Breaking News
Home / ਦੁਨੀਆ / ਜਿਨਪਿੰਗ ਉਮਰ ਭਰ ਚੀਨ ਦੇ ਰਾਸ਼ਟਰਪਤੀ ਬਣੇ ਰਹਿਣਗੇ

ਜਿਨਪਿੰਗ ਉਮਰ ਭਰ ਚੀਨ ਦੇ ਰਾਸ਼ਟਰਪਤੀ ਬਣੇ ਰਹਿਣਗੇ

ਚੀਨ ਦੀ ਸੰਸਦ ਨੇ ਰਾਸ਼ਟਰਪਤੀ ਕਾਰਜਕਾਲ ਦੀ ਸਮਾਂ ਹੱਦ ਨੂੰ ਕੀਤਾ ਖ਼ਤਮ
ਬੀਜਿੰਗ/ਬਿਊਰੋ ਨਿਊਜ਼ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਉਮਰ ਭਰ ਸੱਤਾ ਵਿਚ ਬਣੇ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ। ਚੀਨ ਦੀ ਸੰਸਦ ਨੇ ਐਤਵਾਰ ਨੂੰ ਰਾਸ਼ਟਰਪਤੀ ਦੇ ਦੋ ਕਾਰਜਕਾਲ ਦੀ ਸਮਾਂ ਹੱਦ ਨੂੰ ਖ਼ਤਮ ਕਰਨ ਵਾਲੇ ਇਤਿਹਾਸਕ ਸੰਵਿਧਾਨ ਸੋਧ ਨੂੰ ਮਨਜ਼ੂਰੀ ਦੇ ਦਿੱਤੀ। ਜਿਨਪਿੰਗ ਹੁਣ ਚੀਨ ਦੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ ਚੇਅਰਮੈਨ ਮਾਓਤਸੇਤੁੰਗ ਤੋਂ ਬਾਅਦ ਉਮਰ ਭਰ ਸੱਤਾ ਵਿਚ ਬਣੇ ਰਹਿਣ ਵਾਲੇ ਪਹਿਲੇ ਚੀਨੀ ਆਗੂ ਹੋਣਗੇ।
ਚੀਨ ਦੀ ਸੰਸਦ ਨੈਸ਼ਨਲ ਪੀਪੁਲਸ ਕਾਂਗਰਸ (ਐੱਨਪੀਸੀ) ਨੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੀ ਸਮਾਂ ਹੱਦ ਖ਼ਤਮ ਕਰਨ ਦੇ ਸੀਪੀਸੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਹੱਕ ਵਿਚ 2958 ਵੋਟਾਂ ਪਈਆਂ ਜਦਕਿ ਵਿਰੋਧ ਵਿਚ ਦੋ ਵੋਟਾਂ ਪਈਆਂ। ਤਿੰਨ ਲੋਕਾਂ ਨੇ ਮਤਦਾਨ ਵਿਚ ਹਿੱਸਾ ਨਹੀਂ ਲਿਆ। ਸ਼ਾਇਦ ਵੱਖਰੇਵਾਂ ਵਿਖਾਉਣ ਲਈ ਵਿਰੋਧ ‘ਚ ਦੋ ਵੋਟਾਂ ਨੂੰ ਅਧਿਕਾਰਿਕ ਤੌਰ ‘ਤੇ ਮਨਜ਼ੂਰੀ ਦਿੱਤੀ ਗਈ ਸੀ। ਮਤਦਾਨ ਵਿਚ ਹੱਥ ਚੁੱਕਣ ਜਾਂ ਈਵੀਐੱਮ ਮਸ਼ੀਨ ਦੀ ਬਜਾਏ ਬੈਲੇਟ ਪੇਪਰ ਦੀ ਵਰਤੋਂ ਕੀਤੀ ਗਈ। ਸਭ ਤੋਂ ਪਹਿਲਾਂ ਜਿਨਪਿੰਗ ਨੇ ਮਤਦਾਨ ਕੀਤਾ। ਚੀਨ ਦੀ ਸੰਸਦ ਨੂੰ ਰਬੜ ਸਟੈਂਪ ਮੰਨਿਆ ਜਾਂਦਾ ਹੈ ਜਿਸ ਦਾ ਕੰਮ ਸੀਪੀਸੀ ਦੇ ਮਤੇ ਨੂੰ ਸਿਰਫ਼ ਮਨਜ਼ੂਰੀ ਦੇਣਾ ਹੈ। ਸੀਪੀਸੀ ਦੀ ਸਿਖਰ ਕਮੇਟੀ ਨੇ ਕਾਰਜਕਾਲ ਸਮਾਂ ਹੱਦ ਖ਼ਤਮ ਕਰਨ ਦੀ ਇਕਮਤ ਨਾਲ ਤਜਵੀਜ਼ ਦਿੱਤੀ ਸੀ।
1982 ਵਿਚ ਡੇਂਗ ਸ਼ਿਆਯੋਪਿੰਗ ਨੇ ਚੀਨ ‘ਚ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਸੀਮਤ ਕੀਤਾ ਸੀ। ਮਾਓ ਜਿਹਾ ਉਮਰ ਭਰ ਲਈ ਕੋਈ ਦੂਜਾ ਤਾਨਾਸ਼ਾਹ ਨਾ ਬਣ ਜਾਵੇ, ਇਸ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਸੀ। ਕਾਰਜਕਾਲ ਸਮਾਂ ਹੱਦ ਸਮਾਪਤੀ ਨੂੰ ਚੀਨ ਦੇ ਇਕ ਪਾਰਟੀ ਸ਼ਾਸਨ ਪ੍ਰਣਾਲੀ ਵਿਚ ਸਭ ਤੋਂ ਵੱਡਾ ਸਿਆਸੀ ਬਦਲਾਅ ਮੰਨਿਆ ਜਾ ਰਿਹਾ ਹੈ। ਨਿਗਰਾਨਾਂ ਦਾ ਮੰਨਣਾ ਹੈ ਕਿ ਇਹ ਸੰਵਿਧਾਨ ਸੋਧ ਚੀਨ ਦੀ ਸਿੰਗਲ ਪਾਰਟੀ ਸ਼ਾਸਨ ਦੀ ਜਗ੍ਹਾ ਜਿਨਪਿੰਗ ਦੇ ਰੂਪ ਵਿਚ ਇਕ ਵਿਅਕਤੀ ਦੇ ਸ਼ਾਸਨ ਦਾ ਰਾਹ ਸਾਫ਼ ਕਰਦੀ ਹੈ। ਜਿਨਪਿੰਗ ਹਾਲੀਆ ਦਹਾਕਿਆਂ ਵਿਚ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਹਨ। ਉਹ ਚੀਨ ‘ਚ ਸੱਤਾਧਾਰੀ ਸੀਪੀਸੀ ਦੇ ਜਨਰਲ ਸਕੱਤਰ ਤੇ ਫ਼ੌਜ ਦੀ ਸਿਖਰ ਇਕਾਈ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਚੀਨ ਵਿਚ ਅਸਲ ਸੱਤਾ ਸੀਪੀਸੀ ਤੇ ਫ਼ੌਜ ਦੇ ਹੱਥ ‘ਚ ਹੈ।
ਭਾਰਤ ‘ਤੇ ਪਵੇਗਾ ਅਸਰ
ਜਿਨਪਿੰਗ ਦਾ ਕਾਰਜਕਾਲ ਅਸੀਮਿਤ ਕਰਨ ‘ਤੇ ਦੁਨੀਆ ਭਰ ਵਿਚ ਖ਼ਾਸ ਕਰ ਗੁਆਂਢੀ ਦੇਸ਼ਾਂ ਵਿਚ ਚਿੰਤਾ ਪੈਦਾ ਹੋਈ ਹੈ। ਨਿਗਰਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਡੋਕਲਾਮ ਰੇੜਕੇ ਨੂੰ ਵੇਖਦਿਆਂ ਭਾਰਤ ‘ਤੇ ਇਸ ਦਾ ਖ਼ਾਸ ਤੌਰ ‘ਤੇ ਅਸਰ ਪਵੇਗਾ। ਜਿਨਪਿੰਗ ਦੀ ਅਗਵਾਈ ਵਿਚ ਚੀਨ ਭਾਰਤ ਦੇ ਗੁਆਂਢੀ ਦੇਸ਼ਾਂ ਵਿਚ ਅਰਬਾਂ ਡਾਲਰ ਨਿਵੇਸ਼ ਕਰ ਰਿਹਾ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …