ਲੈ.ਕ. ਨਰਵੰਤ ਸਿੰਘ ਸੋਹੀ
905-741-2666
ਜਗਤ ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਪੰਜਾਬ ਦੇ ਇੱਕ ਪਿੰਡ ਹਰੀਪੁਰ ਖਾਲਸਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਲੀਪ ਸਿੰਘ ਦੁਸਾਂਝ ਆਜ਼ਾਦੀ ਘੁਲਾਟੀਏ ਸਨ। ਬਚਪਨ ਤੋਂ ਹੀ ਬਲਬੀਰ ਸਿੰਘ ਨੂੰ ਹਾਕੀ ਖੇਡ ਨਾਲ ਪ੍ਰੇਮ ਸੀ। ਉਹ ਹਾਕੀ ਗਰਾਊਂਡ ਦੇ ਬਾਹਰ ਬੈਠ ਜਾਂਦਾ ਅਤੇ ਖੇਡ ਦਾ ਅਨੰਦ ਮਾਣਦਾ। ਬੱਚੇ ਦਾ ਸ਼ੌਕ ਦੇਖਕੇ ਉਸ ਦੇ ਬਾਪ ਨੇ ਉਸਨੂੰ ਹਾਕੀ ਖਰੀਦ ਕੇ ਦਿੱਤੀ ਅਤੇ ਬਲਬੀਰ ਸਿੰਘ ਭੀ ਹਾਕੀ ਖੇਡਣ ਲੱਗ ਪਿਆ। ਆਮ ਤੌਰ ਤੇ ਨਵੇਂ ਖਿਡਾਰੀ ਨੂੰ ਗੋਲ ਕੀਪਰ ਦੀ ਜਗ੍ਹਾ ਮਿਲਦੀ ਹੈ ਇਸ ਲਈ ਬਲਬੀਰ ਸਿੰਘ ਭੀ ਗੋਲ ਕੀਪਰ ਬਣ ਗਿਆ। ਹੌਲੀ-ਹੌਲੀ ਉਹ ਗੋਲ ਪੋਸਟ ਛੱਡ ਕੇ ਫੁੱਲ ਬੈਕ ਖੇਡਣ ਲੱਗ ਪਿਆ ਅਤੇ ਅਖੀਰ ਸੈਂਟਰ ਫਾਰਵਰਡ ਨਿਯੁਕਤ ਕੀਤਾ ਗਿਆ।
ਪ੍ਰਾਇਮਰੀ ਪਾਸ ਕਰਕੇ ਉਹ ਮੋਗੇ ਚਲਿਆ ਗਿਆ ਅਤੇ ਦੇਵ ਸਮਾਜ ਹਾਈ ਸਕੂਲ ਵਿੱਚ ਦਾਖਲਾ ਲਿਆ। ਦਸਵੀਂ ਪਾਸ ਕਰਕੇ ਡੀ.ਐਮ.ਕਾਲਿਜ ਮੋਗਾ ਵਿੱਚ ਦਾਖਲਾ ਲਿਆ। ਕੁਝ ਚਿਰ ਮੋਗੇ ਰਹਿਕੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਪੜ੍ਹਾਈ ਅਰੰਭ ਕੀਤੀ। ਇੱਕ ਪ੍ਰਸਿੱਧ ਹਾਕੀ ਕੋਚ ਦੇ ਕਹਿਣ ਤੇ ਲਾਹੌਰ ਛੱਡਕੇ ਖਾਲਸਾ ਕਾਲਿਜ ਅੰਮ੍ਰਿਤਸਰ ਵਿੱਚ ਦਾਖਲਾ ਲੈ ਲਿਆ। 1942 ਵਿੱਚ ਬਲਬੀਰ ਸਿੰਘ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦਾ ਮੈਂਬਰ ਬਣ ਗਿਆ। ਆਲ ਇੰਡੀਆ ਯੂਨੀਵਰਸਿਟੀ ਮੁਕਾਬਲੇ ਵਿੱਚ ਪੰਜਾਬ ਦੀ ਟੀਮ 1943,1944 ਅਤੇ 1945 ਵਿੱਚ ਲਗਾਤਾਰ ਪਹਿਲੇ ਨੰਬਰ ਤੇ ਆਈ। 1946 ਵਿੱਚ ਬਲਬੀਰ ਸਿੰਘ ਦੀ ਸ਼ਾਦੀ ਹੋ ਗਈ।
ਹੁਣ ਬਲਬੀਰ ਸਿੰਘ ਨੂੰ ਪੰਜਾਬ ਪੁਲੀਸ ਵਿੱਚ ਆਫੀਸਰ ਰੈਂਕ ਦੀ ਨੌਕਰੀ ਮਿਲ ਗਈ ਅਤੇ 1947 ਵਿੱਚ ਪੰਜਾਬ ਦੀ ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਟੀਮ ਨੇ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ। 1947 ਵਿੱਚ ਦੇਸ਼ ਆਜ਼ਾਦ ਹੋ ਗਿਆ ਅਤੇ ਬਲਬੀਰ ਸਿੰਘ ਦਾ ਪਰਿਵਾਰ ਲਾਹੌਰ ਛੱਡ ਕੇ ਲੁਧਿਆਣੇ ਪਹੁੰਚ ਗਿਆ। ਬਲਬੀਰ ਸਿੰਘ ਨੇ 20 ਸਾਲ ਪੰਜਾਬ ਪੁਲੀਸ ਦੀ ਟੀਮ ਦੀ ਕਪਤਾਨੀ ਕੀਤੀ।
1948 ਵਿੱਚ ਲੰਡਨ (ਇੰਗਲੈਂਡ) ਵਿੱਚ ਉਲੰਪਿਕ ਖੇਡਾਂ ਹੋਣੀਆਂ ਸਨ। ਬਲਬੀਰ ਸਿੰਘ ਭਾਰਤ ਦੀ ਹਾਕੀ ਟੀਮ ਦਾ ਸੈਂਟਰ ਫਾਰਵਰਡ ਚੁਣਿਆ ਗਿਆ। ਇਸ ਤੋਂ ਪਹਿਲਾਂ ਹਿੰਦੁਸਤਾਨ ਦੀ ਟੀਮ ਕਈ ਵਾਰ ਦੇਸ਼ ਤੋਂ ਬਾਹਰ ਖੇਡ ਚੁਕੀ ਸੀ, ਪਰ ਆਜ਼ਾਦ ਭਾਰਤ ਦੀ ਟੀਮ ਪਹਿਲੀ ਵਾਰ ਲੰਡਨ ਵਿੱਚ ਖੇਡੀ ਸੀ। ਆਜ਼ਾਦ ਭਾਰਤ ਦਾ ਤਿਰੰਗਾ ਝੰਡਾ ਦੇਸ਼ ਤੋਂ ਬਾਹਰ ਪਹਿਲੀ ਵਾਰ ਲੰਡਨ ਦੇ ਉਲੰਪਿਕ ਸਟੇਡੀਅੰਮ ਵਿੱਚ ਖੇਡਾਂ ਅਰੰਭ ਹੋਣ ਤੋਂ ਪਹਿਲਾਂ ਮਾਰਚ ਪਾਸਟ ਦੌਰਾਨ ਲਹਿਰਾਇਆ ਸੀ। ਬਲਬੀਰ ਸਿੰਘ ਨੂੰ ਤਿਰੰਗਾ ਝੰਡਾ ਚੁੱਕ ਕੇ ਭਾਰਤੀ ਖਿਡਾਰੀਆਂ ਦੀ ਟੁਕੜੀ ਦੀ ਅਗਵਾਈ ਕਰਨ ਦਾ ਮਾਣ ਪ੍ਰਾਪਤ ਹੋਇਆ। ਟੀਮ ਬਹੁਤ ਸੋਹਣਾ ਖੇਡੀ ਅਤੇ ਫਾਈਨਲ ਤਕ ਪਹੁੰਚ ਗਈ। ਦੂਸਰੇ ਪਾਸਿਓਂ ਇੰਗਲੈਂਡ (ਗ੍ਰੇਟ ਬ੍ਰਿਟਨ) ਦੀ ਟੀਮ ਫਾਈਨਲ ਵਿੱਚ ਪਹੁੰਚ ਗਈ। ਦੋਨਾਂ ਟੀਮਾਂ ਦਾ ਟਾਕਰਾ ਹੋਇਆ। ਭਾਰਤ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ੫ ਗੋਲਾਂ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਜਦ ਭਾਰਤੀ ਟੀਮ ਦੇ ਕਪਤਾਨ ਕਿਸ਼ਨ ਲਾਲ ਦੇ ਗਲੇ ਵਿੱਚ ਸੋਨੇ ਦਾ ਤਗ਼ਮਾ ਪਾਇਆ ਤਾਂ ਦੇਸ਼ ਤੋਂ ਬਾਹਰ ਪਹਿਲੀ ਵਾਰ ਆਜ਼ਾਦ ਭਾਰਤ ਦਾ ਰਾਸ਼ਟਰੀ ਗਾਨ ਵੱਜਿਆ। ਬਲਬੀਰ ਸਿੰਘ ਪਹਿਲੀ ਵਾਰ ਦੇਸ਼ ਤੋਂ ਬਾਹਰ ਖੇਡਿਆ ਸੀ ਅਤੇ ਉਸਦੇ ਪੈਰ ਪੱਕੇ ਹੋ ਗਏ।
ਉਲੰਪਿਕ ਖੇਡਾਂ ਹਰ ਚਾਰ ਸਾਲ ਮਗਰੋਂ ਹੁੰਦੀਆਂ ਹਨ। ਅਗਲੀਆਂ ਖੇਡਾਂ 1952 ਵਿੱਚ ਫਿਨਲੈਂਡ ਦੀ ਰਾਜਧਾਨੀ ਹੈਲਸਿੰਕੀ ਵਿੱਚ ਹੋਈਆਂ। ਇਨ੍ਹਾਂ ਖੇਡਾਂ ਨੇ ਬਲਬੀਰ ਸਿੰਘ ਦੇ ਜੀਵਨ ਵਿੱਚ ਚਾਨਣ ਮੁਨਾਰੇ ਦਾ ਕੰਮ ਕੀਤਾ। ਪਹਿਲੀ ਗੱਲ ਕਿ ਬਲਬੀਰ ਸਿੰਘ ਨੂੰ ਟੀਮ ਦਾ ਵਾਈਸ ਕਪਤਾਨ ਨਿਯੁਕਤ ਕੀਤਾ ਗਿਆ। ਦੂਸਰੇ ਇੱਕ ਵਾਰੀਂ ਫੇਰ ਭਾਰਤ ਦਾ ਤਿਰੰਗਾ ਚੁੱਕ ਕੇ ਮਾਰਚ ਪਾਸਟ ਸਮੇਂ ਭਾਰਤੀ ਖਿਡਾਰੀਆਂ ਦੀ ਟੁਕੜੀ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ। ਤੀਸਰੇ ਫਾਈਨਲ ਮੈਚ ਭਾਰਤੀ ਟੀਮ ਨੇ 6 ਗੋਲਾਂ ਨਾਲ ਜਿੱਤਿਆ। 6 ਗੋਲਾਂ ਵਿੱਚੋਂ 5 ਗੋਲ ਬਲਬੀਰ ਸਿੰਘ ਨੇ ਕੀਤੇ ਜਿਹੜਾ ਕਿ ਵਿਸ਼ਵ ਰੀਕਾਰਡ ਹੈ। ਅੱਜ ਤੱਕ ਹਾਕੀ ਦੇ ਫਾਈਨਲ ਮੈਚ ਵਿੱਚ ਕਿਸੇ ਖਿਡਾਰੀ ਨੇ ੫ ਗੋਲ ਨਹੀਂ ਕੀਤੇ। ਭਾਰਤ ਨੇ 1952 ਵਿੱਚ ਦੂਸਰਾ ਸੋਨੇ ਦਾ ਤਗ਼ਮਾ ਜਿੱਤਿਆ।
ਇਸ ਤੋਂ ਅਗਲੀਆਂ ਉਲੰਪਿਕ ਖੇਡਾਂ 1956 ਵਿੱਚ ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਵਿੱਚ ਹੋਈਆਂ ਅਤੇ ਬਲਬੀਰ ਸਿੰਘ ਨੂੰ ਹਾਕੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਟੀਮ ਬਹੁਤ ਚੰਗਾ ਖੇਡੀ, ਬਲਬੀਰ ਸਿੰਘ ਨੂੰ ਸੱਟ ਭੀ ਵੱਜੀ ਪਰ ਫਿਰ ਭੀ ਟੀਮ ਪਹਿਲੇ ਨੰਬਰ ਤੇ ਆਈ। ਬਲਬੀਰ ਸਿੰਘ ਵਿਕਟਰੀ ਸਟੈਂਡ ਤੇ ਚੜੇ ਅਤੇ ਉਹਨਾਂ ਦੇ ਗਲੇ ਵਿੱਚ ਸੋਨੇ ਦਾ ਤਗ਼ਮਾ ਪਾਇਆ ਗਿਆ। ਬਲਬੀਰ ਸਿੰਘ ਨੇ ਤਿੰਨ ਉਲੰਪਿਕ ਖੇਡੀਆਂ ਅਤੇ ਤਿੰਨੇ ਵਾਰ ਹੀ ਟੀਮ ਨੇ ਸੋਨੇ ਦੇ ਤਗ਼ਮੇ ਜਿੱਤੇ ਅਤੇ 68 ਸਾਲ ਪਹਿਲਾਂ ਜੋ ਰੀਕਾਰਡ ਕਾਇਮ ਕੀਤਾ ਉਹ ਅੱਜ ਤੱਕ ਨਹੀਂ ਟੁੱਟਿਆ।
ਉਲੰਪਿਕ ਖੇਡਾਂ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਵਿੱਚ ਹੋਰ ਪ੍ਰਾਪਤੀਆਂ ਇਸ ਪ੍ਰਕਾਰ ਹਨ
1. ਸਭ ਤੋਂ ਚੰਗਾ ਖਿਡਾਰੀ ਹੋਣ ਕਰਕੇ 1957 ਵਿੱਚ ੳਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਲੈਣ ਵਾਲੇ ਉਹ ਪਹਿਲੇ ਖਿਡਾਰੀ ਸਨ।
2. ਉਹ ਭਾਰਤੀ ਟੀਮ ਦੇ ਕੋਚ ਨਿਯੁਕਤ ਕੀਤੇ ਗਏ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਟੀਮ ਨੇ 1958 ਅਤੇ 1962 ਦੀਆਂ ਏਸ਼ਿਆਈ ਖੇਡਾਂ ਦੌਰਾਨ ਦੋ ਵਾਰ ਚਾਂਦੀ ਦੇ ਤਗ਼ਮੇ ਜਿੱਤੇ।
3. 1975 ਵਿੱਚ ਕੁਆਲਾਲੰਪੁਰ World Cup ਲਈ ਭਾਰਤੀ ਟੀਮ ਦੇ ਮੈਨੇਜਰ ਬਣ ਕੇ ਗਏ।
4. 1984 ਵਿੱਚ ਦਿੱਲੀ ਵਿਖੇ ਏਸ਼ੀਆਈ ਖੇਡਾਂ ਅਰੰਭ ਹੋਣ ਵੇਲੇ ਮਸ਼ਾਲ ਦਾਗਣ ਦਾ ਮਾਣ ਪ੍ਰਾਪਤ ਕੀਤਾ।
5. 1982 ਵਿੱਚ Patriot ਅਖ਼ਬਾਰ ਨੇ ਸਦੀ ਦੇ ਸਰੇਸ਼ਟ ਖਿਡਾਰੀ ਦਾ ਖਿਤਾਬ ਦਿੱਤਾ।
6. 2006 ਵਿੱਚ ਸਭ ਤੋਂ ਚੰਗਾ ਹਾਕੀ ਖਿਡਾਰੀ ਐਲਾਨਿਆ ਗਿਆ।
7. 2015 ਵਿੱਚ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ।
8. 15 ਅਗਸਤ 2016 ਨੂੰ ਹਾਕੀ ਕਾ ਸੁਲਤਾਨ ਦਾ ਕਿਤਾਬ ਦਿੱਤਾ ਗਿਆ।
9. ਉਲੰਪਿਕ ਕਮੇਟੀ ਨੇ ਦੁਨਿਆ ਦੇ 16 ਸਰੇਸ਼ਟ ਖਿਡਾਰੀਆਂ ਦੀ ਲਿਸਟ ਤਿਆਰ ਕੀਤੀ ਹੈ ਜਿਸ ਵਿੱਚ ਬਲਬੀਰ ਸਿੰਘ ਦਾ ਨਾਮ ਸ਼ਾਮਿਲ ਹੈ।
10. ਸਮੇ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਤੇ ਪੰਜਾਬ ਪੁਲੀਸ ‘ਚੋਂ ਐਸ.ਪੀ. ਦਾ ਰੈਂਕ ਛੱਡ ਕੇ ਡਿਪੁਟੀ ਡਾਇਰੈਕਟਰ ਆਫ ਸਪੋਰਟਸ ਨਿਯੁਕਤ ਹੋ ਗਏ ਇਹ ੳਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸੀ ਕਿਉਂਕਿ ਉਨ੍ਹਾਂ ਦਾ ਪ੍ਰਮੋਸ਼ਨ ਠੱਪ ਹੋ ਗਿਆ।
11. ਹਾਕੀ ਖੇਡ ਬਾਰੇ ਦੋ ਕਿਤਾਬਾਂ ਭੀ ਲਿਖਿਆਂ।
12. ਹਾਕੀ ਦੀ ਫੁਲਵਾੜੀ ਨੂੰ ਹਰਿਆ ਭਰਿਆ ਰੱਖਣ ਲਈ ਟੂਰਨਾਮੈਂਟ ਭੀ ਕਰਵਾਇਆ ਕਰਦੇ ਸਨ।
ਉਨ੍ਹਾਂ ਦੀ ਖੇਡ ਇਤਨੀ ਤੇਜ਼ ਅਤੇ ਸਾਫ ਸੁਥਰੀ ਹੁੰਦੀ ਸੀ ਕਿ ਮੈਚ ਦੌਰਾਨ ਕੋਈ ਵਿਅਕਤੀ ਦੂਸਰੇ ਨੂੰ ਪੁੱਛਦਾ ਕਿ ਬਲਬੀਰ ਸਿੰਘ ਕਿਹੜਾ ਖਿਡਾਰੀ ਹੈ, ਉਸ ਨੂੰ ਇਤਨਾ ਕਹਿਣਾ ਕਾਫੀ ਸੀ ਕਿ ਤੇਰੇ ਸਾਹਮਣੇ 22 ਖਿਡਾਰੀ ਖੇਡ ਰਹੇ ਹਨ, ਜੋ ਸਭ ਤੋਂ ਸੋਹਣਾ ਖੇਡ ਰਿਹਾ ਹੈ ਉਹ ਬਲਬੀਰ ਸਿੰਘ ਹੈ। ਕਹਿੰਦੇ ਹਨ ਕਿ ਪੰਜ ਮਿੰਟ ਦੇ ਅੰਦਰ ਉਹ ਬੰਦਾ ਖੁਦ ਦੱਸ ਦਿੰਦਾ ਸੀ ਕਿ ਜਿਸ ਖਿਡਾਰੀ ਕੋਲ ਹੁਣ ਗੇਂਦ ਹੈ ਉਹ ਬਲਬੀਰ ਸਿੰਘ ਹੈ।
ਉਨ੍ਹਾਂ ਦੇ ਚਾਰ ਬੱਚੇ ਹਨ। ਸਭ ਤੋਂ ਵੱਡੀ ਲੜਕੀ ਹੈ ਜੋ ਚੰਡੀਗੜ੍ਹ ਰਹਿੰਦੀ ਹੈ। ਉਸ ਤੋਂ ਛੋਟੇ ਤਿੰਨ ਲੜਕੇ ਹਨ ਜੋ ਕੈਨੇਡਾ (ਬੀ.ਸੀ.) ਵਿੱਚ ਰਹਿੰਦੇ ਹਨ। ਦਾਸ ਸ.ਬਲਬੀਰ ਸਿੰਘ ਦਾ ਨਾਮ 1952 ਹੈਲਸਿੰਕੀ ਉਲੰਪਿਕ ਵੇਲੇ ਤੋਂ ਜਾਣਦਾ ਹੈ ਪਰ ਮੁਲਾਕਾਤ ਕੁਝ ਸਾਲ ਪਹਿਲਾਂ ਬਰਲਿੰਗਟਨ ਦੇ ਕਵੈਲਿਟੀ ਰੇਸਟੋਰੈਂਟ ਵਿੱਚ ਹੋਈ। ਕੁਝ ਦਿਨ ਪਹਿਲਾਂ ਮੈਂ ਉਨ੍ਹਾਂ ਦਾ ਫੋਟੋ ਦੇਖਿਆ ਸੀ। ਅੰਦਰ ਵੜਦੇ ਸਾਰ ਹੀ ਮੈਂ ਉਸੇ ਰੰਗ ਦੀ ਪਗੜੀ ਵਾਲਾ ਹਸਮੁਖ ਚੇਹਰਾ ਦੇਖਿਆ ਤੇ ਪਾਸ ਜਾਕੇ ਫਤਿਹ ਗੁਜਾਰੀ। ਉਨ੍ਹਾਂ ਖੜੇ ਹੇਕੇ ਹੱਥ ਮਿਲਾਇਆ ਅਤੇ ਰੈਸਟੋਰੈਂਟ ਦੇ ਮਾਲਿਕ ਸੁਖਬੀਰ ਸਿੰਘ ਕੁਲਾਰ ਨੇ ਸਾਡੀ ਜਾਣ ਪਹਿਚਾਨ ਕਰਵਾਈ। ਉਨ੍ਹਾਂ ਨਾਲ ਮੇਰੀ ਪਹਿਲੀ ਅਤੇ ਆਖਰੀ ਮੁਲਾਕਾਤ ਤਿੰਨ ਮਿੰਟ ਹੀ ਹੋਈ ਕਿਉਂਕਿ ਉਨ੍ਹਾਂ ਨੇ ਕਿਸੇ ਰੇਡੀਓ ਤੇ ਬੋਲਨਾ ਸੀ ਅਤੇ ਉਨ੍ਹਾਂ ਪਾਸ ਸਮਾਂ ਨਹੀਂ ਸੀ। ਸਰਦਾਰ ਬਲਬੀਰ ਸਿੰਘ ਨੇ ਆਪਣਾ ਜੀਵਨ ਇੱਜ਼ਤ ਅਤੇ ਸ਼ਾਨ ਨਾਲ ਗੁਜ਼ਾਰਿਆ ਪਰ ਉਨ੍ਹਾਂ ਦੀ ਇੱਕ ਤਮੰਨਾ ਪੂਰੀ ਨਹੀਂ ਹੋਈ। ਉਹ ਕਹਿੰਦੇ ਹੁੰਦੇ ਸਨ ਕਿ ਉਨ੍ਹਾਂ ਨੇ ਸੈਂਚੁਰੀ ਹਿੱਟ ਕਰਨੀ ਹੈ (ਯਾਨੀ ਸੌ ਸਾਲ ਪੂਰੇ ਕਰਨੇ ਹਨ) ਪਰ ਅਕਾਲ ਪੁਰਖ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ੯੬ ਸਾਲ ਦੀ ਉਮਰ ਭੋਗ ਕੇ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਸੀਨੀਅਰ ਵੈਟਰਨਜ਼ ਐਸੋਸੀਏਸ਼ਨ ਆਫ ਓਨਟਾਰੀਓ ਕੈਨੇਡਾ ਦੇ ਚੀਫ ਪੈਟਰਨ ਰੀਟਾਇਰਡ ਮੇਜਰ ਜਨਰਲ ਐਨ.ਜੇ.ਐਸ.ਸਿੱਧੂ AVSM,VSM,,ਚੇਅਰਮੈਨ ਰਿਟਾਇਰਡ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਅਤੇ ਹੋਰ ਕਈ ਮੈਂਬਰਾਂ ਵੱਲੋਂ ਸਰਦਾਰ ਬਲਬੀਰ ਸਿੰਘ ਦੇ ਸਦੀਵੀ ਵਿਛੋੜੇ ਤੇ ਅਫਸੋਸ ਪਰਗਟ ਕੀਤਾ ਹੈ ਅਤੇ ਅਰਦਾਸ ਕੀਤੀ ਹੈ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣ।