ਨਾਲ ਟਰੱਕ ਦੇ ਕੰਟੇਨਰ ਦਾ ਤਾਪਮਾਨ ਵਧ ਗਿਆ ਅਤੇ ਲੋਕ ਹੀਟ ਸਟਰੋਕ ਦਾ ਸ਼ਿਕਾਰ ਹੋ ਗਏ। 18 ਪਹੀਆਂ ਵਾਲਾ ਇਹ ਟਰੱਕ ਟੈਕਸਾਸ ਦੇ ਸੇਨ ਐਂਟੋਨੀਓ ਸ਼ਹਿਰ ਵਿਚੋਂ ਮਿਲਿਆ ਹੈ। ਇਸ ਟਰੱਕ ਦੇ ਜ਼ਰੀਏ ਵਿਅਕਤੀਆਂ ਨੂੰ ਗੈਰਕਾਨੂੰਨੀ ਤੌਰ ’ਤੇ ਬਾਰਡਰ ਪਾਰ ਕਰਾਇਆ ਜਾ ਰਿਹਾ ਸੀ। ਸੇਨ ਐਂਟਾਨੀਓ ਸ਼ਹਿਰ ਟੈਕਸਾਸ ਮੈਕਸੀਕੋ ਬਾਰਡਰ ਤੋਂ ਕਰੀਬ 250 ਕਿਲੋਮੀਟਰ ਦੂਰ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਸੇਨ ਐਂਟਾਨੀਓ ਪੁਲਿਸ ਵਿਭਾਗ ਦੇ ਹੈਡ ਵਿਲੀਅਮ ਮੈਕਮੈਨਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਇਨ੍ਹਾਂ ਤਿੰਨ ਵਿਅਕਤੀਆਂ ਵਿਚ ਟਰੱਕ ਦਾ ਡਰਾਈਵਰ ਸ਼ਾਮਲ ਹੈ ਜਾਂ ਨਹੀਂ।