ਅਜੀਤ ਸਿੰਘ ਰੱਖੜਾ
ਸਭ ਧਰਮਾਂ ਨੇ ਮਾਤਾ ਪਿਤਾ ਦੇ ਰਿਸ਼ਤੇ ਨੂੰ ਬਹੁਤ ਅਹਿਮ ਕਿਹਾ ਕਿਹਾ ਹੈ। ਗੁਰੂ ਨਾਨਕ ਦੇਵ ਜੀ ਅਤੇ ਬਾਕੀ ਸਿੱਖ ਗੁਰੂਆਂ ਨੇ ਅਨੇਕਾਂ ਸ਼ਬਦ ਇਸ ਰਿਸ਼ਤੇ ਬਾਰੇ ਰਚੇ ਹਨ। ‘ਮਾਤਾ ਪੁਤਾ ਕੀ ਅਸੀਸ, ਨਿਮਖ ਨਾ ਵਿਸਰੋ ਹਰਿ ਹਰਿ, ਸਦਾ ਭਜੋ ਜਗਦੀਸ਼’ ਸ਼ਬਦ ਬੜਾ ਕਰੁਣਾ ਮਈ ਹੈ, ਇਸ ਪੱਖੋਂ। ਹਿੰਦੂ ਧਰਮ ਤਾਂ ਇਸ ਰਿਸ਼ਤੇ ਉਪਰ ਬਹੁਤ ਖੋਜ ਵੀ ਰੱਖਦਾ ਹੈ। ਹਿੰਦੂ ਮਹਾਪੁਰਖਾਂ ਨੇ ਮਾਤਾ ਪਿਤਾ ਨੂੰ ਦੇਵਤੇ ਆਖਿਆ ਹੈ। ਅਨੇਕਾਂ ਸਾਖੀਆਂ ਹਨ ਅਤੇ ਸਾਬਤ ਕੀਤਾ ਗਿਆ ਹੈ ਕਿ ਉਹ ਦੇਵਤੇ ਕਿਉਂ ਹਨ। ਸਰਵਣ ਪੁੱਤਰ ਦੀ ਕਹਾਣੀ ਹਜਾਰਾਂ ਸਾਲਾ ਤੋਂ ਬੱਚਿਆਂ ਲਈ ਪ੍ਰੇਰਣਾ ਸਰੋਤ ਰਹੀ ਹੈ। ਹਿੰਦੂ ਧਰਮ ਦੱਸਦਾ ਹੈ ਕਿ ਬੱਚਿਆਂ ਵਾਸਤੇ ਮਾਤਾ ਪਿਤਾ ਦੀ ਸ਼ੁਭਕਾਮਨਾ ਬੱਚਿਆਂ ਦੇ ਚੰਗੇ ਭਵਿਖ ਲਈ ਕਿਵੇਂ ਕਾਰਜ ਕਰਦੀ ਹੈ। ਹਿੰਦੂ ਧਰਮ ਤਾਂ ਇਸ ਹੱਦ ਤੱਕ ਵੀ ਗੱਲ ਕਰਦਾ ਹੈ ਕਿ ਮਾਤਾ ਪਿਤਾ ਦੀ ਬੱਚਿਆਂ ਵਾਸਤੇ ਦੁਰ ਅਸੀਸ ਦੇ ਬੁਰੇ ਅਸਰਾਂ ਦਾ ਕੋਈ ਤੋੜ ਨਹੀਂ ਹੁੰਦਾ। ‘ਪਿਤਰ-ਦੋਸ਼’ ਕਾਰਣ ਬੱਚਿਆਂ ਨੂੰ ਐਸੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ, ਜਿਨ੍ਹਾਂ ਦਾ ਮੈਡੀਕਲ ਗਿਆਨ ਵਿਚ ਕੋਈ ਇਲਾਜ ਨਹੀਂ ਮਿਲਦਾ। ਆਮ ਜੀਵਨ ਵਿਚ ਮਾਪਿਆਂ ਤੋਂ ਟੁਟ ਚੁੱਕੇ ਬੱਚੇ ਸਾਧਾਰਣ ਨਹੀਂ ਰਹਿ ਜਾਂਦੇ। ਉਨ੍ਹਾਂ ਦਾ ਜੀਵਨ ਅਮੋੜ ਪੇਚੀਦਗੀਆਂ ਦਾ ਕੇਂਦਰ ਬਣ ਜਾਂਦਾ ਹੈ। ਅਜਿਹਾ ਕਿਓਂ ਹੈ? ਆਓ ਇਸਦੀ ਵਿਗਿਆਨਿਕ ਵਿਆਖਿਆ ਬਾਰੇ ਜਾਨਣ ਦੀ ਕੋਸ਼ਿਸ਼ ਕਰੀਏ।
ਹਿੰਦੂ ਧਰਮ ਅਤੇ ਵਿਗਿਆਨ, ਦੋਨੋ ਸਕੂਲ, ਇਸ ਗੱਲ ਨਾਲ ਸਹਿਮਤ ਹਨ ਕਿ ਸੰਸਾਰ ਵਿਚ ਕੁਝ ਵੀ ਵਖ ਵਖ ਨਹੀਂ ਹੈ। ਸਭ ਕੁਝ ਇਕ ਦੂਸਰੇ ਨਾਲ ਜੁੜਿਆ ਪਿਆ ਹੈ। ਸਾਰੀ ਕਾਇਨਾਤ, ਇਕ ਜੀਵਤ ਸਰੀਰ ਦੀ ਤਰ੍ਹਾਂ ਹੈ। ਇਕ ਬੋਹੜ ਦੇ ਬਰਿਖ ਦਾ ਪੱਤਾ ਪੱਤਾ ਜੜ੍ਹਾਂ ਨਾਲ ਜੁੜਿਆ ਹੁੰਦਾ ਹੈ। ਬੰਦੇ ਦਾ ਸਰੀਰ ਬਾਵਜੂਦ ਵਖ ਵਖ ਅੰਗਾ ਦਾ ਬਣਿਆ ਹੋਣ ਦੇ ਇਕ ਇਕਾਈ ਦੀ ਤਰ੍ਹਾਂ ਕਾਰਜ ਕਰਦਾ ਹੈ। ਸਿਰ ਦੇ ਵਾਲ ਜਾਂ ਨਾਖੁਨ ਕਟਣ ਤਕ ਦੀ ਖਬਰ ਸਾਡੇ ਇਕ ਇਕ ਸੈਲ ਨੂੰ ਰਹਿੰਦੀ ਹੈ। ਪੈਰ ਵਿਚ ਕੰਡਾ ਚੁਭ ਜਾਵੇ ਤਾਂ ਹਾਥੀ ਵਰਗੇ ਸਰੀਰ ਵਿਚ ਵੀ ਖੜੋਤ ਆ ਜਾਂਦੀ ਹੈ ਅਤੇ ਸਾਰਾ ਸਰੀਰ ਤਲਖ ਹੋ ਜਾਂਦਾ ਹੈ। ਇਹੀ ਹਾਲਤ ਕੁਲ ਬਰਿਹਮੰਡ ਦੀ ਹੈ। ਸੂਰਜ ਉਪਰ ਹੋਣ ਵਾਲੀ ਉਥਲ ਪੁਥਲ ਸਾਰੇ ਸੂਰਜੀ ਮੰਡਲ ਵਿਚ ਅਸਰਦਰਾਜ਼ ਹੋ ਜਾਂਦੀ ਹੈ। ਧਰਤੀ ਦੇ ਜਨ ਜੀਵਨ ਤਕ ਨੂੰ ਪ੍ਰਭਾਵਿਤ ਕਰਦੀ ਹੈ। ਗਗਨ ਮਈ ਚੰਦ ਤਾਰਿਆ ਦੀ ਗਰਦਿਸ਼ ਧਰਤੀ ਦੇ ਜੀਵਾਂ ਉਪਰ ਅਸਰ ਰਖਦੀ ਹੈ। ਪੰਡਿਤ ਵਿਦਿਆ ਦਾ ਵਿਸਥਾਰ ਇਸੇ ਥੀਊਰੀ ਨਾਲ ਹੋਇਆ ਸੀ, ਜਿਸ ਨੂੰ ਹਜਾਰਾਂ ਸਾਲਾਂ ਤੋਂ ਕੁਲ ਦੁਨੀਆਂ ਸਵੀਕਾਰ ਕਰਦੀ ਆ ਰਹੀ ਹੈ।
ਜੋ ਕੁਝ ਵੀ ਦਿਖਦੇ ਸੰਸਾਰ ਵਿਚ ਮੂਰਤੀ ਮਾਨ ਹੈ, ਇਸੇ ਤਰ੍ਹਾਂ ਦਾ ਸਭ ਕੁਝ ਅਦਿਖ ਜਾਂ ਸੂਖਮ ਸੰਸਾਰ ਵਿਚ ਵੀ ਚਲ ਰਿਹਾ ਹੈ। ਮਿਸਾਲ ਲਈ ਜਿਵੇਂ ਇਕ ਸੁਰਜ ਦੇ ਦੁਆਲੇ ਇਸਦੇ ਉਪ ਗਰਿਹ ਗਰਦਿਸ਼ ਕਰਦੇ ਹਨ, ਬਿਲਕੁਲ ਇਵੇਂ ਹੀ ਪਦਾਰਥ ਦੇ ਹਰ ਐਟਮ ਵਿਚ ਨੀਊਕਲਿਸ ਦੇ ਦੁਆਲੇ ਅਲੈਕਟਰੋਨ ਅਤੇ ਪ੍ਰੋਟੋਨ ਗਰਦਿਸ਼ ਕਰਦੇ ਹਨ। ਜੀਵਾਂ ਦੇ ਸਰੀਰ ਦਾ ਨਿਕੇ ਤੋਂ ਨਿਕਾ ਭਾਗ ਸੈਲ ਅਖਵਾਉਂਦਾ ਹੈ, ਜਿਸ ਵਿਚ ਵੀ ਇਕ ਨਿਓੂਕਲਸ ਹੁੰਦੀ ਹੈ। ਹਰ ਸੈਲ ਵਿਚ ਆਪਣੀ ਆਪਣੀ ਊਰਜਾ ਅਤੇ ਚੇਤਨਾ ਹੁੰਦੀ ਹੈ। ਜੀਵਤ ਚੀਜ਼ਾਂ ਵਿਚ ਸਭ ਤੋਂ ਵਧ ਤੇਜ਼ੀ ਨਾਲ ਪੁੰਗਰਣ ਵਾਲਾ ਜੀਵ, ਸੈਲ ਹੀ ਹੈ। ਤੁਸੀਂ ਹੈਰਾਨ ਰਹਿ ਜਾਵੋਗੇ ਇਸ ਸੱਚ ਨਾਲ ਕਿ ਇਸਦੀ ਪੈਦਾਇਸ਼ ਵੀ ਸੁਰਜ ਅਤੇ ਇਸਦੀਆਂ ਧਰਤੀਆਂ ਵਾਂਗ ਹੀ ਹੁੰਦੀ ਹੈ। ਜਿਵੇਂ ਕਰੋੜਾਂ ਸਾਲ ਪਹਿਲਾਂ ਸੂਰਜ ਦੀ ਗਰਦਿਸ਼ ਵਿਚੋਂ ਇਸਦੇ 9 ਗਰਿਹ ਬਣੇ ਸਨ, ਬਿਲਕੁਲ ਇਵੇਂ ਹੀ ਇਕਜੀਵਤ ਸੈਲ, ਦੋ ਸੈਲਾਂ ਵਿਚ, ਅਤੇ ਦੋ, ਚਾਰਾਂ ਵਿਚ ਵਟਦੇ ਰਹਿੰਦੇ ਹਨ। ਫਰਕ ਕੇਵਲ ਸਮੇ ਦਾ ਹੈ। ਧਰਤੀਆਂ ਕਰੋੜਾ ਸਾਲਾਂ ਵਿਚ ਅਤੇ ਸੈਲ ਸਕਿੰਟਾਂ ਵਿਚ ਇਕ ਤੋਂ ਦੋ ਹੋ ਜਾਂਦੇ ਹਨ। ਦੋਨੋ ਹਾਲਾਤਾਂ ਵਿਚ ਕਾਰਜ ਵਿਧੀ ਇਕੇ ਹੈ ਅਤੇ ਉਹ ਹੈ-ਗਰਦਿਸ਼। ਜਿਹੜੇ ਨਿਕੇ ਭਾਗਾਂ ਵਿਚ ਚੇਤਨਾ ਅੰਸ਼ ਤਿਖਾ ਹੈ, ਉਹ ਸੈਲ ਹਨ ਜਿਨ੍ਹਾਂ ਵਿਚ ਚੇਤਨਾ ਅੰਸ਼ ਕਮਯੋਰ ਹੈ ਉਹ ਐਟਮ ਹਨ। ਹੁਣ ਤਾਂ ਗਲ, ਇਸ ਤੋਂ ਵੀ ਅਗੇ ਨਿਕਲ ਗਈ ਹੈ। ਹੁਣ ਪਦਾਰਥ ਦੇ ਨਿਕੇ ਤੋਂ ਨਿਕੇ ਅਣੂ ਨੂੰ ਕੁਆਰਕ ਜਿਹਾ ਜਾ ਰਿਹਾ ਹੈ ਅਤੇ ਇਹ ਅੰਸ਼ ਜੀਵਾਂ ਅਤੇ ਨਿਰਜੀਵਾਂ ਵਿਚ ਇਕੇ ਤਰ੍ਹਾਂ ਦਿਖ ਰਹੇ ਹਨ। ਇਸੇ ਡੂੰਘਾਈ ਨੂੰ ਸ਼ਾਇਦ ਪ੍ਰਮਾਤਮਾ ਕਿਹਾ ਜਾਂਦੈ। ਐਸਟਰੋਨੋਮੀ ਸਾਇੰਸ ਨੇ ਇਕ ਅਜੀਬ ਸਚ ਨੂੰ ਲਭਿਆ ਹੈ ਕਿ ਬ੍ਰਹਿਮੰਡ ਵਿਚ ਕੁਝ ਧਰਤੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਉਪ ਗਰਿਹਾਂ ਅਤੇ ਮਾਂ-ਗਰਿਹਾਂ ਦੇ ਵਿਚਕਾਰ ਇਕ ਊਰਜਾ ਚਕਰ (ਰਿੰਗ) ਵੇਖਿਆ ਗਿਆ ਹੈ। ਇਹ ਇਕ ਐਸੀ ਸਨਸਨੀਖੇਜ਼ ਉਪਲਭਤੀ ਹੈ ਜੋ ਇਕਮਹਾਨ ਸਚ ਨੂੰ ਮੰਨਣ ਲਈ ਕਾਫੀ ਹੈ ਕਿ ‘ਜੀਵਤ ਚੀਜ਼ਾਂ ਵਿਚ ਵੀ ਇਹੀ ਉਰਜਾ ਚਕਰ ਹੁੰਦਾ ਹੈ’। ਗੁਰਬਾਣੀ ਵਿਚ ਇਸਦੀ ਮਿਸਾਲ ਹੈ। ਬਰਫੀਲੇ ਮੌਸਮ ਵਿਚ ਸਾਇਬੇਰੀਆ ਜਾਂ ਦੂਸਰੇ ਠੰਡੇ ਖੇਤਰਾਂ ਵਿਚੋਂ ਜੋ ਕੂੰਜਾਂ ਉਡ ਕੇ ਭਾਰਤੀ ਜਾਂ ਦੂਸਰੇ ਇਲਾਕਿਆਂ ਵਿਚ ਪਾਣੀ-ਤਾਲਾਸ਼ ਲਈ ਪਹੁੰਚਦੀਆਂ ਹਨ, ਉਹ ਆਪਣੇ ਪਿਛੇ ਆਂਡੇ ਦੇਕੇ ਆਉਂਦੀਆਂ ਹਨ। ਹੁੰਦੀਆਂ ਉਹ ਹਜਾਰਾਂ ਮੀਲ ਦੂਰ ਹਨ ਪਰ ਸੋਚ ਉਨ੍ਹਾਂ ਦੀ ਆਪਣੇ ਆਂਡਿਆਂ ਵਿਚ ਹੁੰਦੀ ਹੈ ਜੋ ਆਂਡਿਆਂ ਨੂੰ ਠੀਕ ਰੱਖਣ ਵਿਚ ਮਦਤ ਕਰਦੀ ਹੈ। ‘ਸੋਚ’ ਜਾਂ ਚਿਤਵਨ ਸਿਵਾਏ ਊਰਜਾ ਦੇ ਹੋਰ ਕੁਝ ਨਹੀਂ ਹੁੰਦਾ। ਇਹੀ ਚਿਤਵਨ ਮਾਂ ਦੇ ਗਰਬ ਵਿਚ ਬਚੇ ਦਾ ਪਾਲਣ ਪੋਸ਼ਣ ਕਰਦੀ ਹੈ। ਇਹੀ ਸੋਚ ਪਰਿਵਾਰਾਂ ਨੂੰ ਇਕੱਠਿਆਂ ਰਹਿਣ ਦਾ ਬਲ ਬਖਸ਼ਦੀ ਹੈ। ਕੋਈ ਵਿਸ਼ੇਸ਼ ਪਰਿਵਾਰਿਕ ‘ਸੋਚ’ ਉਸ ਕੁਨਬੇ ਦਾ ਪ੍ਰਤੀਕ ਬਣ ਜਾਂਦੀ ਹੈ। ਇਸੇ ਸੋਚ ਵਿਸਥਾਰ ਨੂੰ ‘ਕਲਚਰ’ ਦਾ ਨਾਮ ਦਿਤਾ ਗਿਆ ਹੈ। ਕਲਚਰ ਇਕ ਇਕ ਬੰਦੇ ਦੀ, ਇਕ ਪ੍ਰੀਵਾਰ ਦੀ ਅਤੇ ਇਕ ਮੁਲਕ ਦੀ ਹੋ ਸਕਦੀ ਹੈ। ਕੌਮੀ ਕਲਚਰ ਵਿਚ ਉਸ ਕੌਮ ਦੇ ਵਡੇਰੇ ਦੀ ਨਿਜੀ ਕਲਚਰ ਦੇ ਸਭ ਅੰਸ਼ ਮਿਲਦੇ ਹਨ। ਮਹਾਨ ਯੋਧੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਜੀ ਕਲਚਰ ਅੱਜ ਪੰਥ ਦੀ ਜਿੰਦ ਜਾਨ ਹੈ। ਨਿਰੰਕਾਰੀ ਬਾਬੇ ਅਵਤਾਰ ਸਿੰਘ ਦੇ ਅਜੋਕੇ ਹਜਾਰਾਂ ਅਨੁਆਈ, ਉਸਦੀ ਪਰਿਵਾਰਿਕ ਕਲਚਰ ਵਾਂਗ ਅਜ ਵੀ ਇਕ ਦੁਸਰੇ ਦੇ ਮੂੰਹ ਵਿਚ ਪਿਆਰ ਵਜੋ ਬੁਰਕੀਆਂ ਪਾਉਂਦੇ ਵੇਖੇ ਜਾ ਸਕਦੇ ਹਨ। ਨਹਿਰੂ ਦੀ ਕਸ਼ਮੀਰੀ ਟੋਪੀ ਅਤੇ ਗਾਂਧੀ ਦਾ ਬੁਣਿਆ ਖੱਡੀ ਖੱਦਰ ਕਾਂਗਰਸ ਦੀ ਪਹਿਚਾਣ ਬਣ ਗਏ ਸਨ।
ਐਥੇ ਇਕ ਗੱਲ ਕਰਨੀ ਬੜਾ ਜ਼ਰੂਰੀ ਹੈ ਕਿ ਕੁਦਰਤ ਦੇ ਨਿਜ਼ਾਮ ਵਾਲੇ ਕਨੂੰਨ ਬੜੇ ਸਖਤ ਹੁੰਦੇ ਹਨ। ਜੀਵ ਰਚਨਾ ਵਿਚ ਕੋਈ ਦਖਲ ਅੰਦਾਜ਼ੀ ਕੁਦਰਤ ਨੂੰ ਗਵਾਰਾ ਨਹੀਂ ਹੁੰਦੀ। ਇਕ ਬੀਜ ਜਾਂ ਇਕ ਅੰਡੇ ਦੀ ਉਪਜ ਕ੍ਰਿਆ ਵਿਚ ਕੋਈ ਬਦਲਾਵ ਕਰ ਦਿਤਾ ਜਾਵੇ ਤਾਂ ਕੁਦਰਤ ਨਾਰਾਜ਼ ਹੋ ਜਾਂਦੀ ਹੈ। ਕੁਝ ਨਹੀਂ ਘਟਤ ਹੁੰਦਾ। ਕਣਕ ਦਾ ਬੀਜ ਨਵੰਬਰ ਦਸੰਬਰ ਵਿਚ ਬੀਜੋ ਤਾਂ ਨਹੀਂ ਉਗਦਾ। ਫਰਿਜ ਵਿਚ ਰਖੇ ਅੰਡੇ ਵਿਚੋਂ ਚੂਚਾ ਨਹੀਂ ਨਿਕਲ ਸਕਦਾ। ਮੁਰਗੀ ਦੇ ਸਰੀਰ ਦੀ ਤਪਸ਼ ਜ਼ਰੂਰੀ ਹੈ। ਇਸੇ ਤਰ੍ਹਾਂ ਇਕ ਚੰਗੇ ਇਨਸਾਨ ਬਣਨ ਲਈ ਕੁਝ ਵਿਸ਼ੇਸ਼ ਜ਼ਰੂਰਤਾਂ ਹੁੰਦੀਆਂ ਹਨ ਜੋ ਨਾ ਮਿਲਣ ਤਾਂ ਬੰਦਾ ਸਹੀ ਵਿਕਸਤ ਨਹੀਂ ਹੋ ਸਕਦਾ। ਇਨ੍ਹਾਂ ਜਰੂਰਤਾਂ ਵਿਚ ਮਾਂ ਦਾ ਨਰੋਆ ਸਰੀਰ ਅਤੇ ਇਕ ਮੌਲਿਕ ਅਤੇ ਸੁਹਾਵਣਾ ਪ੍ਰੀਵਾਰਕ ਮਹੌਲ ਮਿਲਣਾ ਜਰੂਰੀ ਹੁੰਦਾ ਹੈ। ਮਾਤਾ ਪਿਤਾ ਦਾ ਸਨੇਹ ਮਿਲਣਾ ਜਰੂਰੀ ਹੁੰਦਾ ਹੈ ਅਤੇ ਸਹੀ ਮਾਰਗ ਦਰਸ਼ਣ ਮਿਲਣਾ ਅਹਿਮ ਹੁੰਦਾ ਹੈ। ਵਰਨਾ ਬੰਦਾ ਖਬੇ ਪਖੀ ਬਣ ਜਾਂਦਾ ਹੈ, ਅਵੈੜ ਹੋ ਜਾਂਦਾ ਹੈ ਜਾਂ ਆਪਣੇ ਆਲੇ ਦੁਆਲੇ ਲਈ ਇਕ ਸਿਰਦਰਦੀ ਬਣ ਜਾਂਦਾ ਹੈ। ਅਜਿਹੇ ਮਹੌਲੀ ਲੋਕ ਕਿਸੇ ਦੇ ਮਿਤ ਨਹੀਂ ਹੁੰਦੇ, ਹਰ ਚੰਗੇ ਕੰਮ ਦੇ ਵਿਰੋਧੀ ਅਤੇ ਅਪਮਾਨਜਨਕੀ ਬਣੇ ਰਹਿੰਦੇ ਹਨ। ਸਾਫ ਹੋ ਗਿਆ ਕਿ ਅਸੀਂ ਕਦੇ ਵੀ ਇਕ ਵਖਰੀ ਹਸਤੀ ਨਹੀਂ ਹਾਂ। ਸਗੋਂ ਇਕ ਵਿਸ਼ਾਲ ਸਰੀਰ ਦਾ ਇਕ ਨਿਕਾ ਜਿਹਾ ਕਿਣਕਾਂ ਹਾਂ, ਜਾਂ ਕਹਿ ਲਵੋ ਪੁਰਜਾ ਹਾਂ। ਸਾਡਾ ਦਰਦ ਸੰਸਾਰ ਦਾ ਦਰਦ ਹੈ, ਅਤੇ ਸੰਸਾਰ ਦਾ ਦਰਦ ਅਸੀਂ ਖੁਦ ਹਾਂ। ਇਸ ਵਿਸ਼ਾਲ ਅਤੇ ਵਿਆਪਕ ਜੋੜ ਦਾ ਸਭ ਤੋਂ ਨੇੜੇ ਦਾ ਰਿਸ਼ਤਾ ‘ਜੀਵ’ ਦੇ ਮਾਤਾ ਪਿਤਾ ਅਤੇ ਉਸਦੇ ‘ਬਚਿਆ’ ਵਿਚਕਾਰ ਹੁੰਦਾ ਹੈ। ਮਾਤਾ ਪਿਤਾ ਅਤੇ ਬਚਿਆਂ ਵਿਚਕਾਰ ਇਕ ਊਰਜਾ ਚਕਰ ਹਰਦਮ ਗਤੀਸ਼ੀਲ ਰਹਿੰਦਾ ਹੈ। ਜੋ ਲੋਕ ਇਨ੍ਹਾਂ ਬ੍ਰੀਕੀਆਂ ਨੂੰ ਸਮਝਦੇ ਹਨ ਉਹ ਕਦੇ ਵੀ ਆਪਣੇ ਮਾਤਾ ਪਿਤਾ ਤੋਂ ਬੇਮੁਖ ਨਹੀਂ ਹੁੰਦੇ। ਜੋ ਮਾਪੇ ਇਨ੍ਹਾਂ ਬਰੀਕੀਆਂ ਤੋਂ ਜਾਣੂ ਹੁੰਦੇ ਹਨ, ਉਹ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਸੋਚਦੇ। ਇਕ ਸੰਤੁਲਤ ਪਰਿਵਾਰਿਕ ਰਿਸ਼ਤਾ, ਉਸ ਪਰਿਵਾਰ ਦੀ ਖੁਸ਼ਹਾਲੀ ਦੀ ਗ੍ਰੰਟੀ ਹੁੰਦਾ ਹੈ। ਦੁਨੀਆਂ ਵਿਚ ਤਰਕ ਦੇ ਨਾਮ ਉਪਰ ਜੋ ਲੋਕ ਮਾਂ ਪਿਓ ਨੂੰ ਦੁਖੀ ਰਖਦੇ ਹਨ ਜਾਂ ਜੋ ਮਾਂ ਬਾਪ ਬੱਚਿਆਂ ਦੇ ਦੋਖੀ ਹਨ ਉਹ ਸੰਸਾਰ ਦੇ ਫਲਸਫੇ ਨੂੰ ਦੂਸ਼ਤ ਕਰਨ ਦੇ ਭਾਗੀਦਾਰ ਹਨ।ਸਾਡੀ ਨਿਜੀ ਸੋਚ ਸਾਡੀ ਨਿਜੀ ਚਿਤਵਨ ਸਾਡੇ ਬਾਲ ਬਚਿਆਂ ਵਿਚ ਅਦਿਖ ਊਰਜਾ ਰਾਹੀ ਹਮੇਸ਼ਾ ਸੰਚਾਰਤ ਹੁੰਦੀ ਰਹਿੰਦੀ ਹੈ। ਧਰਤੀ ਉਪਰ ਜੰਮਿਆ ਇਕ ਇਕ ਬੰਦਾ ਇਕ ਇਕ ਕੌਮ ਨੂੰ ਪੈਦਾ ਕਰਨ ਦੀ ਸ਼ਕਤੀ ਰਖਦਾ ਹੈ। ਸਾਡੇ ਸੰਸਕਾਰ ਬੱਚਿਆਂ ਵਿਚ ਬਿਨਾ ਸਮਝਾਇਆ ਖਿਲਰ ਜਾਂਦੇ ਹਨ। ਇਸ ਸਤਿਕਾਰ ਯੋਗ ‘ਦੈਵੀਕਾਰਜ ਵਿਧੀ’ ਵਿਚ ਵਿਘਨ ਪਉਣ ਵਾਲੇ ਲੋਕ ਮਨੁਖਤਾ ਦੇ ਖੇਮੇ ਘੋਰ ਅਪਰਾਧੀ ਹਨ।
Check Also
ਚਿੱਤਰ ਕਲਾ ਖੇਤਰ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਸ. ਜਰਨੈਲ ਸਿੰਘ ਆਰਟਿਸਟ ਦਾ ਦੇਹਾਂਤ
ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸਰਦਾਰ ਜਰਨੈਲ …