Breaking News
Home / ਨਜ਼ਰੀਆ / ਚਾਹੇ ਦੇਖਲੋ ਮਾਰ ਕੇ ਗੇੜੀ, ਕਿਊਬਾ ਦੀ ਸ਼ਾਨ ਵੱਖਰੀ

ਚਾਹੇ ਦੇਖਲੋ ਮਾਰ ਕੇ ਗੇੜੀ, ਕਿਊਬਾ ਦੀ ਸ਼ਾਨ ਵੱਖਰੀ

ਨਾਹਰ ਸਿੰਘ ਔਜਲਾ
416-728-5686
ਦਹਾਕਿਆਂ ਬੱਧੀ ਸਾਰੀ ਦੁਨੀਆਂ ‘ਚ ਚਰਚਾ ਦਾ ਵਿਸ਼ਾ ਰਿਹਾ ਦੇਸ਼ ਕਿਊਬਾ, ਦੁਨੀਆ ਭਰ ਦੇ ਬਹੁਤ ਸਾਰੇ ਸੈਲਾਨੀਆਂ ਲਈ ਉਹਨਾਂ ਦੀਆਂ ਪਹਿਲੀਆਂ ਪਸੰਦਾਂ ‘ਚੋਂ ਆਉਂਦਾ ਹੈ। ਮਿਲੀਅਨਜ਼ ਦੀ ਗਿਣਤੀ ‘ਚ ਲੋਕ ਹਰ ਸਾਲ ਇਸ ਧਰਤੀ ‘ਤੇ ਸੈਰ ਸਪਾਟਾ ਕਰਨ ਜਾਂਦੈਂ ਹਨ ਜਿਹਨਾਂ ‘ਚ 1।4 ਮਿਲੀਅਨ ਕੈਨੇਡੀਅਨ ਵੀ ਸ਼ਾਮਿਲ ਹਨ। ਇੱਥੇ ਕਈ ਵਿਜ਼ਟਰ ਤਾਂ ਇਹੋ ਜਿਹੇ ਵੀ ਮਿਲਣਗੇ ਜੋ ਪਿਛਲੇ ਕਈ ਦਹਾਕਿਆਂ ਤੋਂ ਹਰ ਸਾਲ ਹੀ ਇੱਥੇ ਗੇੜੀ ਮਾਰਨ ਆਉਂਦੇ ਹਨ। ਠੰਡੇ ਮੁਲਕਾਂ ਤੋਂ ਜਾਣ ਵਾਲੇ ਬਹੁਤੇ ਸੈਲਾਨੀ ਤਾਂ ਇਸ ਨੂੰ ਆਪਣਾ ਸਵਰਗ ਹੀ ਸਮਝਦੇ ਹਨ। ਇਨ੍ਹਾਂ ਲੋਕਾਂ ‘ਚ ਕੁਝ ਗਿਣਤੀ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਨੇ ਚੀ ਗਵੇਰਾ ਨੂੰ ਪੜ੍ਹਿਆ ਤੇ ਜਾਣਿਆ ਜਾਂ ਫਿਰ ਵਿਚਾਰਧਾਰਕ ਜਾਂ ਜਜ਼ਬਾਤੀ ਤੌਰ ‘ਤੇ ਉਸ ਨਾਲ ਜੁੜਿਆ ਮਹਿਸੂਸ ਕਰਦੇ ਹਨ। ਉਹਨਾਂ ਦੇ ਮਨ ‘ਚ ਫੀਡਲ ਕਾਸਟਰੋ ਵਲੋਂ ਸਥਾਪਤ ਕੀਤੇ ਰਾਜਸੀ ਪ੍ਰਬੰਧ ਦੀਆਂ ਪ੍ਰਾਪਤੀਆਂ ਦੇਖਣ ਦੀ ਉਤਸੁਕਤਾ ਵੀ ਹੁੰਦੀ ਹੈ।
ਕਿਊਬਾ ਸਾਊਥ ਅਮਰੀਕਾ ਦੇ ਨਜ਼ਦੀਕ ਪੈਂਦਾ ਹੈ ਤੇ ਅਮਰੀਕਾ ਤੋਂ ਕੋਈ 90 ਕੁ ਮੀਲ ਦੇ ਦੂਰੀ ‘ਤੇ ਸਥਿਤ ਹੈ। ਇੰਝ ਵੀ ਕਿਹਾ ਜਾ ਸਕਦੈ ਕਿ ਅਮਰੀਕਾ ਦੇ ਫੌਜੀ ਅੱਡੇ ਨਾਲ ਇਸ ਦੀ ਹੱਦ ਵੀ ਸਾਂਝੀ ਹੈ। ਸੰਨ 1903 ‘ਚ ਅਮਰੀਕਾ ਨੇ ਆਪਣੀ ਫੋਜੀ ਤਾਕਤ ਦੇ ਸਿਰ ਤੇ ਕਿਊਬਾ ਦਾ ਕੁਝ ਹਿੱਸਾ ਲੀਜ਼ ‘ਤੇ ਲਿਖਵਾ ਲਿਆ ਸੀ ਜਿੱਥੇ ਅੱਜ ਕੱਲ੍ਹ ਉਸਦਾ ਫੌਜੀ ਅੱਡਾ ਅਤੇ ਇਕ ਜੇਲ੍ਹ ਨੁਮਾ ਤਸੀਹਾ ਕੇਂਦਰ ਵੀ ਬਣਾ ਹੋਇਆ ਹੈ। 1959 ਤੋਂ ਜਦੋਂ ਦੀ ਫੀਡਲ ਕਾਸਟਰੋ ਦੀ ਸਰਕਾਰ ਬਣੀ ਹੈ ਉਹਨਾਂ ਨੇ ਕਦੇ ਵੀ ਅਮਰੀਕਾ ਦੀ ਸਰਕਾਰ ਤੋਂ ਕੋਈ ਲੀਜ਼ ਦਾ ਪੈਸਾ ਚਾਰਜ ਨਹੀਂ ਕੀਤਾ। ਖੇਤਰਫਲ ਦੇ ਹਿਸਾਬ ਨਾਲ ਕਿਊਬਾ ਅਮਰੀਕਾ ਦੀ ਇਕ ਸਟੇਟ ਪੈਨਸਲਵੇਨੀਆ ਤੋਂ ਵੀ ਛੋਟਾ ਹੈ। ਇਸ ਦੀ ਕੁਲ ਅਬਾਦੀ 11।4 ਮਿਲੀਅਨ ਹੈ ਜਿਸ ਦੀ ਵਸੋਂ ਦਾ ਵੱਡਾ ਹਿੱਸਾ ਸਪੈਨਿਸ਼ ਤੇ ਅਫਰੀਕੀ ਮੂਲ ਦੇ ਲੋਕਾਂ ਦਾ ਹੈ। ਆਦੀਵਾਸੀ ਲੋਕਾਂ ਦੀ ਗਿਣਤੀ ਕਾਫੀ ਘੱਟ ਹੈ। ਕੋਲੰਬਸ ਵਲੋਂ ਇਸ ਖਿੱਤੇ ਨੂੰ ਲੱਭਣ ਤੋਂ ਬਾਅਦ ਨਵੇਂ ਆਏ ਯੂਰਪੀਅਨ ਲੋਕਾਂ ਨੇ ਕਿਊਬਾ ਦੇ ਲੱਖਾਂ ਹੀ ਆਦੀਵਾਸੀ ਲੋਕਾਂ ਦਾ ਕਤਲੇਆਮ ਕਰ ਦਿੱਤਾ ਸੀ। ਦੁਨੀਆਂ ਭਰ ਦੇ ਲੇਖਕਾਂ ਤੇ ਮੀਡੀਏ ਨੇ ਕਿਊਬਾ ਦੇ ਇਤਿਹਾਸ ਬਾਰੇ ਬੜਾ ਕੁਝ ਲਿਖਿਆ ਤੇ ਬਹੁਤ ਸਾਰੀਆਂ ਡਾਕੂਮੈਂਟਰੀਆਂ ਤੇ ਫਿਲਮਾਂ ਵੀ ਬਣੀਆਂ ਹਨ।
ਪਿਛਲੇ ਚਾਰ ਦਹਾਕਿਆਂ ‘ਚ ਮੈਨੂੰ ਵੀ ਇਸ ਨਵੰਬਰ ਵਿਚ ਚੌਥੀ ਵਾਰ ਕਿਊਬਾ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਮੈਨੂੰ ਹੋਰ ਵੀ ਕਈ ਦੇਸ਼ਾਂ ਅਤੇ ਟਾਪੂਆਂ ‘ਤੇ ਜਾਣ ਦਾ ਮੌਕਾ ਮਿਲਿਆ ਹੈ ਹਰ ਥਾਂ ਦੀ ਆਪਣੀ ਕੋਈ ਨਾ ਕੋਈ ਖੁਬਸੂਰਤੀ ਹੁੰਦੀ ਹੈ। ਕਿਊਬਾ ‘ਚ ਵੀ ਬਹੁਤ ਸਾਰੀਆਂ ਖੂਬੀਆਂ ਹਨ ਜੋ ਸੈਲਾਨੀਆਂ ਨੂੰ ਇੱਥੇ ਆਉਂਣ ਲਈ ਆਕਰਸ਼ਤ ਕਰਦੀਆਂ ਹਨ।
ਦਸੰਬਰ ਤੋਂ ਮਾਰਚ ਤੱਕ ਤਾਂ ਸੈਲਾਨੀ ਹੀ ਸੈਲਾਨੀ ਨਜ਼ਰ ਆਉਂਦੇ ਹਨ ਇਹਨਾਂ ‘ਚ ਥੋੜੀ ਜਿਹੀ ਗਿਣਤੀ ਉਹਨਾਂ ਲੋਕਾਂ ਦੀ ਵੀ ਹੁੰਦੀ ਹੈ ਜੋ ਭੀੜ ਭੜੱਕਾ, ਤੇਜ਼ ਰੋਸ਼ਨੀਆਂ, ਮਸ਼ੀਨਾਂ ਦੀ ਖੜਖੜਾਹਟ ਤੇ ਤੇਜ਼ ਚਲਦੀਆਂ ਕਾਰਾਂ ਦਾ ਸ਼ੋਰ ਸ਼ਰਾਬਾ ਸੁਣਨ ਦੇ ਆਦੀ ਹੋ ਜਾਂਦੇ ਹਨ। ਉਹਨਾਂ ਨੂੰ ਕਿਊਬਾ ਪਛੜਿਆ ਹੋਇਆ ਤੇ ਗਰੀਬ ਮੁਲਕ ਲੱਗਦਾ ਹੈ। ਸਾਇਦ ਇਹ ਲੋਕ ਕਿਊਬਾ ਦੀ ਮੜਕ ਨਾਲ ਚੱਲਣ ਵਾਲੀ ਤੋਰ ਨੂੰ ਪਛਾਨਣ ‘ਚ ਧੋਖਾ ਖਾ ਜਾਂਦੇ ਹਨ।
ਜੋ ਲੋਕ ਕੁਦਰਤ ਦੇ ਨੇੜੇ ਹੁੰਦੇ ਹਨ ਉਹਨਾਂ ਲਈ ਇਸ ਦਾ ਹਰ ਕੋਨਾ ਹੀ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਉੱਥੋਂ ਦੀਆਂ ਮਨਮੋਹਣੀਆਂ ਬੀਚਾਂ, ਸੁਹਾਵਣਾ ਮੌਸਮ, ਮੀਲਾਂ ਤੱਕ ਨਜ਼ਰੀ ਪੈਂਦੀ ਹਰਿਆਵਲ, ਸਾਂਤ ਵਾਤਾਵਰਣ ਤੇ ਲੋਕਾਂ ਦਾਂ ਸ਼ਾਂਤ ਸੁਭਾਅ ਸੈਲਾਨੀਆਂ ਨੂੰ ਜਾਦੂ ਵਾਂਗ ਕੀਲ ਲੈਂਦਾ ਹੈ। ਹਵਾ ‘ਚ ਉੱਡਦੇ ਰੂੰ ਵਰਗੇ ਬੱਦਲ ਇੰਝ ਜਾਪਦੇ ਹਨ ਜਿਵੇਂ ਪਰਵਾਜ਼ ਭਰਨ ਤੋਂ ਪਹਿਲਾਂ ਸਮੁੰਦਰ ‘ਚ ਚੁੱਭੀ ਮਾਰਕੇ ਨਿੱਖਰੇ ਹੋਣ। ਚੰਨ ਚਾਨਣੀ ਰਾਤ ‘ਚ ਘਾਹ ‘ਤੇ ਲੇਟ ਕੇ ਤਾਰਾ ਮੰਡਲ ਦੇਖਣਾ ਤਹਾਨੂੰ ਪਿੰਡ ਦੀਆਂ ਯਾਦਾਂ ਚੇਤੇ ਕਰਵਾ ਦਿੰਦਾ ਹੈ, ਜਦੋਂ ਛੋਟੋ ਹੁੰਦਿਆਂ ਕੋਠੇ ‘ਤੇ ਮੰਜੇ ਡਾਹ ਕੇ ਉੱਪਰ ਵੱਲ ਨੂੰ ਟਿਕਟਿਕੀ ਲਾ ਕੇ ਤੱਕਿਆ ਕਰਦੇ ਸੀ। ਨਵੰਬਰ ਮਹੀਨੇ ‘ਚ ਦਿਨ ਵੇਲੇ ਕਿਊਬਾ ਦਾ ਤਾਪਮਾਨ 25 ਤੋਂ 30 ਡਿਗਰੀ ਤੱਕ ਰਹਿੰਦਾ ਰਿਹੈ ਜਿਸ ਨਾਲ ਸੜਕਾਂ ਤੇ ਬੀਚ ਦਾ ਰੇਤਾ ਗਰਮ ਹੋ ਜਾਂਦਾ ਸੀ, ਜਿਸ ‘ਤੇ ਨੰਗੇ ਪੈਂਰੀ ਤੁਰਨ ਵੇਲੇ ਉਹ ਸੀਨ ਸਾਹਮਣੇ ਆ ਜਾਂਦਾ ਸੀ ਜਦੋਂ ਬਚਪਨ ਵੇਲੇ ਗਰਮੀਆਂ ‘ਚ ਟੁੱਟੇ ਜਿਹੇ ਛਿੱਤਰ ਪਾ ਕੇ ਮੱਝਾਂ ਚਾਰਨ ਜਾਇਆ ਕਰਦੇ ਸੀ। ਇਹੋ ਜਿਹੇ ਮੌਸਮ ‘ਚ ਥੋੜਾ ਜਿਹਾ ਤੁਰਨ ਤੋਂ ਬਾਅਦ ਕਿਸੇ ਦਰੱਖਤ ਦੀ ਛਾਂ ਹੇਠ ਰੁੱਕਣਾ ਤੇ ਫਿਰ ਤੁਰਨਾ ਇਕ ਵੱਖਰਾ ਜਿਹਾ ਸਕੂਨ ਦਿੰਦਾ ਸੀ। ਕਿੰਨਾ ਖੁਸ਼ੀ ਭਰਪੂਰ ਹੁੰਦੇ ਕਦੀ ਕਦਾਈ ਕਿਸੇ ਦਰੱਖਤ ਦੀ ਛਾਂ ਹੇਠ ਕੁਰਸੀ ਤੇ ਬੈਠ ਕੇ ਕੁਦਰਤ ਦੇ ਅਨਮੋਲ ਨਜ਼ਾਰਿਆਂ ਨੂੰ ਤੱਕਣਾ।
ਕਿਊਬਾ ‘ਚ ਸੈਲਾਨੀਆਂ ਦੀ ਖਿੱਚ ਦਾ ਇਕ ਇਹ ਵੀ ਕਾਰਨ ਹੈ ਕਿ ਉੱਥੇ ਕਰਾਈਮ ਬਹੁਤ ਹੀ ਘੱਟ ਹੈ। ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਜਾਂ ਗੈਰ ਕਾਨੂੰਨੀ ਡਰੱਗ ਵੇਚਣ ਵਾਲੇ ਲੋਕਾਂ ਨੂੰ ਕਾਫੀ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ ਹਨ। ਗੈਰ ਕਾਨੂੰਨੀ ਹਥਿਆਰ ਰੱਖਣ ਦਾ ਕਲਚਰ ਨਹੀਂ ਹੈ। ਕਿਸੇ ਨਾਗਰਿਕ ਦੇ ਕਤਲ ਹੋ ਜਾਣ ਨੂੰ ਬਹੁਤ ਹੀ ਵੱਡੀ ਤੇ ਹੈਰਾਨੀਜਨਕ ਘਟਨਾ ਸਮਝਿਆ ਜਾਂਦਾ ਹੈ, ਜਦੋਂ ਕਿ ਕੈਨੇਡਾ ਵਰਗੇ ਦੇਸ਼ ‘ਚ ਵੀ ਇਹੋ ਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਹਨ। ਇਕੱਲੇ ਟੋਰਾਂਟੋ ਸ਼ਹਿਰ ‘ਚ ਹੀ ਇਸ ਸਾਲ ਹੁਣ ਤੱਕ 90 ਕਤਲ ਹੋ ਚੁੱਕੇ ਹਨ। ਬਰੈਂਪਟਨ ‘ਚ ਵੀ ਗੋਲੀ ਚੱਲਣ ਦੀਆਂ ਘਟਨਾਵਾਂ ਹੁਣ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਅਮਰੀਕਾ ਤਾਂ ਇਹੋ ਜਿਹੀਆਂ ਘਟਨਾਵਾਂ ਲਈ ਦੁਨੀਆ ‘ਚ ਨੰਬਰ ਵੰਨ ਹੀ ਕਿਹਾ ਜਾ ਸਕਦਾ ਹੈ। ਕਿਊਬਾ ਦਾ ਐਜੁਕੇਸ਼ਨ ਤੇ ਹੈਲਥ ਸਿਸਟਮ ਦੁਨੀਆ ਦੇ ਕੁਝ ਟੌਪ ਦੇ ਮੁਲਕਾਂ ‘ਚੋਂ ਆਉਂਦਾ ਹੈ। ਉੱਚੀ ਪੱਧਰ ਦੀ ਵਿਦਿਆ ਹਰ ਨਾਗਰਿਕ ਲਈ ਫ੍ਰੀ ਹੈ। ਕੈਂਸਰ ਦੀਆਂ ਕਈ ਬਿਮਾਰੀਆਂ ਦਾ ਇਲਾਜ ਪਹਿਲਾਂ ਕਿਊਬਾ ‘ਚੋਂ ਹੀ ਸ਼ੁਰੂ ਹੋਇਆ ਹੈ। ਖੇਡਾਂ ‘ਚ ਦਿਲਚਸਪੀ ਰੱਖਣ ਵਾਲੇ ਖਿਡਾਰੀਆਂ ਦਾ ਸਾਰਾ ਖਰਚਾ ਸਰਕਾਰ ਵਲੋਂ ਹੀ ਕੀਤਾ ਜਾਂਦਾ ਹੈ। ਸੰਨ 1992 ‘ਚ ਕਿਊਬਾ ਦੇ ਖਿਡਾਰੀਆਂ ਨੇ ਉਲਪਿੰਕ ‘ਚੋਂ 30 ਮੈਡਲ ਜਿਹਨਾਂ ‘ਚੋਂ 14 ਸੋਨੇ ਦੇ ਸਨ ਜਿੱਤ ਕੇ ਕਿਊਬਾ ਦੀ ਝੋਲੀ ਪਾਏ। ਕਿਊਬਾ ‘ਚ ਧਰਮ ਹਰ ਕਿਸੇ ਦਾ ਨਿੱਜੀ ਮਾਮਲਾ ਹੈ। ਐਜੂਕੇਸ਼ਨ ਤੇ ਰਾਜਨੀਤਕ ਮਾਮਲਿਆਂ ‘ਚ ਧਰਮ ਦੀ ਕੋਈ ਥਾਂ ਨਹੀਂ ਹੈ। ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੀ ਮੁਕਾਬਲਤਨ ਕਾਫੀ ਘੱਟ ਹੈ। ਰੰਗ, ਨਸਲ ਤੇ ਧਰਮ ਦੇ ਅਧਾਰ ਤੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਹੈ। ਤਕਰੀਬਨ ਸਾਰੇ ਹੀ ਬਿਜਨਿਸ਼ ਸਰਕਾਰੀ ਕੰਟਰੋਲ ਅਧੀਨ ਹਨ। ਆਰਥਿਕਤਾ ਬੜੀ ਪਲੈਨਿੰਗ ਨਾਲ ਤਿਆਰ ਕੀਤੀ ਹੋਈ ਹੈ ਜਿਸ ਕਾਰਨ ਬੇਰੁਜਗਾਰੀ ਦੀ ਦਰ ਨੀਵੇਂ ਪੱਧਰ ਦੀ ਹੈ। ਬਹੁਤੇ ਕੰਮ ਮਸ਼ੀਨਾ ਤੋਂ ਲੈਣ ਦੀ ਵਜਾਏ ਵਰਕਰਾਂ ਤੋਂ ਹੀ ਕਰਵਾਏ ਜਾਂਦੇ ਹਨ। ਲੋਕਾਂ ਦੀਆਂ ਤਨਖਾਹਾਂ ਪੱਛਮੀ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹਨ ਇਸ ਦੀ ਨਿਸਬਤ ਖਰਚੇ ਵੀ ਕਾਫੀ ਘੱਟ ਹਨ। ਕੋਈ ਵੀ ਨਾਗਰਿਕ ਢਿੱਡੋਂ ਭੁੱਖਾ ਜਾਂ ਹੋਮਲੈਸ ਭਾਵ ਸੜਕਾਂ ਜਾਂ ਪੁਲਾਂ ਥੱਲੇ ਪਿਆ ਨਹੀਂ ਮਿਲੇਗਾ। ਲੋਕੀ ਬੱਚੇ ਘੱਟ ਪੈਦਾ ਕਰਦੇ ਹਨ ਜਿਸ ਕਾਰਨ ਰਿਟਾਇਰਮੈਂਟ ਲੈਣ ਦੀ ਉਮਰ ਮਰਦਾਂ ਲਈ 65 ਤੇ ਔਰਤਾਂ ਲਈ 60 ਸਾਲ ਹੈ ਜੋ ਪਹਿਲਾਂ ਇਸ ਤੋਂ ਪੰਜ ਸਾਲ ਘੱਟ ਰੱਖੀ ਹੋਈ ਸੀ। ਬਹੁਤ ਕੁਝ ਚੰਗਾ ਹੋਣ ਦੇ ਬਾਵਜੂਦ ਸਿਸਟਮ ‘ਚ ਹੁਣ ਥੋੜ੍ਹੀਆਂ ਕਮੀਆਂ ਵੀ ਆਮ ਦਿਖਾਈ ਦੇਣ ਲੱਗ ਪਈਆਂ ਹਨ।
ਕਿਊਬਨ ਸਰਕਾਰ ਨੇ ਕਾਫੀ ਸਮੇਂ ਤੋਂ ਚੀਨ ਦੀ ਆਰਥਿਕਤਾ ਵਾਲਾ ਮਾਡਲ ਆਪਣਾ ਲਿਆ ਹੈ ਜਿਸ ਰਾਂਹੀ ਨਿੱਜੀ ਪੂੰਜੀ ਲੱਗਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਨਿੱਜੀ ਪੂੰਜੀ ਦੀ ਦਖ਼ਅੰਦਾਜੀ ਨਾਲ ਲੋਕਾਂ ‘ਚ ਪੈਸਾ ਇਕੱਠਾ ਕਰਨ ਦੀ ਰੁੱਚੀ ਵੱਧ ਗਈ ਹੈ ਹੁਣ ਵੱਧ ਟਿੱਪ ਦੇਣ ਵਾਲੇ ਨੂੰ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਕੱਠੇ ਕੀਤੇ ਇਸ ਪੈਸੇ ਨਾਲ ਇਹ ਲੋਕ ਆਪਣਾ ਕੋਈ ਛੋਟਾ ਮੋਟਾ ਬਿਜਨਿਸ ਤੋਰ ਸਕਦੇ ਹਨ ਜਾਂ ਕੋਈ ਪ੍ਰਾਪਰਟੀ ਖਰੀਦ ਸਕਦੇ ਹਨ। ਅਜੇ ਇੰਟਰਨੈਟ ਦੀ ਵੀ ਕੋਈ ਆਮ ਸਹੂਲਤ ਨਹੀਂ ਹੈ। ਪਤਾ ਲੱਗਿਆ ਹੈ ਕਿ ਸਰਕਾਰ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ। ਪ੍ਰਾਈਵੇਟ ਪੂੰਜੀ ਨੂੰ ਖੁੱਲ ਦੇਣ ਦੇ ਬਾਵਜੂਦ ਵੀ ਬਿਜਨਿਸ ‘ਚ ਵੱਡਾ ਹਿੱਸਾ ਸਰਕਾਰ ਆਪਣੇ ਕੰਟਰੋਲ ਹੇਠ ਹੀ ਰੱਖਦੀ ਹੈ। ਅੱਜ ਕੱਲ੍ਹ ਹਰ ਮਾਡਲ ਦੀ ਕਾਰ ਵੀ ਰੋਡ ਤੇ ਦੇਖਣ ਨੂੰ ਮਿਲ ਜਾਂਦੀ ਹੈ, ਪਹਿਲਾਂ ਬਹੁਤੀਆਂ ਕਾਰਾਂ ਥੋੜ੍ਹੇ ਜਿਹੇ ਮਾਡਲਾਂ ਦੀਆਂ ਹੀ ਹੁੰਦੀਆਂ ਸਨ। ਇਕ ਟੈਕਸੀ ਡਰਾਇਵਰ ਇਕ ਪ੍ਰੋਫੈਸਨਲ ਡਾਕਟਰ ਨਾਲੋਂ ਵੱਧ ਪੈਸੇ ਕਮਾ ਲੈਂਦਾ ਹੈ। ਜਦੋਂ ਦੀ ਫੀਡਲ ਕਾਸਟਰੋ ਦੀ ਇਨਕਲਾਬੀ ਹਕੂਮਤ ਸੱਤਾ ‘ਚ ਆਈ ਹੈ ਉਸ ਤੋਂ ਕੁਝ ਸਮਾਂ ਬਾਅਦ ਹੀ, ਸੀ ਆਈ ਏ ਨੇ ਭਗੌੜੇ ਹੋਏ ਕਿਊਬਨਾਂ ਦੀ ਮੱਦਦ ਨਾਲ ਫੀਡਲ ਕਾਸਟਰੋ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਮਲਾ ਕਰਵਾਇਆ ਸੀ ਜਿਸ ‘ਚ ਉਹ ਨਾਕਾਮ ਰਹੇ ਸਨ। ਉਸ ਸਮੇਂ ਤੋਂ ਹੀ ਸਾਮਰਾਜੀ ਅਮਰੀਕਾ ਨੇ ਕਿਊਬਾ ‘ਤੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਸਨ ਜੋ ਅੱਜ ਤੱਕ ਵੀ ਲਾਗੂ ਹਨ ਜਦੋਂ ਕਿ ਯੂ ਐਨ ਦੇ ਬਾਕੀ ਸਾਰੇ ਦੇਸ਼ ਇਹਨਾਂ ਪਾਬੰਦੀਆਂ ਦੇ ਖਿਲਾਫ ਹਨ।
ਇਤਿਹਾਸ ਗਵਾਹ ਕਿ ਅਮਰੀਕਾ ਭਾਵੇ ਕੁਝ ਵੀ ਕਰਦਾ ਰਹੇ ਪਰ ਕਿਊਬਾ ਆਪਣੀ ਤੋਰ ਤੁਰਦਾ ਅੱਗੇ ਵੱਧ ਰਿਹਾ ਹੈ। ਨਵੇਂ ਨਵੇਂ ਰਿਜੋਰਟ ਬਣ ਰਹੇ ਹਨ ਟੂਰਇਜ਼ਮ ਵੱਧ ਰਿਹਾ ਹੈ। ਇਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਅਗਰ ਸਰਕਾਰ ਲੋਕ ਪੱਖੀ ਹੋਵੇ ਤਾਂ ਇਕ ਟਾਪੂ ‘ਤੇ ਵਸਣ ਵਾਲੇ ਲੋਕ ਵੀ ਆਪਣੀ ਵਧੀਆਂ ਜ਼ਿੰਦਗੀ ਜਿਉਂ ਸਕਦੇ ਹਨ। ਮਾੜੀ ਸਰਕਾਰ ਹੋਵੇ ਤਾਂ ਇਕ ਵੱਡੇ ਮੁਲਕ ਦੇ ਵੀ ਕਰੋੜਾਂ ਹੀ ਲੋਕ ਭੁੱਖੇ ਨੰਗੇ ਤੇ ਬਿਨਾਂ ਛੱਤ ਤੋਂ ਸੌਣ ਲਈ ਮਜ਼ਬੂਰ ਹੋ ਜਾਂਦੇ ਹਨ।
ਬੇਰੁਜ਼ਗਾਰ ਨੌਜਵਾਨ, ਮਜ਼ਦੂਰ ਤੇ ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਕਿਊਬਾ ਜਾਣ ਲਈ ਕੁਝ ਹੀ ਦੇਸ਼ਾਂ ਨੂੰ ਛੱਡ ਕੇ ਬਾਕੀ ਕਿਸੇ ਨੂੰ ਵੀ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ, ਏਅਰਪੋਰਟ ਤੇ ਉੱਤਰਨ ਤੋਂ ਬਾਅਦ ਹੀ ਵੀਜ਼ਾ ਦੇ ਦਿੱਤਾ ਜਾਂਦਾ ਹੈ।

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …