Breaking News
Home / ਨਜ਼ਰੀਆ / ਭਾਅ ਜੀ ਦੀ ਜਗਾਈ ਮਸ਼ਾਲ ਨੂੰ ਸੱਤ ਸਮੁੰਦਰੋਂ ਪਾਰ ਜਗਦਾ ਰੱਖ ਰਹੀ ਜੋੜੀ

ਭਾਅ ਜੀ ਦੀ ਜਗਾਈ ਮਸ਼ਾਲ ਨੂੰ ਸੱਤ ਸਮੁੰਦਰੋਂ ਪਾਰ ਜਗਦਾ ਰੱਖ ਰਹੀ ਜੋੜੀ

ਪਰਮਜੀਤ ਅਤੇ ਰੇਣੂ ਸਿੰਘ
ਹਰਜੀਤ ਬੇਦੀ
ਭਾਅ ਜੀ ਗੁਰਸ਼ਰਨ ਸਿੰਘ ਨੇ ਜਿੱਥੇ ਨਾਟਕ ਨੂੰ ਲੋਕਾਂ ਦੇ ਚੁੱਲ੍ਹਿਆਂ ਤੱਕ ਪਹੁੰਚਾਇਆ ਉੱਥੇ ਲੋਕ-ਪੱਖੀ ਕਲਾਕਾਰਾਂ ਦੀ ਇੱਕ ਐਸੀ ਪਨੀਰੀ ਪੈਦਾ ਕੀਤੀ ਜੋ ਭਾਅ ਜੀ ਦੇ ਸੰਸਾਰ ਵਿੱਚੋਂ ਚਲੇ ਜਾਣ ਤੋਂ ਬਾਅਦ ਵੀ ਉਹਨਾਂ ਦੁਆਰਾ ਜਗਾਈ ਹੋਈ ਮਸ਼ਾਲ ਨੂੰ ਜਗਦਾ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਵਿੱਚੋਂ ਪਰਮਜੀਤ ਅਤੇ ਰੇਣੂ ੁਸੰਘ ਦੀ ਜੋੜੀ ਇਹ ਕਾਰਜ ਬਾਖੂਬੀ ਨਿਭਾ ਰਹੀ ਹੈ। ਸੱਤ ਸਮੁੰਦਰੋਂ ਪਾਰ ਅਮਰੀਕਾ ਆ ਕੇ ਵੀ ਉਹਨਾਂ ਲੋਕ ਪੱਖੀ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦਾ ਮੁਸ਼ਕਲ ਕੰਮ ਜਾਰੀ ਰੱਖਿਆ ਹੋਇਆ ਹੈ ਜਿਹੜਾ ਕਿ ਇਹਨਾਂ ਮੁਲਕਾਂ ਵਿੱਚ ਕੋਈ ਵਿਰਲਾ ਮਾਈ ਦਾ ਲਾਲ ਹੀ ਕਰ ਸਕਦਾ ਹੈ।
ਪਰਮਜੀਤ ਨੂੰ ਸੰਗੀਤ ਦੀ ਚੇਟਕ ਆਪਣੇ ਘਰ ਤੋਂ ਹੀ ਲੱਗੀ। ਉਹਨਾਂ ਦੇ ਮਾਤਾ ਜੀ ਸ਼੍ਰੀਮਤੀ ਰਣਜੀਤ ਕੌਰ ਨੂੰ ਕੀਰਤਨ ਕਰਨ ਦਾ ਸ਼ੌਕ ਸੀ। ਨਿੱਕੇ ਹੁੰਦਿਆਂ ਹੀ ਪਰਮਜੀਤ ਘਰੇ ਪਏ ਹਾਰਮੋਨੀਅਮ ‘ਤੇ ਆਪ ਮੁਹਾਰੇ ਹੀ ਆਪਣੀਆਂ ਛੋਟੀਆਂ ਛੋਟੀਆਂ ਉਂਗਲਾਂ ਚਲਾਉਣ ਲੱਗ ਪਿਆ। ਛੇਵੀਂ ‘ਚ ਪੜ੍ਹਦਿਆਂ ਹੀ 1965 ਵਿੱਚ ਗੁਰੂ ਨਾਨਕ ਗੁਰਪੁਰਬ ‘ਤੇ ਖਾਲਸਾ ਕਾਲਜ਼ ਅੰਮ੍ਰਿਤਸਰ ਦੀ ਸਟੇਜ ਤੋਂ ਸ਼ਬਦ ਸੁਣਾ ਕੇ ਸੰਗਤ ਅਤੇ ਪ੍ਰਬੰਧਕਾਂ ਤੋਂ ਵਾਹ ਵਾਹ ਖੱਟੀ। ਭਾਅ ਜੀ ਨਾਲ ਕੰਮ ਕਰਨ ਦਾ ਸਬੱਬ ਕਿਵੇਂ ਬਣਿਆ ਦੇ ਜਵਾਬ ਵਿੱਚ ਪਰਮਜੀਤ ਨੇ ਦੱਸਿਆ ਕਿ ਇਹ 1968 ਦੀ ਗੱਲ ਹੈ ਜਦੋਂ ਉਸ ਨੇ ਖਾਲਸਾ ਕਾਲਜ਼ ਹਾਇਰ ਸੈਕੰਡਰੀ ਸਕੂਲ ਦੇ ਪ੍ਰੋਗਰਾਮ ਵਿੱਚ ਸ਼ਿਵ ਦਾ ਗੀਤ  ‘ਜਿੱਥੇ ਇਤਰਾਂ ਦੇ ਵਗਦੇ ਨੇ ਚੋਅ’ ਪੇਸ਼ ਕੀਤਾ ਸੀ। ਉਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਅ ਜੀ ਸਨ। ਪ੍ਰੋਗਰਾਮ ਖਤਮ ਹੋਣ ਤੇ ਭਾਅ ਜੀ ਨੇ ਉਸ ਨੂੰ ਬੁਲਾਇਆ ਤੇ ਸ਼ਾਮ ਨੂੰ ਮਿਲਣ ਲਈ ਕਿਹਾ। ਬੱਸ ਫਿਰ ਕੀ ਸੀ ਉਸੇ ਦਿਨ ਤੋਂ ਭਾਅ ਜੀ ਦੀ ਟੀਮ ਦੇ ਮੈਂਬਰ ਬਣ ਗਏ ਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਅੱਜ ਤੱਕ ਉਸੇ ਸਫਰ ਦੇ ਪਾਂਧੀ ਬਣੇ ਹੋਏ ਹਨ।
ਪਰਮਜੀਤ ਨੇ 1968 ਤੋਂ 1997 ਤੱਕ ਭਾਅ ਜੀ ਨਾਲ ਲੱਗਪੱਗ ਉਨ੍ਹਾਂ ਦੁਆਰਾ ਪੇਸ਼ ਸਾਰੇ ਹੀ ਨਾਟਕਾਂ ਵਿੱਚ ਬਤੌਰ ਗਾਇਕ ਤੇ ਸੰਗੀਤਕਾਰ ਕੰਮ ਕੀਤਾ ਤੇ ਅਨੇਕਾਂ ਹੀ ਨਾਟਕਾਂ ਵਿੱਚ ਅਦਾਕਾਰੀ ਦੇ ਜੌਹਰ ਵੀ ਦਿਖਾਏ। ਜਿਨ੍ਹਾਂ ਵਿੱਚ ‘ਤੂਤਾਂ ਵਾਲਾ ਖੂਹ’, ‘ਟੋਆ’ ਅਤੇ ‘ਕਿਵ ਕੂੜੇ ਤੁੱਟੇ ਪਾਲ’ ਵਿਸ਼ੇਸ਼ ਤੌਰ ‘ਤੇ ਵਰਨਣ ਯੋਗ ਹਨ। 1980 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦੇ ਬੰਸੀ ਕੌਲ ਦੁਆਰਾ ਨਿਰਦੇਸ਼ਤ ਨਾਟਕ ‘ਧਮਕ ਨਗਾਰੇ ਦੀ’ ਵਿੱਚ  ਪਰਮਜੀਤ ਦੀ ਸੰਗੀਤਕ ਪੇਸ਼ਕਾਰੀ ਕਮਾਲ ਦੀ ਸੀ। ਇਸ ਸੰਗੀਤ ਨਾਟਕ ਵਿੱਚ ਪੇਸ਼ ਬਾਰਾਂ ਗੀਤਾਂ ਵਿੱਚ ਉਸਦੀ ਸੰਗੀਤ ਅਤੇ ਗਾਇਨ ਕਲਾ ਸਿਖਰਾਂ ਤੇ ਸੀ ਜੋ ਉਸਦਾ ਇੱਕ ਹਾਸਲ ਹੈ।
ਉਸਦੀ ਜੀਵਨ-ਸਾਥਣ ਰੇਣੂ ਸਿੰਘ ਦਾ ਨਾਟਕੀ ਸਫਰ ਵੀ ਨਾਟਕੀ ਅੰਦਾਜ਼ ਵਿੱਚ ਹੀ ਸ਼ੁਰੂ ਹੋਇਆ। ਜਨਵਰੀ 20 ਸੰਨ 1980 ਨੂੰ ਵਿਆਹੁਤਾ ਸਫਰ ਤੋਂ ਤੀਜੇ ਦਿਨ ਹੀ 22ਜਨਵਰੀ ਨੂੰ ਭਾਅ ਜੀ ਨੇ ਕਲਕੱਤੇ ਨਾਟਕ ਕਰਨ ਜਾਣਾ ਸੀ। ਉਹਨਾਂ ਪਰਮਜੀਤ ਨੂੰ ਕਿਹਾ ,’ਬਈ ਤੁਹਾਡਾ ਨਵਾਂ ਨਵਾਂ ਵਿਆਹ ਹੋਇਅ ਏ, ਚੱਲੋ ਹਨੀਮੂਨ ਕਲਕੱਤੇ ਜਾ ਕੇ ਮਨਾ ਲੈਣਾ’। ਪਰਮਜੀਤ ਨੇ ਭਾਅ ਜੀ ਨੂੰ ਨਾਂਹ ਥੋੜਾ ਕਰਨੀ ਸੀ ਤੇ ਬਹਿ ਗਈ ਨਵੀਂ ਵਿਆਹੀ ਜੋੜੀ ਹਾਵੜਾ ਮੇਲ ‘ਚ। ਅਜੇ ਸਫਰ ਸੁਰੂ ਹੋਏ ਨੂੰ ਥੋੜਾ ਚਿਰ ਹੀ ਹੋਇਆ ਸੀ ਕਿ ਭਾਅ ਜੀ ਨੇ ਨਾਟਕਾਂ ਵਾਲੀ ਕਿਤਾਬ ਰੈਣੂ ਨੂੰ ਫੜਾ ਦਿੱਤੀ ਤੇ ਨਾਟਕ ਦੀ ਸਕਰਿਪਟ ਪੜ੍ਹਨ ਲਈ ਕਿਹਾ। ਰੇਣੂ ਹੈਰਾਨ ਹੋ ਗਈ ! ਆਹ ਕੀ ? ‘ਤੂੰ ਆਹ ਯਾਦ ਕਰਨ ਦੀ ਕੋਸ਼ਿਸ਼ ਕਰ, ਜਿਹੜੀ ਗੱਲ ਪੁੱਛੀ ਜਾਵੇ ਬੱਸ ਜਵਾਬ ਦੇਈ ਜਾਵੀ’ ਭਾਅ ਜੀ ਦਾ ਨਵੇਂ ਕਲਾਕਾਰ ਤੋਂ ਕੰਮ ਲੈਣ ਦਾ ਇਹ ਵੱਖਰਾ ਹੀ ਅੰਦਾਜ ਸੀ। ਕਲਕੱਤੇ ਨਾਟਕ ‘ਤੂਤਾਂ ਵਾਲਾ ਖੂਹ’ ਦਾ ਸ਼ੋਅ ਹੋਇਆ। ਨਾਟਕ ਵਿੱਚ ਸ਼ਾਹਣੀ ਬਣੀ ਰੇਣੂ ਦੇ ਪਹਿਲੇ ਡਾਇਲਾਗ ਤੇ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਿਆ । ਪਰਦੇ ਪਿੱਛੇ ਬੈਠੇ ਭਾਅ ਜੀ ਦੇ ਮੂੰਹੋਂ ਨਿਕਲਿਆ ‘ਹੁਣ ਸਾਡਾ ਸ਼ੋਅ ਪੂਰਾ ਕਾਮਯਾਬ ਏ’।
ਇਸ ਤੋਂ ਪਿੱਛੋਂ ਚੱਲ ਸੋ ਚੱਲ। ਰੈਣੂ ਭਾਅ ਜੀ ਦੀ ਟੀਮ ‘ਅੰਮ੍ਰਿਤਸਰ ਸਕੂਲ ਆਫ ਡਰਾਮਾ’ ਦੀ ਪੱਕੀ ਮੈਂਬਰ ਬਣ ਗਈ। ਪਾਤਰ ਦੀ ਲੋੜ ਮੁਤਾਬਕ ਟੀਮ ਦੇ ਨਾਟਕਾਂ ਵਿੱਚ ਪੂਰੀ ਸ਼ਿੱਦਤ ਨਾਲ ਭਾਗ ਲੈਣਾ ਸ਼ੂਰੂ ਕਰ ਦਿੱਤਾ। ਨਾਟਕ ਤੂਤਾਂ ਵਾਲਾ ਖੂਹ ਤੋਂ ਬਾਦ ਨਾਟਕਾਂ ‘ਭੱਜੀਆਂ ਬਾਂਹੀਂ’, ‘ਧਮਕ ਨਗਾਰੇ ਦੀ’, ‘ਦਾਸਤਾਨੇ ਪੰਜਾਬ’, ‘ਇੱਕ ਬੰਬ ਇੱਕ ਮਾਂ’, ‘ਇੱਕ ਮਾਂ ਦੋ ਮੁਲਕ’, ‘ਪਾਪਾ ਮੈਂ ਹਿੰਦੁਸਤਾਨ ਲੈਣਾ’ ਅਤੇ ਹੋਰ ਅਣਗਿਣਤ ਨਾਟਕਾਂ ਵਿੱਚ ਕੰਮ ਕੀਤਾ। ਨਾਟਕਾਂ ‘ਇੱਕ ਮਾਂ ਦੋ ਮੁਲਕ’ ਵਿੱਚ ਰੱਜੀ ਅਤੇ ‘ਧਮਕ ਨਗਾਰੇ ਦੀ’ ਵਿੱਚ ਦੁੱਲੇ ਦੀ ਮਾਂ ਲੱਧੀ ਦਾ ਰੋਲ ਉਸ ਦੇ ਯਾਦਗਾਰੀ ਰੋਲ ਹਨ। ਮੈਨੂੰ ਪੰਜਾਬੀ ਭਵਨ ਲੁਧਿਆਣਾ ਦੀ ਖੁੱਲ੍ਹੀ ਸਟੇਜ ਤੇ ਉਹਨਾਂ ਨੂੰ ਰੱਜੀ ਦੇ ਰੂਪ ਵਿੱਚ ਦੇਖਿਆ ਅੱਜ ਤੱਕ ਯਾਦ ਹੈ। ਇਹ ਛੋਟਾ ਜਿਹਾ ਨਾਟਕ ਰੈਣੂ, ਸੁਖਦੇਵ ਪ੍ਰੀਤ ਅਤੇ ਕੇਵਲ ਧਾਲੀਵਾਲ ਅਤੇ ਦੂਜੇ ਕਲਾਕਾਰਾਂ ਦੀ ਕਲਾ ਦਾ ਉੱਚਤਮ ਨਮੂਨਾ ਸੀ। ਇਸ ਨਾਟਕ ਤੋਂ ਪ੍ਰਭਾਵਤ ਹੋ ਕੇ ਸਾਡੀ ਟੀਮ ਨੇ ਵੀ ਇਹ ਨਾਟਕ ਖੇਡਿਆ। ਕਲਾਕਾਰ ਦੇ ਤੌਰ ਤੇ ਇਸ ਜੋੜੀ ਨੇ ਕੈਨੇਡਾ ਦਾ ਪਹਿਲਾ ਟੂਰ 1983 ਵਿੱਚ ਲਾਇਆ ਤੇ ਨਾਟਕ ‘ਮਿੱਟੀ ਦਾ ਮੁੱਲ’, ‘ਇਹ ਲਹੂ ਕਿਸਦਾ ਹੈ’ ਅਤੇ ‘ਕਿਵ ਕੂੜੈ ਤੁੱਟੇ ਪਾਲ’ ਪੇਸ਼ ਕਰ ਕੇ ਕੈਨੇਡਾ ਦੇ ਵਸਨੀਕ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ। ਕਲਾਕਾਰਾਂ ਦੇ ਇਸ ਟੱਬਰ ਦੇ ਪਰਮਜੀਤ, ਰੇਣੂ ਸਿੰਘ ਅਤੇ ਉਨ੍ਹਾਂ ਦੇ ਬੱਚੇ ਬੌਬੀ ਤੇ ਨੈਂਨਸੀ ਸਾਰੇ ਹੀ ਦੂਰ ਦਰਸ਼ਨ ਜਲੰਧਰ ਦੇ ਅਪਰੂਵਡ ਕਲਾਕਾਰ ਹਨ। ਟੀ ਵੀ ਸੀਰੀਅਲਾਂ ‘ਚਿੱਟਾ ਲਹੂ’ ਅਤੇ ‘ਭਾਈ ਮੰਨਾ ਸਿੰਘ’ ਵਿੱਚ ਇਸ ਪਰਿਵਾਰ ਦੇ ਮੈਂਬਰਾਂ ਨੇ ਵੱਖ ਵੱਖ ਕਿਰਦਾਰ ਨਿਭਾਏ ਹਨ।
ਪਰਮਜੀਤ ਤੇ ਰੇਣੂ ਸਿੰਘ ਦੀ ਇਹ ਜੋੜੀ ਦਸੰਬਰ 1997 ਵਿੱਚ ਆਪਣੇ ਬੱਚਿਆਂ ਬੌਬੀ ਤੇ ਨੈਨਸੀ ਸਮੇਤ ਗਦਰੀ ਬਾਬਿਆਂ ਨਾਲ ਸਬੰਧਤ ਅਮਰੀਕਾ ਦੇ ਸ਼ਹਿਰ ਸਟਾਕਟਨ ਵਿੱਚ ਆ ਗਈ। ਜਿੱਥੇ ਹੋਰ ਭਾਰਤੀ ਪਰਵਾਸੀਆਂ ਵਾਂਗ ਵੱਖ ਵੱਖ ਕੰਮ ਕਰਨ ਤੋਂ ਬਾਦ 2004 ਤੋਂ 31ਜਨਵਰੀ 2016 ਤੱਕ ਪੀਜਾ ਰੈਸਟਰੈਂਟ ਚਲਾਇਆ। ਰੁਝੇਵਿਆਂ ਭਰੇ ਇਸ ਮੁਲਕ ਵਿੱਚ ਵੀ ਉਹ ਆਪਣੇ ਸਭਿੱਅਚਾਰਕ ਗਰੁੱਪ : ਕੂਲ ਪੰਜਾਬੀ ਵਿਰਸਾ ਗਰੁੱਪ ਰਾਹੀਂ ਲੋਕ ਪੱਖੀ ਸਭਿਆਚਾਰ ਅਤੇ ਪ੍ਰੋਗਰਾਮ ਪੇਸ਼ ਕਰਨ ਦਾ ਹਰ ਸੰਭਵ ਯਤਨ ਕਰਦੇ ਰਹਿੰਦੇ ਹਨ। ਉਹਨਾਂ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਟਾਕਟਨ, ਫਰਿਜਨੋ, ਸੈਕਰਾਮੈਂਟੋ, ਵਲੇਹੋ, ਕਨਕਾਰਡ, ਲੀਵਰਮੋਰ, ਫਰੀਮਾਂਟ, ਲੋਡਾਈ ਅਤੇ ਪਲੀਜੈਂਟਨ ਆਦਿ ਸ਼ਹਿਰਾਂ ਵਿੱਚ ਸੰਗੀਤਕ, ਸਾਹਿਤਕ, ਕਵੀ ਦਰਬਾਰ, ਕਹਾਣੀ ਦਰਬਾਰ ਪ੍ਰੋਗਰਾਮ ਕਰਦੇ ਰਹਿੰਦੇ ਹਨ। ਸਾਲ ਵਿੱਚ ਘੱਟੋ ਘੱਟ ਦੋ ਪ੍ਰੋਗਰਾਮ ਨਾਟਕਾਂ ਦੇ ਜਰੂਰ ਕਰਦੇ ਹਨ ਜਿਨ੍ਹਾਂ ਵਿੱਚ ਉਹ ਲੋਕ ਪੱਖੀ ਨਾਟਕਕਾਰਾਂ ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਡਾ: ਸਰਬਜੀਤ ਔਲਖ, ਜਤਿੰਦਰ ਬਰਾੜ, ਗੁਰਦਿਆਲ ਸਿੰਘ ਫੁੱਲ ਅਤੇ ਜਗਦੀਸ਼ ਸਚਦੇਵਾਂ ਦੇ ਨਾਟਕ ਸਟੇਜ ਕਰਦੇ ਹਨ।
ਉਹਨਾਂ ਮੁਤਾਬਕ ਉਹਨਾਂ ਦਾ ਉਦੇਸ਼ ਸਾਹਿਤਕ ਵਿਧੀਆਂ ਰਾਹੀਂ ਭਾਅ ਜੀ ਦੀ ਲੋਕ ਪੱਖੀ ਸੋਚ ਨੂੰ ਅੱਗੇ ਤੋਰਨਾ ਅਤੇ ਬਾਹਰ ਵਸਦੇ ਲੋਕਾਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਅਤੇ ਚੇਤਨ ਕਰਨਾ ਹੈ। ਹੁਣੇ ਹੁਣੇ ਇਹ ਜੋੜੀ ਟੋਰਾਂਟੋ ਗੇੜਾ ਮਾਰ ਕੇ ਗਈ ਹੈ ਜਿੱਥੇ ਸੰਖੇਪ ਜਿਹੇ ਸਮੇਂ ਵਿੱਚ ਉਹਨਾਂ ਆਪਣੇ ਗੀਤਾਂ ਦੁਆਰਾ ਲੋਕਾਂ ਨਾਲ ਸਾਂਝ ਪਾਈ। ਉਨ੍ਹਾ ਦੀ ਕਲਾ ਨੂੰ ਲੋਕਾਂ ਵਲੋਂ ਬਹੁਤ ਹੀ ਸਲਾਹਿਆ ਗਿਆ ਜਿਸ ਤੋਂ ਪਤਾ ਲਗਦਾ ਹੈ ਕਿ ਲੋਕ ਸੰਜੀਦਾ ਗਾਇਕੀ ਨੂੰ ਜਰੂਰ ਹੀ ਪਸੰਦ ਕਰਦੇ ਹਨ। ਵਾਪਸ ਜਾਣ ਤੋਂ ਘੰਟਾ ਕੁ ਪਹਿਲਾਂ ਹੀ ‘ਸਰੋਕਾਰਾਂ ਦੀ ਆਵਾਜ’ ਦੇ ਹਰਬੰਸ ਸਿੰਘ ਨਾਲ ਹੀਰਾ ਰੰਧਾਵਾ ਦੀ ਮੌਜੂਦਗੀ ਵਿੱਚ ਹੋਈ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਉਹ 7 ਅਗਸਤ 2016 ਨੂੰ ਸਟਾਕਟਨ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਅਤੇ ਕਹਾਣੀ ਦਰਬਾਰ ਕਰਵਾ ਰਹੇ ਹਨ। ਛੇਤੀ ਹੀ ਉਹ ਅਮਰੀਕਾ ਅਤੇ ਕਨੇਡਾ ਵਿੱਚ ਰਹਿ ਰਹੇ ਬਜੁਰਗਾਂ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਡਾ: ਜਗਦੀਸ਼ ਸਚਦੇਵਾ ਦਾ ਲਿਖਿਆ ਨਾਟਕ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।    – 647 924 9087

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …