Breaking News
Home / ਨਜ਼ਰੀਆ / ਪੰਜਾਬ ਅੰਦਰ ਵਧ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ

ਪੰਜਾਬ ਅੰਦਰ ਵਧ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ

ਮੇਜਰ ਸਿੰਘ ਨਾਭਾ
ਪੰਜਾਬ ਵਿੱਚ ਰੋਜ਼ਾਨਾ ਕਈ ਕਈ ਨੌਜਵਾਨਾਂ ਦੇ ਆਤਮਹੱਤਿਆ ਕਰਨ ਦੀਆ ਖਬਰਾਂ ਅਖਬਾਰਾਂ ਦੇ ਪਹਿਲੇ ਪੰਨਿਆਂ ‘ਤੇ ਹੁੰਦੀਆਂ ਹਨ। ਇਹ ਬਹੁਤੇ ਕੇਸ ਨਸ਼ੇ ਨਾਲ ਸਬੰਧਤ ਹੁੰਦੇ ਹਨ। ਕਰਜ਼ੇ ਦੀ ਮਾਰ ਹੇਠ ਆਏ ਕਿਸਾਨ ਵੀ ਲਗਾਤਾਰ ਖੁਦਕਸ਼ੀਆਂ ਕਰ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰੀ ਨੌਕਰੀਆਂ ਲਈ ਹਰ ਮਹਿਕਮੇ ਵਿੱਚ ਦਰਵਾਜ਼ੇ ਤਕਰੀਬਨ ਬੰਦ ਹੁੰਦੇ ਦਿੱਸ ਰਹੇ ਹਨ। ਸਿੱਖਿਆ ਮਹਿਕਮੇ ਦੀ ਗੱਲ ਕਰੀਏ ਜੋ ਦੇਸ਼ ਦੇ ਨਾਗਰਿਕਾਂ ਨੂੰ ਗਿਆਨ ਦੇ ਨਾਲ ਨਾਲ ਉੱਚ ਸਿੱਖਿਆ ਦੇ ਕੇ ਦੁਨੀਆ ਵਿੱਚ ਦੇਸ਼ ਦਾ ਨਾਂ ਚਮਕਾਉਣ ਲਈ ਰੋਲ ਅਦਾ ਕਰਦਾ ਹੈ। ਪੰਜਾਬ ਅੰਦਰ ਉੱਚ ਵਿਦਿਆ ਦੇ ਰਹੇ ਸਰਕਾਰੀ ਕਾਲਜਾਂ ਅੰਦਰ ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਕਾਲਜ ਅਧਿਆਪਕਾਂ ਦੀ ਰੈਗੂਲਰ ਭਰਤੀ ਹੀ ਨਹੀਂ ਕੀਤੀ। ਏਨੀ ਮਹਿੰਗਾਈ ਦੇ ਸਮੇਂ ਲੰਮੇ ਸਮੇਂ ਤੋਂ ਕੰਮ ਕਰ ਰਹੇ ਐਡਹਾਕ ਅਧਿਆਪਕਾਂ ਨੂੰ ਸਿਰਫ 21600 ਰੁ: ਉੱਕਾ-ਪੁੱਕਾ ਦਿੱਤਾ ਜਾ ਰਿਹਾ ਹੈ ਜੋ ਕਿ ਇੱਕ ਪੱਕੇ ਸੇਵਾਦਾਰ ਦੀ ਤਨਖਾਹ ਤੋਂ ਵੀ ਘੱਟ ਹੈ। ਇਹ ਪਿਛਲੇ ਵੀਹ ਸਾਲਾਂ ‘ਚ ਰਾਜ ਕਰਨ ਵਾਲੀਆਂ ਸਰਕਾਰਾਂ ਦੇ ਆਪਣੇ ਆਪਣੇ ਸਮੇਂ ਦੌਰਾਨ ਵਿਕਾਸ ਦੇ ਸਬਜ਼ਬਾਗ ਦਿਖਾਉਣ ਵਾਲੀਆਂ ਸਰਕਾਰਾਂ ਲਈ ਸ਼ਰਮ ਵਾਲੀ ਗੱਲ ਹੈ। ਸਕੂਲਾਂ ਵਿੱਚ ਵੀ ਬਹੁਤ ਸਾਰੀਆਂ ਪੋਸਟਾਂ ਖਤਮ ਕਰਨ ਦੀਆਂ ਸਕੀਮਾਂ ਬਣ ਚੁੱਕੀਆਂ ਹਨ, ਹੌਲੀ-ਹੌਲੀ ਨਵੀਂ ਭਰਤੀ ਕਰਨ ‘ਚ ਖੜੌਤ ਆਉਣੀ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ ਹੀ ਹੋਰ ਮਹਿਕਮਿਆਂ ‘ਚ ਵੀ ਹੋ ਰਹਿਆ ਹੈ, ਸਿਰਫ ਠੇਕੇ ‘ਤੇ ਭਰਤੀ ਕਰਕੇ ਕੰਮ ਸਾਰਿਆ ਜਾ ਰਹਿਆ ਹੈ। ਇਸੇ ਕਾਰਨ ਪੰਜਾਬ ਦਾ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਉਲਝਦਾ ਨਜ਼ਰ ਆ ਰਿਹਾ ਹੈ।
ਕਿਸੇ ਰਾਜ ਦੇ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਥੋਂ ਦੇ ਲੋਕਾਂ ਦੀ ਪ੍ਰਤੀ ਜੀਅ ਆਮਦਨ ‘ਚ ਔਸਤ ਵਾਧਾ ਹੋਣਾ ਵੀ ਜ਼ਰੂਰੀ ਹੈ। ਵਿਕਾਸ ਦੀਆਂ ਗੱਲਾਂ ਤੋਂ ਤਕਰੀਬਨ ਚਾਰ ਦਹਾਕੇ ਪਹਿਲਾਂ ਮੁਲਾਜ਼ਮਾਂ ਨੂੰ ਜੇਕਰ ਐਡਹਾਕ ‘ਤੇ ਵੀ ਰੱਖਿਆ ਜਾਂਦਾ ਸੀ ਤਾਂ ਪੂਰੇ ਗਰੇਡ ‘ਚ ਤਨਖਾਹ ਮਿਲਦੀ ਸੀ। ਇਥੋਂ ਤੱਕ ਕਿ ਛੁੱਟੀ ਵਾਲੀਆਂ ਥਾਵਾਂ ‘ਤੇ ਕੰਮ ਕਰਦੇ ਅਧਿਆਪਕਾਂ ਨੂੰ ਵੀ ਪੂਰੀ ਗਰੇਡ ਮੁਤਾਬਕ ਤਨਖਾਹ ਮਿਲਦੀ ਸੀ, ਪੱਕੇ ਕਰਮਚਾਰੀ ਨੂੰ ਤਾਂ ਬਣਦੀ ਤਨਖਾਹ ਮਿਲਣੀ ਹੀ ਸੀ। ਹੁਣ ਇਹ ਸਰਕਾਰਾਂ ਕਿਹੜੇ ਵਿਕਾਸ ਦੀ ਗੱਲ ਕਰਦੀਆਂ ਹਨ ਜਦੋਂ ਕਿ ਰੈਗੂਲਰ ਅਧਿਆਪਕਾਂ ਤੋਂ ਅੱਠ-ਦਸ ਗੁਣਾਂ ਘੱਟ ਤਨਖਾਹ ‘ਤੇ ਐਡਹਾਕ/ਠੇਕਾ ਆਧਾਰ ਅਧਿਆਪਕ ਕੰਮ ਕਰਦੇ ਹਨ।
ਆਤਮ ਹੱਤਿਆ ਕਰਨਾ ਵੈਸੇ ਤਾਂ ਬੁਜ਼ਦਿਲੀ ਸਮਝਿਆ ਜਾਂਦਾ ਹੈ। ਪਰ ਕਈ ਕਾਰਨ ਕਈ ਵਾਰ ਆਤਮ ਹੱਤਿਆ ਕਰਨ ਲਈ ਇਨਸਾਨ ਨੂੰ ਏਨਾ ਮਜਬੂਰ ਕਰ ਦਿੰਦੇ ਹਨ ਕਿ ਉਹ ਕੁਝ ਸਮੇਂ ਲਈ ਹੋਸ ਹਵਾਸ ਖੋ ਕੇ ਇਸ ਚੱਕਰ ‘ਚ ਫਸ ਜਾਂਦਾ ਹੈ। ਇਸ ਲਈ ਸਾਡਾ ਸਮਾਜ ਅਤੇ ਸਰਕਾਰਾਂ ਜ਼ਿੰਮੇਵਾਰ ਹਨ। ਪਿਛਲੇ ਦਿਨੀਂ ਪਿੰਡ ਚੱਕ ਭਾਈਕੇ ਦੇ ਬੇਰੁਜ਼ਗਾਰ ਅੰਗਹੀਣ ਨੌਜਵਾਨ ਜਗਸੀਰ ਸਿੰਘ ਸੀਰਾ ਜੋ ਕਿ ਐਮ.ਏ.,ਐਮ.ਫਿਲ,ਬੀ.ਐਡ., ਟੈੱਟ ਅਤੇ ਯੂ.ਜੀ.ਸੀ. ਨੈੱਟ ਪਾਸ ਸੀ, ਨੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹੋਕੇ ਨੌਕਰੀ ਦੀ ਆਸ ਨਾ ਦਿੱਸਦੀ ਦੇਖ ਕੇ ਹੀ ਆਤਮ ਹੱਤਿਆ ਕਰ ਲਈ। ਉਸ ਦੇ ਮਾਤਾ ਪਿਤਾ ਕੁਝ ਸਾਲ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕੇ ਹਨ। ਉਸ ਦੇ ਮਨ ਵਿੱਚ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਦੀ ਰੀਝ ਸੀ ਜਿਸ ਨੂੰ ਪੂਰੀ ਕਰਨ ਲਈ ਉਹ ਸਰਕਾਰ ਦੇ ਦਰ ਵੱਲ ਵੇਖਦਾ ਵੇਖਦਾ ਨਿਰਾਸਾ ਦੇ ਆਲਮ ਵਿੱਚ ਸਿਮਟ ਕੇ ਆਪਣੀ ਜਾਨ ਗਵਾਉਣ ਲਈ ਮਜਬੂਰ ਹੋ ਗਿਆ। ਗਰੀਬੀ ਨੂੰ ਪਿੰਡੇ ਤੇ ਹੰਢਾਉਂਦਿਆਂ ਸੀਰੇ ਨੇ ਅੰਗਹੀਣ ਹੋਣ ਦੇ ਬਾਵਜੂਦ ਉਸ ਮੁਕਾਮ ਤੱਕ ਵਿੱਦਿਆ ਅਤੇ ਟੈਸਟ ਪਾਸ ਕੀਤੇ ਜਿਹੜੇ ਅਮੀਰ ਪਰਿਵਾਰਾਂ ਦੇ ਬੱਚੇ ਵੀ ਅਕਸਰ ਪਾਸ ਨਹੀਂ ਕਰ ਸਕਦੇ। ਇਸ ਦੁਖਦਾਈ ਘਟਨਾ ਨੂੰ ਦੁਹਰਾਉਣ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਸਰਕਾਰ ਠੋਸ ਕਦਮ ਚੁੱਕੇ।
ਬੇਰੁਜ਼ਗਾਰੀ ਸਾਡੇ ਦੇਸ਼ ਦੀ ਸਮੱਸਿਆ ਹੈ। ਇਹ ਨੌਜਵਾਨਾਂ ਅੰਦਰ ਨਸ਼ਿਆਂ ਨੂੰ ਪ੍ਰਫੁਲਤ ਕਰਨ ‘ਚ ਅਹਿਮ ਰੋਲ ਅਦਾ ਕਰ ਰਹੀ ਹੈ। ਇਸ ਲਈ ਰਾਜਾਂ ਅੰਦਰ ਉਥੋਂ ਦੇ ਵਾਫਰ ਸਾਧਨਾਂ ਨੂੰ ਦੇਖਦਿਆਂ ਰਾਜ ਸਰਕਾਰਾਂ ਦੀ ਕੇਂਦਰ ਸਰਕਾਰ ਵਲੋਂ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਪ੍ਰੋਜੈਕਟ ਸ਼ੁਰੂ ਕਰਨ ਲਈ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਸਕੂਲਾਂ ਅਤੇ ਕਾਲਜਾਂ ਅਤੇ ਹੋਰਨਾਂ ਮਹਿਕਮਿਆਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਪੰਜਾਬ ਸਰਕਾਰ ਨੂੰ ਵੀ ਭਰਨ ਲਈ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਰਾਜ ਦੇ ਨੌਜਵਾਨ ਨਸ਼ਿਆਂ ਦੀ ਦਲਦਲ, ਖੁਦਕਸ਼ੀਆਂ ਅਤੇ ਪ੍ਰਵਾਸ ਕਰਨ ਤੋਂ ਬਚਾਏ ਜਾ ਸਕਣ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …