24 ਮਈ ਦੇ ਮਨਹੂਸ ਦਿਨ ਅਮਨ ਪਿਰਾਨੀ ਸਾਥੋਂ ਸਾਰਿਆਂ ਤੋਂ ਸਦਾ ਲਈ ਵਿੱਛੜ ਗਿਆ। ਇਕ ਕਾਰ ਹਾਦਸੇ ਵਿਚ ਅਚਾਨਕ ਹੋਈ ਉਸ ਦੀ ਮੌਤ ਨੇ ਉਸ ਦੇ ਪਰਿਵਾਰਿਕ ਮੈਂਬਰਾਂ, ਸੰਗੀਆਂ ਸਾਥੀਆਂ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ। ਅਮਨ ਪਿਰਾਨੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦਾ ਸਰਗ਼ਰਮ ਮੈਂਬਰ ਹੀ ਨਹੀਂ, ਸਗੋਂ ਉਹ ਤਾਂ ਇਸ ਦਾ ઑਅਨਮੋਲ ਰਤਨ਼ ਸੀ। ਉਹ ਫਾਊਂਡੇਸ਼ਨ ਦੀ ਹਰੇਕ ਗਤੀਵਿਧੀ ਵਿਚ ਪੂਰੀ ਸਰਗ਼ਰਮੀ ਨਾਲ ਹਿੱਸਾ ਲੈਂਦਾ ਸੀ ਅਤੇ ਇਸ ਵਿਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਸੀ।
ਲੰਘੀ 14 ਜੂਨ ਨੂੰ ਟੋਰਾਂਟੋ ਪੀਅਰਸਨ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਵੱਲੋਂ ਅਮਨ ਪਿਰਾਨੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸਿੱਖ ਸਪਿਰਿਟਚੂਅਲ ਸੈਂਟਰ ਜਿਸ ਨੂੰ ઑਰੈਕਸਡੇਲ ਗੁਰੂਘਰ਼ ਵੀ ਕਿਹਾ ਜਾਂਦਾ ਹੈ, ਦੀ ਵਿਸ਼ਾਲ ਪਾਰਕਿੰਗ ਵਿਚ ਕਲੱਬ ਵੱਲੋਂ ਕਿਲੋਮੀਟਰ 10 ਕਿਲੋਮੀਟਰ ਰੱਨ-ਕਮ-ਵਾਕ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਵਿਚ ਕਲੱਬ ਦੇ ਲੱਗਭੱਗ ਦੋ ਦਰਜਨ ਮੈਂਬਰ ਸ਼ਾਮਲ ਹੋਏ ਸਨ ਅਤੇ ਦਰਜਨ ਤੋਂ ਵਧੀਕ ਹੋਰਨਾਂ ਨੇ ਵੱਖ ਵੱਖ ਥਾਵਾਂ ‘ਤੇ ਦੌੜ ਕੇ ਅਮਨ ਪਿਰਾਨੀ ਨਾਲ ਸਬੰਧਿਤ ਇਸ ਯਾਦਗਾਰੀ ਈਵੈਂਟ ਵਿਚ ਭਾਗ ਲਿਆ ਅਤੇ ਉਸ ਪਰਾਨੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਉਹ ਰੈਕਸਡੇਲ ਗੁਰੂਘਰ ਦੇ ਆਲੇ-ਦੁਆਲੇ ਦੀਆਂ ਸੜਕਾਂ ਤੇ ਸਟਰੀਟਾਂ ਵੈੱਸਟਮੋਰ ਡਰਾਈਵ, ਕੈਰੀਅਰ ਡਰਾਈਵ, ਐਲਬੀਅਨ ਡਰਾਈਵ, ਫਿੰਚ ਸਟਰੀਟ ਅਤੇ ਹਾਈਵੇਵ-27 ਦਾ ਚੱਕਰ ਲਗਾਉਂਦੇ ਹੋਏ ਵਾਪਸ ਇਸ ਗੁਰੂਘਰ ਦੀ ਪਾਰਕਿੰਗ ਵਿਚ ਪਹੁੰਚੇ।
ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਿਚ ਸਰਗ਼ਰਮ ਵਾਲੰਟੀਅਰਾਂ ਅਮਨ ਪਿਰਾਨੀ ਦੇ ਸਾਥੀਆਂ ਤਨਜੋਤ, ਜਗਦੀਪ, ਅਮਨ, ਤਨਵੀਰ, ਪਰਮਜੋਤ ਅਤੇ ਪਵਨ ਨੇ ਆਪਣੇ ਇਕ ਰਲਵੇਂ-ਮਿਲਵੇਂ ਸਾਂਝੇ ਸੰਦੇਸ਼ ਵਿਚ ਆਪਣੇ ਇਸ ਸਾਥੀ ਨੂੰ ਭਰਪੂਰ ਸ਼ਰਧਾਂਜਲੀ ਭੇਂਟ ਕੀਤੀ ਹੈ।
ਉਹ ਲਿਖਦੇ ਹਨ:
”ਪਿਛਲੇ ਮਹੀਨੇ 24 ਮਈ ਨੂੰ ਹੋਣੀ ਨੇ ਸਾਡੇ ਪਿਆਰੇ ਸਾਥੀ ਅਮਨ ਪਿਰਾਨੀ ਨੂੰ ਸਾਡੇ ਕੋਲੋਂ ਸਦਾ ਲਈ ਦੂਰ ਕਰ ਦਿੱਤਾ ਹੈ। ਅਮਨ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਡੇਸ਼ਨ ਦਾ ਅਤੀ ਸਰਗ਼ਰਮ ਵਾਲੰਟੀਅਰ ਸੀ ਅਤੇ ਉਹ ਫ਼ਾਂਊਡੇਸਨ ਦੀ ਹਰੇਕ ਸਰਗ਼ਰਮੀ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਸ ਨੇ 1999 ਵਿਚ ਟੋਰਾਂਟੋ ਤੋਂ ਔਟਵਾ ਤੀਕ ਹੋਈ ਲੰਮੀ ਸਮੂਹਿਕ ਦੌੜ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਸੀ ਅਤੇ ਇਸ ਤੋਂ 10 ਸਾਲ ਬਾਅਦ 2009 ਵਿਚ ਫਾਊਂਡੇਸ਼ਨ ਵੱਲੋਂ ਕੈਨੇਡਾ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੀਕ ਕਰਵਾਈ ਗਈ ‘ਕੈਨੇਡਾ ਰੀਲੇਅ ਰੇਸ’ ਵਿਚ ਵੀ ਹਿੱਸਾ ਲਿਆ। ਉਹ ਫਾਊਂਡੇਸ਼ਨ ਵੱਲੋਂ ਹਰ ਸਾਲ ਮਈ ਮਹੀਨੇ ਦੇ ਤੀਸਰੇ ਐਤਵਾਰ ਨੂੰ ਕਰਵਾਈ ਜਾਂਦੀ ‘ਇੰਸਪੀਰੇਸ਼ਨਲ ਸਟੈੱਪਸ’ ਵਿਚ ਆਪਣੇ ਸਾਥੀਆਂ ਦੇ ਨਾਲ ਹਿੱਸਾ ਲੈਂਦਾ ਸੀ।”
ਕੋਰੋਨਾ ਵਾਇਰਸ ਦੀ ਚੱਲ ਰਹੀ ਅਜੋਕੀ ਸਥਿਤੀ ਨੂੰ ਮੁੱਖ ਰੱਖਦਿਆਂ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਮੈਂਬਰ ਪਹਿਲਾਂ ਵਾਂਗ ਸਮੂਹਿਕ ਰੂਪ ਵਿਚ ਤਾਂ ਅਮਨ ਪਿਰਾਨੀ ਦੀ ਯਾਦ ਵਿਚ ਲੰਮੀ ਦੌੜ ਦਾ ਆਯੋਜਨ ਨਾ ਕਰ ਸਕੇ ਪਰ ਉਨ੍ਹਾਂ ਨੇ ਆਪੋ ਆਪਣੇ ਘਰਾਂ ਦੇ ਨੇੜੇ ਨਿਸ਼ਚਤ ਕੀਤੇ ਗਏ ਸਮੇਂ ‘ਤੇ ਮਾਸਕ ਪਾ ਕੇ 5 ਕਿਲੋਮੀਟਰ ਦੌੜ ਕੇ ਉਸ ਨੂੰ ਭਰਪੂਰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਗਿਆ। ਇਸ ਵਿਚ ਅਮਨ ਪਿਰਾਨੀ ਦੇ ਮਾਪਿਆਂ, ਪਰਿਵਾਰਿਕ ਮੈਂਬਰਾਂ ਅਤੇ ਹੋਰਨਾਂ ਕਮਿਊਨਿਟੀਆਂ ਦੇ ਮੈਂਬਰਾਂ ਵੱਲੋਂ ਵੀ ਆਪਣੀ ਸ਼ਮੂਲੀਅਤ ਕੀਤੀ ਗਈ।
ਅਮਨ ਦੇ ਸਾਥੀ ਦੱਸਦੇ ਹਨ ਕਿ ਅਮਨ ਇਕ ਬਹੁਤ ਹੀ ਪਿਆਰੀ ਸ਼ਖ਼ਸੀਅਤ ਸੀ। ਉਹ ਹਰ ਵੇਲੇ ਹਸੂੰ-ਹਸੂੰ ਕਰਦਾ ਅਤੇ ਮੁਸਕਰਾਉਂਦਾ ਨਜ਼ਰ ਆਉਂਦਾ ਸੀ। ਉਹ ਕਦੇ ਵੀ ਫਾਊਂਡੇਸ਼ਨ ਦੀ ਕਿਸੇ ਵੀ ਸਰਗ਼ਰਮੀ ਤੋਂ ਗ਼ੈਰ-ਹਾਜ਼ਰ ਨਹੀਂ ਹੋਇਆ ਸੀ ਅਤੇ ਹਮੇਸ਼ਾ ਅੱਗੇ ਹੋ ਕੇ ਕੰਮ ਕਰਦਾ ਸੀ। ਕਿਸੇ ਦੀ ਮਦਦ ਕਰਨ ਲਈ ਉਹ ਹਰ ਵੇਲੇ ਤਿਆਰ-ਬਰ-ਤਿਆਰ ਰਹਿੰਦਾ ਸੀ। ਉਹ ਕਹਿੰਦੇ ਹਨ, ”ਅਸੀਂ ਅਮਨ ਨੂੰ ਹਮੇਸ਼ਾ ਯਾਦ ਰੱਖਾਂਗੇ ਅਤੇ ਉਸ ਵੱਲੋਂ ਕੀਤੇ ਗਏ ਕਾਰਜਾਂ ਤੋਂ ਪ੍ਰੇਰਨਾ ਲੈਂਦੇ ਰਹਾਂਗੇ। ਮੁਸ਼ਕਲ ਭਾਵੇਂ ਕਿੱਨੀ ਹੀ ਵੱਡੀ ਹੋਵੇ, ਉਸ ਨੂੰ ਬੁਲੰਦ ਹੌਸਲੇ ਅਤੇ ਅਮਨ ਵਰਗੇ ਅਗਾਂਹ-ਵਧੂ ਸਾਥੀ ਤੋਂ ਮਿਲੀ ਪ੍ਰੇਰਨਾ ਨਾਲ ਹੱਲ ਕੀਤਾ ਜਾ ਸਕਦਾ ਹੈ ਅਸੀਂ ਇੰਜ ਕਰਦੇ ਰਹਾਂਗੇ।”
ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਫ਼ੈੱਡਰੇਸ਼ਨ ਦੇ ਸੀਨੀਅਰ ਸੰਚਾਲਕਾਂ ਪਰਮਜੀਤ ਸਿੰਘ ਢਿੱਲੋਂ ਅਤੇ ਹਰਦੇਵ ਸਿੰਘ ਸਮਰਾ ਵੱਲੋਂ ਵੀ ਅਮਨ ਪਿਰਾਨੀ ਦੇ ਸਦੀਵੀ-ਵਿਛੋੜੇ ઑਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ, ”ਅਮਨ ਪਿਰਾਨੀ ਦੇ ਇਸ ਤਰ੍ਹਾਂ ਚੜ੍ਹਦੀ ਜਵਾਨੀ ਉਮਰੇ ਚਲੇ ਜਾਣ ਨਾਲ ਫੈ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਮੈਂਬਰਾਂ ਨੂੰ ਉਸ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।”
-ਡਾ. ਸੁਖਦੇਵ ਸਿੰਘ ਝੰਡ
ਫ਼ੋਨ: 84377-27375