Breaking News
Home / ਦੁਨੀਆ / ਪਾਕਿ ਵਿਚ ਭਗਤ ਸਿੰਘ ਦੀ ਕੁਰਬਾਨੀ ਨੂੰ ਸਲਾਮ

ਪਾਕਿ ਵਿਚ ਭਗਤ ਸਿੰਘ ਦੀ ਕੁਰਬਾਨੀ ਨੂੰ ਸਲਾਮ

Pak vich Bhagat Singh News copy copyਸ਼ਾਦਮਨ ਚੌਕ ਵਿੱਚ ਭਗਤ ਸਿੰਘ ਤੇ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ, ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਚੌਕ ਦਾ ਨਾਮ ਰੱਖਣ ਦੀ ਮੰਗ ਮੁੜ ਉੱਠੀ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਸ਼ਹਿਰਾਂ ਲਾਹੌਰ, ਫੈਸਲਾਬਾਦ, ਰਾਵਲਪਿੰਡੀ ਤੇ ਸਿੰਧ ਦੇ ਹੈਦਰਾਬਾਦ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਵਿਚਾਰਾਂ ‘ਤੇ ਚਰਚਾ ਕੀਤੀ ਗਈ। ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਾਹੌਰ ਦੇ ਲਿਬਰਟੀ ਇਲਾਕੇ ਤੋਂ ਲੋਕ ਕਾਰਾਂ, ਮੋਟਰਸਾਈਕਲਾਂ ਅਤੇ ਬੱਸਾਂ ‘ਤੇ ਕਾਫ਼ਲੇ ਦੇ ਰੂਪ ਵਿੱਚ ਸ਼ਾਦਮਨ ਚੌਕ ਪੁੱਜੇ ਤੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਭਗਤ ਸਿੰਘ ਦੇ ਪ੍ਰਸ਼ੰਸਕਾਂ ਦੇ ਹੱਥਾਂ ਵਿੱਚ ਫੜੇ ਬੈਨਰਾਂ ‘ਤੇ ‘ਜ਼ਿੰਦਾ ਹੈ, ਭਗਤ ਸਿੰਘ ਜ਼ਿੰਦਾ ਹੈ’, ‘ਭਗਤ ਸਿੰਘ ਨੂੰ ਸਾਡਾ ਸਲਾਮ’ ਆਦਿ ਲਿਖਿਆ ਹੋਇਆ ਸੀ ਅਤੇ ‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ’ ਗੀਤ ਗੁਣਗੁਣਾਇਆ ਗਿਆ।
ਪਾਕਿਸਤਾਨੀ ਚਰਮਪੰਥੀਆਂ ਦੇ ਦਬਾਅ ਦੇ ਬਾਵਜੂਦ ਲਾਹੌਰ ਦੀਆਂ ਸੰਸਥਾਵਾਂ ਇੰਸਟੀਚਿਊਟ ਫਾਰ ਪੀਸ ਐਂਡ ਸੈਕੁਲਰ ਸਟੱਡੀਜ਼, ਪਾਕਿਸਤਾਨ ਲੇਬਰ ਪਾਰਟੀ, ਪੀਸ ਕੀਪਰ ਪਾਕਿਸਤਾਨ, ਲਿਬਰਲ ਫਾਰਮ ਪਾਕਿਸਤਾਨ, ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਤੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਸਮੇਤ ਇੱਕ ਦਰਜਨ ਦੇ ਕਰੀਬ ਜਥੇਬੰਦੀਆਂ ਵੱਲੋਂ ਨਾ ਸਿਰਫ਼ ਸ਼ਾਦਮਾਨ ਚੌਕ ਵਿੱਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਸਗੋਂ ਸ਼ਹੀਦ ਦੇ ਨਾਂ ‘ਤੇ ਚੌਕ ਦਾ ਨਾਂ ਰੱਖਣ ਦੀ ਮੰਗ ਵੀ ਦੁਹਰਾਈ ਗਈ। ਦੱਸਣਯੋਗ ਹੈ ਕਿ ਚਰਮਪੰਥੀ ਜਥੇਬੰਦੀ ਜਮਾਤ-ਉਦ-ਦਾਵਾ ਨੇ ਸ਼ਾਦਮਾਨ ਚੌਕ ਦਾ ਨਾਂ ‘ਹੁਰਮਤ-ਏ-ਰਸੂਲ ਚੌਕ’ ਰੱਖਦਿਆਂ ਇਹ ਧਮਕੀ ਦਿੱਤੀ ਸੀ ਕਿ ਕੋਈ ਵੀ ਚੌਕ ਦਾ ਨਾਂ ਬਦਲਣ ਸਬੰਧੀ ਬਿਆਨਬਾਜ਼ੀ ਨਹੀਂ ਕਰੇਗਾ।
ਵੱਖ-ਵੱਖ ਬੁਲਾਰਿਆਂ ਨੇ ਪਾਕਿਸਤਾਨੀ ਚਰਮਪੰਥੀ ਸੰਗਠਨਾਂ ਜਮਾਤ-ਉਦ-ਦਾਵਾ, ਜਮਾਤ-ਏ-ਇਸਲਾਮੀ, ਜਮਾਤ ਅਹਲ-ਏ-ਹਦੀਤ ਪਾਕਿਸਤਾਨ ਤੇ ਉਲੇਮਾ ਕੌਂਸਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਚੌਕ ਦਾ ਨਾਮ ਨਾ ਰੱਖਣ ਸਬੰਧੀ ਦਿੱਤੇ ਤਰਕਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਚਰਮਪੰਥੀ ਜਥੇਬੰਦੀਆਂ ਦਾ ਇਹ ਕਹਿਣਾ ਕਿ ਉਹ ਭਗਤ ਸਿੰਘ ਦੇ ਨਾਸਤਕ ਹੋਣ ਕਰਕੇ ਉਸ ਨੂੰ ਸਿੱਖ ਨਹੀਂ ਮੰਨਦੇ ਅਤੇ ਉਸ ਦੇ ਨਾਂ ‘ਤੇ ਚੌਕ ਦਾ ਨਾਂ ਕਦੇ ਨਹੀਂ ਰੱਖਣ ਦਿੱਤਾ ਜਾਵੇਗਾ, ਬਹੁਤ ਨਿੰਦਣਯੋਗ ਹੈ।
ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਕਿਹਾ ਕਿ ਜਿਹੜੇ ਅੰਗਰੇਜ਼ ਪੁਲਿਸ ਅਧਿਕਾਰੀ ਸਾਂਡਰਸ ਦੇ ਕਤਲ ਦੇ ਦੋਸ਼ ਵਿੱਚ 23 ਮਾਰਚ 1931 ਨੂੰ ਲਾਹੌਰ ਵਿੱਚ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਉਸ ਸਬੰਧ ਵਿੱਚ ਲਾਹੌਰ ਦੇ ਅਨਾਰਕਲੀ ਥਾਣੇ ਵਿੱਚ ਦਰਜ ਕੀਤੀ ਐਫਆਈਆਰ ਵਿੱਚ ਭਗਤ ਸਿੰਘ ਦਾ ਨਾਂ ਦਰਜ ਹੋਣਾ ਤਾਂ ਦੂਰ ਦੀ ਗੱਲ, ਉਨ੍ਹਾਂ ਦੇ ਸਬੰਧ ਵਿੱਚ ਕੋਈ ਜਾਣਕਾਰੀ ਵੀ ਦਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ ਅਤੇ ਫ਼ੈਸਲਾ ਆਉਣ ਤੋਂ ਬਾਅਦ ਬ੍ਰਿਟਿਸ਼ ਸਰਕਾਰ ਕੋਲੋਂ ਮੁਆਫ਼ੀ ਮੰਗਵਾਉਣ ਲਈ ਮੁਹਿੰਮ ਵਿੱਢੀ ਜਾਵੇਗੀ।
ਵੱਡੀ ਗਿਣਤੀ ਪਾਕਿਸਤਾਨੀ ਨੌਜਵਾਨਾਂ ਦਾ ਨਾਇਕ ਹੈ ਭਗਤ ਸਿੰਘ
ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਅਲਦੁੱਲਾ ਮਲਿਕ ਨੇ ਕਿਹਾ ਕਿ ਪਾਕਿਸਤਾਨ ਦੇ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਵਿੱਚ ਸ਼ਹੀਦਾਂ ਦੇ ਨਾਵਾਂ ਵਿਚ ਭਾਵੇ ਸ਼ਹੀਦ ਭਗਤ ਸਿੰਘ ਦਾ ਨਾਂ ਸ਼ਾਮਲ ਨਹੀਂ ਹੈ ਪਰ ਫਿਰ ਵੀ ਵੱਡੀ ਗਿਣਤੀ ਪਾਕਿਸਤਾਨੀ ਨੌਜਵਾਨ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ।

Check Also

ਕੋਵਿਡ-19 ਖਿਲਾਫ ਭਾਰਤ ਨੂੰ ਸਮਰਥਨ ਦੇਣ ਲਈ ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਹੋਇਆ ਬੁਰਜ ਖਲੀਫ਼ਾ

ਭਾਰਤ ‘ਚ ਹਾਲੇ ਵੀ 28 ਲੱਖ ਤੋਂ ਵੱਧ ਵਿਅਕਤੀ ਕਰੋਨਾ ਤੋਂ ਪੀੜਤ ਦੁਬਈ/ਬਿਊਰੋ ਨਿਊਜ਼ ਸੰਯੁਕਤ …