-16.5 C
Toronto
Sunday, February 8, 2026
spot_img
Homeਨਜ਼ਰੀਆਅਮਰੀਕਾ ਵਿਚ ਇਤਿਹਾਸ ਰਚ ਕੇ ਵਿਦਾ ਹੋਇਆ

ਅਮਰੀਕਾ ਵਿਚ ਇਤਿਹਾਸ ਰਚ ਕੇ ਵਿਦਾ ਹੋਇਆ

ਸੰਦੀਪ ਸਿੰਘ ਧਾਲੀਵਾਲ
ਡਾ. ਚਰਨਜੀਤ ਸਿੰਘ ਗੁਮਟਾਲਾ
ਅਮਰੀਕਾ ਦੇ ਟੈਕਸਸ ਸੂਬੇ ਵਿੱਚ ਬੀਤੇ 27 ਸਤੰਬਰ 2019 ਨੂੰ ਹੈਰਿਸ ਕਾਉਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਨੂੰ ਇੱਕ ਸਿਰਫਿਰੇ ਸਪੈਨਿਸ਼ ਮੂਲ ਦੇ ਰਾਬਰਟ ਸਾਲਸ (47) ਨਾਮੀ ਵਿਅਕਤੀ ਵੱਲੋਂ ਸ਼ਹੀਦ ਕਰਨ ‘ਤੇ ਪੂਰੇ ਅਮਰੀਕਾ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ ਅਮਰੀਕਾ ਵਿੱਚ ਪਹਿਲੇ ਪਗ਼ੜੀ ਧਾਰੀ ਸਿੱਖ ਪੁਲਿਸ ਅਫ਼ਸਰ ਹਨ ਜਿਨ੍ਹਾਂ ਨੂੰ ਡਿਊਟੀ ਸਮੇਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਨੇ ਕਾਰ ਨੂੰ ਰੋਕ ਕੇ ਜਦ ਚੈਕਿੰਗ ਕੀਤੀ ਤਾਂ ਉਹ ਉਸ ਦੇ ਕਾਗ਼ਜਾਤ ਚੈੱਕ ਕਰਨ ਲਈ ਜਦ ਉਹ ਆਪਣੀ ਕਾਰ ਵੱਲ ਚਲੇ ਤਾਂ ਕਾਤਲ ਨੇ ਆਪਣੀ ਕਾਰ ਵਿੱਚੋਂ ਬਾਹਰ ਆ ਕੇ ਉਨ੍ਹਾਂ ਨੂੰ ਪਿੱਛੋਂ ਸਿਰ ਤੇ ਗਰਦਨ ਵਿਚ ਗੋਲੀਆਂ ਮਾਰੀਆਂ ਤੇ ਉਸ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਹੀ ਨਾ ਦਿੱਤਾ, ਜਿਸ ਨਾਲ ਉਹ ਜ਼ਮੀਨ ‘ਤੇ ਡਿੱਗ ਪਏ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸਥਾਨਕ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਪਾਇਆ।
ਕਾਤਲ ਜੋ ਕਿ ਪਹਿਲਾਂ ਹੀ ਕਈ ਜ਼ੁਰਮਾਂ ਵਿੱਚ ਜੇਲ ਵਿੱਚ ਸਜ਼ਾ ਭੁਗਤ ਰਿਹਾ ਸੀ ਪੈਰੋਲ ‘ਤੇ ਆਇਆ ਹੋਇਆ ਸੀ। ਪੈਰੋਲ ਖ਼ਤਮ ਹੋਣ ਦੇ ਬਾਵਜੂਦ ਉਹ ਵਾਪਿਸ ਜੇਲ ਨਹੀਂ ਗਿਆ ਸੀ ਤੇ ਪੁਲਿਸ ਨੂੰ ਉਸ ਦੀ ਤਲਾਸ਼ ਸੀ। ਉਸ ਦੇ ਨਾਲ ਉਸ ਦੀ ਇੱਕ ਦੋਸਤ ਲੜਕੀ ਸੀ। ਉਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਦ ਸੋਮਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਵਿੱਚ ਸੁਣਵਾਈ ਦੌਰਾਨ ਪ੍ਰੋਸੀਕਿਊਟਰ ਕੈਟੀ ਵਾਰੇਨ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਦੇ ਮਾਰੇ ਜਾਣ ਕਰਕੇ ਉਸ ਦੀ ਪਤਨੀ ਵਿਧਵਾ ਹੋ ਗਈ ਹੈ ਤੇ ਤਿੰਨ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਹੈ। ਮਾਨਯੋਗ ਜੱਜ ਕ੍ਰਿਸ ਮੋਰਟਿਨ ਨੇ ਉਸ ਨੂੰ ਬਿਨਾਂ ਜ਼ਮਾਨਤ ਤੋਂ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।ਕਾਤਲ ਨੂੰ ਜਦ ਕਤਲ ਕਰਨ ਦਾ ਕਾਰਨ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਭਗੌੜਾ ਹੈ ਤੇ ਇਸ ਪੁਲਿਸ ਅਫ਼ਸਰ ਨੇ ਉਸ ਨੂੰ ਮੁੜ ਜੇਲ੍ਹ ਭੇਜ ਦੇਣਾ ਸੀ, ਪਰ ਉਹ ਮੁੜ ਜੇਲ ਨਹੀਂ ਜਾਣਾ ਚਾਹੁੰਦਾ ,ਇਸ ਲਈ ਉਸ ਨੇ ਇਹ ਕਾਰਾ ਕੀਤਾ। ਪੁਲਿਸ ਨੇ ਉਸ ਪਾਸੋਂ ਵਰਤੀ ਗਈ 45 ਕੈਲੀਬਰ ਸੈਮੀ ਆਟੋਮੈਟਿਕ ਗਨ ਪ੍ਰਾਪਤ ਕਰ ਲਈ ਹੈ। ਸੰਦੀਪ ਸਿੰਘ ਧਾਲੀਵਾਲ ਦਾ ਜਨਮ ਸ. ਪਿਆਰਾ ਸਿੰਘ ਸੇਵਾ ਮੁਕਤ ਫੌਜੀ ਦੇ ਗ੍ਰਹਿ ਪਿੰਡ ਧਾਲੀਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਉਹ ਆਪਣੇ ਪਿੱਛੇ ਦੋ ਬੇਟੀਆਂ ਉਮਰ 13 ਸਾਲ ਅਤੇ 10 ਸਾਲ ਅਤੇ ਬੇਟਾ ਉਮਰ 5 ਸਾਲ ਤੇ ਪਤਨੀ ਤੇ ਪਿਤਾ ਛੱਡ ਗਏ ਹਨ। ਉਨ੍ਹਾਂ ਦੀ ਮਾਤਾ ਦਾ ਸਾਲ ਕੁ ਪਹਿਲਾ ਦਿਹਾਂਤ ਹੋ ਗਿਆ ਸੀ । ਉਹ 25 ਕੁ ਸਾਲ ਪਹਿਲਾਂ ਅਮਰੀਕਾ ਆਏ। ਇੱਥੇ ਆ ਕੇ ਉਹ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਭੰਗੜੇ ਦੇ ਜੌਹਰ ਵਿਖਾਉਣ ਕਰਕੇ ਬੜੇ ਹਰਮਨ ਪਿਆਰੇ ਹੋ ਗਏ।
ਪੁਲਿਸ ਵਿੱਚ ਭਰਤੀ ਹੋਣਾ ਸੁਭਾਵਕ ਨਹੀਂ ਸੀ। ਸੀ ਐਨ ਐਨ ਨੂੰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪਿਤਾ ਸ. ਪਿਆਰਾ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਦੱਸਿਆ ਕਿ 2008 ਦੀ ਗੱਲ ਹੈ ਕਿ ਸੰਦੀਪ ਸਿੰਘ ਗੁਰਦੁਆਰੇ ਬੈਠਾ ਸੀ ਕਿ ਇੱਕ ਘਟਨਾ ਵਾਪਰੀ ਜਿਸ ਵਿਚ ਇੱਕ ਸਿੱਖ ਪਰਿਵਾਰ ਦੇ ਘਰ ਚੋਰੀ ਹੋ ਗਈ। ਜਦ ਪਰਿਵਾਰ ਨੇ ਪੁਲਿਸ ਨੂੰ ਆਪਣੀ ਸਹਾਇਤਾ ਲਈ ਸੱਦਿਆ ਤਾਂ ਪੁਲਿਸ ਨੇ ਉਲਟਾ ਪਰਿਵਾਰ ਵਿਰੁੱਧ ਕੇਸ ਦਰਜ ਕਰ ਦਿੱਤਾ। ਅਸਲ ਵਿੱਚ ਪਰਿਵਾਰ ਦੇ ਮੁਖੀ ਨੇ ਕ੍ਰਿਪਾਨ ਪਾਈ ਹੋਈ ਸੀ ਤੇ ਪੁਲਿਸ ਨੂੰ ਨਹੀਂ ਸੀ ਪਤਾ ਕਿ ਅੰਮ੍ਰਿਤਧਾਰੀ ਸਿੱਖ ਕ੍ਰਿਪਾਨ ਪਹਿਨਦੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਗੁਰਦੁਆਰੇ ਆਏ ਤੇ ਸਿੱਖਾਂ ਨੂੰ ਅਮਰੀਕੀ ਪੁਲਿਸ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ। ਸੰਦੀਪ ਸਿੰਘ ਨੇ ਪਿਤਾ ਨਾਲ ਗੱਲ ਕੀਤੀ। ਭਾਵੇਂ ਅਮਰੀਕਾ ਵਿੱਚ ਬੰਦੂਕ ਸਭਿਆਚਾਰ ਹੋਣ ਕਰਕੇ ਪੁਲਿਸ ਦੀ ਨੌਕਰੀ ਬੜੀ ਜੋਖਮ ਭਰਿਆ ਕਾਰਜ ਹੈ ਪਰ ਉਸ ਨੇ ਕਿਹਾ ਕਿ ਉਹ ਆਮ ਸਿੱਖਾਂ ਨਾਲੋਂ ਵੱਖਰਾ ਕੰਮ ਕਰਨਾ ਚਾਹੁੰਦਾ ਹੈ ਤੇ ਉਹ ਪੁਲਿਸ ਵਿਚ ਭਰਤੀ ਹੋ ਕੇ ਦਸਤਾਰ ਸਜਾ ਕੇ ਆਮ ਸ਼ਹਿਰੀਆਂ ਵਿਚ ਸਿੱਖਾਂ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ। ਉਸ ਸਮੇਂ ਉਹ ਆਮ ਪੰਜਾਬੀਆਂ ਵਾਂਗ ਟਰੱਕਿੰਗ ਦਾ ਕੰਮ ਕਰਦਾ ਸੀ। ਉਹ 2009 ਵਿੱਚ ਡੀਟੈਸ਼ਨ ਅਫ਼ਸਰ ਭਰਤੀ ਹੋਇਆ ਤੇ ਹੌਲੀ ਹੌਲੀ ਤਰੱਕੀ ਕਰਦਾ ਕਰਦਾ ਡਿਪਟੀ ਚੀਫ਼ ਬਣ ਗਿਆ। ਉਸ ਨੇ 2015 ਵਿੱਚ ਦਸਤਾਰ ਸਜਾਉਣ ਦੀ ਆਗਿਆ ਮੰਗੀ ਜਿਸ ਦੀ ਚਰਚਾ ਅਮਰੀਕਾ ਮੀਡੀਆ ਵਿੱਚ ਬਹੁਤ ਹੋਈ ਤੇ ਉਸ ਨੂੰ ਆਗਿਆ ਮਿਲ ਗਈ। ਇਸ ਨਾਲ ਆਉਣ ਵਾਲੇ ਸਿੱਖਾਂ ਲਈ ਸਿੱਖੀ ਸਰੂਪ ਵਿੱਚ ਪੁਲਿਸ ਵਿੱਚ ਨੌਕਰੀ ਕਰਨ ਦਾ ਰਾਹ ਖੁੱਲ੍ਹ ਗਿਆ।
ਪੁਲਿਸ ਵਿੱਚ ਉਸ ਨੇ ਦਫ਼ਤਰ ਵਿੱਚ ਕੰਮ ਕਰਨ ਦੀ ਥਾਂ ‘ਤੇ ਆਮ ਲੋਕਾਂ ਵਿੱਚ ਵਿਚਰਨ ਨੂੰ ਪਹਿਲ ਦਿੱਤੀ। ਉਹ ਅਕਸਰ ਆਪਣੀ ਗੱਡੀ ਵਿੱਚ ਘੁੰਮਦਾ ਫਿਰਦਾ ਸੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਹੁਣ ਵੀ ਉਹ ਚੌਕ ਵਿੱਚ ਡਿਊਟੀ ਦੇ ਰਿਹਾ ਸੀ, ਜਦ ਉਸ ਦਾ ਕਤਲ ਹੋਇਆ।
ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ। ਹਸਮੁੱਖ ਤੇ ਹਰ ਸਮੇਂ ਸੇਵਾ ਸਮਰਪਿਤ ਵਾਲੇ ਧਾਲੀਵਾਲ ਦੀਆਂ ਸੇਵਾਵਾਂ ਨੂੰ ਅਮਰੀਕੀ ਮੀਡੀਆ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ। ਅਮਰੀਕਾ ਵਿੱਚ ਆਉਂਦੇ ਤੁਫਾਨਾਂ, ਹੜ੍ਹਾਂ ਆਦਿ ਕੁਦਰਤੀ ਆਫਤਾਂ ਸਮੇਂ ਉਹ ਆਪਣੇ ਸਾਥੀਆਂ ਨਾਲ ਛੁੱਟੀ ਲੈ ਕੇ ਸੇਵਾ ਕਰਨ ਜਾਂਦਾ ਸੀ। ਪਿੱਛੇ ਜਿਹੇ ਉਹ ਪੈਟਰਿਕਾ ਵਿੱਚ ਆਫ਼ਤ ਦੇ ਮੂੰਹ ਆਏ ਲੋਕਾਂ ਦੀ ਮਦਦ ਕਰਨ ਗਏ ਗਿਆ। ਯੂਨੀਇਟਿਡ ਸਿੱਖਸ ਨਾਂ ਦੀ ਸੰਸਥਾ ਨਾਲ ਇਕ ਸਹਿਯੋਗੀ ਦੇ ਤੌਰ ‘ਤੇ ਉਨ੍ਹਾਂ ਨੇ ਸ਼ਲਾਘਾਯੋਗ ਕੰਮ ਕੀਤਾ।
ਉਨ੍ਹਾਂ ਦੀ ਮੌਤ ਸਮੇਂ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਕੈਂਡਲ ਮਾਰਚ ਕੀਤੇ ਗਏ। ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਅਮਰੀਕੀ ਟੀ ਵੀ ਚੈਨਲ ਨੇ ਸਿੱਧਾ ਪ੍ਰੋਗਰਾਮ ਪ੍ਰਕਾਸ਼ਿਤ ਕੀਤਾ ਜਿਸ ਨੂੰ ਇਸ ਲੇਖਕ ਸਮੇਤ ਲੱਖਾਂ ਲੋਕਾਂ ਨੇ ਵੇਖਿਆ। ਉਸ ਦਾ ਸਸਕਾਰ ਸਿੱਖੀ ਰਹੁ-ਰੀਤਾਂ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸਸਕਾਰ ਸਮੇਂ ਉਨ੍ਹਾਂ ਦੀ ਦੇਹ ਅਮਰੀਕੀ ਝੰਡੇ ਵਿਚ ਲਪੇਟੀ ਹੋਈ ਸੀ। ਫੌਜੀ ਰਹੁ-ਰੀਤਾਂ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਗਈ । ਸਸਕਾਰ ਤੋਂ ਪਹਿਲਾਂ ਅਮਰੀਕੀ ਝੰਡਾ ਉਤਾਰ ਕੇ ਉਨ੍ਹਾਂ ਦੀ ਪਤਨੀ ਨੂੰ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਆਪਣੀ ਛਾਤੀ ਨਾਲ ਲਾ ਲਿਆ। ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਵਿਚ ਅਖੰਡ ਪਾਠ ਦਾ ਭੋਗ ਪਾਇਆ ਗਿਆ ਤੇ ਗੁਰੂ ਕਾ ਲੰਗਰ ਅਤੁਟ ਵਰਤਿਆ।ਵੱਖ ਵੱਖ ਬੁਲਾਰਿਆਂ ਨੇ ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਉਸ ਦੇ ਭਰ ਜਵਾਨੀ ਵਿੱਚ ਪਿੱਛੇ ਬਾਪ ‘ਤੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਜਾਣ ਦਾ ਦ੍ਰਿਸ਼ ਦਿਲ ਹਿਲਾਅ ਦੇਣ ਵਾਲਾ ਸੀ। ਹਰੇਕ ਦੇ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ। ਉਸ ਦੇ ਬਾਪ ਦਾ ਕਹਿਣਾ ਹੈ ਕਿ ਉਹ ਇੱਕ ਅਨਮੋਲ ਹੀਰਾ ਸੀ। ਵਾਕਿਆ ਹੀ ਉਹ ਇੱਕ ਅਨਮੋਲ ਹੀਰਾ ਹੀ ਸੀ, ਜੋ ਕਿ ਇਸ ਸੰਸਾਰ ਵਿੱਚ ਨਵੀਆਂ ਪੈੜਾਂ ਪਾ ਗਿਆ।
ਅਮਰੀਕਾ ਵਿੱਚ ਇਸ ਸਮੇਂ ਸਿੱਖ ਪਛਾਣ ਦਾ ਮਸਲਾ ਬੜਾ ਅਹਿਮ ਹੈ। ਅਮਰੀਕਾ ਨੂੰ ਅੱਜ ਅਜਿਹੇ ਸਾਬਤ ਸੂਰਤ ਸਿੱਖ ਪੁਲਿਸ ਤੇ ਅਫ਼ਸਰਾਂ ਦੀ ਲੋੜ ਹੈ ਜੋ ਕਿ ਸਿੱਖ ਧਰਮ ਦੀਆਂ ਨਿਸ਼ਕਾਮ ਸੇਵਾ ਕਰਨ ਦੀ ਰਿਵਾਤਾਂ ਨੂੰ ਅੱਗੇ ਲਿਆਉਣ।
ਉਸ ਦੇ ਚੰਗੇ ਕਮਾਂ ਕਰਕੇ ਉਸ ਦੇ ਪਰਿਵਾਰ ਲਈ ਵੱਖ ਵੱਖ ਸੰਸਥਾਵਾਂ ਦਾਨ ਇਕੱਠਾ ਕਰ ਰਹੀਆਂ ਹਨ। 6 ਲੱਖ ਡਾਲਰ ਤੋਂ ਵੱਧ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ। ਪਾਪਾ ਜਾਹਨਜ਼ ਦੀ ਦੱਖਣੀ ਪੂਰਬੀ ਸ਼ਾਖਾ ਨੇ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਦੀ ਕਮਾਈ ਇਸ ਫੰਡ ਨੂੰ ਦੇਣ ਐਲਾਨ ਕੀਤਾ ਹੈ। 2015 ਤੋਂ ਹੁਣ ਤੱਕ 50 ਪੁਲਿਸ ਦੀਆਂ ਔਰਤਾਂ ਤੇ ਮਰਦ ਡਿਊਟੀ ਦੇਂਦੇ ਸ਼ਹੀਦ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸੰਦੀਪ ਸਿੰਘ ਦਾ ਨੰਬਰ 50ਵਾਂ ਸੀ। ਹਿਊਸਟਨ ਸਿਟੀ ਕੌਂਸਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਯਾਦ ਵਿਚ ਯਾਦਗਾਰ ਕਾਇਮ ਕੀਤੀ ਜਾਵੇਗੀ ਤੇ ਹਰ ਸਾਲ 2 ਅਕਤੂਬਰ ਨੂੰ ਯਾਦ ਕੀਤਾ ਜਾਵੇਗਾ।
ਸੰਦੀਪ ਸਿੰਘ ਧਾਰੀਵਾਲ ਭਾਵੇਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਉਸ ਵੱਲੋਂ ਕੀਤੇ ਕਾਰਜ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS